ਲੁਧਿਆਣਾ- ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਦੇ ਪੁਖ਼ਤਾ ਦਾਅਵੇਦਾਰ ਸਮਝੇ ਜਾਂਦੇ ਮਨੀਸ਼ ਤਿਵਾੜੀ ਨੂੰ ਦਿੱਲੀ ਦੇ ਮੈਕਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਤਿਵਾੜੀ ਨੂੰ ਦਿਲ ਨਾਲ ਸਬੰਧਿਤ ਕਿਸੇ ਸਮੱਸਿਆ ਦੇ ਚੱਲਦਿਆਂ ਹਸਪਤਾਲ ਭਰਤੀ ਕਰਾਇਆ ਗਿਆ ਹੈ। ਤਿਵਾੜੀ ਲਗਾਤਾਰ ਪਾਰਟੀ ਨੂੰ ਸਿਹਤ ਦੇ ਕਾਰਨਾਂ ਦਾ ਹਵਾਲਾ ਦੇ ਕੇ ਲੁਧਿਆਣਾ ਲੋਕਸਭਾ ਸੀਟ ਤੋਂ ਚੋਣ ਨਾ ਲੜਨ ਦੀ ਗੱਲ ਕਹਿ ਰਹੇ ਸਨ। ਹਾਲਾਂਕਿ ਵੀਰਵਾਰ ਨੂੰ ਮੀਡੀਆ 'ਚ ਆਈਆਂ ਖਬਰਾਂ 'ਚ ਤਿਵਾੜੀ ਨੇ ਕਿਹਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਲੁਧਿਆਣਾ ਲੋਕਸਭਾ ਸੀਟ ਤੋਂ ਮੈਦਾਨ 'ਚ ਉਤਾਰਦੀ ਹੈ ਤਾਂ ਉਹ ਇਸ ਸੀਟ 'ਤੇ ਚੋਣ ਲੜਨਗੇ। ਤਿਵਾੜੀ ਨੇ 2009 'ਚ ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਬ ਨੂੰ ਹਰਾਇਆ ਸੀ। ਇਨ੍ਹਾਂ ਚੋਣਾਂ 'ਚ ਅਕਾਲੀ ਦਲ ਨੇ ਲੋਕਸਭਾ ਸੀਟ 'ਤੇ ਮਨਪ੍ਰੀਤ ਇਆਲੀ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਹਜੇ ਤੱਕ ਇਸ ਸੀਟ 'ਤੇ ਉਮੀਦਵਾਰ ਦਾ ਨਾਂ ਤੈਅ ਨਹੀਂ ਕਰ ਸਕੀ ਹੈ ਪਰ ਪਾਰਟੀ ਵੱਲੋਂ ਮਨੀਸ਼ ਤਿਵਾੜੀ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਉਤਾਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਮਨੀਸ਼ ਤਿਵਾੜੀ ਦੇ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਲੁਧਿਆਣਾ ਸੀਟ 'ਤੇ ਕਾਂਗਰਸ ਲਈ ਦੁਚਿੱਤੀ ਸਥਿਤੀ ਪੈਦਾ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਤਿਵਾੜੀ ਕਿੰਨੇ ਦਿਨ ਹਸਪਤਾਲ 'ਚ ਰਹਿੰਦੇ ਹਨ ਅਤੇ ਪਾਰਟੀ ਹੁਣ ਉਨ੍ਹਾਂ ਨੂੰ ਲੁਧਿਆਣਾ ਤੋਂ ਬਤੌਰ ਉਮੀਦਵਾਰ ਮੈਦਾਨ 'ਚ ਉਤਾਰਦੀ ਹੈ ਜਾਂ ਨਹੀਂ।