ਕਾਨਪੁਰ- ਆਮ ਆਦਮੀ ਪਾਰਟੀ (ਆਪ) ਦੇ ਬਾਨੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਾਨਪੁਰ ਵਿਖੇ 'ਝਾੜੂ ਰੈਲੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਮੁਲਕ 'ਚ ਗੁੱਸੇ ਦੀ ਹਵਾ ਹੈ।
ਕੇਜਰੀਵਾਲ ਨੇ ਕਿਹਾ ਕਿ ਭਾਰਤ 'ਚ ਗੈਸ ਦੇ ਖੂਹ ਸਨ ਪਰ ਭਾਜਪਾ ਅਤੇ ਕਾਂਗਰਸ ਨੇ ਪੈਸਿਆਂ ਦੇ ਲਾਲਚ 'ਚ ਮੁਕੇਸ਼ ਅੰਬਾਨੀ ਨੂੰ ਦੇ ਦਿੱਤੇ। ਕੇਜਰੀਵਾਲ ਨੇ ਕਿਹਾ ਕਿ ਇਸ ਗੈਸ ਨਾਲ ਖੁਰਾਕ ਤਿਆਰ ਹੁੰਦੀ ਹੈ ਅਤੇ ਜੇਕਰ ਇਹ ਗੈਸ ਮਹਿੰਗੀ ਹੋ ਗਈ ਤਾਂ ਮੁਲਕ 'ਚ ਖੁਰਾਕ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ।
ਕੇਜਰੀਵਾਲ ਨੇ ਕਿਹਾ ਕਿ ਮੋਦੀ ਨੂੰ ਮੈਂ ਚਿੱਠੀ ਲਿਖ ਕੇ ਪੁੱਛਿਆ ਕਿ ਤੁਸੀਂ ਜੋ ਹੈਲੀਕਾਪਟਰ ਵਰਤਦੇ ਹੋ ਉਹ ਕਿਸ ਦੇ ਹਨ ਕਿਉਂਕਿ ਚਾਹ ਵੇਚਣ ਵਾਲੇ ਕੋਲ ਇੰਨੇ ਹੈਲੀਕਾਪਟਰ ਕਿੱਥੋਂ ਆ ਸਕਦੇ ਹਨ? ਜੇਕਰ ਇਹ ਮੁਕੇਸ਼ ਅੰਬਾਨੀ ਦੇ ਹਨ ਤਾਂ ਫਿਰ ਉਸ ਨੂੰ ਇਸ ਦੇ ਪੈਸੇ ਦਿੰਦੇ ਹੋ ਜਾਂ ਨਹੀਂ। ਕੇਜਰੀਵਾਲ ਨੇ ਕਿਹਾ ਕਿ ਮੋਦੀ ਦੀ ਇਕ-ਇਕ ਰੈਲੀ 'ਤੇ 50-50 ਕਰੋੜ ਰੁਪਏ ਖਰਚ ਹੋ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਅੰਦਰੂਨੀ ਖ਼ਾਤੇ ਸੈਟਿੰਗ ਹੈ। ਇਨ੍ਹਾਂ ਦੋਹਾਂ ਨੇ ਪੂਰੇ ਮੁਲਕ ਦੇ ਪਹਾੜ, ਕੋਲਾ, ਗੈਸ, ਜ਼ਮੀਨ ਨਿਗਲ ਲਈਆਂ ਹਨ ਅਤੇ ਮੈਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਮੁਲਕ ਬਚਾਉਣ ਲਈ ਆਇਆ ਹਾਂ। ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਕਦੇ ਐੱਫ.ਡੀ.ਆਈ ਅਤੇ ਵਾਡਰਾ ਦਾ ਮਾਮਲਾ ਨਹੀਂ ਉਠਾਇਆ ਕਿਉਂਕਿ ਮੋਦੀ ਨੂੰ ਇਸ ਦੇ ਪੈਸੇ ਮਿਲ ਚੁੱਕੇ ਹਨ।
ਕੇਜਰੀਵਾਲ ਨੇ ਕਿਹਾ ਕਿ ਮੈਂ 5 ਤੋਂ 8 ਮਾਰਚ ਗੁਜਰਾਤ ਦਾ ਵਿਕਾਸ ਦੇਖਣ ਜਾ ਰਿਹਾ ਹੈ ਅਤੇ ਜੇਕਰ ਉੱਥੇ ਵਿਕਾਸ ਨਹੀਂ ਨਜ਼ਰ ਆਇਆ ਤਾਂ ਮੈਂ ਮੋਦੀ ਨੂੰ ਪੁੱਛਾਂਗਾ ਕਿ ਉਨ੍ਹਾਂ ਨੇ ਕਿਸ ਚੀਜ਼ ਦਾ ਵਿਕਾਸ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦੰਗੇ ਹੁੰਦੇ ਨਹੀਂ ਸਗੋਂ ਜਾਣਬੁੱਝ ਕੇ ਕਰਵਾਏ ਜਾਂਦੇ ਹਨ। ਉੱਤਰ ਪ੍ਰਦੇਸ਼ 'ਚ ਅਖਿਲੇਸ਼ ਯਾਦਵ ਦੀ ਸਰਕਾਰ ਜੋ ਘੁਟਾਲਿਆਂ ਨਾਲ ਭਰੀ ਹੈ ਪਹਿਲਾਂ ਰੱਜ ਕੇ ਘੁਟਾਲੇ ਕਰਦੀ ਹੈ ਅਤੇ ਫਿਰ ਵੋਟਾਂ ਲਾਗੇ ਦੰਗੇ ਕਰਵਾ ਦਿੰਦੀ ਹੈ। ਇਹ ਸਾਰੀ ਕਾਂਗਰਸ ਅਤੇ ਬੀ.ਜੀ.ਪੀ ਦੀ ਚਾਲ ਹੈ, ਜਿਸ 'ਚ ਸਾਡੇ ਵਰਗੀ ਭੋਲੀ-ਭਾਲੀ ਜਨਤਾ ਫਸ ਜਾਂਦੀ ਹੈ ਅਤੇ ਜੇਕਰ ਹਿੰਦੂ-ਮੁਸਲਮਾਨ ਅਤੇ ਸਭ ਧਰਮਾਂ ਦੇ ਲੋਕ ਇਕਜੁੱਟ ਹੋ ਜਾਣ ਤਾਂ ਮੇਰਾ ਦਿਲ ਕਹਿੰਦਾ ਹੈ ਕਿ ਇਸ ਵਾਰ ਕੇਂਦਰ 'ਚ ਆਪ ਦੀ ਸਰਕਾਰ ਬਣੇਗੀ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਘੱਟੋ-ਘੱਟ 100 ਸੀਟਾਂ 'ਤੇ 'ਆਪ' ਚੋਣਾਂ ਲੜੇਗੀ।