ਗ਼ਦਰੀ ਬਾਬਿਆਂ ਦੇ ਚਾਰ ਰੋਜ਼ਾ ਮੇਲੇ ਨੂੰ ਚਾਰ ਚੰਨ ਲਾਉਣ ਲਈ ਬੁੱਧੀਜੀਵੀਆਂ ਵੱਲੋਂ ਵਿਚਾਰਾਂ
www.sabblok.blogspot.com
ਜਲੰਧਰ, 11 ਅਗਸਤ: ਆਜ਼ਾਦ ਹਿੰਦ ਫੌਜ ਵੱਲੋਂ ਆਜ਼ਾਦੀ ਸੰਗਰਾਮ 'ਚ ਨਿਭਾਈ ਭੂਮਿਕਾ ਨੂੰ ਸਮਰਪਤ 29 ਅਕਤੂਬਰ ਤੋਂ 1 ਨਵੰਬਰ ਤੱਕ ਮਨਾਏ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਰੂਪ-ਰੇਖਾ ਉਲੀਕਣ ਲਈ ਹੋਈ ਸਭਿਆਚਾਰਕ ਵਿੰਗ ਦੀ ਮੀਟਿੰਗ 'ਚ ਗੰਭੀਰ ਵਿਚਾਰਾਂ ਹੋਈਆਂ ਕਿ ਚਾਰ ਰੋਜ਼ਾ ਮੇਲੇ ਨੂੰ ਚਾਰ ਚੰਨ ਲਾਉਣ ਲਈ ਗਾਇਨ, ਚਿੱਤਰਕਲਾ, ਕੁਇਜ਼, ਭਾਸ਼ਣ ਮੁਕਾਬਲਿਆਂ, ਕੋਰਿਓਗ੍ਰਾਫ਼ੀਆਂ, ਨੁੱਕੜ-ਨਾਟਕ, ਦਸਤਾਵੇਜ਼ੀ ਫ਼ਿਲਮਾਂ, ਪ੍ਰਭਾਵਸ਼ਾਲੀ ਗੀਤ-ਸੰਗੀਤ ਅਤੇ ਹੋਰ ਦਿਲਕਸ਼ ਕਲਾ-ਵੰਨਗੀਆਂ ਵਿੱਚ ਨਵਾਂ-ਨਕੋਰ ਮੁਹਾਂਦਰਾ ਅਤੇ ਖੂਬਸੂਰਤ ਰੰਗ ਕਿਵੇਂ ਭਰਿਆ ਜਾਵੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ-ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਜੁੜੇ ਪਿਛਲੇ 20 ਮੇਲਿਆਂ ਤੋਂ ਜਿੰਮੇਵਾਰੀਆਂ ਅਦਾ ਕਰਦੇ ਅਤੇ ਵੱਖ-ਵੱਖ ਸਾਹਿਤਕ/ਸਭਿਆਚਾਰਕ ਖੇਤਰਾਂ 'ਚ ਸਰਗਰਮੀਆਂ ਕਰਦੀਆਂ ਆ ਰਹੀਆਂ ਸਖਸ਼ੀਅਤਾਂ ਨੇ ਢੁੱਕਵੇਂ ਵਿਸ਼ਿਆਂ ਉਪਰ ਦੇਸ਼ ਦੇ ਹੋਰਨਾਂ ਖੇਤਰਾਂ ਤੋਂ ਵੀ ਰੰਗ ਮੰਚ ਨਾਲ ਜੁੜੀਆਂ ਟੀਮਾਂ ਨੂੰ ਸ਼ਾਮਲ ਕਰਨ ਅਤੇ ਪੰਜਾਬ ਦੀਆਂ ਰੰਗ ਟੋਲੀਆਂ/ਸੰਗੀਤ ਮੰਡਲੀਆਂ ਦੀਆਂ ਵਰਕਸ਼ਾਪਾਂ ਲਗਾਕੇ ਗ਼ਦਰ ਸ਼ਤਾਬਦੀ ਅਤੇ ਇਸ ਵਰੇ• ਦੇ ਮੇਲੇ ਨਾਲ ਢੁੱਕਵੀਆਂ ਕਲਾ ਕਿਰਤਾਂ ਹੁਣ ਤੋਂ ਹੀ ਚੁਣਕੇ ਕੰਮ ਕਰਨ ਬਾਰੇ ਵਿਚਾਰਾਂ ਹੋਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਮੇਲੇ ਦੀ ਤਜ਼ਵੀਜ਼ਤ ਰੂਪ ਰੇਖਾ ਪੇਸ਼ ਕੀਤੀ ਅਤੇ ਮੇਲੇ ਦੀ ਸਮੁੱਚੀ ਡਿਜਾਇਨਿੰਗ ਨੂੰ ਸਭਿਆਚਾਰਕ ਵਿੰਗ ਦੇ ਕਾਮਿਆਂ ਦੇ ਵਿਚਾਰਾਂ ਨੂੰ ਢੁਕਵੀਂ ਥਾਂ ਦੇਣ ਉਪਰੰਤ ਹੀ ਅੰਤਮ ਛੋਹ ਦੇਣ ਦੀ ਗੱਲ ਆਖੀ।
ਕਮੇਟੀ ਮੈਂਬਰ ਗੁਰਮੀਤ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਪ੍ਰਿਥੀਪਾਲ ਮਾੜੀਮੇਘਾ, ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਡਾ. ਪਰਮਿੰਦਰ ਸਿੰਘ, ਬਲਬੀਰ ਕੌਰ ਬੁੰਡਾਲਾ ਤੋਂ ਇਲਾਵਾ ਕੋਈ ਤਿੰਨ ਦਰਜਨ ਬੁੱਧੀਜੀਵੀਆਂ ਨੇ ਮੇਲੇ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਅਤੇ ਗ਼ਦਰ ਸ਼ਤਾਬਦੀ ਨੂੰ ਯਾਦਗਾਰੀ ਸਮਾਗਮ ਬਣਾਉਣ ਲਈ ਦੇਸ਼-ਵਿਦੇਸ਼ ਅੰਦਰ ਸਭੇ ਸੰਭਾਵੀ ਤਾਕਤਾਂ ਨੂੰ ਇੱਕ ਮਾਲਾ 'ਚ ਪਰੋਣ ਉਪਰ ਜ਼ੋਰ ਦੇਣ ਅਤੇ ਅਤੀਤ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਜੋੜਨ ਉਪਰ ਜ਼ੋਰ ਦਿੱਤਾ।
ਮੀਟਿੰਗ ਉਪਰ ਨਿਚੋੜਵੀਂ ਟਿੱਪਣੀ ਕਰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਅਸੀਂ ਸਮੂਹਿਕ ਉੱਦਮ ਜੁਟਾਕੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ, ਵੱਖ-ਵੱਖ ਗ਼ਦਰੀ ਪਿੰਡਾਂ, ਇਲਾਕਿਆਂ, ਦੇਸ਼ ਦੀਆਂ ਹੋਰ ਇਤਿਹਾਸਕ ਥਾਵਾਂ ਅਤੇ ਗ਼ਦਰ ਲਹਿਰ ਦੇ ਉਠਾਣ ਵਾਲੇ ਮੁਲਕਾਂ ਅੰਦਰ ਅਜਿਹੇ ਸਮਾਗਮਾਂ ਦੀ ਲੜੀ ਤਿਆਰ ਕੀਤੀ ਜਾਵੇਗੀ, ਜਿਹੜੀ ਇਹ ਸੁਨੇਹਾ ਬੁਲੰਦ ਕਰੇ ਕਿ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗ਼ਦਰ ਲਹਿਰ ਵਾਲੀ ਪ੍ਰਤੀਬੱਧਤਾ ਅਤੇ ਲੋਕ ਸੰਗਰਾਮ ਲੋੜੀਂਦਾ ਹੈ।
...
No comments:
Post a Comment