ਪੱਗ----ਗੁਰਦੇਵ ਸਿੰਘ ਸੱਧੇਵਾਲੀਆ
www.sabblok.blogspot.com
ਸਵੇਰੇ 7 ਕੁ ਵਜੇ ਬਾਬਾ ਫੌਜਾ ਸਿੰਘ ਨੇ ਸਵੇਰ ਦੀ ਭਾਫਾਂ ਛੱਡਦੀ ਚਾਹ ਦਾ ਪਿਆਲਾ ਹਾਲੇ ਮੂੰਹ ਨੂੰ ਲਾਇਆ ਹੀ ਸੀ ਕਿ ਫੋਨ ਦੀ ਘੰਟੀ ਨੇ ਖਮੋਸ਼ ਘਰ ਵਿੱਚ ਹਲਚਲ ਪੈਦਾ ਕਰ ਦਿਤੀ। ਬਾਬੇ ਸੋਚਿਆ ਕਿ ਆਹ ਵੇਲਾ ਤਾਂ ਪੰਜਾਬ ਵਾਲਿਆ ਦਾ ਹੀ ਹੋ ਸਕਦਾ ਕਨੇਡਾ ਵਾਲਿਆਂ ਦੀ ਵੀਕਐਂਡ ਦਾ ਦਿਨ ਤਾਂ 11-12 ਵਜੇ ਚੜ੍ਹਦਾ ਹੈ ਜਿਹੜੇ ਰਾਤੀਂ ਸੋਫੇ ਨਹੀ ਛੱਡਦੇ ਤੇ ਸਵੇਰੇ ਬਿਸਤਰੇ!
ਪਰ ਇਹ ਫੋਨ ਲੋਕਲ ਹੀ ਸੀ ਤੇ ਬਾਬੇ ਫੌਜਾ ਸਿੰਘ ਦੇ ਕਿਸੇ ਜਾਣ੍ਹੰ ਨੇ ਸਿਫਾਰਸ਼ ਪਾਈ ਸੀ ਕਿ ਮੇਰੇ ਕਿਸੇ ਨੇੜਲੇ ਮੁੰਡੇ ਦਾ ਵਿਆਹ ਹੈ ਤੇ ਬਾਬੇ ਨੇ ਮੁੰਡੇ ਦੇ ਪੱਗ ਬੰਨਣ ਜਾਣਾ ਹੈ। ਬਾਬਾ ਬੜਾ ਹੈਰਾਨ! ਹੈਰਾਨ ਇਸ ਕਰਕੇ ਨਹੀ ਕਿ ਮੰਡੇ ਨੂੰ ਪੱਗ ਨਹੀ ਸੀ ਬੰਨਣੀ ਆਉਂਦੀ ਬਲਕਿ ਇਸ ਕਰਕੇ ਕਿ ਮੁੰਡੇ ਦੇ ਕੀ ਖਾਨਦਾਨ ਵਿਚੋਂ ਵੀ ਪੱਗ ਗਾਇਬ ਹੋ ਗਈ ਹੈ ਕਿ ਤੀਜੇ ਥਾਂ ਬਾਬੇ ਨੂੰ ਪੱਗ ਲਈ ਸੱਦਾ ਦਿੱਤਾ ਜਾ ਰਿਹਾ ਹੈ! ਪਹਿਲਾਂ ਤਾਂ ਬਾਬੇ ਦਾ ਦਿਲ ਕੀਤਾ ਕਿ ਜਵਾਬ ਦੇ ਦੇਵੇ ਪਰ ਫਿਰ ਬਾਬੇ ਸੋਚਿਆ ਕਿ ਅਜਿਹੇ ‘ਮਹਾਨ ਟੱਬਰ’ ਦੇ ‘ਦਰਸ਼ਨ’ ਤਾ ਕੀਤੇ ਜਾਣ ਕਿ ਸਿੱਖੀ ਦਾ ਮਾਣ ਵੀ ਜਿੰਨਾ ਦੇ ਖਾਨਦਾਨ ਨੂੰ ਭੁੱਲ ਗਿਆ ਹੈ।
ਬਾਬੇ ਨੇ ਹਾਂ ਕਰ ਦਿੱਤੀ `ਤੇ 8 ਕੁ ਵਜੇ ਪਹੁੰਚ ਜਾਣ ਲਈ ਕਹਿ ਦਿੱਤਾ। ਬਾਬੇ ਜਦ ਘਰ ਦੀ ਘੰਟੀ ਖੜਕਾਈ ਤਾਂ ਅੰਦਰੋਂ ਕੋਈ ਹਿੱਲਜੁਲ ਨਹੀ ਹੋਈ। ਬਾਬੇ ਸੋਚਿਆ ਕਿ ਵਿਆਹ ਵਾਲਾ ਘਰ ਹੈ ਅੰਦਰ ਤਾਂ ‘ਮਾਰੋ-ਮਾਰ’ ਹੋ ਰਹੀ ਹੋਵੇਗੀ ਜਾਪਦਾ ਹੈ ਕਿ ਗਲਤ ਘਰ ਆ ਗਿਆ ਹਾਂ। ਬਾਬੇ ਫਿਰ ਘੰਟੀ ਖੜਕਾਈ, ਫਿਰ ਖੜਕਾਈ, ਫਿਰ ਖੜਾਕਈ ਤੇ ਆਖਰ 5-7 ਮਿੰਟ ਬਾਅਦ ਬੂਹਾ ਖੁਲ਼੍ਹ ਗਿਆ।
ਬਾਬਾ ਆਉਂਣ ਦਾ ਮੱਕਸਦ ਦਸ ਅਗੇ ਲੰਘ ਗਿਆ। ਬਾਬਾ ਅੰਦਰ ਦਾ ਮਹੌਲ ਦੇਖ ਹੈਰਾਨ ਰਹਿ ਗਿਆ। 9 ਵਜਣ ਵਾਲੇ ਸਨ ਪਰ ਮੁੰਡੇ ਦੇ ਮੂੰਹ ਤੋਂ ਹਾਲੇ ਤੱਕ ਗਿੱਦ ਨਹੀ ਸੀ ਲੱਥੀ ਤੇ ਰਾਤ ਦੀ ਪੀਤੀ ਗਈ ਵਿਸਕੀ ਦੀ ਹੁੰਮਸ ਨਾਲ ਦਮ ਘੁੱਟ ਰਿਹਾ ਸੀ। ਅਮਰੀਕਾ-ਇੰਗਲੈਂਡ ਤੋਂ ਆਏ ਪ੍ਰਹਣਿਆਂ ਨਾਲ ਘਰ ਖਚਾਖਚ ਭਰਿਆ ਪਿਆ ਸੀ। ਬਹੁਤੇ ਹਾਲੇ ਬਨੈਣਾ ਕੱਛਿਆਂ ਵਿੱਚ ਹੀ ਬੂਦੀਆਂ ਖਲਾਰੀ ਭੂਤਨਿਆਂ ਵਾਂਗ ਜਾਪਦੇ ਵਾਸ਼ਰੂਮਾਂ ਨੂੰ ਟੱਕਰਾਂ ਮਾਰਦੇ ਫਿਰ ਰਹੇ ਸਨ। ਕਈਆਂ ਦੀਆਂ ਸ਼ਰਾਬੀ ਅਤੇ ਉਨੀਦੀਆਂ ਅੱਖਾਂ ਹਾਲੇ ਵੀ ਚੱਜ ਨਾਲ ਨਹੀ ਖੁਲ੍ਹ ਰਹੀਆਂ ਸਨ। ਉਹ ਧੱਕੇ ਨਾਲ ਅੱਖਾਂ ਪਾੜ-ਪਾੜ ਦੇਖਣ ਦੀ ਕੋਸ਼ਿਸ਼ ਕਰਦੇ ਇੰਝ ਜਾਪਦੇ ਸਨ ਜਿਵੇਂ ਚਾਨਣ ਵਿੱਚ ਉੱਲੂ ਕਰਦਾ ਹੈ। ਉਹ ਹਾਲੇ ਅਪਣੇ ਆਪ ਨੁੰ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਰਾਤੀਂ ਉਹ ਕਿਥੇ ਸੁੱਤੇ ਸਨ। ਕਈ ਹਾਲੇ ਵੀ ਪੰਜਾਬ ਦੇ ਝੂਠੇ ਮੁਕਾਬਲਿਆਂ ਵਾਗੂਂ ਮਾਰੇ ਗਇਆਂ ਵਾਂਗ ਚੌਫਾਲ ਲਾਸ਼ ਦੀ ਲਾਸ਼ ਹੀ ਪਏ ਸਨ। ਉਨ੍ਹਾਂ ਨੂੰ ਕੁੱਝ ਪਤਾ ਨਹੀ ਸੀ ਵਿਆਹ ਅੱਜ ਹੈ ਜਾਂ ਰਾਤੀਂ ਹੀ ਹੋ ਹਟਿਆ ਹੈ।
ਇਹੀ ਹਾਲ ਬੀਬੀਆਂ ਦਾ ਸੀ। ਉਨ੍ਹਾ ਦੇ ਹੇਅਰ ਸਟਾਈਲ ਰਾਤੀਂ ਸਰ੍ਹਾਣਿਆਂ ਦਾ ਨਾਲ ਘੁਲ-ਘੁਲ ਇੰਝ ਰੁੱਖੇ ਜਿਹੇ ਹੋਏ ਪਏ ਸਨ ਜਿਵੇਂ ਰੇਗਸਤਾਨਾ ਵਿੱਚ ਉਡਦੇ ਫਿਰਦੇ ਮਲ੍ਹੇ ਹੁੰਦੇ ਹਨ। ਪੌਡਰਾਂ ਸੁਰਖੀਆਂ ਦੀਆਂ ਤਹਿਆਂ ਹੇਠੋਂ ਅਸਲੀ ਚਿਹਰੇ ਹੋਰ ਵੀ ਡਰਾਉਂਣੇ ਜਾਪ ਰਹੇ ਸਨ। ਛੋਟੇ ਨਿਆਂਣਿਆਂ ਦਾ ਆਪਦਾ ਹੀ ਚੀਖ ਚਿਹਾੜਾ ਸੀ। ਕਿਸੇ ਨੂੰ ਮਾਂ ਨਹੀ ਸੀ ਲੱਭਦੀ ਤੇ ਕਿਸੇ ਨੂੰ ਦੁੱਧ ਦੀ ਬੋਤਲ! ਖਿਲਰੀਆਂ-ਪੁਲਰੀਆਂ ਬੂਦੀਆਂ ਅਤੇ ਮੂੰਹਾਂ ਉਪਰ ਲੱਗੀਆਂ ਦੁੱਧਾਂ ਦੀਆਂ ਘੀਸੀਆਂ ਨਾਲ ਉਹ ਵੀ ਬੜੇ ਅਜੀਬ ਡਰਾਉਂਣੇ ਜਾਪ ਰਹੇ ਸਨ।
ਫੈਮਲੀ ਅਤੇ ਲਿਵਿੰਗ ਰੂਮ ਵਿੱਚ ਕੰਬਲਾਂ, ਚਾਦਰਾਂ, ਸਰਾਣ੍ਹਿਆਂ, ਕੋਟਾਂ-ਕਪੜਿਆਂ ਦਾ ਗਾਹ ਜਿਹਾ ਪਿਆ ਵਿਆ ਇੰਝ ਜਾਪ ਰਿਹਾ ਸੀ ਜਿਵੇਂ ਰਾਤੀਂ ਇਥੋਂ ਤੁਫਾਨ ਆ ਕੇ ਗਿਆ ਹੁੰਦਾ ਹੈ। ਬਾਬੇ ਨੂੰ ਘਰ ਘੱਟ ਤੇ ਕਿਸੇ ਭੂਤਾਂ ਦੀ ਹਵੇਲੀ ਜਿਆਦਾ ਜਾਪ ਰਹੀ ਸੀ। ਬਾਬਾ ਕਿਚਨ ਦੀ ਇੱਕ ਗੁੱਠੇ ਜਿਹੀ ਕੁਰਸੀ ਤੇ ਬੈਠ ਜਾਂਝੀਆਂ ਦੀਆਂ ਤਿਆਰੀਆਂ ਦੀ ਇੰਤਜਾਰ ਕਰਨ ਲੱਗ ਪਿਆ। ਉਸ ਨੂੰ ਮੁੰਡੇ ਦੇ ਪੱਗ ਬੰਨਣ ਨਾਲੋਂ ਦਿਲਚਸਪੀ ਇਸ ਗੱਲ ਵਲ ਵਧੇਰੇ ਸੀ ਗੁਰਦੁਆਰਿਆਂ ਵਿੱਚ ਟਾਈਆਂ-ਛਾਈਆਂ ਲਾ ਕੇ, ਲਾਲ-ਸੂਹੇ ਫੁੱਲ ਟੰਗਕੇ ਜਾਣ ਵਾਲੇ ਕੀ ਇਸ ਤਰ੍ਹਾਂ ਦੇ ਹੀ ਹੁੰਦੇ ਹਨ?
ਘਰ ਵਿੱਚ ਹੁਣ ਹਿੱਲਜੁਲ ਹੋ ਗਈ ਕਰਕੇ ‘ਵਹੀਰਾਂ’ ਵਾਸ਼ਰੂਮਾਂ ਵਲ ਨੂੰ ਦੌੜ ਪਈਆਂ ਸਨ। ਕਿਸੇ ਦਾ ਬੁਰਸ ਨਹੀ ਸੀ ਲੱਭ ਰਿਹਾ ਕਿਸੇ ਦਾ ਤੌਲੀਆ। ਕਿਸੇ ਦੀ ਬਨੈਣ ਗੁਆਚੀ ਪਈ ਸੀ ਕਿਸੇ ਦਾ ਕੱਛਾ! ਕੋਈ ਅਪਣੀ ਘਰਵਾਲੀ ਉਪਰ ਹੀ ਚੀਖੀ ਜਾ ਰਿਹਾ ਸੀ। ਘਰਵਾਲੀਆਂ ਅੱਗੋਂ ਨਿਆਣੇ ਚਿੱਪੀ ਜਾ ਰਹੀਆਂ ਸਨ ਜਿਹੜੇ ‘ਵਾਯਾਤ’ ਹੀ ਲੋਕਾਂ ਦੇ ਪੈਰਾਂ ਹੇਠ ਮਿੱਧੀ ਦੇ ਜਾ ਰਹੇ ਸਨ। ਇਦਾਂ ਦੇ ਹੀ ਇੱਕ ਬੁਰਸ਼ ਤੌਲੀਆ ਚੁੱਕੀ ਜਾ ਰਹੇ ਬਾਹਲੇ ਕਾਹਲੇ ਦੇ ਪੈਰਾਂ ਹੇਠ ਆ ਕੇ ਕਿਸੇ ਨਿਆਣਾ ‘ਦਰੜਿਆ’ ਗਿਆ। ਬੱਚੇ ਦੀ ਲੇਰ ਸੁਣ ਮਾਂ ਉਸਦੀ ਰਾਕਟ ਵਾਂਗੂੰ ਆਈ ਪਰ ਅੱਗੇ ਭਾਈਆ ਜੀ ਨੂੰ ਦੇਖ ਇੱਕ ਦਮ ਬਰੇਕਾਂ ਲਾ ਗਈ। ਜੇ ਮੂਹਰੇ ਘਰ ਵਾਲਾ ਹੁੰਦਾ ਤਾਂ ਮਾਰਿਆ ਗਿਆ ਸੀ ਗਰੀਬ!
ਇਸੇ ਦਲੀ ਦੀ ਮਲੀ ਦੀ ਵਿੱਚ ਜਿਸਦਾ ਜਿਥੇ ਦਾਅ ਫੱਬਿਆ ਵਾਸ਼ਰੂਮ ਵਿੱਚ ਵੜ ਗਿਆ। ਉਹ ੳਨ੍ਹਾ ਚਿਰ ਨਹੀ ਨਿਕਲਿਆ ਜਿੰਨਾ ਚਿਰ ਉਸ ਅਪਣਾ ਰਾਤ ਵਾਲਾ ਕੂੜਾ ਕਰਕੱਟ ਝਾੜ ਕੇ ਅਪਣੀਆਂ ਬੂਦੀਆਂ ਨਹੀ ਲਿਸ਼ਕਾ ਲਈਆਂ। ਇਸੇ ਭੱਜ ਦੌੜ ਵਿੱਚ ਕਿਸੇ ‘ਸਿਆਣੇ’ ਨੂੰ ਲਾਵਾਂ ਫੇਰਿਆਂ ਦਾ ਖਿਆਲ ਆਇਆ ਤਾਂ ਉਸ ਡੌਰ-ਭੌਰ ਜਿਹੇ ਹੋਏ ਬੈਠੇ ਮੁੰਡੇ ਲਈ ਇੱਕ ਵਾਸ਼ਰੂਮ ਵਿਹਲਾ ਕਰਾ ਦਿੱਤਾ। ਉਹ ਕਈ ਚਿਰ ਲਾ ਕੇ ਗਿਡਾਂ-ਛਿੱਡਾਂ ਲਾਹਕੇ ਜਦ ਹੇਠਾਂ ਉਤਰਿਆ ਤਾਂ ਉਸ ਆਮ ਵਾਂਗ ਹੀ ਜ਼ੈਲ ਲਾ ਕੇ ਬੂਦੀਆਂ ਜੇਜੀ ਬੈਂਸ ਵਾਂਗ ਕੀਤੀਆਂ ਪਈਆਂ ਸਨ। ਉਸ ਦੇ ਕੰਨਾ ਦੀਆਂ ਮੁੱਤੀਆਂ ਕੁਆਰੀ ਦੇ ਕੋਕੇ ਵਾਂਗੂੰ ਲਿਸ਼ਕ ਰਹੀਆਂ ਉਸ ਨੂੰ ਅਜੀਬ ‘ਮਿਲਗੋਭਾ’ ਜਿਹਾ ਬਣਾ ਰਹੀਆ ਸਨ। ਢਿੱਲੜ ਜਿਹੀ ਪੈਂਟ ਵਿੱਚ ਉਸ ਖੰਭੇ ਵਾਂਗ ਝੂਲਦੇ ਨੂੰ ਬਾਬੇ ਫੌਜਾ ਸਿੰਘ ਦੇ ਪੱਗ ਬੰਨਣ ਲਈ ‘ਪੇਸ਼’ ਕਰ ਦਿੱਤਾ ਗਿਆ। ਬਾਬੇ ਨੇ ਮੁੰਡੇ ਨੂੰ ਜਾਣ ਕੇ ਪੁੱਛਿਆ ਕਿ ਪੱਗ ਕਿਥੇ ਬੰਨਣੀ ਹੈ? ਮੁੰਡੇ ਨੂੰ ਸ਼ਾਇਦ ਗੱਲ ਨਾ ਸਮਝ ਆਈ ਤਾਂ ਨਾਲ ਵਾਲਾ ਖਿੱਝ ਕੇ ਬੋਲਿਆ ਕਿ ਪੱਗ ਕਿਥੇ ਬੰਨੀਦੀ? ਬਾਬਾ ਕਹਿਣ ਲੱਗਾ ਕਿ ਸਿਰ ਉਪਰ! ਪਰ ਸਿਰ ਕਿਥੇ ਹੈ?
ਕਹਿਣ ਵਾਲੇ ਨੂੰ ਅਹਿਸਾਸ ਹੋਇਆ ਕਿ ਸਿਰ ਤਾਂ ਇਸ ਡਰੀ ਹੋਈ ਸੇਹ ਵਾਂਗੂੰ ਚੁੱਕਿਆ ਪਿਆ ਪੱਗ ਕਿੱਥੇ ਟਿੱਕਣੀ। ਉਸ ਫਿਰ ਉਸ ਨੂੰ ਵਾਸ਼ਰੂਮ ਲਿਜਾਕੇ ਉਸ ਦਾ ‘ਸਿਰ’ ਬਣਾ ਕੇ ਲਿਆਦਾ। ਹੁਣ ਅਗਲੀ ਮੁਸ਼ਕਲ ਇਹ ਸੀ ਕਿ ਗੋਲ ਮੋਲ ਜਿਹੇ ਹਦਵਾਣੇ ਉਪਰ ਪੱਗ ਟਿੱਕ ਨਹੀ ਸੀ ਰਹੀ। ਬਾਬੇ ਕਿਹਾ ਕਿ ‘ਫਿਟਪੀ’ ਲੈ ਕੇ ਆਓ ਉਸ ਨਾਲ ਟਿੱਕ ਜਾਏਗੀ। ਮੁੰਡਾ ਕਹਿਣ ਲੱਗਾ ਕਿ ‘ਫਿਟਪੀ’ ਕੀ ਹੁੰਦੀ ਹੈ? ਬਾਬੇ ਕਿਹਾ ਟਾਈ ਹੁੰਦੀ ਹੈ। ਪਰ ਗਲ ਵਿੱਚ ਨਹੀ ਸਿਰ ਉਪਰ ਪਾਈ ਦੀ ਹੈ। ਸਾਰੇ ਘਰ ਵਿਚੋਂ ‘ਫਿਟਪੀ’ ਨਾ ਦੀ ਚੀਜ ਲੱਭਣੀ ਇੰਝ ਮੁਹਾਲ ਹੋਈ ਪਈ ਸੀ ਜਿਵੇਂ ਬਾਬੇ ਚਿੜੀ ਦਾ ਦੁੱਧ ਲੱਭਣ ਕਹਿ ਦਿੱਤਾ ਹੋਵੇ। ਆਖਰ ਬਾਬੇ ਸਲਾਹ ਦਿੱਤੀ ਕਿ ਕਿਸੇ ਬੀਬੀ ਦੀ ਚੁੰਨੀ ਹੀ ਲੈ ਆਵੋ। ਚੁੰਨੀ ਲਿਆਉਂਣ ਵਾਲੇ ਵੀ ਕਿਹੜੇ ਹੋਰ ਆਉਂਣੇ ਸਨ ਉਹ ਇੱਕ ਗੋਟੇ ਵਾਲੀ ਚੁੰਨੀ ਚੁੱਕ ਲਿਆਏ। ਸਿਲਕੀ ਚੁੰਨੀ ਸੀ ਉਹ ਵੀ ਜ਼ੈੱਲ ਵਾਲੇ ਸਿਰ ਉਪਰ ਕਾਹਨੂੰ ਖੜੋਦੀ ਸੀ। ਬਾਬੇ ‘ਜੁਗਾੜ’ ਕੀਤਾ ਤੇ ਗਿੱਲੀ ਕਰਕੇ ਸਿਰ ਉਪਰ ਟਿੱਕਦੀ ਕਰ ਦਿੱਤੀ। ਗਿੱਲੀ ਚੁੰਨੀ ਨਾਲ ਮੁੰਡਾ ਚਈਂ ਚਈਂ ਜਿਹੀ ਕਰਨ ਲੱਗਾ ਤਾਂ ਬਾਬਾ ਕਹਿੰਦਾ ਟਿੱਕਿਆ ਰਹਿ ਸਿਰ ਠੰਡਾ ਰਹੇਗਾ। ਬਾਬਾ ਜਦ ਮੁੰਡੇ ਦੇ ਪੱਗ ਬੰਨ ਰਿਹਾ ਸੀ ਤਾਂ ਮੂੰਹ ਦੇ ਬਹੁਤ ਨੇੜੇ ਹੋਣ ਕਰਕੇ ਰਾਤ ਦੀ ਵਿਸਕੀ ਦੀ ਹੁੰਮਸ ਹਾਲੇ ਵੀ ਮੁੰਡੇ ਦੇ ਮੂੰਹ ਵਿਚੋਂ ਆ ਰਹੀ ਸੀ ਤੇ ਮੁੰਡਾ ਭਰ ਜਵਾਨੀ ਵਿੱਚ ਵੀ ਸਾਹ ਇੰਝ ਲੈ ਰਿਹਾ ਸੀ ਜਿਵੇਂ ਸਿਖਰ ਦੁਪਹਿਰ ਕੱਟਾ ਹਲੇ ਜੋੜਿਆ ਹੁੰਦਾ ਹੈ। ਬਾਬਾ ਸੋਚ ਰਿਹਾ ਸੀ ਧੰਨ ਹੈ ਮੇਰਾ ਪਰਵਦਗਾਰ ਜਿਹੜਾ ਅਜਿਹੇ ਜੀਵਾਂ ਨੂੰ ਬਿਨਾ ਸਿੰਗ ਤੇ ਪੂਛ ਲਾਏ ਹੀ ਤੋਰ ਦਿੰਦਾ ਹੈ।
ਬਾਬਾ ਹਾਲੇ ਮੁੜ ਮੁੜ ਲੱਥ ਲੱਥ ਜਾਂਦੀ ਪੱਗ ਨਾਲ ਹੀ ਘੁਲ ਰਿਹਾ ਸੀ ਰਾਤ ਦੇ ਖਿਲਰੇ ਪੁਲਰੇ ਲੋਕ ਵੀ ਟਾਈਆਂ-ਲਹਿੰਗੇ ਪਾ ਕੇ ਉਤਰਨੇ ਸ਼ੁਰੂ ਹੋ ਗਏ। ਧੁਆਂਖੀ ਤੰਦੂਰੀ ਰੋਟੀ ਵਰਗੇ ਮੂੰਹ ਲਿਪਸਟਕਾਂ, ਸੁੱਰਖੀਆਂ-ਪੌਡਰਾਂ ਨਾਲ ਹੁਣ ‘ਟਹਿਕਣ’ ਲੱਗ ਪਏ ਸਨ। ਅਵਾਰਾ ਉੱਡੇ ਫਿਰਦੇ ਸਿਰ ਹੁਣ ਜ਼ੈੱਲਾਂ ਕਰੀਮਾਂ ਨੇ ਥਾਂ ਟਿਕਾਣੇ ਲੈ ਆਂਦੇ ਸਨ। ਕੱਛੇ ਬਨੈਣਾ ਵਾਲੇ ਭਾਈ ਟਾਈਆਂ ਕੋਟਾਂ ਪਰਫਿਊਮਾ ਹੇਠ ਲੁੱਕ ਕੇ ‘ਜੈਂਟਲਮੈਨ’ ਬਣ ਆਏ ਸਨ। ਸਮਾ ਬੇਸ਼ਕ 10 ਤੋਂ ਉਪਰ ਜਾ ਰਿਹਾ ਸੀ ਪਰ ਉਨ੍ਹਾ ਦੇ ਰਾਤ ਦੇ ਮੁੱਫਤ ਦੀ ਵਿਸਕੀ ਦੀ ਮਾਰ ਹੇਠ ਆਏ ਸਰੀਰ ਹੁੱਸਿਆਂ ਵਾਂਗ ਸੋਫਿਆਂ ਤੇ ਡਿੱਗਦੇ ਜਾ ਰਹੇ ਸਨ। ਯਕੀਨਨ ਜੇ ਉਨ੍ਹਾ ਨੂੰ ਗੁਰਦੁਆਰੇ ਜਾਣ ਦਾ ‘ਡਰ’ ਨਾ ਹੋਵੇ ਤਾਂ ਉਨ੍ਹਾਂ ਨੂੰ ਕਾਇਮ ਹੋਣ ਵਾਸਤੇ ਵਿਸਕੀ ਦੀ ਅੱਧੀ-ਪੌਣੀ ਬੋਤਲ ਉਸੇ ਸਮੇ ਚਾਹੀਦੀ ਸੀ। ਉਹ ਚਕੋਰ ਵਾਂਗ ਕਿਚਨ ਵਲ ਵੀ ਵੇਖ ਲੈਂਦੇ ਸਨ ਕਿ ਚਲੋ ਚਾਹ ਦਾ ਹੀ ਕੱਪ ਮਿਲ ਜਾਏ ਪਰ ਅਜਿਹੇ ‘ਜੰਗੀ’ ਸਮੇ ਕਿਸੇ ਕੋਲੇ ਵਿਹਲ ਨਹੀ ਸੀ ਕਿ ਇਨੇ ਲੋਕਾਂ ਲਈ ਚਾਹ ਤਿਆਰ ਕੀਤੀ ਜਾਵੇ। ਸ਼ਾਇਦ ਇਸੇ ਲਈ ਗੁਰਦੁਆਰਿਆਂ ਨੂੰ ਵਿਆਹ ਵਾਲਿਆਂ ਦੀ ਖਾਸ ‘ਹਦਾਇਤ’ ਹੁੰਦੀ ਹੈ ਕਿ ਚਾਹ ਪਕੌੜੇ ਉਨ੍ਹਾਂ ਨੂੰ ਆਉਂਦਿਆਂ ਮਿਲਣੇ ਚਾਹੀਦੇ ਹਨ!
ਮੁੰਡੇ ਦੇ ਪੱਗ ਬੰਨੀਦੀ ਵੇਖ ਉਹ ਮੁੰਡੇ ਨਾਲ ਦਿਲ ਪ੍ਰਚਾਵਾ ਕਰਨ ਲੱਗ ਪਏ। ਬਾਈ ਸਿਆਂ ਘੋਟ ਕੇ ਬੰਨ ਪਤਾ ਲੱਗੇ ਮੁੰਡਾ ਵਿਆਹ ਆਇਆ ਹੈ! ਇੱਕ ਬਾਬੇ ਨੂੰ ਇੰਝ ਸੰਬੋਧਨ ਹੋਇਆ ਜਿਵੇਂ ਉਨ੍ਹੀ ਬਾਬੇ ਨੂੰ ਪੱਗ ਬੰਨਣ ਲਈ ਕਿਰਾਏ ਤੇ ਕੀਤਾ ਹੁੰਦਾ ਹੈ।
ਕਿਸੇ ਨੂੰ ਅਚਾਨਕ ਕ੍ਰਿਪਾਨ ਦਾ ਚੇਤਾ ਆ ਗਿਆ। ‘ਉਏ ਬਾਈ! ਕਿਰਪਾਨ ਦਾ ਕੋਈ ਪ੍ਰਬੰਧ ਕੀਤਾ ਨਹੀ? ਵਿਚੋਂ ਹੀ ਇੱਕ ਤਾਜੀ ਲਿਪਸਟਿਕ ਲਾ ਕੇ ਆਈ ਬੀਬੀ ਬੋਲ ਪਈ। ‘ਲੈ ਛਿੰਦੇ ਦੇ ਵਿਆਹ ਤੇ ਤਾਂ ਬਰੂਨ (ਝਾੜੂ) ਉਪਰ ਹੀ ਕੱਪੜਾ ਪਾ ਕੇ ਲੈ ਗਏ ਸਨ! ਨਹੀ? ਹਾ, ਹਾ, ਹਾ, ਹਾ, ! ! ! ! ! ! ! ! ! ! ! ! !
ਸਾਰੇ ਘਰ ਵਿੱਚ ਹਾਸਾ ਮੱਚ ਗਿਆ। ਬੀਬੀ ਹੋਰ ਚੌੜੀ ਹੋ ਗਈ ਜਿਵੇਂ ਉਸ ਕੋਈ ਮਾਅਰਕੇ ਦੀ ਕਹਿ ਮਾਰੀ ਹੋਵੇ। ਉਸ ਤੋਂ ਉਤਸ਼ਾਹਤ ਹੋਇਆ ਇੱਕ ਹੋਰ ਮੁੱਤੀਆਂ ਜਿਹੀਆਂ ਵਾਲਾ ਬੋਲ ਪਿਆ। ‘ਲੈ ਮੇਰੇ ਭਰਾ ਦੇ ਤਾਂ ਡਾਲਰ ਸਟੋਰ ਵਾਲੀ ਹੀ ਲੈ ਗਏ ਸਨ ਕਿਹੜਾ ਉਥੇ ਕੋਈ ਪੁੱਛਦਾ! ਹਾ, ਹਾ, ਹਾ, ! ! ! !
ਇੱਕ ਹੋਰ ਬੋਲਿਆ, ਯਾਰ ਪੱਗ ਇਵੇਂ ਜਾਪਦੀ ਜਿਵੇਂ ਕੇਕ ਉਪਰ ਮਸ਼ਰੂਮ ਰੱਖੀ ਹੋਵੇ! ਹਾ, ਹਾ, ਹਾ, ! ! ! ! !
ਬਾਬਾ ਫੌਜਾ ਸਿੰਘ ਅੰਦਰੋਂ ਲਹੂ ਲੁਹਾਨ ਹੋ ਗਿਆ। ਥੋਡਾ ਬੇੜਾ ਗਰਕ ਨਿਪੁੰਸਕੋ! ਤੁਹਾਨੂੰ ਕ੍ਰਿਪਾਨ ਤੇ ਪੱਗ ਦੀ ਅਹਿਮੀਅਤ ਦਾ ਭੋਰਾ ਪਤਾ ਨਹੀ? ਹਰ ਦੂ ਲਾਹਨਤ ਅਜਿਹੇ ਸਿੱਖਾਂ ਦੇ ਘਰੇ ਜੰਮਣ ਵਾਲਿਆਂ ਦੇ!
ਬਾਬੇ ਦੀਆਂ ਅੱਖਾਂ ਅੱਗੇ ਘੋੜਿਆਂ ਦੀਆਂ ਕਾਠੀਆਂ ਉਪਰ ਸਾਉਂਣ ਵਾਲੇ ਦਸਤਾਰਧਾਰੀ ਸੂਰਬੀਰਾਂ ਦੀ ਕ੍ਰਿਪਾਨ ਆ ਗਈ ਜਿਸ ਦੀਆਂ ਕਾਬਲ ਤੱਕ ਧਾਕਾਂ ਸਨ। ਹਰੀ ਸਿੰਘ ਨਲੂਏ ਦੀ ਕ੍ਰਿਪਾਨ, ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ. ਆਹਲੂਵਾਲੀਆ, ਸੁੱਖਾ ਸਿੰਘ ਮਹਿਤਾਬ ਸਿੰਘ, ਬੰਦਾ ਸਿੰਘ ਬਹਾਦਰ ਪਤਾ ਨਹੀ ਕਿੰਨੇ ਸੂਰਬੀਰ ਸਨ ਜਿਹੜੇ ਜਦ ਹੱਥਾਂ ਵਿੱਚ ਲਿਸ਼ਕਦੀ ਕ੍ਰਿਪਾਨ ਲੈ ਕੇ ਘੋੜੇ ਦੀ ਰਾਕਬ ਤੇ ਪੈਰ ਧਰਦੇ ਸਨ ਤਾਂ ਦਿੱਲੀਓਂ ਲੈ ਕੇ ਕਾਬਲ ਤੱਕ ਖ਼ਬਰਾਂ ਹੋ ਜਾਂਦੀਆਂ ਸਨ। ਦਸਤਾਰਾਂ ਕ੍ਰਿਪਾਨਾ ਮੁਛੱਹਿਰਿਆਂ ਵਾਲੇ ਸਰਦਾਰ ਤੇ ਇੱਕ ਪਾਸੇ ਆਹ ਲੇਲੇ? ਬਾਬੇ ਦਾ ਮਨ ਖਰਾਬ ਹੋਇਆ ਉਹ ਪੱਗ ਦਾ ਆਖਰੀ ਲੜ ਪਹਿਲਾਂ ਹੀ ਟੰਗ ਚੁੱਕਾ ਹੋਇਆ ਸੀ ਉਹ ਬਿਨਾ ਪਿੱਛਲਾ ਲੜ ਟੰਗੇ ਉਥੋਂ ਦੌੜ ਆਇਆ। ਜਾਂਝੀਆਂ ਕਿਹਾ ਕਿ ਪੱਗ ਤਾਂ ਪੂਰੀ ਕਰ ਜਾਏ ਪਰ ਬਾਬਾ ਪੈ ਗਿਆ, ਮੈ ਥੋਡਾ ਨੌਕਰ ਹਾਂ? ਉਨ੍ਹਾਂ ਨੂੰ ਸਮਝ ਨਾ ਆਈ ਕਿ ਉਂਨ੍ਹੀ ਇਸ ਭਾਈ ਨੂੰ ਕੀ ਕਿਹਾ ਹੈ।
ਬਾਬੇ ਨੂੰ ਜਾਪਿਆ ਕਿ ਮੇਰੀ ਅਪਣੀ ਹੀ ਪੱਗ ਜਿਵੇਂ ਸਿਰ ਤੇ ਨਾ ਰਹੀ ਹੋਵੇ। ਉਸ ਬਥੇਰਾ ਸਿਰ ਨੂੰ ਮੁੜ-ਮੁੜ ਜੋਹਿਆ ਪਰ ਪੱਗ ਉਸ ਦੀ ਕਿਥੇ ਰਹਿ ਗਈ! ਬਾਬਾ ਬਿਨਾ ਪੱਗੋਂ ਨੰਗੇ ਸਿਰ ਮਾਰਿਆ ਸ਼ਰਮ ਦਾ ਅੱਜ ਪਹਿਲੀ ਵਾਰੀ ਘਰ ਨੂੰ ਮੁੜ ਰਿਹਾ ਸੀ। ਪਤਨੀ ਨੇ ਬਥੇਰਾ ਸਮਝਾਇਆ ਕਿ ਪੱਗ ਤਾ ਤਹਾਡੇ ਸਿਰ ਉਪਰ ਹੀ ਹੈ ਪਰ ਬਾਬੇ ਨੂੰ ਹਾਲੇ ਵੀ ਯਕੀਨ ਨਹੀ ਸੀ ਰਿਹਾ। ਉਹ ਹਾਲੇ ਵੀ ਅਪਣੀ ਪੱਗ ਲੱਭੀ ਜਾ ਰਿਹਾ ਸੀ।
No comments:
Post a Comment