ਬਟਾਲਾ (ਮਠਾਰੂ, ਸੈਂਡੀ, ਕਲਸੀ, ਗੋਰਾਇਆ)-ਨਜ਼ਦੀਕੀ ਪਿੰਡ ਊਦੋਵਾਲ ਵਿਖੇ ਬ੍ਰਹਮ-ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ-ਘੁੰਮਣਾਂ ਵਾਲਿਆਂ ਦੀ ਯਾਦ ਵਿਚ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲਿਆਂ ਵਲੋਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ 'ਚ ਪਹੁੰਚੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਸ਼ਮਸ਼ਾਨਘਾਟ ਨੇੜੇ ਗੁਰਦੁਆਰਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਨਾ ਲੈਣ ਦੇ ਮਾਮਲੇ ਨੂੰ ਲੈ ਕੇ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਦਾ ਟਕਰਾਅ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਕੁੱਝ ਸੇਵਾਦਾਰਾਂ ਦੇ ਨਾਲ ਹੋ ਗਿਆ। ਧੱਕਾ-ਮੁੱਕੀ ਤੋਂ ਬਾਅਦ ਸਤਿਕਾਰ ਕਮੇਟੀ ਵਾਲਿਆਂ ਦਾ ਕਾਫ਼ਲਾ ਬਟਾਲਾ ਨੂੰ ਨਿਕਲ ਆਇਆ ਪਰ ਇਸ ਟਕਰਾਅ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ, ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਗੱਡੀਆਂ ਦੇ ਕਾਫ਼ਲੇ ਨੂੰ ਗੁਰਦੁਆਰੇ ਦੇ ਭੜਕੇ ਪੈਰੋਕਾਰਾਂ ਤੇ ਸੇਵਾਦਾਰਾਂ ਵਲੋਂ ਕਾਬੂ ਕਰਕੇ ਜਿਥੇ ਗੱਡੀਆਂ ਦੀ ਭੰਨ-ਤੋੜ ਕੀਤੀ, ਉਥੇ ਨਾਲ ਹੀ ਸਤਿਕਾਰ ਕਮੇਟੀ ਦੇ ਇਕ ਮੈਂਬਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਓਧਰ ਦੂਸਰੇ ਪਾਸੇ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲੇ ਅਤੇ ਸੇਵਾਦਾਰਾਂ ਦਾ ਇਹ ਦੋਸ਼ ਹੈ ਕਿ ਸਤਿਕਾਰ ਕਮੇਟੀ ਨੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ 'ਚ ਪਿੰਡ ਉਦੋਵਾਲ ਵਿਖੇ ਉਸਾਰੇ ਜਾ ਰਹੇ ਨਵੇਂ ਗੁਰਦੁਆਰੇ ਦੀ ਮਨਜ਼ੂਰੀ ਨਾ ਲੈਣ ਦੀ ਆੜ ਵਿਚ ਹਥਿਆਰਾਂ ਨਾਲ ਬਾਬਾ ਸ਼ਿਵ ਸਿੰਘ ਅਤੇ ਉਨ੍ਹਾਂ ਦੇ ਸੇਵਾਦਾਰਾਂ ਦੀ ਕੁੱਟਮਾਰ ਕਰਦਿਆਂ ਸਾਡੀ ਗੱਡੀ ਦੀ ਵੀ ਭੰਨ-ਤੋੜ ਕੀਤੀ ਹੈ। ਮੌਕੇ 'ਤੇ ਪਹੁੰਚੇ ਥਾਣਾ ਸਦਰ ਬਟਾਲਾ ਦੇ ਐਸ. ਐੱਚ. ਓ. ਸੁਖਵਿੰਦਰ ਸਿੰਘ ਨੇ ਜਿਥੇ ਸਾਰੀ ਸਥਿਤੀ ਨੂੰ ਕਾਬੂ ਕੀਤਾ, ਉਥੇ ਨਾਲ ਹੀ ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਬਟਾਲਾ ਲਿਆਂਦਾ, ਜਿਥੋਂ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਅਤੇ ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਗਏ ਸੀ ਅਤੇ ਵਾਪਸ ਆਉਂਦੇ ਸਮੇਂ ਪਿੰਡ ਊਦੋਵਾਲ ਵਿਖੇ ਸ਼ਮਸ਼ਾਨਘਾਟ ਦੇ ਨੇੜੇ ਬਣ ਰਹੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਲੈਣ ਲਈ ਜਦ ਅਸੀਂ ਉਥੇ ਪਹੁੰਚੇ ਤਾਂ ਉਥੇ ਮੌਜੂਦ ਸੇਵਾਦਾਰਾਂ ਕੋਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਉਣ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲੈਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਅਸੀਂ ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਗੁਰਦਾਸਪੁਰ ਰੋਡ 'ਤੇ ਸ਼ੂਗਰ ਮਿੱਲ ਨੇੜੇ ਗੁਰਦੁਆਰਾ ਸਾਹਿਬ ਦੇ ਇਨ੍ਹਾਂ ਸੇਵਾਦਾਰਾਂ ਨੇ ਸਾਡੀਆਂ ਗੱਡੀਆਂ ਨੂੰ ਘੇਰ ਕੇ ਜਿਥੇ ਗੱਡੀਆਂ ਦੀ ਭੰਨ-ਤੋੜ ਕੀਤੀ, ਉਥੇ ਨਾਲ ਹੀ ਸਤਿਕਾਰ ਕਮੇਟੀ ਦੇ ਇਕ ਸੇਵਾਦਾਰ ਇਕਬਾਲ ਸਿੰਘ ਮੱਤੇਵਾਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਦਕਿ ਕੁੱਝ ਹੋਰ ਸੇਵਾਦਾਰਾਂ ਨੂੰ ਵੀ ਸੱਟਾਂ ਲਗੀਆਂ।
ਓਧਰ ਦੂਸਰੇ ਪਾਸੇ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਵਾਲੇ ਅਤੇ ਉਨ੍ਹਾਂ ਦੇ ਸੇਵਾਦਾਰ ਮੁਖਤਾਰ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਬਾਪੂ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਬ੍ਰਹਮ-ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਬੀਤੇ ਦਿਨ 25-30 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਉਪਰ ਹਮਲਾ ਕਰ ਦਿੱਤਾ ਅਤੇ ਬਾਬਾ ਸ਼ਿਵ ਸਿੰਘ ਦੇ ਨਾਲ ਧੱਕਾ-ਮੁੱਕੀ ਕਰਨ ਤੋਂ ਇਲਾਵਾ ਸੇਵਾਦਾਰਾਂ ਦੀ ਕੁੱਟਮਾਰ ਕਰਦਿਆਂ ਗੱਡੀ ਦੀ ਭੰਨ-ਤੋੜ ਕੀਤੀ।   ਇਸ ਸੰਬੰਧੀ ਐੱਸ. ਐੱਚ. ਓ. ਥਾਣਾ ਸਦਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਸ਼ਿਵ ਸਿੰਘ ਬੋਹੜੀ ਸਾਹਿਬ ਨਿੱਕੇ-ਘੁੰਮਣਾਂ ਵਾਲਿਆਂ ਦੇ ਬਿਆਨਾਂ 'ਤੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ, ਸੁਖਦੇਵ ਸਿੰਘ ਗੱਗੜਭਾਣਾ, ਰਣਜੀਤ ਸਿੰਘ ਪਕੀਵਾਂ, ਪਰਮਜੀਤ ਸਿੰਘ ਊਦੋਨੰਗਲ ਅਤੇ ਇਕਬਾਲ ਸਿੰਘ ਮੱਤੇਵਾਲ ਸਮੇਤ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 452, 323, 506, 148, 149 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਦਕਿ ਦੂਸਰੇ ਪਾਸੇ ਜ਼ਖ਼ਮੀ ਹੋਏ ਵਿਅਕਤੀ ਇਕਬਾਲ ਸਿੰਘ ਦੇ ਬਿਆਨ ਕਲਮਬੱਧ ਕਰਨ ਲਈ ਪੁਲਸ ਪਾਰਟੀਆਂ ਕੱਲ ਤੋਂ ਹੀ ਹਸਪਤਾਲ ਭੇਜੀਆਂ ਜਾ ਰਹੀਆਂ ਹਨ ਪਰ ਅਜੇ ਉਨ੍ਹਾਂ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ।