ਬਠਿੰਡਾ- ਬਠਿੰਡਾ ਲੋਕ ਸਭਾ ਹਲਕੇ ਵਿਚ ਵੱਖ ਵੱਖ ਪ੍ਰਾਜੈਕਟਾਂ ਦੇ ਧੜੱਲੇ ਨਾਲ ਨੀਂਹ ਪੱਥਰ ਰੱਖ ਰਹੀ ਅਤੇ ਪੇਂਡੂ ਪੱਧਰ 'ਤੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੀ ਐੱਮ.ਪੀ. ਹਰਸਿਮਰਤ ਕੌਰ ਬਾਦਲ ਦੇ ਭਾਸ਼ਣਾਂ 'ਚੋਂ ਹੁਣ 'ਨੰਨ੍ਹੀ ਛਾਂ' ਦਾ ਨਾਂ ਗਾਇਬ ਹੈ। 'ਨੰਨ੍ਹੀ ਛਾਂ' ਮੁਹਿੰਮ ਦਾ ਸਹਾਰਾ ਲੈ ਕੇ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੀ ਐੱਮ. ਪੀ. ਬੀਬੀ ਬਾਦਲ ਹੁਣ ਇਸ ਮੁਹਿੰਮ ਤੋਂ ਕਿਨਾਰਾ ਕਰਦੀ ਦਿਖ ਰਹੀ ਹੈ।
2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰ ਪਾਸੇ 'ਨੰਨ੍ਹੀ ਛਾਂ' ਮੁਹਿੰਮ ਦਾ ਬੋਲਬਾਲਾ ਰਿਹਾ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਪ੍ਰਚਾਰ ਅਤੇ ਉਨ੍ਹਾਂ ਦੇ ਭਾਸ਼ਣ ਵੀ ਬੇਟੀਆਂ ਅਤੇ ਪੇੜ ਪੌਦਿਆਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ 'ਤੇ ਹੀ ਕੇਂਦਰਿਤ ਰਹੇ। 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਬੀਬੀ ਬਾਦਲ ਨੇ ਨੰਨ੍ਹੀ ਛਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਮਾਲਵਾ ਖੇਤਰ ਖਾਸਕਰ ਬਠਿੰਡਾ ਹਲਕੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਹੇ ਰੋਸ ਪ੍ਰਦਰਸ਼ਨਾਂ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਐੱਮ.ਪੀ. ਬੀਬੀ ਬਾਦਲ ਦੀ 'ਨੰਨ੍ਹੀ ਛਾਂ' ਮੁਹਿੰਮ ਨੂੰ ਆੜੇ ਹੱਥੀ ਲਿਆ ਗਿਆ ਜਿਸ ਦੇ ਚਲਦਿਆਂ ਨੰਨ੍ਹੀ ਛਾਂ ਮੁਹਿੰਮ ਸਰਕਾਰ ਲਈ ਘਾਟੇ ਦਾ ਸੌਦਾ ਬਣਦੀ ਦਿਖ ਰਹੀ ਹੈ। ਸਰਕਾਰ ਖਿਲਾਫ਼ ਉਤਰਨ ਵਾਲੇ ਪ੍ਰਦਰਸ਼ਨਕਾਰੀਆਂ ਖਾਸ ਕਰ ਮਹਿਲਾ ਪ੍ਰਦਰਸ਼ਨਕਾਰੀਆਂ ਵਲੋਂ ਇਸ ਮੁਹਿੰਮ ਨੂੰ ਅਧਾਰ ਬਣਾ ਕੇ ਐੱਮ.ਪੀ. ਬਾਦਲ ਨੂੰ ਜੰਮ ਕੇ ਕੋਸਿਆ ਗਿਆ ਅਤੇ ਵਿਰੋਧੀਆਂ ਵਲੋਂ ਵੀ ਵਾਰ-ਵਾਰ 'ਨੰਨ੍ਹੀ ਛਾਂ' ਨੂੰ ਇਕ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਗਿਆ। ਬਠਿੰਡਾ ਵਿਚ ਹੋਏ ਕਈ ਪ੍ਰਦਰਸ਼ਨਾਂ ਦੌਰਾਨ ਵੱਖ ਵੱਖ ਮੁਲਾਜ਼ਮਾਂ, ਕਿਸਾਨਾਂ-ਮਜ਼ਦੂਰਾਂ, ਅਧਿਆਪਕਾਂ, ਨਰਸਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੋਰ ਜਥੇਬੰਦੀਆਂ ਦੇ ਨਾਲ ਨਾਲ ਵਿਰੋਧੀ ਪਾਰਟੀ ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਵੀ 'ਨੰਨ੍ਹੀ ਛਾਂ' ਮੁਹਿੰਮ ਦੀ ਜੰਮਕੇ ਨਿਖੇਧੀ ਕੀਤੀ ਗਈ। ਆਏ ਦਿਨ ਮਹਿਲਾ ਅਧਿਆਪਕਾਂ ਤੇ ਹੋਰ ਮਹਿਲਾ ਮੁਲਾਜ਼ਮਾਂ ਦੀ ਸੰਘਰਸ਼ ਦੌਰਾਨ ਪੁਲਸ ਦੇ ਨਾਲ ਹੋਣ ਵਾਲੀਆਂ ਝੜਪਾਂ, ਗ੍ਰਿਫਤਾਰੀਆਂ ਅਤੇ ਔਰਤਾਂ ਨੂੰ ਥਾਣਿਆਂ 'ਚ ਬੰਦ ਰੱਖਣ ਜਿਹੀਆਂ ਕਾਰਵਾਈਆਂ ਨੇ ਵੀ 'ਨੰਨ੍ਹੀ ਛਾਂ' ਮੁਹਿੰਮ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ। ਫਰਵਰੀ ਦੇ ਸ਼ੁਰੂ ਵਿਚ ਬਠਿੰਡਾ ਵਿਚ ਈ.ਜੀ.ਐੱਸ. ਅਧਿਆਪਕਾਂ ਦੇ ਧਰਨੇ ਦੌਰਾਨ ਇਕ ਬੱਚੀ ਦੀ ਦੁਖਦ ਮੌਤ ਤੋਂ ਬਾਅਦ 'ਨੰਨ੍ਹੀ ਛਾਂ' ਦਾ ਵਿਰੋਧ ਇਕੋ ਦਮ ਸਿਖਰ 'ਤੇ ਪਹੁੰਚ ਗਿਆ। ਜਿਥੇ ਵੱਖ-ਵੱਖ ਜਥੇਬੰਦੀਆਂ ਨੇ ਬੱਚੀ ਦੀ ਮੌਤ ਤੋਂ ਬਾਅਦ ਨੰਨ੍ਹੀ ਛਾਂ ਮੁਹਿੰਮ ਅਤੇ ਇਸ ਦੀ ਸੰਸਥਾਪਕ ਬੀਬੀ ਬਾਦਲ ਨੂੰ ਆੜੇ ਹੱਥੀ ਲਿਆ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੇ ਵੀ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ ਅਤੇ ਇਸ ਘਟਨਾ ਨੂੰ ਨੰਨ੍ਹੀ ਛਾਂ ਦੇ ਨਾਲ ਜੋੜ ਕੇ ਮੁਹਿੰਮ 'ਤੇ ਕਰਾਰੀ ਸੱਟ ਮਾਰੀ। ਸਿਆਸੀ ਜਾਣਕਾਰਾਂ ਅਨੁਸਾਰ ਜੇਕਰ ਹੁਣ ਐੱਮ.ਪੀ. ਆਪਣੇ ਭਾਸ਼ਣਾਂ ਜਾਂ ਪ੍ਰਚਾਰ ਮੁਹਿੰਮ 'ਚ 'ਨੰਨ੍ਹੀ ਛਾਂ' ਮੁਹਿੰਮ ਦਾ ਜ਼ਿਕਰ ਕਰਦੀ ਹੈ ਤਾਂ ਉਨ੍ਹਾਂ ਨੂੰ ਫਾਇਦੇ ਦੀ ਬਜਾਏ ਉਲਟਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਬੀਬੀ ਬਾਦਲ ਦੀ ਪ੍ਰਚਾਰ ਮੁਹਿੰਮ 'ਚ ਸ਼ਾਮਲ ਸਿਆਸੀ ਜਾਣਕਾਰਾਂ ਨੇ ਬੇਹੱਦ ਸੋਚ ਵਿਚਾਰ ਤੋਂ ਬਾਅਦ ਬੀਬੀ ਬਾਦਲ ਦੇ ਪ੍ਰਚਾਰ ਤੋਂ 'ਨੰਨ੍ਹੀ ਛਾਂ' ਨੂੰ ਦੂਰ ਕੀਤਾ ਹੈ ਤਾਂ ਕਿ ਇਹ ਮੁਹਿੰਮ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਿਆਸੀ ਨੁਕਸਾਨ ਨਾ ਪਹੁੰਚਾ ਸਕੇ। ਸਿਆਸੀ ਜਾਣਕਾਰ ਮੰਨਦੇ ਹਨ ਕਿ ਬਠਿੰਡਾ ਵਿਚ ਨੰਨ੍ਹੀ ਛਾਂ ਦੇ ਖਿਲਾਫ਼ ਲੋਕਾਂ 'ਚ ਰੋਸ ਹੈ ਤੇ ਇਹੀ ਕਾਰਨ ਹੈ ਕਿ ਬੀਬੀ ਬਾਦਲ ਆਪਣੀ ਜਨ ਸਭਾਵਾਂ ਜਾਂ ਹੋਰ ਪ੍ਰੋਗਰਾਮਾਂ ਦੌਰਾਨ ਨੰਨ੍ਹੀ ਛਾਂ ਦਾ ਜ਼ਿਕਰ ਤੱਕ ਨਹੀਂ ਕਰ ਰਹੀ।