jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 7 March 2014

ਵਿਚਾਰ-ਚਰਚਾ 'ਚ ਬੁੱਧੀਜੀਵੀਆਂ ਵੱਲੋਂ ਅਜਨਾਲਾ ਖੂਹ ਦੇ ਸ਼ਹੀਦਾਂ ਦੀ ਤੌਹੀਨ ਕਰਨ ਦੀ ਤਿੱਖੀ ਆਲੋਚਨਾ

www.sabblok.blogspot.com
ਉਪਰ: ਅਮੋਲਕ ਸਿੰਘ, ਚਰੰਜੀ ਲਾਲ, ਸੁਰਿੰਦਰ ਕੋਛੜ, ਪ੍ਰੋ. ਜਗਮੋਹਣ, ਅਮਰਜੀਤ ਸਰਕਾਰੀਆ ਅਤੇ ਭੁਪਿੰਦਰ ਸੰਧੂ
ਵਿਚਕਾਰ: ਪ੍ਰਧਾਨਗੀ ਮੰਡਲ: ਪ੍ਰੋ. ਜਗਮੋਹਣ, ਡਾ. ਰਘਬੀਰ ਕੌਰ, ਦਰਬਾਰਾ ਸਿੰਘ ਢਿੱਲੋਂ, ਸੁਰਿੰਦਰ ਕੋਛੜ, ਅਮਰਜੀਤ ਸਰਕਾਰੀਆ, ਮੰਚ ਸੰਚਾਲਕ ਅਮੋਲਕ ਸਿੰਘ
ਹੇਠਾਂ: ਹਾਜ਼ਰ ਬੁੱਧੀਜੀਵੀ
ਜਲੰਧਰ, ਮਾਰਚ:      ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੁਲਾਵੇ 'ਤੇ ਜੁੜੇ ਪੰਜਾਬ ਦੇ ਚੋਟੀ ਦੇ ਇਤਿਹਾਸਕਾਰਾਂ, ਖੋਜ਼ਕਾਰਾਂ, ਬੁੱਧੀਜੀਵੀਆਂ, ਜਮਹੂਰੀਅਤ ਪਸੰਦ, ਲੋਕ-ਪੱਖੀ ਸਖਸ਼ੀਅਤਾਂ ਅਤੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ ਨੇ ਅੱਜ ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਰਹੇ ਸ਼ਹੀਦੀ ਖੂਹ ਅਜਨਾਲਾ ਨਾਲ ਜੁੜੇ ਬਾਗ਼ੀ ਫੌਜੀਆਂ ਤੇ 1857 'ਚ ਵਾਪਰੇ ਖ਼ੂਨੀ ਸਾਕੇ ਨਾਲ ਸਬੰਧਤ ਅਨੇਕਾਂ ਪੱਖਾਂ ਉਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਵਿਚਾਰ-ਚਰਚਾ ਸੰਮੇਲਨ ਕੀਤਾ।  ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਅਤੇ ਇਤਿਹਾਸਕ ਤੱਥਾਂ ਨੂੰ ਤੋੜਨ ਮਰੋੜਨ 'ਚ ਗਲਤਾਨ, ਸ਼ਹੀਦਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਸਚਾਈ ਦੇ ਦਰਪਣ ਅੱਗੇ ਬੇ-ਪਰਦ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸ਼ਹੀਦੀ ਖੂਹ ਅਜਨਾਲਾ ਨਾਲ ਜੁੜੇ ਇਤਿਹਾਸਕਾਰ, ਖੋਜ਼ਕਾਰ ਡਾ. ਸੁਰਿੰਦਰ ਕੋਛੜ, ਗੁਰਦੁਆਰਾ ਸ਼ਹੀਦ ਗੰਜ-ਸ਼ਹੀਦਾਂ ਵਾਲਾ ਖੂਹ ਪ੍ਰਬੰਧਕ ਕਮੇਟੀ ਅਜਨਾਲਾ ਦੇ ਪ੍ਰਧਾਨ ਅਮਰਜੀਤ ਸਰਕਾਰੀਆ ਅਤੇ ਪ੍ਰੋ. ਜਗਮੋਹਣ ਸਿੰਘ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨ 'ਚ ਹੋਈ ਇਸ ਵਿਚਾਰ-ਚਰਚਾ ਦਾ ਆਗਾਜ਼, ਸ਼ਹੀਦੀ ਖੂਹ ਅਜਨਾਲਾ 'ਚ ਸ਼ਹੀਦ ਕੀਤੇ 1857 ਦੇ ਬਾਗ਼ੀ ਫੌਜੀਆਂ ਨੂੰ ਕੌਮ ਦਾ ਮਾਣਮੱਤਾ ਸਰਮਾਇਆ ਕਰਾਰ ਦਿੰਦਿਆਂ ਖੜ•ੇ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਨਾਲ ਹੋਇਆ।
ਮੰਚ ਸੰਚਾਲਕ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ-ਚਰਚਾ ਦਾ ਉਦੇਸ਼ ਬਿਆਨਦੇ ਹੋਏ ਕਿਹਾ ਕਿ ਸ਼ਹੀਦੀ ਖੂਹ 'ਚੋਂ ਮਿਲੀਆਂ ਅਸਥੀਆਂ, ਵਿਰਾਸਤੀ ਵਸਤਾਂ ਅਤੇ ਇਸਦੇ ਇਤਿਹਾਸ ਨੂੰ ਸੰਭਾਲਣ ਅਤੇ ਸ਼ਹੀਦੀ ਸਾਕੇ ਦੀ ਸਨਮਾਨਯੋਗ ਇਤਿਹਾਸਕਾਰੀ ਅਤੇ ਪੇਸ਼ਕਾਰੀ ਲਈ ਬੁੱਧੀਜੀਵੀ ਵਰਗ ਨੂੰ ਮੈਦਾਨ 'ਚ ਨਿਤਰਨ ਦਾ ਸੱਦਾ ਦੇਣਾ ਹੈ, ਤਾਂ ਜੋ ਕੂੜ-ਪ੍ਰਚਾਰ ਦਾ ਮੂੰਹ ਬੋਲਦੀਆਂ ਹਕੀਕਤਾਂ ਦੇ ਜ਼ੋਰ ਮੂੰਹ ਤੋੜ ਜਵਾਬ ਦਿੱਤਾ ਜਾਏ।
ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ 1857 'ਚ ਮੀਆਂ ਮੀਰ ਛਾਉਣੀ ਦੇ ਦੇਸ਼ ਭਗਤ ਸੈਨਿਕਾਂ ਨਾਲ ਵਾਪਰੀ ਲਹੂ ਭਿੱਜੀ ਦਾਸਤਾਨ ਦਾ ਜ਼ਿਕਰ ਕੀਤਾ।
ਚਰੰਜੀ ਲਾਲ ਨੇ ਕਿਹਾ ਕਿ ਪੌਣੀ ਸਦੀ ਤੋਂ ਲੰਮੀਆਂ ਤਾਣਕੇ ਘੁਰਾੜੇ ਮਾਰਨ ਵਾਲਿਆਂ ਦਾ ਸੁਰਿੰਦਰ ਕੋਛੜ ਅਤੇ ਅਮਰਜੀਤ ਸਰਕਾਰੀਆ ਵਰਗੇ ਸ਼ਹੀਦਾਂ ਦੇ ਵਾਰਸਾਂ ਨੇ ਜਦੋਂ ਅਸਥੀਆਂ ਦੀ ਖੋਜ ਕਰਕੇ, ਖੂਹ ਨਾਲ ਜੁੜੀ ਸਾਰੀ ਕਹਾਣੀ ਤੋਂ ਪਰਦਾ ਚੁੱਕ ਦਿੱਤਾ ਤਾਂ ਆਪਣੇ ਆਪ ਨੂੰ ਇੱਕ ਫ਼ਿਰਕੇ ਦੇ ਵਾਰਸ ਦੱਸਣ ਵਾਲੇ ਕੁੱਝ ਮੁਖੀਆਂ ਦੀ ਨੀਂਦ ਕਿਉਂ ਹਰਾਮ ਹੋ ਗਈ।  ਉਹਨਾਂ ਜਵਾਬ ਮੰਗਿਆ ਕਿ ਭਾਰਤ ਨੂੰ ਗ਼ੁਲਾਮ ਬਣਾਉਣ ਵਾਲੇ ਬਰਤਾਨਵੀ ਸਾਮਰਾਜ ਖਿਲਾਫ਼ ਬਗ਼ਾਵਤ ਕਰਨ ਵਾਲੇ ਨਿਹੱਥੇ ਫੌਜੀਆਂ ਨੂੰ ਸਿਰਫ਼ ਇਸ ਕਰਕੇ ਸ਼ਹੀਦ ਪ੍ਰਵਾਨ ਕਰਨ ਤੋਂ ਨਾਬਰ ਹੋਣਾ ਕਿ ਉਹ ਪੂਰਬੀਏ ਸਨ, ਇਹ ਆਪਣੇ ਆਪ 'ਚ ਹੀ ਸਿੱਖ ਇਤਿਹਾਸ ਦੀਆਂ ਅਮੀਰ ਪਰੰਪਰਾਵਾਂ ਦੀ ਤੌਹੀਨ ਕਰਨਾ ਹੈ।
ਨਾਮਵਰ ਇਤਿਹਾਸਕਾਰ ਅਤੇ ਖੋਜ਼ਕਾਰ ਸੁਰਿੰਦਰ ਕੋਛੜ ਨੇ ਵਰਿ•ਆਂ ਲੰਮੀ ਸਖ਼ਤ ਘਾਲਣਾ ਉਪਰੰਤ 1857 ਦੇ ਬਾਗ਼ੀ ਸੈਨਿਕ ਸ਼ਹੀਦਾਂ ਦਾ ਇਤਿਹਾਸ ਸਾਹਮਣੇ ਲਿਆਉਣ ਦੀ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਇਤਿਹਾਸ ਦੇ ਮੱਥੇ 'ਤੇ ਅੰਗਰੇਜ਼ਾਂ ਵੱਲੋਂ ਲਾਇਆ ਕਾਲ਼ਿਆਂ ਵਾਲੇ ਖੂਹ ਦਾ ਟਿੱਕਾ ਸਦਾ ਲਈ ਮਿਟਾਉਣਾ ਸਾਡਾ ਸਰਵ ਸਾਂਝਾ ਕਾਰਜ਼ ਹੈ।  
ਉਹਨਾਂ ਦੱਸਿਆ ਕਿ ਅਸੀਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਪ੍ਰਸਾਸ਼ਨ ਦੇ ਉਪਰੋਂ ਲੈ ਕੇ ਹੇਠਾਂ ਤੱਕ ਪਹੁੰਚ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ।  ਕਿਸੇ ਨੇ ਸਾਡੀ ਬਾਂਹ ਨਹੀਂ ਫੜੀ।  ਜਦੋਂ ਹੁਣ ਸੱਚ ਸਾਹਮਣੇ ਆ ਗਿਆ ਤਾਂ ਉਲਟਾ ਭੰਡੀ ਪ੍ਰਚਾਰ ਆਰੰਭ ਦਿੱਤਾ।  ਇਤਿਹਾਸ ਤੋਂ ਹੀ ਪਾਸਾ ਵੱਟ ਲਿਆ।  ਉਹਨਾਂ ਕਿਹਾ ਲੋਕ ਬਹੁਤ ਮਹਾਨ ਹੁੰਦੇ ਹਨ।  ਸਾਡੀ ਸਾਰੀ ਟੇਕ ਲੋਕਾਂ ਉਪਰ ਹੈ।  ਧਾਰਮਕ ਮੁਖੀਆਂ ਦਾ ਪਵਿੱਤਰ ਕਾਰਜ਼ ਤਾਂ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਹੁੰਦਾ ਹੈ ਨਾ ਕਿ ਜਾਤ-ਪਾਤ, ਫ਼ਿਰਕੇ, ਇਲਾਕੇ ਦੇ ਆਧਾਰ 'ਤੇ ਵਿਤਕਰਾ ਕਰਨਾ ਅਤੇ ਕਿਸੇ ਕੁਰਬਾਨੀ ਨੂੰ ਰੱਦ ਕਰਨਾ।  ਉਹਨਾਂ ਕਿਹਾ ਕਿ ਹੁਣ ਕਿਸੇ ਵੀ ਕੀਮਤ 'ਤੇ ਅਸੀਂ ਕਿਸੇ ਨੂੰ ਸਰਕਾਰੀ ਜਾਂ ਸੌੜੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਸ਼ਹੀਦਾਂ ਦੀ ਧਰੋਹਰ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ।  ਉਹਨਾਂ ਨੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਨਵਵਾਦੀ, ਗੌਰਵਮਈ ਵਿਰਸੇ ਦੀ ਰਾਖੀ ਲਈ ਅੱਗੇ ਆਉਣ।
ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਜ਼ਾਬਰਾਂ ਦੇ ਹੱਕ 'ਚ ਖੜ•ਨਾ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਬੇਦਾਵਾ ਦੇਣਾ ਹੈ।  ਉਹਨਾਂ ਕਿਹਾ ਕਿ ਬਾਗ਼ੀ ਫੌਜੀਆਂ ਨੂੰ ਪੂਰਬੀਏ ਦੱਸਣਾ ਸਿੱਖੀ ਦੇ ਸਿਧਾਂਤਾਂ ਦਾ ਉਲੰਘਣ ਹੈ।  ਸਾਨੂੰ ਉਹਨਾਂ ਫੌਜੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨੀ ਚਾਹੀਦੀ ਹੈ, ਜਿਹੜੀ ਉਹਨਾਂ ਨੇ ਆਪਣੀ ਜੀਵਨ ਦੇ ਅਮਲ ਵਿੱਚੋਂ ਚੇਤਨ ਹੋ ਕੇ, ਬਰਤਾਨਵੀ ਸਾਮਰਾਜ ਦੇ ਖਿਲਾਫ਼ ਬਗ਼ਾਵਤ ਕਰਕੇ ਅਤੇ ਕੌਮੀ ਮੁਕਤੀ ਸੰਗਰਾਮ ਦੇ ਨਾਲ ਖੜ•ਕੇ ਕੀਤੀ ਹੈ। 
ਉਹਨਾਂ ਨੇ ਅੰਗਰੇਜ਼ ਸਾਮਰਾਜ ਦੀ ਸੇਵਾ 'ਚ ਡੰਡੌਤ ਬੰਦਨਾ ਕਰਨ ਵਾਲਿਆਂ ਦਾ ਕੱਚਾ ਚਿੱਠਾ ਖੋਹਲਿਆ ਜਿਹੜੇ ਅਕਾਲ ਤਖ਼ਤ 'ਤੇ ਬੁਲਾ ਕੇ ਖ਼ੂਨੀ ਡਾਇਰਾਂ ਨੂੰ ਸਿਰੋਪੇ ਭੇਂਟ ਕਰਦੇ ਰਹੇ ਅਤੇ ਗ਼ਦਰੀ ਦੇਸ਼ ਭਗਤਾਂ ਖਿਲਾਫ਼ ਫਤਵੇ ਜਾਰੀ ਕਰਦੇ ਰਹੇ।
ਅਜਨਾਲਾ ਸਥਿਤ ਗੁਰਦੁਆਰਾ ਸ਼ਹੀਦ ਗੰਜ-ਸ਼ਹੀਦਾਂ ਵਾਲਾ ਖੂਹ ਪ੍ਰਬੰਧਕ ਕਮੇਟੀ ਦੇ ਮੁਖੀਏ ਅਮਰਜੀਤ ਸਰਕਾਰੀਆ ਨੇ ਖੋਜ਼ਕਾਰ ਸੁਰਿੰਦਰ ਕੋਛੜ ਦੀ ਅਣਥੱਕ ਮਿਹਨਤ ਦੀ ਦਾਦ ਦਿੱਤੀ।
ਉਹਨਾਂ ਕਿਹਾ ਕਿ ਅਕਾਲ ਤਖ਼ਤ ਦਾ ਜੱਥੇਦਾਰ ਹੀ ਸ਼ਹੀਦੀ ਗੁਰਦੁਆਰਾ ਸਾਹਿਬ ਦੀ ਆਧਾਰਸ਼ਿਲਾ ਰੱਖਕੇ ਆਇਆ ਸੀ ਅਤੇ ਅੱਜ ਉਹੀ ਸ਼ਹੀਦਾਂ ਪ੍ਰਤੀ ਅਪਮਾਨ ਜਨਕ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ।  ਉਹਨਾਂ ਕਿਹਾ ਕਿ ਸੰਗਤ ਨੂੰ ਦੁੱਧੋਂ ਪਾਣੀ ਨਿਤਾਰਨ ਦੀ ਜਾਂਚ ਆਉਂਦੀ ਹੈ, ਉਹ ਗੁੰਮਰਾਹ ਹੋਣ ਵਾਲੀ ਨਹੀਂ।  ਉਹਨਾਂ ਕਿਹਾ ਕਿ ਸਾਨੂੰ ਧਮਕੀਆਂ ਜਾਂ ਲੋਭ-ਲਾਲਚ ਵਰਗਾ ਕੁਝ ਵੀ 'ਸ਼ੁੱਭ ਕਰਮਨ ਸੇ ਕਬਹੂ ਨਾ ਟਰੂ' ਦੇ ਬੋਲਾਂ ਤੋਂ ਥਿੜਕਾ ਨਹੀਂ ਸਕਦਾ।  ਉਹਨਾਂ ਕਿਹਾ ਕਿ ਅਸੀਂ ਲੋਕਾਂ ਅਤੇ ਲੋਕਾਂ ਦੀਆਂ ਸੰਸਥਾਵਾਂ ਦੇ ਸਾਥ ਨਾਲ ਆਪਣੇ ਫ਼ਰਜ਼ਾਂ ਦੀ ਅਦਾਇਗੀ ਲਈ ਆਪਣਾ ਮਿਸ਼ਨ ਜਾਰੀ ਰੱਖਾਂਗੇ।
ਲੇਖਕ ਭੁਪਿੰਦਰ ਸੰਧੂ ਨੇ 1857 'ਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅੰਗਰੇਜ਼ ਕੂਪਰ ਦੀ ਲਿਖੀ ਪੁਸਤਕ ਦੇ ਹਵਾਲਿਆਂ ਨਾਲ ਸਾਬਤ ਕੀਤਾ ਕਿ ਕਿਵੇਂ ਬਰਤਾਨਵੀ ਹਾਕਮਾਂ ਨੇ ਆਜ਼ਾਦੀ ਮੰਗਦੇ ਨਿਹੱਥੇ ਭਾਰਤੀਆਂ ਉਪਰ ਅਣਮਨੁੱਖੀ ਜ਼ੁਲਮ ਢਾਹਿਆ।
ਉਨ•ਾਂ ਦੱਸਿਆ ਕਿ ਜਿਹੜੇ ਜੱਥੇਦਾਰ ਅੱਜ ਸ਼ਹੀਦੀ ਖੂਹ ਦੇ ਇਤਿਹਾਸ ਉਪਰ ਹੀ ਮਿੱਟੀ ਪਾਉਣ ਦਾ ਅਪਰਾਧ ਕਰ ਰਹੇ ਹਨ, ਇਨ•ਾਂ ਨੇ ਹੀ ਮੇਰੀ ਪੁਸਤਕ 'ਕਾਲ਼ਿਆਂ ਵਾਲਾ ਖੂਹ ਦੀ ਲਹੂ ਭਿੱਜੀ ਦਾਸਤਾਨ' ਰਿਲੀਜ਼ ਕੀਤੀ ਸੀ।  ਅੱਜ ਇਨ•ਾਂ ਦਾ ਵਿਰੋਧ ਵਿਅਕਤੀਗਤ ਨਹੀਂ।  ਸਾਡੇ ਕੌਮੀ ਇਤਿਹਾਸ ਉਪਰ ਵਿਉਂਤ ਬੱਧ ਹਮਲਾ ਹੈ।  ਜਿਸਨੂੰ ਮਿਲਕੇ ਪਛਾੜਨਾ ਚਾਹੀਦਾ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਵਿਚਾਰ-ਚਰਚਾ 'ਚ ਜੁੜੇ ਵਿਦਵਾਨਾਂ ਅੱਗੇ ਜੋ ਮਤੇ ਰੱਖੇ ਉਹਨਾਂ ਨੂੰ ਦੋਵੇਂ ਹੱਥ ਖੜ•ੇ ਕਰਕੇ ਪ੍ਰਵਾਨ ਕੀਤਾ ਗਿਆ।  ਮਤਿਆਂ 'ਚ ਕਿਹਾ ਗਿਆ ਕਿ:
1. 1857 ਦੇ ਮਹਾਨ ਗ਼ਦਰ ਦੇ ਆਜ਼ਾਦੀ ਸੰਗਰਾਮੀਆਂ ਖ਼ਾਸ ਕਰਕੇ ਚਰਚਾ ਵਿੱਚ ਆਏ 'ਸ਼ਹੀਦੀ ਖੂਹ' ਅਜਨਾਲਾ ਦੇ ਸ਼ਹੀਦ ਬਾਗ਼ੀ ਫੌਜੀਆਂ ਨੂੰ ਅੱਜ ਦੀ ਇਕੱਤਰਤਾ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਲਾਮ ਕਰਦੀ ਹੈ।
2. ਵਿਚਾਰ-ਚਰਚਾ ਇਸ ਨਤੀਜੇ 'ਤੇ ਪੁੱਜੀ ਹੈ ਕਿ 1857 ਦੇ ਇਨ•ਾਂ ਸ਼ਹੀਦਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨਾ ਇਤਿਹਾਸਕਾਰੀ ਨਹੀਂ ਸਗੋਂ ਆਪਣੇ ਸੌੜੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਨਾ ਹੈ।  ਇਹਨਾਂ ਅਮਰ ਸ਼ਹੀਦਾਂ ਨੂੰ ਆਜ਼ਾਦੀ ਜੱਦੋ ਜਹਿਦ ਦੀ ਅਮੁੱਲੀ ਵਿਰਾਸਤ ਦਾ ਦਰਜ਼ਾ ਦਿੱਤਾ ਗਿਆ।
3. ਕੇਂਦਰ ਅਤੇ ਪੰਜਾਬ ਸਰਕਾਰ ਸ਼ਹੀਦੀ ਖੂਹ ਅਤੇ ਇਸ ਨਾਲ ਜੁੜਵੇਂ ਸਾਕੇ ਦੇ ਸੰਗਰਾਮੀਆਂ ਨੂੰ ਸ਼ਹੀਦਾਂ ਦਾ ਸਨਮਾਨਤ ਰੁਤਬਾ ਐਲਾਨ ਕਰੇ।
4. ਬਰਤਾਨਵੀ ਸਰਕਾਰ ਕੋਲੋਂ ਸ਼ਹੀਦਾਂ ਦੀ ਸੂਚੀ ਹਾਸਲ ਕਰਨ ਲਈ ਹਰ ਸੰਭਵ ਉੱਦਮ ਕੀਤਾ ਜਾਵੇ।
5. ਸ਼ਹੀਦੀ ਖੂਹ ਵਾਲੀ ਥਾਂ ਅਜਨਾਲਾ ਵਿਖੇ ਮਿਊਜ਼ੀਅਮ ਬਣਾਕੇ ਅਸਥੀਆਂ, ਹੋਰ ਦੁਰਲੱਭ ਵਸਤਾਂ ਅਤੇ ਇਤਿਹਾਸਕ ਜਾਣਕਾਰੀ ਨੂੰ ਪੁਰਾਤਤਵ ਵਿਭਾਗ ਸਾਂਭਣ ਲਈ ਤੁਰੰਤ ਅੱਗੇ ਆਵੇ।
6. ਅਸਥੀਆਂ ਦਾ ਡੀ.ਐਨ.ਏ. ਟੈਸਟ ਕੀਤਾ ਜਾਵੇ।
7. ਅਜਨਾਲਾ ਦੀ ਮੁੱਖ ਸੜਕ ਤੋਂ ਸ਼ਹੀਦੀ ਖੂਹ ਨੂੰ ਆਉਂਦਾ ਤੰਗ ਰਸਤਾ ਨਾਲ ਲੱਗਦੀ ਫੌਜੀ ਛਾਉਣੀ ਤੋਂ ਜਗ•ਾ ਹਾਸਲ ਕਰਕੇ ਖੋਲਿ•ਆ ਜਾਵੇ।
ਪ੍ਰਧਾਨਗੀ ਮੰਡਲ ਦੀ ਤਰਫੋਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਅਜਨਾਲਾ ਸਥਿਤ ਸ਼ਹੀਦੀ ਖੂਹ ਦੀ ਰੌਂਗਟੇ ਖੜ•ੇ ਕਰਨ ਵਾਲੀ ਕਹਾਣੀ ਨੂੰ ਬਰਤਾਨਵੀ ਸਾਮਰਾਜ ਦਾ ਅੱਤ ਵਹਿਸ਼ੀਆਨਾ ਕਾਰਾ ਕਰਾਰ ਦਿੰਦਿਆਂ ਕਿਹਾ ਕਿ ਉਹ ਸਾਡੀ ਕੌਮ ਦੇ ਸਨਮਾਨਤ ਸ਼ਹੀਦ ਹਨ।  ਉਹਨਾਂ ਕਿਹਾ ਕਿ ਜੇ ਅਤੀਤ ਦੇ ਚਿੱਠੇ ਫਰੋਲੀਏ ਤਾਂ ਜੱਗ ਚਾਨਣ ਹੋ ਜਾਏਗਾ ਕਿ ਕੌਣ ਅੰਗਰੇਜ਼ਾਂ ਦੀ ਪਿੱਠ ਥਾਪੜਦਾ ਰਿਹੈ ਅਤੇ ਕੌਣ ਮੱਥਾ ਲਾਉਂਦਾ ਰਿਹਾ ਹੈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਡਾ. ਸੁਰਿੰਦਰ ਕੋਛੜ, ਅਮਰਜੀਤ ਸਰਕਕਾਰੀਆ, ਪ੍ਰੋ. ਜਗਮੋਹਣ ਸਿੰਘ, ਭੁਪਿੰਦਰ ਸੰਧੂ ਅਤੇ ਸਤਨਾਮ ਚਾਨਾ ਦਾ ਇਸ ਖੇਤਰ 'ਚ ਪਾਏ ਯੋਗਦਾਨ ਲਈ ਸਨਮਾਨ ਕੀਤਾ।
ਵਿਚਾਰ-ਚਰਚਾ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕੁਲਬੀਰ ਸਿੰਘ ਸੰਘੇੜਾ, ਗੁਰਮੀਤ, ਗੁਰਮੀਤ ਸਿੰਘ ਢੱਡਾ, ਦੇਵ ਰਾਜ ਨਈਅਰ, ਡਾ. ਕਰਮਜੀਤ ਸਿੰਘ, ਹਰਬੀਰ ਕੌਰ ਬੰਨੋਆਣਾ ਤੋਂ ਇਲਾਵਾ ਆਈ.ਡਬਲੀਯੂ.ਏ. (ਗ.ਬ.) ਤੋਂ ਆਏ ਹਰਭਜਨ ਦਰਦੀ, ਸੋਹਣ ਸਿੰਘ ਰਾਣੂੰ ਅਤੇ ਸੁਰਿੰਦਰ ਕੌਰ ਤੋਂ ਇਲਾਵਾ ਕਿੰਨੇ ਹੀ ਚਿੰਤਕ ਹਾਜ਼ਰ ਸਨ।

No comments: