ਅੰਮ੍ਰਿਤਸਰ-ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਭਾਜਪਾ ਹਾਈ ਕਮਾਨ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਸਿੱਧੂ ਨੇ ਸਾਫ ਕੀਤਾ ਕਿ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਅੰਮ੍ਰਿਤਸਰ ਤੋਂ ਹੀ ਲੜਨਗੇ ਨਹੀਂ ਤਾਂ ਚੋਣਾਂ ਹੀ ਨਹੀਂ ਲੜਨਗੇ। ਸਿੱਧੂ ਨੇ ਕਿਹਾ ਕਿ ਮੈਂ ਸਿਰਫ ਦੇਣਾ ਜਾਣਦਾ ਹਾ, ਮੰਗਣਾ ਮੇਰੀ ਫਿਤਰਤ ਨਹੀਂ ਹੈ। ਮੀਡੀਆ ਦੇ ਇਕ ਹਿੱਸੇ 'ਚ ਖਬਰਾਂ ਆ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਦਾ ਟਿਕਟ ਅੰਮ੍ਰਿਤਸਰ ਤੋਂ ਕੱਟ ਕੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ।
ਸਿੱਧੂ ਨੇ ਰਾਜ ਸਭਾ 'ਚ ਜਾਣ ਤੋਂ ਸਿਰੇ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ 'ਚ ਅਕਾਲੀ ਲੀਡਰਸ਼ਿਪ ਨਾਲ ਛੱਤੀ ਦਾ ਅੰਕੜਾ ਚੱਲ ਰਿਹਾ ਹੈ ਅਤੇ ਅਕਾਲੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਦੀ ਥਾਂ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਨੂੰ ਉਮੀਦਵਾਰ ਦੇ ਤੌਰ 'ਤੇ ਦੇਖਣਾ ਚਾਹੁੰਦੀ ਹੈ। ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਕੁਰੂਕਸ਼ੇਤਰ ਜਾਂ ਦਿੱਲੀ ਦੀ ਕਿਸੇ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ ਪਰ ਸਿੱਧੂ ਨੇ ਇਸ ਪੂਰੇ ਮਸਲੇ 'ਤੇ ਸਿਆਸੀ ਸਟੈਂਡ ਲੈ ਲਿਆ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਸਿੱਧੂ ਨੂੰ ਅੰਮ੍ਰਿਤਸਰ ਸੀਟ ਤੋਂ ਟਿਕਟ ਮਿਲਦੀ ਹੈ ਜਾਂ ਨਹੀਂ।