ਜਲੰਧਰ, (ਪ੍ਰੀਤ) - ਅਬੋਹਰ ਦੇ ਕਾਲਜ 'ਚ ਪੰਜਾਬੀ ਫਿਲਮ 'ਪੂਜਾ ਕਿਵੇਂ ਆਂ' ਦੇ ਪ੍ਰੋਮੋਸ਼ਨਲ ਪ੍ਰੋਗਰਾਮ 'ਚ ਕੁੱਝ ਵੀ ਗਲਤ ਨਹੀਂ ਹੋਇਆ। ਕੁੱਝ ਲੋਕਾਂ ਨੇ ਗਲਤ ਪ੍ਰਚਾਰ ਕਰਕੇ ਉਨ੍ਹਾਂ ਦਾ ਅਕਸ ਤੇ ਕੈਰੀਅਰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਕਹਿਣਾ ਹੈ 'ਪੂਜਾ ਕਿਵੇਂ ਆਂ' ਫਿਲਮ ਦੀ ਹੀਰੋਇਨ ਅਤੇ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਦਾ । ਮਿਸ ਪੂਜਾ ਅੱਜ ਫਿਲਮ ਦੇ ਪ੍ਰੋਮੋਟਰ ਅਤੇ ਪ੍ਰੋਡਿਊਸਰ ਰੋਮੀ ਟਾਹਲੀ, ਸਾਹਿਲ ਵਿਡੌਲਿਆ ਨਾਲ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਗੱਲਬਾਤ ਦੌਰਾਨ ਮਿਸ ਪੂਜਾ ਨੇ ਜਲੰਧਰ 'ਚ ਪ੍ਰਕਾਸ਼ਿਤ ਇਕ ਪੰਜਾਬੀ ਅਖਬਾਰ  (ਜਗ ਬਾਣੀ ਨਹੀਂ) ਵਲੋਂ ਉਨ੍ਹਾਂ ਦੀ ਫਿਲਮ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦੀ ਬੇਹੱਦ ਹੀ ਭੱਦੀ ਸ਼ਬਦਾਵਲੀ ਨਾਲ ਕਵਰੇਜ ਕੀਤੀ । ਪ੍ਰਕਾਸ਼ਿਤ ਖਬਰ ਵਿਚ ਅਜਿਹੀਆਂ ਗੱਲਾਂ ਲਿਖੀਆਂ ਗਈਆਂ, ਜਿਨ੍ਹਾਂ ਦਾ ਸੱਚਾਈ ਨਾਲ ਦੂਰ ਤੱਕ ਕੋਈ ਸੰਬੰਧ ਨਹੀਂ ਹੈ । ਮਿਸ ਪੂਜਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਵਿਵਸਥਾ ਨਹੀਂ ਹੋਈ । ਉਨ੍ਹਾਂ ਵਲੋਂ ਕਹੀ ਜਾ ਰਹੀ ਗੱਲ ਨੂੰ ਅਬੋਹਰ ਦੇ ਕਾਲਜ ਦੇ ਪ੍ਰਿੰਸੀਪਲ, ਕਾਲਜ ਵਿਦਿਆਰਥੀਆਂ ਅਤੇ ਲੋਕਲ ਪੁਲਸ ਕੋਲੋਂ ਵੈਰੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਜਨਤਕ ਤੌਰ 'ਤੇ ਹੋਏ ਪ੍ਰੋਗਰਾਮ ਵਿਚ ਜੇਕਰ ਕੋਈ ਅਵਿਵਸਥਾ ਫੈਲੀ ਹੁੰਦੀ ਤਾਂ ਉਸਨੂੰ ਛੁਪਾਇਆ ਨਹੀਂ ਜਾ ਸਕਦਾ ਸੀ । ਮਿਸ ਪੂਜਾ ਨੇ ਕਿਹਾ ਕਿ ਅਜਿਹੀ ਖਬਰ ਨਾਲ ਉਹ ਬਹੁਤ ਦੁਖੀ ਹੋਈ ਹੈ । ਸਖ਼ਤ ਮਿਹਨਤ ਦੇ ਬਾਅਦ ਉਹ ਅੱਜ ਇਸ ਮੁਕਾਮ 'ਤੇ ਹੈ ਪਰ ਕੁੱਝ ਲੋਕਾਂ ਵਲੋਂ ਨਿੱਜੀ ਹਿੱਤਾਂ ਦੀ ਖਾਤਿਰ ਸੋਚੀ ਸਮਝੀ ਸਾਜ਼ਿਸ਼ ਅਧੀਨ ਉਨ੍ਹਾਂ ਦੇ ਕੈਰੀਅਰ 'ਤੇ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਕ ਸਵਾਲ ਦੇ ਜਵਾਬ ਵਿਚ ਮਿਸ ਪੂਜਾ ਨੇ ਕਿਹਾ ਕਿ ਉਕਤ ਪੰਜਾਬੀ ਅਖਬਾਰ ਦੇ ਖਿਲਾਫ ਮਾਣਹਾਨੀ ਦੇ ਕੇਸ 'ਤੇ ਵਿਚਾਰ ਕਰ ਰਹੀ ਹੈ । ਪੰਜਾਬੀ ਸਭਿਆਚਾਰ ਨੂੰ ਡਿਚ ਕਰ ਰਹੀ ਅਸ਼ਲੀਲ ਗਾਇਕੀ ਸੰਬੰਧੀ ਮਿਸ ਪੂਜਾ ਨੇ ਮੰਨਿਆ ਕਿ ਵਰਕ ਲੋਡ ਅਤੇ ਸਖ਼ਤ ਮੁਕਾਬਲੇਬਾਜ਼ੀ ਕਾਰਨ ਕਦੇ-ਕਦੇ ਹੱਦ ਟੱਪ ਹੋ ਜਾਂਦੀ ਹੈ, ਜੋ ਕਿ ਇਹ ਠੀਕ ਨਹੀਂ ਹੈ । ਮਿਸ ਪੂਜਾ ਨੇ ਕਿਹਾ ਕਿ ਅਸ਼ਲੀਲ ਗਾਇਕੀ ਉਦੋਂ ਬੰਦ ਹੋ ਸਕਦੀ ਹੈ, ਜਦੋਂ ਸਰੋਤਾ ਵੇਖਣਾ ਜਾਂ ਸੁਣਨਾ ਛੱਡ ਦੇਵੇ।