ਨਿਊਯਾਰਕ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸ਼ੇਅਰਾਂ 'ਚ ਭਾਰੀ ਤੇਜ਼ੀ ਨਾਲ ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਦੀ ਸੰਪਤੀ 2 ਸਾਲ ਤੋਂ ਘੱਟ ਸਮੇਂ ਦੇ ਦੌਰਾਨ 15 ਅਰਬ ਡਾਲਰ (ਕਰੀਬ 9 ਖਰਬ 26 ਅਰਬ 25 ਕਰੋੜ ਰੁਪਏ) ਹੋ ਗਈ। ਜ਼ੁਕਰਬਰਗ ਦੀ ਸੰਪਤੀ ਵਧ ਕੇ 33 ਅਰਬ ਡਾਲਰ (ਤਕਰੀਬਨ 20 ਖਰਬ 37 ਅਰਬ 75 ਕਰੋੜ ਰੁਪਏ) ਹੋ ਗਈ ਜਦੋਂਕਿ ਕੰਪਨੀ ਦੇ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਦੇ ਸਮੇਂ 18 ਮਈ, 2012 ਨੂੰ ਉਨ੍ਹਾਂ ਦੀ ਸੰਪਤੀ 18 ਅਰਬ ਡਾਲਰ ਸੀ। ਕੰਪਨੀ ਨੂੰ ਮੋਬਾਈਲ ਪਲੇਟਫਾਰਮ ਨਾਲ ਹੋਣ ਵਾਲੀ ਆਮਦਨੀ ਨੂੰ ਮੁੱਖ ਰੱਖਦਿਆਂ ਹੋਇਆ ਫੇਸਬੁੱਕ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਦੀ ਦਿਲਚਸਪੀ ਕਾਰਨ ਅਜਿਹਾ ਸੰਭਵ ਹੋਇਆ ਹੈ।
ਸ਼ੇਅਰ ਬਾਜ਼ਾਰ 'ਚ ਆਉਣ ਦੇ 2 ਸਾਲ ਬਾਅਦ ਫੇਸਬੁੱਕ ਦੇ ਸ਼ੇਅਰ ਦੀ ਕੀਮਤ 8 ਫਰਵਰੀ ਨੂੰ 80 ਫੀਸਦੀ ਵਧ ਕੇ 68.46 ਡਾਲਰ ਪ੍ਰਤੀ ਸ਼ੇਅਰ ਹੋ ਗਈ, ਜੋ ਨਾਸਡੈਕ 'ਚ ਸੂਚੀਬੱਧ ਹੋਣ ਦੇ ਸਮੇਂ 38 ਡਾਲਰ ਪ੍ਰਤੀ ਸ਼ੇਅਰ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਜ਼ੁਕਰਬਰਗ ਕੋਲ ਫੇਸਬੁੱਕ ਦੇ 47,89,14,465 ਸ਼ੇਅਰ ਹਨ ਜੋ ਕੁਲ ਸ਼ੇਅਰਾਂ ਦਾ 19.6 ਫੀਸਦੀ ਹੈ। ਸੂਚੀਬੱਧ ਹੋਣ ਦੇ ਸਮੇਂ ਸ਼ੇਅਰ ਮੁੱਲ 38 ਡਾਲਰ ਸੀ ਅਤੇ 47.9 ਕਰੋੜ ਸ਼ੇਅਰ ਦੇ ਆਧਾਰ 'ਤੇ ਉਨ੍ਹਾਂ ਦੀ ਸੰਪਤੀ 18 ਅਰਬ ਡਾਲਰ ਸੀ।
ਜ਼ਿਕਰਯੋਗ ਹੈ ਕਿ ਮਈ 2012 'ਚ ਸੂਚੀਬੱਧ ਹੋਣ ਦੇ ਸਮੇਂ ਨਿਵੇਸ਼ਕਾਂ ਨੇ ਫੇਸਬੁੱਕ ਦੇ ਸ਼ੇਅਰਾਂ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਸੀ। ਉਸ ਸਮੇਂ ਸੋਸ਼ਲ ਨੈਟਵਰਕਿੰਗ ਕੰਪਨੀ ਦੇ ਵਾਧੇ ਦੀਆਂ ਸੰਭਾਵਨਾਵਾਂ 'ਤੇ ਖਦਸ਼ੇ ਸਨ।