ਪੰਜਾਬ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੀ ਨਿਯੁਕਤੀ ਦੇ ਕੁਝ ਹੀ ਦਿਨਾਂ ਵਿਚ ਆਪਣੀ ਕਾਰਜਸ਼ੈਲੀ ਦੇ ਕਾਰਨ ਸਿਆਸੀ ਹਲਕਿਆਂ ਵਿਚ ਚਰਚਾ ਦਾ ਕੇਂਦਰ ਬਣ ਚੁੱਕੇ ਹਨ। ਜਿਥੇ ਉਨ੍ਹਾਂ ਨੂੰ ਸੂਬਾ ਵਿਧਾਨ ਸਭਾ ਦੇ ਸੈਸ਼ਨ ਵਿਚ ਕਾਂਗਰਸੀ ਵਿਧਾਇਕਾਂ ਵਲੋਂ ਕੀਤੀ ਗਈ ਗੜਬੜੀ ਅਤੇ ਸੈਸ਼ਨ ਤੋਂ ਬਾਹਰ ਕਾਰਵਾਈ ਚਲਵਾਉਣ ਲਈ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਵਲੋਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਉਥੇ ਹੀ ਪੰਜਾਬ ਕਾਂਗਰਸ ਦਾ ਇਕ ਵੱਡਾ ਗਰੁੱਪ ਦੀ ਅੰਦਰੂਨੀ ਤੌਰ 'ਤੇ ਇਹੀ ਚਰਚਾ ਕਰਦਾ ਹੈ ਕਿ ਬਾਜਵਾ ਪ੍ਰਧਾਨ ਦੇ ਤੌਰ 'ਤੇ ਆਪਣੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਹਮਲਾਵਰ ਰੁਖ਼ ਅਪਣਾ ਰਹੇ ਹਨ। ਬਾਜਵਾ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਸੰਬੰਧੀ ਛਪਵਾਏ ਗਏ ਦਾਖਲਾ ਕਾਰਡਾਂ 'ਤੇ ਉਨ੍ਹਾਂ ਦੀ ਛਪੀ ਤਸਵੀਰ ਵੀ ਚਰਚਾ ਵਿਚ ਹੈ ਜਦਕਿ ਇਸ ਕਾਰਡ 'ਤੇ ਉਸ ਵਿਅਕਤੀ ਦੀ ਫੋਟੋ ਲੱਗਣੀ ਚਾਹੀਦੀ ਸੀ ਜਿਸ ਨੂੰ ਇਹ ਕਾਰਡ ਜਾਰੀ ਕੀਤਾ ਗਿਆ। ਅਜਿਹੇ ਦਾਖਲੇ ਕਾਰਡ ਦਾ ਅਰਥ ਕਿਸੇ ਪ੍ਰੋਗਰਾਮ ਵਿਚ ਪੁੱਜਣ ਸਮੇਂ ਆਪਣੀ ਪਛਾਣ ਦੱਸਣਾ ਹੁੰਦਾ ਹੈ ਪਰ ਪ੍ਰੈੱਸ ਨੂੰ ਜਾਰੀ ਕੀਤੇ ਗਏ ਦਾਖਲਾ ਕਾਰਡਾਂ ਤੋਂ ਇਲਾਵਾ ਪਾਰਟੀ ਦੇ ਵਿਧਾਇਕਾਂ ਨੂੰ ਜਾਰੀ ਕੀਤੇ ਗਏ। ਵੀ. ਵੀ. ਆਈ. ਪੀ. ਕਾਰਡਾਂ 'ਤੇ ਵੀ ਬਾਜਵਾ ਦੀ ਹੀ ਫੋਟੋ ਛਪੀ ਸੀ।