www.sabblok.blogspot.com
ਚੰੜੀਗੜ੍ਹ, 18 ਮਾਰਚ - ਚੰਡੀਗੜ੍ਹ ਲੋਕ ਸਭਾ ਹਲਕੇ ਦੀ ਉਮੀਦਵਾਰੀ ਦੀ ਟਿਕਟ ਨੂੰ ਲੈ ਕੇ ਭਾਜਪਾ 'ਚ ਉੱਠਿਆ ਘਮਾਸਾਨ ਅੱਜ ਸਿਖ਼ਰਾਂ 'ਤੇ ਪੁੱਜ ਗਿਆ। ਹਾਈਕਮਾਨ ਵੱਲੋਂ ਚੰਡੀਗੜ੍ਹ ਤੋਂ ਐਲਾਨੀ ਗਈ ਭਾਜਪਾ ਉਮੀਦਵਾਰ ਬਾਲੀਵੁੱਡ ਅਭਿਨੇਤਰੀ ਕਿਰਨ ਖ਼ੇਰ ਜਦੋਂ ਚੰਡੀਗੜ੍ਹ ਪੁੱਜੀ ਤਾਂ ਭਾਜਪਾ ਵਰਕਰਾਂ ਨੇ ਨਾ ਸਿਰਫ਼ 'ਕਿਰਨ ਖ਼ੇਰ ਵਾਪਸ ਜਾਓ' ਦੇ ਨਾਅਰੇ ਲਾਏ ਅਤੇ ਕਾਲੇ ਝੰਡੇ ਦਿਖਾਏ, ਬਲਕਿ ਉਸ ਦੀ ਕਾਰ 'ਤੇ ਆਂਡਿਆਂ ਦੀ ਵਰਖਾ ਵੀ ਕਰ ਦਿੱਤੀ। ਕਿਰਨ ਖ਼ੇਰ ਚੰਡੀਗੜ੍ਹ ਹਵਾਈ ਅੱਡੇ 'ਤੇ ਪੁੱਜੀ ਤਾਂ ਭਾਜਪਾ ਆਗੂ ਸਤਪਾਲ ਜੈਨ, ਸੰਜੇ ਟੰਡਨ ਅਤੇ ਉਨ੍ਹਾਂ ਦੇ ਸਮਰਥਕ ਸੁਆਗਤ ਵਿਚ ਪੁੱਜੇ ਹੋਏ ਸਨ, ਜਦਕਿ ਚੰਡੀਗੜ੍ਹ ਤੋਂ ਭਾਜਪਾ ਦੇ ਮਜਬੂਤ ਦਾਅਵੇਦਾਰ ਕਹੇ ਜਾਣ ਵਾਲੇ ਹਰਮੋਹਨ ਧਵਨ ਮੌਕੇ ਤੋਂ ਗ਼ੈਰ ਹਾਜ਼ਰ ਹੀ ਰਹੇ। ਦੁਪਹਿਰ 12 ਵਜੇ ਦੇ ਲਗਭਗ ਕਿਰਨ ਖ਼ੇਰ ਆਪਣੇ ਪਤੀ ਬਾਲੀਵੁੱਡ ਅਭਿਨੇਤਾ ਅਨੁਪਮ ਖ਼ੇਰ ਸਮੇਤ ਜਿਉਂ ਹੀ ਚੰਡੀਗੜ੍ਹ ਹਵਾਈ ਅੱਡੇ 'ਤੇ ਪੁੱਜੇ ਤਾਂ ਬਾਹਰ ਖੜ੍ਹੇ ਵਰਕਰਾਂ ਨੇ ਕਾਲੇ ਝੰਡੇ ਦਿਖਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਾਫ਼ਲਾ ਉੱਥੋਂ ਰਵਾਨਾ ਹੋਇਆ ਤਾਂ ਰਸਤੇ ਵਿਚ ਹੱਲੋਮਾਜਰਾ ਚੌਕ ਅਤੇ ਟ੍ਰਿਬਿਊਨ ਚੌਕ 'ਤੇ ਮੁੜ ਵਰਕਰਾਂ ਦਾ ਭਾਰੀ ਹਜ਼ੂਮ ਇਕੱਠਾ ਹੋ ਗਿਆ, ਜਿਨ੍ਹਾਂ ਨੇ ਕਿਰਨ ਖ਼ੇਰ ਨੂੰ ਕਾਲੇ ਝੰਡੇ ਦਿਖਾਉਂਦਿਆਂ ਹੱਥਾਂ ਵਿਚ ਫੜੀਆਂ ਤਖ਼ਤੀਆਂ ਵੀ ਵਿਖਾਈਆਂ, ਜਿਨ੍ਹਾਂ 'ਤੇ 'ਕਿਰਨ ਖ਼ੇਰ ਵਾਪਸ ਜਾਓ' ਲਿਖਿਆ ਹੋਇਆ ਸੀ। ਇਸ ਦੌਰਾਨ ਹੀ ਉਨ੍ਹਾਂ ਦੀ ਕਾਰ 'ਤੇ ਆਂਡਿਆਂ ਅਤੇ ਪੱਥਰਾਂ ਦੀ ਵਰਖ਼ਾ ਸ਼ੁਰੂ ਹੋ ਗਈ। ਇਸ ਪਿੱਛੋਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਕਾਫ਼ਲੇ ਦਾ ਰਸਤਾ ਬਦਲ ਕੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੈਕਟਰ 33 ਸਥਿਤ ਭਾਜਪਾ ਦਫ਼ਤਰ ਕਮਲਮ ਵਿਚ ਪਹੁੰਚਾਇਆ, ਜਿੱਥੇ ਕਿ ਵਰਕਰ ਪਹਿਲਾਂ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਉੱਥੇ ਵੀ ਸ੍ਰੀਮਤੀ ਖ਼ੇਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਦੋ ਭਾਜਪਾ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਸ੍ਰੀਮਤੀ ਕਿਰਨ ਖ਼ੇਰ ਨੇ ਹੌਸਲਾ ਬਣਾਈ ਰੱਖਿਆ ਅਤੇ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਭਾਜਪਾ ਦਫ਼ਤਰ ਵਿਚ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ਅਜਿਹੇ ਵਿਰੋਧ ਪ੍ਰਦਰਸ਼ਨ ਝੱਲਣੇ ਹੀ ਪੈਂਦੇ ਨੇ, ਇਸ ਲਈ ਉਹ ਇਸ ਵਿਰੋਧ ਤੋਂ ਘਬਰਾਉਣ ਵਾਲੀ ਨਹੀਂ ਅਤੇ ਉਸ ਨੇ ਬਹੁਤ ਸੋਚ ਸਮਝ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ, ਹੁਣ ਉਹ ਪਿੱਛੇ ਨਹੀਂ ਹਟੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੀ ਚੰਡੀਗੜ੍ਹ ਦੀ ਹੀ ਹੈ, ਭਾਵੇਂ ਕਿ ਉਸ ਦਾ ਜਨਮ ਚੰਡੀਗੜ੍ਹ ਵਿਚ ਨਹੀਂ ਹੋਇਆ, ਪਰ ਉਹ ਇੱਥੇ ਹੀ ਪੜ੍ਹੀ ਲਿਖੀ ਤੇ ਵੱਡੀ ਹੋਈ ਹੈ। ਇਸ ਸਬੰਧੀ ਚੰਡੀਗੜ੍ਹ ਤੋਂ ਭਾਜਪਾ ਦੇ ਦਾਅਵੇਦਾਰ ਤਿੰਨਾਂ ਨੇਤਾਵਾਂ ਦੇ ਸੁਰ ਵੱਖ ਵੱਖ ਹੀ ਸੁਣਨ ਨੂੰ ਮਿਲੇ, ਜਿੱਥੇ ਭਾਜਪਾ ਆਗੂ ਹਰਮੋਹਨ ਧਵਨ ਨੇ ਖੁੱਲ੍ਹ ਕੇ ਸ੍ਰੀਮਤੀ ਕਿਰਨ ਖ਼ੇਰ ਦਾ ਵਿਰੋਧ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਹਾਈਕਮਾਨ ਦਾ ਫ਼ੈਸਲਾ ਮਨਜ਼ੂਰ ਨਹੀਂ ਹੈ। ਉਨ੍ਹਾਂ ਭਾਜਪਾ ਆਗੂ ਸਤਪਾਲ ਜੈਨ 'ਤੇ ਵੀ ਹਲਕੀ ਸਿਆਸਤ ਖੇਡਣ ਦਾ ਦੋਸ਼ ਲਾਇਆ। ਜਦਕਿ ਸ੍ਰੀ ਜੈਨ ਦਾ ਕਹਿਣਾ ਸੀ ਕਿ ਫ਼ੈਸਲਾ ਹਾਈਕਮਾਨ ਨੇ ਕੀਤਾ ਹੈ, ਇਸ ਲਈ ਇੱਕ ਦੂਜੇ 'ਤੇ ਦੋਸ਼ ਲਾਉਣੇ ਗਲਤ ਹਨ। ਇਸ ਤੋਂ ਇਲਾਵਾ ਤੀਜੇ ਦਾਅਵੇਦਾਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਸੰਜੇ ਟੰਡਨ ਅੱਜ ਕੁੱਝ ਬਦਲੇ ਨਜ਼ਰ ਆਏ। ਜਿੱਥੇ ਪਹਿਲਾਂ ਉਹ ਸ੍ਰੀਮਤੀ ਖ਼ੇਰ ਦੀ ਉਮੀਦਵਾਰੀ ਦਾ ਵਿਰੋਧ ਕਰ ਰਹੇ ਸਨ, ਅੱਜ ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ 22 ਮਾਰਚ ਤੱਕ ਫ਼ੈਸਲਾ ਬਦਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਪਾਰਟੀ ਦੇ ਫ਼ੈਸਲੇ ਅਨੁਸਾਰ ਹੀ ਚੱਲਣਗੇ। ਅੱਜ ਦੀ ਘਟਨਾ ਤੋਂ ਬਾਅਦ ਚੰਡੀਗੜ੍ਹ ਭਾਜਪਾ ਦੇ ਵਰਕਰ ਵੀ ਦੋ ਖੇਮਿਆਂ ਵਿਚ ਵੰਡੇ ਨਜ਼ਰ ਆਏ। ਜਿੱਥੇ ਕੁੱਝ ਵਰਕਰ ਵਿਰੋਧ 'ਤੇ ਉਤਾਰੂ ਸਨ, ਉੱਥੇ ਕੁੱਝ ਵਰਕਰ ਸ੍ਰੀਮਤੀ ਖ਼ੇਰ ਦੀ ਹਮਾਇਤ ਵਿਚ ਵੀ ਡਟੇ ਰਹੇ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਜੈਨ ਅਤੇ ਟੰਡਨ ਦੇ ਸਮਰਥਕ ਹਨ। ਭਾਵੇਂਕਿ ਸਥਾਨਕ ਭਾਜਪਾ ਦਾਅਵੇਦਾਰਾਂ ਨੂੰ ਅਜੇ ਵੀ ਉਮੀਦ ਹੈ ਕਿ ਹਾਈਕਮਾਨ 22 ਮਾਰਚ ਤੱਕ ਫ਼ੈਸਲਾ ਬਦਲ ਸਕਦੀ ਹੈ, ਪਰ ਸ੍ਰੀਮਤੀ ਕਿਰਨ ਖ਼ੇਰ ਦੇ ਰੁਖ਼ ਤੋਂ ਲੱਗਦਾ ਹੈ ਕਿ ਉਹ ਪਿੱਛੇ ਹਟਣ ਦੇ ਰੌਂਅ ਵਿਚ ਨਹੀਂ। ਹਾਲਾਂਕਿ ਉਨ੍ਹਾਂ ਦੇ ਚੰਡੀਗੜ੍ਹ ਆਉਣ ਤੋਂ ਪਹਿਲਾਂ ਚੰਡੀਗੜ੍ਹ ਤੋਂ ਕੁੱਝ ਵਰਕਰਾਂ ਨੇ ਉਨ੍ਹਾਂ ਨੂੰ ਅਤੇ ਪਾਰਟੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੂੰ ਫੋਨ ਕਰਕੇ ਕਿਹਾ ਸੀ ਕਿ ਪਾਰਟੀ ਵਰਕਰ ਬਹੁਤ ਨਰਾਜ਼ ਹਨ, ਇਸ ਲਈ ਜੇਕਰ ਸ੍ਰੀਮਤੀ ਖ਼ੇਰ ਚੋਣ ਲੜਦੇ ਹਨ ਤਾਂ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ, ਪਰ ਸ੍ਰੀਮਤੀ ਕਿਰਨ ਖ਼ੇਰ ਨੇ ਇਰਾਦਾ ਜਤਾ ਦਿੱਤਾ ਹੈ ਕਿ ਉਹ ਜਲਦ ਹੀ ਸਮਰਥਕ ਆਗੂਆਂ ਅਤੇ ਵਰਕਰਾਂ ਨਾਲ ਚੋਣ ਰਣਨੀਤੀ ਤੈਅ ਕਰਨ ਵਾਲੇ ਹਨ।
No comments:
Post a Comment