ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਤੇ ਪੀ. ਪੀ. ਪੀ. ਪਾਰਟੀ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਲਖਤੇ ਜਿਗਰ ''ਅਰਜਨ ਬਾਦਲ'' ਵਲੋਂ ਚੜ੍ਹਦੀ ਉਮਰੇ ਪੰਜਾਬ ਦੇ ਆਰਥਿਕ ਮਾਮਲਿਆਂ 'ਤੇ ਚੋਟ ਕਰਦੀ ਲਿਖੀ ਕਿਤਾਬ ''ਸੁਬੇਰਾ'' ਦੀ ਚਰਚਾ ਰਾਜਸੀ ਮਾਮਲਿਆਂ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਨੌਜਵਾਨ ਲੇਖਕ ਨੇ ਅਕਾਲੀ-ਭਾਜਪਾ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੇ ਕੰਮਾਂ 'ਤੇ ਕਾਫੀ ਨੋਕ-ਝੋਕ ਕੀਤੀ ਹੈ। ਕਿਤਾਬ 'ਚ ਪੰਜਾਬ ਦੀ ਰਾਜਨੀਤਿਕ, ਆਰਥਿਕ ਤੇ ਸਮਾਜਿਕ ਪੱਖਾਂ ਨੂੰ ਬੜੀ ਬਾਖੂਬੀ ਨਾਲ ਉਜਾਗਰ ਕੀਤਾ ਹੈ। ਚੋਣ ਦੌਰਾਨ ਵੋਟਰਾਂ ਨੂੰ ਭਰਮਾਉੁਣ ਅਤੇ ਨਸ਼ੇ ਵੰਡਣ 'ਤੇ ਕਾਫੀ ਚੋਟ ਮਾਰੀ ਹੈ।
ਇਥੋਂ ਤਕ ਕਿ ਦਾਦੇ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ 'ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ ਕਿ ਆਪਣੇ ਚਾਚੇ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ 'ਚ ਕਰਵਾਏ ਕਬੱਡੀ ਕੱਪ 'ਤੇ ਫਿਲਮੀ ਕਲਾਕਾਰਾਂ ਨੂੰ ਕਰੋੜਾਂ ਰੁਪਏ ਦੇਣ ਬਾਰੇ ਕਿਤਾਬ 'ਚ ਜ਼ਿਕਰ ਕੀਤਾ ਹੈ। ਲੇਖਕ ਨੇ ਪੰਜਾਬ 'ਚ ਬਠਿੰਡੇ ਤੋਂ ਗੰਗਾਨਗਰ ਲਈ ਚਲਦੀ ਕੈਂਸਰ ਰੇਲ ਗੱਡੀ ਬਾਰੇ ਦੀ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੈ। ਬਾਕੀ ਇਸ ਕਿਤਾਬ ਦੀ ਘੁੰਡ ਚੁਕਾਈ ਮੌਕੇ ਜਿਥੇ ਕਈ ਆਲਾ ਅਧਿਕਾਰੀ ਤੇ ਰਾਜਸੀ ਨੇਤਾ ਮੌਜੂਦ ਸਨ, ਉੁਥੇ ਅਰਜਨ ਸਿੰਘ ਬਾਦਲ ਦੇ ਫੁੱਫੜ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਅਤੇ ਭੂਆ ਪ੍ਰਨੀਤ ਕੌਰ ਸ਼ਾਮਲ ਸਨ, ਜੋ ਪੂਰਾ ਸਮਾਂ ਸ਼ਾਮਲ ਰਹੇ ਅਤੇ ਉਨ੍ਹਾਂ ਨੇ ਆਪਣੇ ਭਤੀਜੇ ਵਲੋਂ ਲਿਖੀ ਕਿਤਾਬ ਦੀ ਪਿੱਠ ਥਾਪੜੀ। ਜੋ ਰਾਜਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ. ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਦੇ ਜਵਾਈ ਹਨ।