ਬੀਬੀਆਂ ਤੇ ਬਾਬੇ
ਬੀਬੀਆਂ ਬੈਠੀਆਂ ਪਾਰਕ ਦੇ ਵਿਚ ਕਰਦੀਆਂ ਸੀ ਕੁਝ ਬਾਤਾਂ
ਪੰਜ ਸੱਤ ਕਿਲਿਆਂ ਦੇ ਵਿਚ ਲੱਗੀਆਂ ਚਿਟੀਆਂ ਦੁਧ ਕਨਾਤਾਂ
ਸਭ ਭੈਣਾਂ ਨੇ ਚਲਣੈ ਉਥੇ ਸਾਰੀਆਂ ਕਰੋ ਤਿਆਰੀ
ਨਾਲ ਦੇ ਸ਼ਹਿਰ 'ਚ' ਸੰਤਾਂ ਆਉਣੈ ਰੋਣਕ ਲਗਨੀ ਭਾਰੀ
ਸੁਣਿਐ ਸੰਤ ਨੇ ਮੁਕਤੀ ਵੰਡਦੇ ਦਰਸ਼ਨ ਚਲ ਕੇ ਕਰੀਏ
ਸੰਤਾਂ ਦੇ ਚਰਨੀਂ ਸਿਰ ਰੱਖ ਕੇ ਜੀਵਨ ਸਫਲਾ ਕਰੀਏ
ਕਹਿੰਦੇ ਨੇ ਸੰਤਾਂ ਦਾ ਚਿਹਰਾ ਦੱਗ ਦੱਗ ਦੱਗ ਦੱਗ ਕਰਦਾ
ਨਜ਼ਰ ਉਠਾ ਕੇ ਵਹਿੰਦੇ ਨੇ ਜਦ ਅੰਮ੍ਰਿਤ ਰਸ ਪਿਆ ਵਰ੍ਹਦਾ
ਆਪਣੇ ਸੇਵਕ ਸਾਥੀਆਂ ਦੇ ਨਾਲ ਉਹ ਕੀਰਤਨ ਗਾਂਦੇ
ਜਨਮ ਜਨਮ ਦੀਆਂ ਵਿਛੜੀਆਂ ਰੂਹਾਂ ਰੱਬ ਦੇ ਨਾਲ ਮਿਲਾਂਦੇ
ਰੱਜ ਰੱਜ ਕੇ ਉਥੇ ਦਰਸ਼ਨ ਕਰੀਏ ਰੱਜ ਰੱਜ ਸੇਵ ਕਮਾਈਏ
ਵਕਤ ਬੀਤਿਆ ਹੱਥ ਨਹੀਂ ਆਉਣਾ ਵਿਛੜੇ ਨ ਮਰ ਜਾਈਏ
ਰਾਈਡ ਕਿਸੇ ਤੋਂ ਲੈ ਕੇ ਵੀ ਤੱਕਿਆ ਜਾ ਕੇ ਮੇਲਾ
ਸੰਤ ਨੂੰ ਵੇਖਣ ਵਾਲਿਆਂ ਦਾ ਸੀ ਡਾਢਾ ਪਿਆ ਝਮੇਲਾ
ਹੌਲੀ ਹੌਲੀ ਠੁਮਕ ਠੁਮਕ ਕੇ ਸੰਤ ਸਟੇਜ਼ ਤੇ ਆਇਆ
ਚਿਟੀ ਪੱਗ ਤੇ ਨਿਕਾ ਦਾਹੜਾ ਲੰਮਾਂ ਚੋਲਾ ਪਾਇਆ
ਪੰਜ ਸੱਤ ਸੇਵਕ ਕੁਟਨ ਢੋਲਕਾਂ ਕੁਝ ਛੈਣੇ ਖੜਕਾਂਦੇ
ਸਿਰ ਤੋਂ ਉਚੀਆਂ ਚੁਕ ਚੁਕ ਬਾਹਵਾਂ ਚਿਮਟੇ ਪਏ ਵਜਾਂਦੇ
ਡਾਲਰ ਗਿਣਦੇ ਸੇਵਕ ਥੱਕ ਗਏ ਚੜ੍ਹਿਆ ਬੜਾ ਚੜ੍ਹਾਵਾ
ਮਾੜੀ ਕਿਸਮਤ ਕੌਮ ਮੇਰੀ ਦਾ ਊਤ ਗਿਆ ਏ ਆਵਾ
ਕੀਰਤਨ ਪਿਛੋਂ ਵਿਚ ਚੁਬਾਰੇ ਸੰਤਾਂ ਆਸਣ ਲਾਇਆ
ਗੁੜ ਤੇ ਮੱਖੀਆਂ ਵਾਂਗ ਬੀਬੀਆਂ ਸੰਤ ਤੇ ਝੁਰਮੁਟ ਪਾਇਆ
ਸੰਤ ਦੀ ਜੁਤੀ ਝਾੜਨ ਦੇ ਲਈ ਬਿਲੀਆਂ ਵਾਂਗਰ ਲੜੀਆਂ
ਕਈ ਰਹਿ ਗਈਆਂ ਲੜਦੀਆਂ ਉਥੇ ਕਈ ਪੌੜੀ ਜਾ ਚੜ੍ਹੀਆਂ
ਰੌਲਾ ਪਾਉਦੀਆਂ ਡਿਗਦੀਆਂ ਢੈਹਦੀਆਂ ਕਈ ਅੰਦਰ ਜਾ ਵੜੀਆਂ
ਜ਼ਿਦਗੀ ਦੇ ਸੁਖ ਸੰਤ ਤੋਂ ਮੰਗਣ ਕਈ ਕਿਸਮਤ ਦੀਆਂ ਸੜੀਆਂ
ਗੁਰੂ ਗ੍ਰੰਥ ਨੂ ਭੁਲਕੇ ਲੋਕੀ ਚੋਰਾਂ ਦੇ ਨਾਲ ਜੁੜ ਗਏ
ਸੱਚ ਖੰਡ ਦੇ ਵਲ ਜਾਂਦੇ ਜਾਂਦੇ ਨਰਕਾਂ ਦੇ ਵਲ ਮੁੜ ਗਏ
ਗੁਰ ਗ੍ਰੰਥ ਕੋਲ ਆਸਣ ਲਾਕੇ ਸੰਤ ਟਿਕਾਵਣ ਮੱਥੇ
ਕੁਟ ਕੁਟ ਚਮੜੀ ਲਾਹਵਣਗੇ ਜਦ ਚੜੇ ਜਮਾਂ ਦੇ ਹੱਥੇ
ਗਲੀ ਜਿਨਾਂ ਜਪ ਮਾਲੀਆਂ ਲੋਟੇ ਹਥ ਨਿਬਗ
ਓਏ ਹਰਿ ਕੇ ਸੰਤ ਨਾਂ ਆਖੀਅਹਿ ਬਾਨਾਰਸ ਕੇ ਠਗ
ਗੁਰੂ ਗ੍ਰੰਥ ਨੂ ਛਡਕੇ ਲੋਕੋ ਅਉਝੜ ਕਾਹਨੂ ਪੈ ਗਏ
ਗੁਰੂ ਘਰਾਂ ਵਿਚ ਕਰੋ ਲੜਾਈਆੰ ਲੜਨ ਜੋਗੇ ਹੀ ਰੈਹ ਗਏ
ਮਹਿੰਗੀਆਂ ਕਾਰਾਂ ਮਹਿੰਗੇ ਬੰਗਲੇ ਸੰਤ ਨੇ ਐਸ਼ਾਂ ਕਰਦੇ
ਮਿਹਨਤ ਤੁਹਾਡੀ ਲੁਟ ਲਿਜਾਂਦੇ ਰੱਬ ਕੋਲੋੰ ਨਾ ਡਰਦੇ
ਵਿਹਲੜ ਅਤੇ ਨਿਕੰਮੇ ਬੰਦੇ ਰੱਬ ਬਣਾਏ ਲੋਕਾਂ
ਖੂਨ ਤੁਹਾਡਾ ਚੂਸ ਰਹੇ ਨੇ ਬਾਬੇ ਬਣਕੇ ਜੋਕਾਂ
ਨਿਕੀਆਂ ਨਿਕੀਆਂ ਮੁਛਾਂ ਰਖਦੇ ਨਿਕੇ ਨਿਕੇ ਦਾਹੜੇ
ਕਰਨ ਅਯਾਸ਼ੀ ਤੁਹਾਡੇ ਸਿਰਤੇ ਪਾਉੰਦੇ ਨਿਤ ਪੁਆੜੇ
ਇਹ ਠਗਾਂ ਦੇ ਠਗ ਨੇ ਸਾਰੇ ਜੋ ਅਖਵਾਉੰਦੇ ਬਾਬੇ
ਮਾਝੇ ਨਾਲ ਮਾਲਵੇ ਲੁਟ ਲਏ ਲੁਟ ਲਏ ਨਾਲ ਦੁਆਬੇ
ਲੁਟ ਪੁਟਕੇ ਪੰਜਾਬ ਇਹ ਸਾਰਾ ਲੁਟ ਰਹੇ ਨੇ ਅਮਰੀਕਾ
ਲੰਡਨ ਅਤੇ ਕਨੇਡਾ ਲੁਟਕੇ ਲੁਟਨਗੇ ਅਫਰੀਕਾ
ਉਲਟੀ ਵਾੜ ਖੇਤ ਨੂ ਖਾ ਗਈ ਦੇਸ਼ ਨ ਕੌਣ ਬਚਾਏ
ਕੁਝ ਲੀਡਰ ਨੇ ਸੁਤੇ ਸੌੰ ਗਏ ਕੁਝ ਫਿਰਦੇ ਹਲਕਾਏ
ਦੇਸ਼ ਪੰਜਾਬ ਦੀ ਧਰਤੀ ਉਤੇ ਹੜ ਨਸ਼ਿਆਂ ਦੇ ਆਏ
ਮੁਕਗਿਆ ਪਾਣੀ ਧਰਤੀ ਵਿਚੋੰ ਅੰਬਰ ਪਿਆ ਕੁਰਲਾਏ
ਹਥ ਜੋੜਕੇ ਮਾਵਾਂ ਭੈਣਾਂ ਧੀਆਂ ਨੂ ਸਮਝਾਓ
ਬਾਬਿਆਂ ਕੋਲੋੰ ਕੁਝ ਨਹੀੰ ਮਿਲਣਾ ਸਤਿਗੁਰ ਦੇ ਗੁਣ ਗਾਓ
ਜਪੁ ਜੀ ਪੜਕੇ ਪੜੋ ਸੁਖਮਣੀ ਪੜ੍ਹ ਲਓ ਸ਼ਬਦ ਹਜ਼ਾਰੇ
ਮੇਰੇ ਸਤਿਗੁਰ ਦੀ ਬਾਣੀ ਨੇ ਲਖਾਂ ਪਾਪੀ ਤਾਰੇ
ਖਾਓ ਸਮੈਕਾਂ ਪੀਓ ਸ਼ਰਾਬਾਂ ਰੁਲਦੀ ਜਾਏ ਜਵਾਨੀ
ਤਰਸ ਕਰੋ ਬਾਜਾਂ ਵਾਲੇ ਦੀ ਖ਼ਤਮ ਨਾਂ ਕਰੋ ਨਿਸ਼ਾਨੀ
ਗੁਰ ਚਰਨਾਂ ਨਾਲ ਪ੍ਰੀਤੀ ਪਾ ਲਓ ਰੋਜ ਪੜੋ ਗੁਰਬਾਣੀ
ਸਤਿਗੁਰ ਤੋੰ ਕਦੀ ਦੂਰ ਨਾਂ ਹੋਵੇ ਇਹ [ਸੁਰਜੀਤ] ਨਿਮਾਣੀ
No comments:
Post a Comment