www.sabblok.blogspot.com
ਨਵੀਂ ਦਿੱਲੀ, 18 ਮਾਰਚ --ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ 26 ਉਮੀਦਵਾਰਾਂ ਦੇ ਨਾਂਅ ਦੀ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਦੀ ਅਨੰਦਪੁਰ ਸਾਹਿਬ ਸੀਟ ਤੋਂ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਅਤੇ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਹਲਕੇ ਤੋਂ ਸਮਾਜਿਕ ਕਾਰਕੁਨ ਐਸ. ਪੀ. ਉਦੈਕੁਮਾਰ 'ਆਪ' ਦੇ ਉਮੀਦਵਾਰ ਹੋਣਗੇ। ਹਿੰਮਤ ਸਿੰਘ ਸੁਪਰੀਮ ਕੋਰਟ 'ਚ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਕੇਸ ਲੜ ਰਹੇ ਹਨ। ਇਸ ਹਲਕੇ ਲਈ ਗਾਇਕ ਜੱਸੀ ਜਸਰਾਜ ਅਤੇ ਹਿੰਮਤ ਸਿੰਘ ਸ਼ੇਰਗਿੱਲ ਦਾ ਨਾਂਅ ਉੱਭਰ ਕੇ ਆ ਰਿਹਾ ਸੀ। ਇਸ ਹਲਕੇ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਉਮੀਦਵਾਰ ਹੋਣਗੇ। ਸ: ਬਿੱਟੂ ਇਸ ਵੇਲੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਹਨ। ਸੱਤਾਧਾਰੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਾਇਕ ਅਤੇ ਅਦਾਕਾਰ ਕੇ. ਐਸ. ਮੱਖਣ ਉਮੀਦਵਾਰ ਹੋਣਗੇ। ਚੰਡੀਗੜ੍ਹ ਨਾਲ ਸੰਬੰਧ ਰੱਖਣ ਵਾਲੇ ਸ਼ੇਰਗਿੱਲ ਪਾਰਟੀ ਦੇ ਕਾਨੂੰਨੀ ਸਲਾਹਕਾਰ ਵੀ ਹਨ। ਹਾਲੇ ਤੱਕ 'ਆਪ' ਨੇ ਪੰਜਾਬ ਦੇ ਲੁਧਿਆਣਾ ਤੋਂ ਐਚ. ਐਸ. ਫੂਲਕਾ, ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਸਾਧੂ ਸਿੰਘ, ਗੁਰਦਾਸਪੁਰ ਤੋਂ ਸੁੱਚਾ ਸਿੰਘ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਦਾ ਨਾਂਅ ਆਪਣੇ ਉਮੀਦਵਾਰਾਂ ਵਜੋਂ ਐਲਾਨਿਆ ਹੈ। ਚੰਡੀਗੜ੍ਹ ਤੋਂ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੂੰ ਟਿਕਟ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ 'ਆਪ' ਨੇ ਉਥੋਂ ਅਦਾਕਾਰ ਗੁਲ ਪਨਾਗ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਅੱਜ ਜਾਰੀ ਕੀਤੀ ਸੱਤਵੀਂ ਸੂਚੀ 'ਚ ਬਿਹਾਰ ਤੋਂ 6, ਤਾਮਿਲਨਾਡੂ ਤੋਂ 8, ਉੱਤਰ ਪ੍ਰਦੇਸ਼ ਤੋਂ 4 ਅਤੇ ਮਹਾਰਾਸ਼ਟਰ, ਤ੍ਰਿਪੁਰਾ, ਸਿੱਕਮ, ਰਾਜਸਥਾਨ, ਪੰਜਾਬ ਪੇਂਡੂਚਰੀ, ਮਿਜ਼ੋਰਮ ਅਤੇ ਮਨੀਪੁਰ 'ਚੋਂ ਇਕ-ਇਕ ਉਮੀਦਵਾਰ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਹਾਲੇ ਤੱਕ 543 ਲੋਕ ਸਭਾ ਸੀਟਾਂ 'ਚੋਂ 268 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।
No comments:
Post a Comment