www.sabblok.blogspot.com
ਚੰਡੀਗੜ੍ਹ, 4 ਮਾਰਚ-ਕੈਂਸਰ ਦੇ ਕਹਿਰ ਨੂੰ ਸਰੀਰ ‘ਚੋਂ ਜੜ੍ਹੋਂ ਖ਼ਤਮ ਕਰ ਲਈ ਹੁਣ ਡਾਕਟਰਾਂ ਦੀਆਂ ਨਜ਼ਰਾਂ ‘ਅਲਫਾ ਕਿਰਨਾਂ’ ‘ਤੇ ਟਿਕ ਗਈਆਂ ਹਨ, ਅਜਿਹੀਆਂ ਕਿਰਨਾਂ, ਜਿਨ੍ਹਾਂ ਨੂੰ ਮਰੀਜ਼ ਦੇ ਸਰੀਰ ‘ਚ ਪਾਉਣ ਮਗਰੋਂ ਇਹ ਕਿਰਨਾਂ ਸਰੀਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੈਂਸਰ ਕੋਸ਼ਿਕਾਵਾਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀਆਂ ਹਨ | ਅਮਰੀਕਾ ਤੇ ਜਰਮਨੀ ‘ਚ ‘ਅਲਫਾ ਕਿਰਨਾਂ’ ਰਾਹੀਂ ਵੱਖ-ਵੱਖ ਕੈਂਸਰਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਪ੍ਰਯੋਗ ਸਫਲ ਹੋ ਰਹੇ ਹਨ ਤੇ ਜਲਦ ਹੀ ਇਹ ਅਲਫਾ ਕਿਰਨਾਂ ਪੀ.ਜੀ.ਆਈ. ਚੰਡੀਗੜ੍ਹ ਸਮੇਤ ਦੇਸ਼ ਦੇ ਵੱਡੇ ਹਸਪਤਾਲਾਂ ‘ਚ ਪੁੱਜਣਗੀਆਂ | ਪੀ.ਜੀ.ਆਈ. ਦੇ ਨਿਊਕਲੀਅਰ ਮੈਡੀਸਨ ਵਿਭਾਗ ਦੇ ਡਾ. ਅਨੀਸ਼ ਭੱਟਾਚਾਰਿਆ ਨੇ ਦੱਸਿਆ ਕਿ ਅਮਰੀਕਾ ਤੇ ਯੂਰਪੀ ਦੇਸ਼ਾਂ ‘ਚ ਅਲਫਾ ਕਿਰਨਾਂ ਰਾਹੀਂ ਕੈਂਸਰ ਮਰੀਜ਼ਾਂ ਨੂੰ ਠੀਕ ਕਰਨ ਲਈ ਪ੍ਰਯੋਗ ਕੀਤੇ ਗਏ, ਜਿਨ੍ਹਾਂ ‘ਚ ਕੈਂਸਰ ਮਰੀਜ਼ ਪੂਰੀ ਤਰ੍ਹਾਂ ਰਾਜੀ ਹੋ ਗਏ | ਉਨ੍ਹਾਂ ਕਿਹਾ ਕਿ ਇਹ ਤਕਨਾਲੋਜੀ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਇਸ ਰਾਹੀਂ ਪੀ.ਜੀ.ਆਈ. ‘ਚ ਇਲਾਜ ਸ਼ੁਰੂ ਕਰਨ ਨੂੰ 3-4 ਸਾਲ ਦਾ ਸਮਾਂ ਲੱਗ ਸਕਦਾ ਹੈ | ਪੀ.ਜੀ.ਆਈ. ਦੇ ਇਕ ਹੋਰ ਡਾਕਟਰ ਅਨੁਸਾਰ ਇਸ ਵੇਲੇ ਜਰਮਨੀ ਦੀ ਮਿਊਨਿਖ ਯੂਨੀਵਰਸਿਟੀ ਅਤੇ ਅਮਰੀਕਾ ਦੀ ਜੋਹਨ ਹਾਪਕਿੰਜ਼ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ ਤੇ ਐਲਬਰਟ ਆਇੰਸਟਾਈਨ ਯੂਨੀਵਰਸਿਟੀ ‘ਚ ਅਲਫਾ ਕਿਰਨਾਂ ਰਾਹੀਂ ਬ੍ਰੇਨ ਕੈਂਸਰ, ਬਲੱਡ ਕੈਂਸਰ ਤੇ ਸਕਿਨ ਕੈਂਸਰ ਦਾ ਇਲਾਜ ਕਰਨ ਦੇ ਸਫਲ ਪ੍ਰਯੋਗ ਹੋ ਰਹੇ ਹਨ | ਡਾਕਟਰਾਂ ਅਨੁਸਾਰ ਇਸ ਤਕਨੀਕ ਰਾਹੀਂ ਇਲਾਜ ਦੌਰਾਨ ਮਰੀਜ਼ ਨੂੰ ਕੀਮੋਥੈਰੇਪੀ ਤੇ ਰੇਡੀਓਥੈਰੇਪੀ ਦੀ ਲੋੜ ਨਹੀਂ ਪਵੇਗੀ | ਜਾਣਕਾਰੀ ਅਨੁਸਾਰ ਅਲਫਾ ਕਿਰਨਾਂ ਬਹੁਤ ਤੇਜ਼ ਰਫ਼ਤਾਰ ਕਣਾਂ (ਪਾਰਟੀਕਲਜ਼) ਦਾ ਸੁਮੇਲ ਹਨ, ਇਕ ਅਲਫਾ ਕਣ 2 ਪ੍ਰੋਟੋਨਜ਼ ਤੇ 2 ਨਿਊਟ੍ਰੋਨਜ਼ ਨਾਲ ਮਿਲਕੇ ਬਣਦਾ ਹੈ, ਜੋਕਿ ਆਪਣੇ ਆਪ ‘ਚ ਇਕ ਪ੍ਰਮਾਣੂ ਸ਼ਕਤੀ ਹੁੰਦਾ ਹੈ, ਇਸ ਇਲਾਜ ਪ੍ਰਣਾਲੀ ਤਹਿਤ ਵਿਸ਼ੇਸ਼ ਪ੍ਰਕਾਰ ਦੇ ਰੇਡੀਓ ਆਈਸੋਟੋਪ ਵਿਕਸਿਤ ਕੀਤੇ ਜਾਂਦੇ ਹਨ, ਜੋ ਅਲਫਾ ਕਿਰਨਾਂ ਦੇ ਮਾਧਿਅਮ ਨਾਲ ਸਰੀਰ ‘ਚ ਦਾਖਲ ਹੋਕੇ ਕੈਂਸਰ ਨੂੰ ਖ਼ਤਮ ਕਰਦੇ ਹਨ | ਡਾ. ਭੱਟਾਚਾਰਿਆ ਨੇ ਕਿਹਾ ਕਿ ਪ੍ਰਯੋਗੀ ਦੌਰ ਮਗਰੋਂ ਇਸ ਵਿਧੀ ਰਾਹੀਂ ਕੈਂਸਰ ਦਾ ਇਲਾਜ ਕਾਫੀ ਮਹਿੰਗਾ ਹੋਣ ਦੀ ਸੰਭਾਵਨਾ ਹੈ
No comments:
Post a Comment