jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 20 August 2012

ਗੁਜਰਾਤ ਵਿੱਚ ਸਿੱਖ ਕਿਸਾਨਾਂ ਤੋਂ ਧੱਕੇ ਨਾਲ ਖੋਹੀਆਂ ਜ਼ਮੀਨਾਂ

www.sabblok.blogspot.com
  ਗੁਜਰਾਤ ’ਚੋਂ ਆਇਆ ਪੰਜਾਬੀ ਕਿਸਾਨ ਹਰਨਾਮ ਸਿੰਘ ਆਪਣੀ ਜਾਇਦਾਦ ਨਾਲ ਸਬੰਧਤ ਕਾਗਜਾਤ ਦਿਖਾਉਂਦਾ ਹੋਇਆ (ਚਰਨਜੀਤ ਭੁੱਲਰ)  
  ਚਰਨਜੀਤ ਭੁੱਲਰ/
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 20 ਅਗਸਤ ਦੇਸ਼ ਵਿਦੇਸ਼ ਵਿੱਚ ਸਿੱਖ ਕੌਮ ਨੂੰ ਆਪਣੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹੁਣ ਗੁਜਰਾਤ ਵਿੱਚ ਵੀ ਸਿੱਖਾਂ ਦਾ ਉਜਾੜਾ ਹੋਣ ਲੱਗਾ ਹੈ ਤੇ ਉੱਥੇ ਵਸਦੇ ਕਈ ਪੰਜਾਬੀ ਕਿਸਾਨ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਪੰਜਾਬ ਆਉਣ ਲਈ ਮਜ਼ਬੂਰ ਹੋ ਰਹੇ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਥੋਂ ਦੇ ਠਾਕੁਰ ਭਾਈਚਾਰੇ ਦੇ ਲੋਕਾ ਨੇ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਧੱਕੇ ਨਾਲ ਕਬਜ਼ੇ ਕਰ ਲਏ ਹਨ ਤੇ ਗੁਜਰਾਤ ਸਰਕਾਰ ਵੱਲੋਂ ਸਿੱਖ ਭਾਈਚਾਰੇ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ,ਜਿਸ ਕਰਕੇ ਉਹ ਪੰਜਾਬ ਪਰਤਣ ਲੱਗੇ ਹਨ। ਜ਼ਿਲ੍ਹੇ ਦੇ ਪਿੰਡ ਪਿਥੋ ਅਤੇ ਪਿੰਡ ਗਿੱਲ ਖੁਰਦ ਦੇ ਕਿਸਾਨਾਂ ਨੇ ਅੱਜ ਪੰਜਾਬੀ ਟ੍ਰਿਬਿਊਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੁਜਰਾਤ ’ਚ ਸਿੱਖਾਂ ਨੂੰ ਕਥਿਤ ਤੌਰ ’ਤੇ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ। ਲਾਲ ਬਹਾਦਰ ਸ਼ਾਸਤਰੀ ਵੱਲੋਂ ਗੁਜਰਾਤ ਦੇ ਸਰਹੱਦੀ ਜ਼ਿਲ੍ਹੇ ਭੁੱਜ ਵਿੱਚ ਪੰਜਾਬੀ ਲੋਕਾਂ ਨੂੰ ਵਸਾਉਣ ਲਈ ਬਣਾਈ ਸਕੀਮ ਤਹਿਤ ਉਨ੍ਹਾਂ ਨੂੰ ਜ਼ਮੀਨ ਅਲਾਟ ਕੀਤੀ ਸੀ। ਦੱਖਣੀ ਪੰਜਾਬ ਦੇ ਕਰੀਬ ਤਿੰਨ ਦਰਜਨ ਪੰਜਾਬੀ ਪਰਿਵਾਰਾਂ ਨੂੰ ਵੀ ਇਸ ਸਕੀਮ ਤਹਿਤ ਗੁਜਰਾਤ ’ਚ ਜ਼ਮੀਨ ਅਲਾਟ ਹੋਈ ਸੀ। ਭੁੱਜ ਜ਼ਿਲ੍ਹੇ ਦੇ ਪਿੰਡ ਲੋਰੀਆ,ਕਠਰਾ,ਨਲੀਆ,ਨਰਾ ਅਤੇ ਸਮਰਾਸਰ ਵਿੱਚ ਕਾਫੀ ਗਿਣਤੀ ਵਿੱਚ ਸਿੱਖ ਪਰਿਵਾਰ ਰਹਿੰਦੇ ਹਨ ਜੋ ਕਿ ਖੇਤੀਬਾੜੀ ਕਰਦੇ ਹਨ। ਪਿੱਥੋ ਦੇ ਕਿਸਾਨ ਹਰਨਾਮ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਗੁਜਰਾਤ ਸਰਕਾਰ ਨੇ ਪੰਜਾਬੀ ਕਿਸਾਨਾਂ ਨੂੰ ਅਲਾਟ ਹੋਈ ਜ਼ਮੀਨ ਵਾਪਸ ਲੈਣ ਲਈ ਨੋਟਿਸ ਜਾਰੀ ਕਰ ਦਿੱਤੇ ਸਨ। ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਉਨ੍ਹਾਂ ਗੁਜਰਾਤ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਕਰੀਬ ਮਹੀਨਾ ਪਹਿਲਾਂ ਹਾਈਕੋਰਟ ਨੇ ਫ਼ੈਸਲਾ ਸੁਣਾਇਆ ਸੀ ਕਿ ਪੰਜਾਬੀ ਕਿਸਾਨ ਗੁਜਰਾਤ ਵਿੱਚ ਜ਼ਮੀਨ ਖਰੀਦਣ ਦਾ ਹੱਕ ਰੱਖਦੇ ਹਨ। ਇਸੇ ਸਮੇਂ ਦੌਰਾਨ ਕਈ ਗੁਜਰਾਤੀਆਂ ਨੇ ਉਨ੍ਹਾਂ ਨੂੰ ਅਲਾਟ ਹੋਈ ਜ਼ਮੀਨ ’ਤੇ ਕਥਿਤ ਤੌਰ ’ਤੇ ਧੱਕੇ ਨਾਲ ਕਬਜ਼ੇ ਕਰ ਲਏ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਨਾਜਾਇਜ਼ ਕਬਜ਼ਾਕਾਰਾਂ ਖ਼ਿਲਾਫ਼ ਗੁਜਰਾਤ ਸਰਕਾਰ ਨੇ ਉਨ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ। ਇਸ ਕਾਰਨ ਥੋੜੇ ਸਮੇਂ ਵਿੱਚ ਦਰਜਨਾਂ ਸਿੱਖ ਪਰਿਵਾਰ ਗੁਜਰਾਤ ਵਿੱਚ ਆਪਣੀਆਂ ਜ਼ਮੀਨਾਂ ਛੱਡ ਕੇ ਵਾਪਸ ਆ ਗਏ ਹਨ। ਕਿਸਾਨ ਹਰਨਾਮ ਸਿੰਘ ਨੇ ਦੱਸਿਆ ਕਿ ਉਸ ਦੀ 16 ਏਕੜ ਜ਼ਮੀਨ ਕਬਜ਼ਾਕਾਰਾਂ ਨੇ ਨਾਜਾਇਜ਼ ਢੰਗ ਨਾਲ ਆਪਣੇ ਨਾਂ ਲਗਵਾ ਲਈ। ਪਿੰਡ ਗਿੱਲ ਖੁਰਦ ਦੇ ਕਿਸਾਨ ਗਿੰਦਰ ਸਿੰਘ ਅਤੇ ਭਗਵਾਨ ਸਿੰਘ ਵੀ ਆਪਣੀ ਜ਼ਮੀਨ ਛੱਡ ਕੇ ਆ ਗਏ ਹਨ। ਇਨ੍ਹਾਂ ਕਿਸਾਨਾਂ ਕੋਲ ਉੱਥੇ 40 ਏਕੜ ਜ਼ਮੀਨ ਸੀ। ਇਨ੍ਹਾਂ ਕਿਸਾਨਾਂ ਨੇ ਮਿਹਨਤ ਕਰਕੇ ਜ਼ਮੀਨਾਂ ਆਬਾਦ ਕੀਤੀਆਂ ਸਨ ਅਤੇ ਇਨ੍ਹਾਂ ਅਲਾਟ ਹੋਈਆਂ ਜ਼ਮੀਨਾਂ ਲਈ ਭਾਰੀ ਕੀਮਤ ਵੀ ਤਾਰੀ ਸੀ। ਹੁਣ ਪੰਜਾਹ ਵਰ੍ਹਿਆਂ ਮਗਰੋਂ ਉਨ੍ਹਾਂ ਨੂੰ ਜ਼ਮੀਨਾਂ ਛੱਡਣ ਲਈ ਆਖਿਆ ਜਾ ਰਿਹਾ ਹੈ। ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਰੱਤਾ ਰੋੜੀ ਦੇ ਬੋਹੜ ਸਿੰਘ ਅਤੇ ਸਵਰਨ ਸਿੰਘ ਵੀ ਇਸੇ ਮਾਰ ਤੋਂ ਪੀੜਤ ਹਨ। ਇਨ੍ਹਾਂ ਸਾਰੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੁਜਰਾਤ ਸਰਕਾਰ ਕੋਲ ਇਹ ਮਸਲਾ ਉਠਾਵੇ ਅਤੇ ਉਨ੍ਹਾਂ ਨੂੰ ਉਜੜਣ ਤੋਂ ਬਚਾਇਆ ਜਾਵੇ। ਇਨ੍ਹਾਂ ਕਿਸਾਨਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਤੋਂ ਵੀ ਮੱਦਦ ਮੰਗੀ ਹੈ। ਮਾਮਲਾ ਸ਼੍ਰੋਮਣੀ ਕਮੇਟੀ ਕੋਲ ਰੱਖਾਂਗੇ:ਬਾਹੀਆ ਸ਼੍ਰੋਮਣੀ ਕਮੇਟੀ ਮੈਂਬਰ,ਐਡਵੋਕੇਟ ਸੁਖਦੇਵ ਸਿੰਘ ਬਾਹੀਆ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਰਾਹੀਂ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਉਣਗੇ। ਉਨ੍ਹਾਂ ਇਸ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਗੁਜਰਾਤ ਵਿੱਚ ਵਸਦੇ ਸਿੱਖ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ।

No comments: