ਨਵੀਂ ਦਿੱਲੀ- ਕੌਮੀ ਰਾਜਧਾਨੀ ਦਿੱਲੀ 'ਚ ਬਿਜਲੀ ਅਤੇ ਪਾਣੀ ਦੇ ਵਧੇ ਹੋਏ ਬਿੱਲ ਖਿਲਾਫ ਮਰਨ ਵਰਤ ਕਰ ਰਹੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਤਬੀਅਤ ਅੱਜ ਵਿਗੜ ਗਈ। ਵਰਤ ਦੇ ਸੱਤਵੇਂ ਦਿਨ ਉਨ੍ਹਾਂ ਦੇ ਸਰੀਰ 'ਚ ਕੀਟੋਨ ਦਾ ਪੱਧਰ ਵਧ ਕੇ ਚਾਰ ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਵਜ਼ਨ 'ਚ 6 ਕਿਲੋਗ੍ਰਾਮ ਤੱਕ ਦੀ ਕਮੀ ਆਈ ਹੈ। ਹਾਲਾਂਕਿ ਸ਼੍ਰੀ ਕੇਜਰੀਵਾਲ ਪ੍ਰਤੀ ਲੋਕਾਂ ਦਾ ਸਮਰਥਨ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਅੱਜ ਦੱਸਿਆ ਕਿ ਹੁਣ ਤੱਕ ਤਿੰਨ ਲੱਖ 75 ਹਜ਼ਾਰ ਲੋਕਾਂ ਨੇ ਬਿਜਲੀ ਦੇ ਬਿੱਲ ਨਾ ਭਰਨ ਦੇ ਪੱਤਰ 'ਤੇ ਹਸਤਾਖਰ ਕੀਤੇ ਹਨ। ਉਧਰ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ਨੇ ਸ਼੍ਰੀ ਕੇਜਰੀਵਾਲ ਨੂੰ ਵਰਤ ਨੂੰ ਖਤਮ ਕਰਨ ਦੀ ਅਪੀਲ ਕੀਤੀ।
ਸ਼੍ਰੀ ਕੇਜਰੀਵਾਲ ਦਾ ਕਹਿਣਾ ਹੈ ਕਿ ਬਿਜਲੀ ਦੇ ਬਿੱਲਾਂ ਦੇ ਮਾਮਲੇ 'ਚ ਉਨ੍ਹਾਂ ਦਾ ਅੰਦੋਲਨ ਯਕੀਨੀ ਤੌਰ 'ਤੇ ਅਸਰ ਦਿਖਾਏਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਸੱਚੇ ਦਿਲ ਨਾਲ ਹਰ ਪਾਸਿਓਂ ਇਸ ਅੰਦੋਲਨ ਦੀ ਸਫਲਤਾ ਲਈ ਦੁਆ ਨਿਕਲੀ ਹੈ ਤਾਂ ਉਹ ਆਪਣੇ ਆਪ ਘਰ-ਘਰ ਹਰ ਦਿਲ ਤੱਕ ਪਹੁੰਚ ਜਾਂਦੀ ਹੈ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਕਈ ਲੋਕ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦੇ ਵਰਤ 'ਤੇ ਹੁਣ ਤੱਕ ਭਾਜਪਾ ਅਤੇ ਕਾਂਗਰਸ ਨੇ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਪ੍ਰੇਸ਼ਾਨ ਹਨ ਕਿਉਂਕਿ ਭਾਰਤ 'ਚ ਹੌਲੀ-ਹੌਲੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਉਭਰ ਰਹੀ ਹੈ। ਸ਼੍ਰੀ ਕੇਜਰੀਵਾਲ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਮਤਦਾਤਾਵਾਂ ਨੂੰ ਰਿਸ਼ਵਤ ਦੇ ਕੇ ਅਤੇ ਤਾਕਤ ਦੇ ਦਮ 'ਤੇ ਚੋਣਾਂ ਜਿੱਤਦੀ ਰਹੀ ਹੈ।