ਸ੍ਰੀ ਆਨੰਦਪੁਰ ਸਾਹਿਬ (ਰਾਣਾ, ਆਂਗਰਾ, ਰਾਜਵੀਰ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਲਾ ਮਹੱਲਾ 'ਤੇ ਸ੍ਰੀ  ਆਨੰਦਪੁਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਦਾ ਪੰਜਾਬ ਵਿਚੋਂ ਸਫਾਇਆ ਹੋ ਗਿਆ ਹੈ ਅਤੇ ਪਾਰਟੀ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਗਈ। ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਤਾਂ ਕਿ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਦੀ ਯਾਦਗਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਦੁਸ਼ਮਣ ਹੈ ਕਿਉਂਕਿ ਕੇਂਦਰ ਨੇ ਖਾਦ, ਡੀਜ਼ਲ, ਕੀਟਨਾਸ਼ਕ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ 1300 ਕਰੋੜ ਰੁਪਏ ਗਰੀਬਾਂ 'ਤੇ ਖਰਚ ਕੀਤੇ ਹਨ ਅਤੇ ਸੜਕਾਂ 'ਤੇ 1700 ਕਰੋੜ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਸਰਕਾਰ ਨੇ ਆਟਾ ਅਤੇ ਦਾਲਾਂ ਸਸਤੀਆਂ ਕੀਮਤਾਂ 'ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਹਨ। ਗਰੀਬਾਂ ਦੇ ਇਲਾਜ ਲਈ 30 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ 30 ਹਜ਼ਾਰ ਰੁਪਏ ਅਤੇ ਇੰਜੀਨੀਅਰਿੰਗ ਅਤੇ ਹੋਰ ਕੋਰਸਾਂ ਲਈ ਵੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਾਈਕਲ ਤੇ ਲੈਪਟਾਪ ਵੀ ਦਿੱਤੇ ਜਾਣਗੇ।
ਸਰਕਾਰ ਪੇਂਡੂ ਖੇਤਰਾਂ ਵਿਚ 1000 ਸਕੂਲ ਖੋਲ੍ਹੇਗੀ ਅਤੇ ਜਿਹੜੀ ਪੰਚਾਇਤ 6 ਏਕੜ ਜ਼ਮੀਨ ਸਕੂਲ ਲਈ ਦੇਵੇਗੀ, ਉਸ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਮੁਫਤ ਹੋਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ, ਸਿਹਤ ਮੰਤਰੀ ਮਦਨ ਮੋਹਨ ਮਿੱਤਲ, ਕਿਰਨਬੀਰ ਕੰਗ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਸਤਵੰਤ ਕੌਰ ਸੰਧੂ, ਸੁਰਜੀਤ ਸਿੰਘ, ਅਮਰਜੀਤ ਸਿੰਘ ਚਾਵਲਾ, ਉਜਾਗਰ ਸਿੰਘ ਆਦਿ ਮੌਜੂਦ ਸਨ।