ਛਿੜੀ ਨਵੀਂ ਸਿਆਸੀ ਚਰਚਾ -  ਡਰੱਗਜ਼ ਸਮੱਗਲਿੰਗ ਮਾਮਲਾ
ਚੰਡੀਗੜ੍ਹ - ਕੀ ਪੰਜਾਬ ਸਰਕਾਰ, ਅਕਾਲੀ ਦਲ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਡਰੱਗਜ਼ ਮਾਮਲੇ ਵਿਚ ਉਲਝਾਉਣ ਲਈ ਡਰੱਗ ਮਾਫੀਆ ਦੇ ਬਾਦਸ਼ਾਹ ਜਗਦੀਸ਼ ਭੋਲਾ ਅਤੇ ਪੰਜਾਬ ਦੇ ਕੁਝ ਉੱਚ-ਕੋਟੀ ਦੇ ਵਿਰੋਧੀ ਧਿਰ ਦੇ ਸਿਆਸਤਦਾਨਾਂ ਵਿਚ ਕੋਈ ਮਿਲੀਭੁਗਤ ਹੋਈ? ਇਸ ਸੰਬੰਧ ਵਿਚ ਸਾਹਮਣੇ ਆਏ ਤੱਥਾਂ ਨੇ ਇਸ ਮਸਲੇ ਦੇ ਸਿਆਸੀਕਰਨ ਦੀ ਗੱਲ ਨੂੰ ਇਕ ਨਵੀਂ ਰੰਗਤ ਦੇ ਦਿਤੀ ਹੈ।
ਜਗਦੀਸ਼ ਭੋਲਾ ਵਲੋਂ ਆਪਣਾ ਬਚਾਅ ਕਰਨ ਲਈ ਪੰਜਾਬ ਦੇ ਸਿਰਕੱਢ ਵਿਰੋਧੀ ਆਗੂਆਂ ਨਾਲ ਟੈਲੀਫੋਨ ਗੱਲਬਾਤ ਦੇ ਸਬੂਤ ਵੀ ਸਾਹਮਣੇ ਆਏ ਹਨ।
ਠੋਸ ਸੂਚਨਾ ਮੁਤਾਬਕ ਜਗਦੀਸ਼ ਭੋਲਾ ਦੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਦਲ ਪਰਿਵਾਰ ਤੇ ਸੱਤਾਧਾਰੀ ਪਾਰਟੀ ਨਾਲ ਸਿੱਧੇ ਵਿਰੋਧ ਵਿਚ ਖੜ੍ਹੇ ਕੁਝ ਵਿਰੋਧੀ ਸਿਆਸੀ ਆਗੂਆਂ ਨਾਲ ਹੋਈ ਗੱਲਬਾਤ ਦਾ ਵੇਰਵਾ ਵੀ ਸਾਹਮਣੇ ਆਉਣ ਲੱਗਾ ਹੈ। ਠੋਸ ਸੂਚਨਾ ਮੁਤਾਬਕ ਇਕ ਗੱਲਬਾਤ 7 ਜਨਵਰੀ, 2014 ਨੂੰ ਹੋਈ। ਇਸ ਦਿਨ ਭੋਲਾ ਵਲੋਂ ਨਾਭਾ ਜੇਲ ਵਿਚੋਂ ਦੋ ਵਾਰੀ ਮਨਪ੍ਰੀਤ ਸਿੰਘ ਬਾਦਲ ਨਾਲ ਉਨ੍ਹਾਂ ਦੇ ਪੀ. ਏ. ਜਸਬੀਰ ਸਿੰਘ ਰਾਹੀਂ ਰਾਬਤਾ ਕੀਤਾ ਗਿਆ। ਇਹ ਟੈਲੀਫੋਨ ਜੇਲ ਦੇ ਅੰਦਰੋਂ ਕੀਤਾ ਗਿਆ ਅਤੇ ਉਨ੍ਹਾਂ ਦੀ ਇਕ ਵਾਰੀ ਲਗਭਗ 3 ਮਿੰਟ ਅਤੇ ਦੂਜੀ ਵਾਰੀ ਇਸ ਤੋਂ ਕੁਝ ਵੱਧ ਸਮਾਂ ਗੱਲ ਹੋਈ। 
ਭੋਲੇ ਦੀ ਅਜਿਹੀ ਗੱਲਬਾਤ ਪੰਜਾਬ ਦੇ ਵਿਰੋਧੀ ਧਿਰ ਨਾਲ ਸੰਬੰਧਤ ਕਈ ਹੋਰ ਆਗੂਆਂ ਨਾਲ ਵੀ ਹੋਈ। ਅਤਿ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਡਰੱਗਜ਼ ਮਾਮਲੇ ਵਿਚ ਸ. ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਣ ਦੀ ਸਾਜ਼ਿਸ਼ ਵੀ ਭੋਲਾ ਅਤੇ ਉਸ ਨੂੰ ਸਿਆਸੀ ਸਰਪ੍ਰਸਤੀ ਦੇਣ ਦਾ ਵਾਅਦਾ ਕਰਨ ਵਾਲੇ ਉਨ੍ਹਾਂ ਆਗੂਆਂ ਦੀ ਗੱਲਬਾਤ ਦੌਰਾਨ ਹੀ ਬਣਾਈ ਗਈ।
ਪੰਜਾਬ ਕਾਂਗਰਸ ਦੇ ਕੁਝ ਆਗੂ, ਜਿਨ੍ਹਾਂ ਦਾ ਪਿਛੋਕੜ ਸਰਹੱਦੀ ਜ਼ਿਲਿਆਂ ਵਿਚ ਅੱਤਵਾਦ ਅਤੇ ਡਰੱਗਜ਼ ਮਾਫੀਏ ਨੂੰ ਸਰਪ੍ਰਸਤੀ ਦੇਣ ਨਾਲ ਜੁੜਿਆ ਰਿਹਾ ਹੈ, ਵੀ ਇਸ ਸਾਜ਼ਿਸ਼² ਦੇ ਪਿੱਛੇ ਸਮਝੇ ਜਾਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਨੂੰ ਕਾਂਗਰਸੀ ਆਗੂਆਂ ਅਤੇ ਜਗਦੀਸ਼ ਭੋਲਾ ਸਮੇਤ ਕਈ ਸਿਰਕੱਢ ਡਰੱਗਜ਼ ਮਾਫੀਆ ਦੇ ਡਾਨਾਂ ਦੇ ਆਪਸੀ ਸੰਬੰਧਾਂ ਬਾਰੇ ਵੀ ਠੋਸ ਜਾਣਕਾਰੀ ਪ੍ਰਾਪਤ ਹੋ ਗਈ ਹੈ।
ਦਸਿਆ ਜਾਂਦਾ ਹੈ ਕਿ ਡਰੱਗਜ਼ ਮਾਮਲੇ ਵਿਚ ਸ਼ਾਮਲ ਹੋਣ ਸੰਬੰਧੀ ਵਿਰੋਧੀ ਧਿਰ ਦੇ ਆਗੂਆਂ ਵਲੋਂ ਭੋਲਾ ਕੇਸ ਦਾ ਸਿਆਸੀਕਰਨ ਕਰਨ ਦੇ ਬਦਲੇ ਵਿਚ ਭੋਲਾ ਤੋਂ ਇਹ ਮੰਗ ਕੀਤੀ ਗਈ ਕਿ ਉਹ ਡਰੱਗਜ਼ ਸਮੱਗਲਿੰਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਵੇ। ਸ਼੍ਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਇਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਚੁਣਿਆ ਗਿਆ ਹੈ ਕਿਉਂਕਿ ਇਕ ਤਾਂ ਉਹ ਸ. ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਅਤੇ ਦੂਜਾ ਉਹ ਸਰਹੱਦੀ ਜ਼ਿਲਿਆਂ ਵਿਚ ਕਾਂਗਰਸੀਆਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। 
ਵਿਰੋਧੀ ਆਗੂਆਂ ਵਲੋਂ ਜਗਦੀਸ਼ ਭੋਲਾ ਨਾਲ ਮਿਲ ਕੇ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਸਰਕਾਰ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਸਾਜ਼ਿਸ਼ ਦੇ ਸਬੂਤ ਸਾਹਮਣੇ ਆਉਣ ਨਾਲ ਅਤੇ ਟੈਲੀਫੋਨ ਰਿਕਾਰਡਾਂ ਦੇ ਮੁਹੱਈਆ ਹੋਣ ਨਾਲ ਵਿਰੋਧੀ ਦਲ ਦੀ ਮੁਹਿੰਮ ਨੂੰ ਵੱਡੀ ਸੱਟ ਪਹੁੰਚੀ ਹੈ।
ਦੂਜੇ ਪਾਸੇ ਇਸ ਮੁੱਦੇ ਉਤੇ ਕਾਂਗਰਸ ਪਾਰਟੀ ਨੂੰ ਹਾਈ ਕੋਰਟ ਵਿਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਇਸ ਮੁੱਦੇ ਉਤੇ ਪਾਈ ਗਈ ਪਟੀਸ਼ਨ ਨੂੰ ਹਾਈ ਕੋਰਟ ਨੇ ਨਾ ਕੇਵਲ ਰੱਦ ਹੀ ਕਰ ਦਿਤਾ ਬਲਕਿ ਇਸ ਪਟੀਸ਼ਨ ਦੀ ਸਿਆਸੀ ਰੰਗਤ ਉਤੇ ਵੀ ਟਿੱਪਣੀ ਕਰ ਦਿਤੀ। ਇਸ ਟਿੱਪਣੀ ਨਾਲ ਵਿਰੋਧੀ ਆਗੂਆਂ ਤੇ ਜਗਦੀਸ਼ ਭੋਲਾ ਦੀ ਕਥਿਤ ਸਾਂਝੀ ਮੁਹਿੰਮ ਨੂੰ ਵੱਡਾ ਧੱਕਾ ਲੱਗਾ ਹੈ।
ਆਉਂਦੇ ਦਿਨਾਂ ਵਿਚ ਡਰੱਗ ਡਾਨ ਜਗਦੀਸ਼ ਭੋਲਾ ਦੇ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸੀ ਆਗੂਆਂ ਨਾਲ ਸੰਬੰਧਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹੋਰ ਗਰਮਾ-ਗਰਮੀ ਹੋਣ ਦੇ ਸੰਕੇਤ ਹਨ। ਸ਼੍ਰੀ ਮਨਪ੍ਰੀਤ ਸਿੰਘ ਬਾਦਲ ਤੇ ਕਾਂਗਰਸ ਪਾਰਟੀ ਵਿਚਕਾਰ ਹੋਏ ਸਮਝੌਤੇ ਨੂੰ ਵੀ ਇਸੇ ਸਿਆਸਤ ਦੀ ਅਗਲੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ।