jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 11 August 2012

ਨੋਨੂ ਪਹਿਲਵਾਨ(ਕਹਾਣੀ)

www.sabblok.blogspot.com

***************************

ਨਿਰੰਜਣ ਬੋਹਾ
ਨੋਨੂ ਪਹਿਲਵਾਨ(ਕਹਾਣੀ)
ਨਿਰੰਜਣ ਬੋਹਾ
 ਪਤਨੀ ਨੂੰ ਗਿਲਾ ਹੈ ਕਿ ਮੇਰਾ ਲਾਡ ਪਿਆਰ ਰਿਸ਼ੂ ਦੀਆਂ ਆਦਤਾਂ ਵਿਗਾੜ ਰਿਹਾ ਹੈ।ਉਹ ਹਰ ਰੋਜ਼ ਮੇਰੇ ਕੋਲ ਸ਼ਕਾਇਤ ਕਰਦੀ ਹੈ ਕਿ ਰਿਸ਼ੂ ਪੜ੍ਹਣ ਵੱਲ ਧਿਆਨ ਨਹੀ ਦੇਂਦਾ ਸਗੋਂ ਖੇਡਾਂ ਵਿਚ ਹੀ ਮਸਤ ਰਹਿੰਦਾ ਹੈ।ਰਿਸ਼ੂ ਸਾਡੀ ਇੱਕਲੌਤੀ ਸੰਤਾਨ ਹੈ ਇਸ ਲਈ ਪਤਨੀ ਦਾ ਚਿੰਤਾਤੁਰ ਹੋਣਾ ਸੁਭਾਵਿਕ ਵੀ ਹੈ। ਉਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੈਂ ਵੀ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਰਿਸ਼ੂ ਮੇਰੀ ਗੱਲ ਧਿਆਨ ਨਾਲ ਸੁਣਦਾ ਹੈ। ਮੈਨੂੰ ਖੁਸ਼ ਕਰਨ ਲਈ ਉਹ ਕਾਪੀ ਜਾਂ ਕਿਤਾਬ ਖੋਲ੍ਹ ਕੇ ਪੜ੍ਹਣ ਵੀ ਲੱਗ ਜਾਂਦਾ ਹੈ। ਪਰ ਜਦੋ ਉਸ ਨੂੰ ਕਿਸੇ ਸਾਥੀ ਦੀ ਅਵਾਜ਼ ਪੈ ਜਾਵੇ ਤਾਂ ਉਹ ਮੇਰੀਆਂ ਸਾਰੀਆਂ ਹਦਾਇਤਾਂ ਭੁੱਲ ਕੇ ਕ੍ਰਿਕਟ ਦਾ ਬੈਟ ਚੁਕਦਿਆਂ ਬਾਹਰ ਵੱਲ ਭੱਜ ਜਾਂਦਾ ਹੈ।
                “ਉਹ ਵੇਖ ਲਵੋਹੋਇਆ ਹੈ ਤੁਹਾਡੇ ਲਾਡਲੇ ਤੇ ਕੋਈ ਤੁਹਾਡੀਆਂ ਗੱਲਾਂ ਦਾ ਅਸਰ” ਪਤਨੀ ਮੈਂਨੂੰ ਇਕ ਬਾਪ ਦੇ ਫਰਜ਼ਾ ਦਾ ਅਹਿਸਾਸ ਕਰਾਉਣ ਲਈ ਆਪਣੀ ਸੁਰ ਕੁਝ ਤਿੱਖੀ ਕਰ ਲੈਂਦੀ ਹੈ ।
                 “ ਕੋਈ ਨੀ ਬੱਚਾ ਹੈ  ਅਜੇ ਖੇਡਣ ਦੀ ਉਮਰ ਐ। ਰਿਸ਼ੂ ਤੇ ਗੁੱਸੇ ਹੋਣ ਦੀ ਬਜਾਇ ਮੈਂ ਪਤਨੀ ਨੂੰ ਹੀ ਸਮਝਾਉਣ ਲੱਗ ਪੈਂਦਾਂ ਹਾਂ ਤਾਂ ਉਸ ਦੀ ਖਿਝ ਹੋਰ ਹੋਰ ਵੱਧ ਜਾਂਦੀ ਹੈ
                “ ਹੂੰਅ ਬਾਦ ਵਿਚ ਤੁਸੀਂ ਹੀ ਪਛਤਾਉਗੇ। ਉਹ ਮੇਰੇ ਵੱਲ ਕੋੜਾ ਜਿਹਾ ਝਾਕਦਿਆਂ ਰਸੋਈ ਵੱਲ ਤੁਰ ਪੈਂਦੀ ਹੈ।
                 ਇਹ ਗੱਲ ਨਹੀ ਕਿ ਮੈਂਨੂੰ ਰਿਸ਼ੂੂ ਦੀ ਪੜਾਈ ਦਾ ਪਤਨੀ ਨਾਲੋ ਘੱਟ ਫਿਕਰ ਹੈ ।ਪਰ ਮੈਂ ਕੀ ਕਰਾਂ। ਮੈਂ ਉਸ ਨੂੰ ਪੜ੍ਹਾਈ ਦੀ ਮੱਹਤਤਾ ਬਾਰੇ ਪਿਆਰ ਨਾਲ ਤਾਂ ਸਮਝਾ ਸਕਦਾ ਹਾਂ ਪਰ ਮੇਰੇ ਆਪਣੇ ਅੰਦਰਲੇ ਕੰਪਲੈਕਸ ਮੈਂਨੁੰ ਉਸ ਨਾਲ ਸਖਤੀ ਵਰਤਣ ਦੀ ਇਜ਼ਾਜ਼ਤ ਨਹੀਂ ਦੇਂਦੇ।ਜਦੋਂ ਮੈਂ ਰਿਸ਼ੂ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਕੰਪਲੈਕਸ ਹੀ ਮੇਰੀ ਜੀਭ ਠਾਕ ਦੇਂਦੇ ਨੇ।ਅਸਲ ਵਿਚ ਇਹ ਕੰਪਲੈਕਸ ਹੀ ਮੇਰਾ ਅਤੀਤ ਨੇ। ਮੇਰੀ ਸੱਮਸਿਆ ਦੀ ਤੈਹ ਤੀਕ ਜਾਣ ਲਈ ਤੁਹਾਨੂੰ ਮੇਰੇ ਅਤੀਤ ਨਾਲ ਵੀ ਜੁੜਣਾ ਪਵੇਗਾ। ਗੱਲ ਰਾਹ ਤੇ ਪਾਉਣ ਲਈ ਆਪਾਂ ਇਸ ਅਤੀਤ ਦਾ ਕੋਈ ਨਾ ਰੱਖ ਲੈਂਦੇ ਹਾਂ।ਨੋਨੂੰ ਮੇਰੇ ਬਚਪਣ ਦਾ ਨਿੱਕਾ ਨਾਂ ਹਾਂ। ਇਸ ਲਈ ਆਪਣੇ ਅਤੀਤ ਨੂੰ ਵੀ ਮੈਂ ਇਹੀ ਨਾਂ ਦੇ ਕੇ ਖੁਸ਼ ਹਾਂ।ਮੇਰਾ ਅਤੀਤ ਰੂਪੀ ਨੋਨੂੰ ਨਹੀਂ ਚਾਹੁੰਦਾ ਕੇ ਰਿਸ਼ੂ ਦੇ ਖੇਡਣ ਕੁੱਦਣ ਜਾਂ ਮੌਜ਼ ਮਸਤੀ ਕਰਨ ਵਿਚ ਕੋਈ ਰੁਕਾਵਟ ਪਵੇ। ਇਸੇ ਕਾਰਨ ਹੀ ਮੈਨੂੰ ਪਤਨੀ ਦੇ ਉਪਦੇਸ਼ ਸੁਨਣੇ ਪੈਂਦੇ ਨੇ।ਇਸੇ ਲਈ ਹੀ ਮੈਂ ਕਈ ਵਾਰ ਮਜ਼ਾਕ ਦਾ ਪਾਤਰ ਵੀ ਬਣਿਆਂ ਹਾਂ।
           ਕੁਝ ਦਿਨ ਪਹਿਲੋਂ ਦੀ ਗੱਲ ਹੈ। ਰਿਸ਼ੂ ਦੇ ਸਕੂਲ ਵੱਲੋ ਮੈਂਨੂੰ ਖੇਡਾਂ ਦੇ ਉਦਘਾਟਨ ਕਰਨ ਦਾ ਸੱਦਾ ਮਿਲਿਆ । ਦਫਤਰ ਦੇ ਰੁਝੇਵੇਂ ਮੈਨੂੰ ਅਜਿਹੇ ਕੰਮਾ ਦੀ ਇਜ਼ਾਜਤ ਨਹੀ ਦੇਂਦੇਪਰ ਸਕੂਲ ਵੱਲੋਂ ਰਿਸ਼ੂ ਦੀ ਪਾਈ ਸਿਫਾਰਸ਼ ਕਾਰਣ ਮੈਂਨੂੰ ੳੱਥੇ ਜਾਣਾ ਹੀ ਪਿਆ। ਦੌੜਾਂ ਦੇ ਮੁਕਾਬਲੇ ਵਿਚ ਰਿਸ਼ੂ ਵੀ ਭਾਗ ਲੈ ਰਿਹਾ ਸੀ। ਮੈਂ ਬੇ-ਹੱਦ ਖੁਸ਼ ਸਾਂ ਕਿ 100 ਮੀਟਰ ਦੌੜ ਵਿਚ ਉਹ ਆਪਣੇ ਹੋਰ ਸਾਥੀਆਂ ਨੂੰ ਪਛਾੜ ਕੇ ਬਹੁਤ ਅੱਗੇ ਲੰਘ ਗਿਆ ਸੀ । ਉਸ ਦੀ ਜਿੱਤ ਤੇ ਸਾਰੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਪਰ ਉਤੇਜਨਾ ਵਿਚ ਮੇਰੀਆਂ ਤਾੜੀਆਂ ਦੀ ਅਵਾਜ਼ ਕੁਝ ਸਕਿੰਟ ਬਾਦ ਤੀਕ ਵੀ ਗੂੰਜਦੀ ਰਹੀ।ਨਾਲ ਬੈਠਾ ਸਕੂਲ ਪ੍ਰਿ੍ਰੰਸੀਪਲ ਅਜੀਬ ਜਿਹੀਆਂ ਨਜਰਾਂ ਨਾਲ ਮੇਰੇ ਵੱਲ ਝਾਕਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਥੇ ਸਧਾਰਣ ਦਰਸ਼ਕ ਨਹੀਂ ਸਗੋ ਮੁੱਖ ਮਹਿਮਾਨ ਵਜੋਂ ਹਾਜ਼ਰ ਹਾਂ । ਮੈਨੂੰ ਆਪਣੇ ਬੇਟੇ ਦੀ ਜਿੱਤ ਤੇ ਆਪਣੀ ਖੁਸ਼ੀ ਦਾ ਏਨਾਂ ਖੁਲ੍ਹਾ ਇਜ਼ਹਾਰ ਨਹੀਂ ਕਰਨਾ ਚਾਹੀਦਾ।
           ਮੇਰੇ ਅੰਦਰਲਾ ਅਫਸਰ ਵੀ ਕਈ ਵਾਰ ਮੈਂਨੂੰ ਤਾੜਣਾ ਕਰਦਾ ਹੈ ਕਿ ਮੈਂ ਆਮ ਲੋਕਾਂ ਨਾਲ ਐਨਾ ਮਿਕਸ ਅਪ ਨਾ ਹੋਇਆ ਕਰਾਂ।ਅਫਸਰੀ ਰੋਹਬ ਦਾਬ ਬਣਾਈ ਰੱਖਣ ਲਈ ਇਹ ਜ਼ਰੂਰੀ ਵੀ ਹੈ।ਪਰ ਮੇਰੇ ਅੰਦਰਲਾ ਨੋਨੂੰ ਕਿਸੇ ਅਫਸਰੀ ਜ਼ਾਬਤੇ ਦੀ ਪ੍ਰਵਾਹ ਨਹੀਂ ਕਰਦਾ।ਉਹ ਤਾਂ ਸਗੋਂ ਮੈਨੂੰ ਘੇਰ ਕੇ ਹੀ ਆਮ ਲੋਕਾਂ ਦੀ ਸੰਗਤ ਵਿਚ ਲੈ ਜਾਂਦਾ ਹੈ। ਮੈਂ ਅਕਸਰ ਉਸ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਤਾਂ ਨਿਰਾ ਛਲੇਡਾ ਹੈ ਜੋ ਵੱਖ ਵੱਖ ਰੂਪ ਧਾਰ ਕੇ ਮੇਰੇ ਸਾਹਮਣੇ ਆ ਖੜਦਾ ਹੈ।ਅਜੇ ਪਰਸੋਂ ਦੀ ਗੱਲ ਹੈ । ਡਿਊਟੀ ਤੋ ਘਰ ਪਰਤ ਰਿਹਾ ਸਾਂ। ਸਰਕਾਰੀ ਸਕੂਲ ਕੋਲ ਲੰਘਿਆਂ ਤਾਂ ਦੋ ਹੁੰਦੜਹੇਲ ਜਿਹੇ ਮੁੰਡੇ ਇਕ ਮਰੀਅਲ ਜਿਹੇ ਹੋਰ ਮੁੰਡੇ ਦੀ  ਕੁੱਟ ਮਾਰ ਕਰ ਰਹੇ ਸਨ।ਮੈਂਨੂੰ ਲੱਗਿਆ ਕੁੱਟ ਖਾਣ ਵਾਲਾ ਨੋਨੂੰ ਹੈ ਜੋ ਮੇਰੇ ਆਪਣੇ ਅਤੀਤ ਦਾ ਹਿੱਸਾ ਹੈ। ਮੈ ਝੱਟ ਡਰਾਇਵਰ ਨੂੰ ਜੀਪ ਰੋਕ ਦੇਣ ਦਾ ਹੁਕਮ ਕੀਤਾ ਤੇ ਵਾਹੋਦਾਹੀ ਨੋਨੂੰ ਨੂੰ ਕੁੱਟਨ ਵਾਲੇ ਮੁੰਡਿਆਂ ਵੱਲ ਨੱਠਿਆ। ਮੇਰੇ ਗੰਨ ਮੈਨ ਵੀ ਮੇਰੇ ਮਗਰ ਭੱਜੇ।
      “ਖਬਰਦਾਰ ਜੇ ਹੁਣ ਇਸ ਤੇ ਹੱਥ ਉਠਾਇਆ ਤਾਂ” ਮੈਂ ਦੂਰੋਂ ਹੀ ਮੁੰਡਿਆਂ ਨੂੰ ਲਲਕਾਰਿਆ । ਮੁੰਡੇ ਗੰਨਮੈਨਾਂ ਤੋ ਡਰਦੇ ਭੱਜ ਖਲੋਤੇ। ਮੈਂ ਥਰ  ਥਰ ਕੰਬ ਰਹੇ ਉਸ ਕੰਮਜੋਰ ਜਿਹੇ ਬੱਚੇ ਨੂੰ ਆਪਣੇ ਕਲਾਵੇ ਵਿਚ ਲੈ  ਲਿਆ ਤਾਂ ਉਹ ਹੁਬਕੀ ਹੁਬਕੀ ਰੋਣ ਲੱਗਾ।
         “ ਬਈ ਰੋਣਾ ਨਹੀਂ ਉਹ ਹੁਣ ਤੈਨੂੰ ਕੁਝ ਨਹੀਂ ਕਹਿਣਗੇ। ਮੈ ਉਸ ਨੂੰ ਦਿਲਾਸ ਦਿੱਤਾ ਤੇ ਜੀਪ ਵੱਲ ਤੁਰ ਪਿਆ। ਮੇਰਾ ਡਰਾਇਵਰ ਤੇ ਗੰਨਮੈਨ ਪ੍ਰੇਸ਼ਾਨ ਜਿਹੇ ਹੋਏ ਮੇਰੇ ਵੱਲ ਵੇਖ ਰਹੇ ਸਨ। ਕੁਝ ਪਲ ਲਈ ਮੈਨੂੰ ਵੀ ਉਹਨਾਂ ਤੋਂ ਸੰਗ ਜਿਹੀ ਆਈ । ਕੀ ਸੋਚਦੇ ਹੋਣਗੇ ਉਹ ਕਿ ਅਜੀਬ ਖਬਤੀ ਜਿਹਾ  ਬੰਦਾ ਹੈ ਉਹਨਾਂ ਦਾ ਅਫਸਰ।ਭਲਾ ਏਸ ਨੇ ਬੱਚਿਆ ਦੀ ਲੜਾਈ ਤੋ ਕੀ ਲੈਣਾ ਸੀ । ਮੈ ਆਪਣੇ ਆਪ ਨਾਲ ਫੈਸਲਾਂ ਕੀਤਾ ਕਿ ਅੱਗੇ ਤੋ ਅਜਿਹੀਆਂ ਆਮ ਜਿਹੀਆਂ ਘਟਨਾਵਾਂ ਵਾਪਰਣ ਤੇ ਮੈਂ ਆਪਣੇ ਆਪ ਤੇ ਜ਼ਾਬਤਾ ਰੱਖਾਂਗਾ।ਭਾਵੇਂ ਮੇਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਮੇਰੇ ਅਤੀਤ ਦੇ ਕੰਪਲੈਕਸ ਮੈਨੂੰ ਅਜਿਹਾ ਕਰਨ ਦੇਣਗੇ।
       ਕਈ ਵਾਰ ਸੋਚਦਾ ਹਾਂ ਕਿ ਮੈ ਮਾਨਸਿਕ ਰੋਗੀ ਤਾਂ ਨਹੀਂ ਬਣ ਗਿਆ। ਮੇਰਾ ਆਪਣੇ ਆਪ ਤੇ ਕੰਟਰੋਲ ਘੱਟਦਾ ਜਾ ਰਿਹਾ ਹੈ।ਮੈਂ ਨੋਨੂੰ ਦੀ ਹਰ ਜਿੱਦ ਪੁਗਾਉਣ ਲਈ ਝੱਟ ਤਿਆਰ ਹੋ ਜਾਂਦਾ ਹਾਂ।ਕੁਝ ਦਿਨ ਹੋਏ ਰਿਸ਼ੂੁ ਘਰ ਦੇ ਪਾਰਕ ਵਿਚ ਹਾਈ ਜੰਪ ਲਾਉਣ ਦੀ ਪ੍ਰੈਕਟਿਸ ਕਰ ਰਿਹਾ ਸੀ। ਮੇਰੇ ਅੰਦਰੋਂ ਆਈ ਅਵਾਜ਼ ਨੇ ਮੈਨੂੰ ਪ੍ਰੇਰਿਆ ਕੇ ਮੈਂ ਵੀ ਰਿਸ਼ੂ ਵਾਂਗ ਹੀ ਇਕ ਅੱਧ ਜੰਪ ਲਾ ਕੇ ਵੇਖਾਂ।ਮੇਰੇ ਅਫਸਰੀ ਜਿਹਨ ਨੇ ਮੈਨੂੰ ਇਸ ਗੱਲੋਂ ਵਰਜਿਆ ਵੀਪਰ ਮੈਂ ਤਾਂ ਪੂਰੀ ਤਰ੍ਹਾਂ ਨੋਨੂੰ ਦੇ ਸਮਮੋਹਨ ਵਿਚ ਆ ਚੁੱਕਾ ਸਾਂ।ਇਹ ਤੱਸਲੀ ਕਰਕੇ ਕਿ ਰਿਸ਼ੂ ਤੋ ਇਲਾਵਾ ਮੈਨੂੰ ਕੋਈ ਵੇਖ ਨਹੀਂ ਰਿਹਾਮੈਂ ਵੀ ਭੱਜ ਕੇ ਇਕ ਉੱਚੀ ਛਲਾਂਗ ਲਾ ਦਿੱਤੀ। ਮੈਂਨੂੰ  ਅਜਿਹਾ ਕਰਦਿਆ ਵੇਖ ਕੇ ਰਿਸ਼ੂ ਬਹੁਤ ਖੁਸ਼ ਹੋਇਆ ।
        “ਵੈਲਡਨ ਪਾਪਾ! ਵੈਲਡਨ!” ਰਿਸ਼ੂ ਨੇ ਮੈਨੂੰ ਇਕ ਹੋਰ ਛਲਾਂਗ ਲਾਉਣ ਲਈ ਪ੍ਰੇਰਿਆ।
        “ ਬੱਸ ਆਹੀ ਕਸਰ ਰਹਿ ਗਈ ਸੀ । ਜੇ ਕੋਈ ਵੇਖ ਲਵੇ ਤਾਂ ਕੀ ਕਹੇਗਾ।ਐਸ. ਡੀ. ਐਮ. ਸ਼ਾਹਿਬ ਹੁਣ ਤੁਹਾਡੀ ਉਮਰ ਬੱਚਿਆਂ ਵਾਂਗ ਉਛਲਣ ਕੁੱਦਣ ਦੀ ਨਹੀੰ ਰਹੀ।ਕੀ ਹੋ ਜਾਂਦਾ ਹੈ ਤੁਹਾਨੂੰ ਕਦੇ ਕਦੇਪਤਾ ਨਹੀ ਕਿਹੜੇ ਪਾਸਿੳਂ ਪਤਨੀ ਸਾਹਮਣੇ ਆ ਖਲੋਤੀ ਸੀ ।ਉਸ ਮੇਰੀ ਚੰਗੀ ਕਲਾਸ ਲਾਈ ਤੇ ਇਹ ਸਲਾਹ ਵੀ ਦਿੱਤੀ ਕਿ ਮੈੰ ਕਿਸੇ ਸਾਈਕਾਲੋਜ਼ਿਸਟ ਕੋਲੋਂ ਆਪਣਾ ਇਲਾਜ਼ ਕਰਾਵਾਂ।
         ਡਿਉਟੀ ਤੋਂ ਬਾਦ ਰਿਲੈਕਸ ਮੂੜ ਵਿਚ ਹੋਣ ਤੇ ਵੀ ਮੇਰੇ ਅੰਦਰ ਬੈਠਾਂ ਨੋਨੂੰ ਮੇਨੂੰ ਰਿਲੈਕਸ ਨਹੀਂ ਹੋਣ ਦੇਂਦਾ। ਉਹ ਮੈਨੂੰ ਬਦੋ-ਬਦੀ ਮੇਰੇ ਅਤੀਤ ਵੱਲ ਲੈ ਤੁਰਦਾ ਹੈ।
          “ ਹਰ ਵੇਲੇ ਮੇਰੇ ਮੋਢਿਆ ਤੇ ਬੈਠਾ ਰਹਿੰਦਾ ਐਂ ਕਿਸੇ ਵੇਲੇ ਖਹਿੜਾ ਵੀ ਛੱਡ ਦਿਆ ਕਰ। ਮੈਂ ਉਸ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ।
          “ ਹਾ ਹਾ ਹਾ ਤਾਂ ਸਾਹਿਬ ਹੁਣ ਮੈਥੋਂ ਖਹਿੜਾ ਛਡਾਉਣਾ ਚਾਹੰਦੇ ਨੇ। ਉਹ ਹੱਸ ਪੈਂਦਾ ਹੈ।
           “ਹਾਂ ਚਾਹੁੰਦਾ ਹਾਂ ਤੇਰਾ ਸਾਥ ਮੇਰੇ ਲਈ ਪ੍ਰੇਸ਼ਾਨੀਆ ਹੀ ਖੜੀਆਂ ਕਰਦਾ ਹੈ। ਮੈਂ ਦਲੀਲ ਦੇਂਦਾ ਹਾਂ।
          “ ਤਾਂ ਫਿਰ ਕੋਸ਼ਿਸ਼ ਕਰ ਕੇ ਵੇਖ ਲਵੋਮੇਰੇ ਕੋਲੋਂ ਭੱਜ ਕੇ ਕਿੱਥੇ ਜਾਵੋਗੇ। ਉਹ ਮੈਨੂੰ ਚੈਲਿੰਜ ਜਿਹਾ ਕਰ ਦੇਂਦਾ ਹੈ ਤੇ ਉਸ ਦੇ ਇਸ ਚੈਲਿੰਜ ਵਿਚ ਪੂਰਾ ਆਤਮ ਵਿਸ਼ਵਾਸ ਵੀ ਝਲਕਦਾ ਹੈ।
           ਸੱਚਮੁਚ ਹੀ ਮੇਰੇ ਵਿਚ ਏਨੀ ਜ਼ੁਅਰਤ ਨਹੀਂ ਹੈ ਕਿ ਮੈਂ ਉਸ ਤੋਂ ਭੱਜ ਸਕਾਂ। ਉਸ ਦੀ ਸੰਗਤ ਦਾ ਇਕ ਵੱਡਾ ਫਾਇਦਾ ਵੀ ਹੋਇਆ ਹੈ । ਭਾਵੇਂ ਮੈਂ ਹੋਰ ਅਫਸਰਾਂ ਵਾਂਗ ਮਹਿੰਗੀਆਂ ਕੋਠੀਆਂ ਕਾਰਾਂ ਦਾ ਮਾਲਕ ਨਹੀ ਹਾਂ ਪਰ ਅੱਜ ਮੇਰੀ ਗਿਣਤੀ ਜਿਲੇ੍ਹ ਦੇ ਚੋਣਵੇਂ ਇਮਾਨਦਾਰ ਅਫਸਰਾਂ ਵਿਚ ਹੈ।
           ਨੋਨੂੰ ਨਾਲ ਮੇਰਾ ਕੀ ਰਿਸ਼ਤਾ ਹੈ ,ਉਹ ਮੇਰੇ ਤੇ ਹਾਵੀ ਪ੍ਰਭਾਵੀ ਕਿਉਂ ਰਹਿੰਦਾ ਹੈ?  ਲੱਗਦੀ ਵਾਹ ਮੈ ਇਹ ਗੱਲ ਦੂਜਿਆਂ ਤੋਂ ਛੁਪਾਉਣ ਦੀ ਹੀ ਕੋਸ਼ਿਸ਼ ਕੀਤੀ ਹੈ। ਪਰ ਅਜਿਹਾ ਕਰਦਿਆਂ ਮੈਂ ਮਾਨਸਿਕ ਤੌਰ ਤੇ ਝੰਬਿਆ ਜਾਂਦਾ ਹਾਂ। ਭੱਠ ਪਵੇ ਅਜਿਹੀ ਅਫਸਰੀ ਜਿਹੜੀ ਮੈਨੂੰ ਨੋਨੂੰ ਨਾਲ ਰਿਸ਼ਤਾ ਰੱਖਣ ਤੋ ਵਰਜਦੀ ਹੈ। ਲੳਅੱਜ ਮੈਂ ਤੁਹਾਨੂੰ ਵੀ ਨੋਨੂੰ ਨਾਲ ਮਿਲਾ ਹੀ ਦੇਂਦਾ ਹਾਂ।
 “ ਹਾਂ ਬਈ ਨੋਨੂੰ ਪਹਿਲਵਾਨਾਂ ! ਅੱਜ ਫਿਰ ਦੌੜ ਲਾਉਣ ਦਾ ਇਰਾਦਾ ਹੈ। ਡੀ. ਪੀ. ਈ.ਮਾਸਟਰ ਤਾਰਾ ਸਿੰਘ ਨੇ ਉੱਚੀ ਤਾ ਭੱਦੀ ਜਿਹੀ ਹਾਸੀ ਹੱਸਦਿਆ ਆਪਣਾ ਸਾਰਾ ਜੁਬਾੜਾ ਖੋਲ੍ਹ ਦਿੱਤਾ।
          “ ਜੀ ਜੀ ਜੀ ਨਹੀਂ। ਮਸਾਂ ਹੀ ਟੁੱਟਵੇ ਬੋਲ ਨੋਨੂੰ ਦੇ ਮੂੰਹੋਂ ਨਿਕਲੇ। ਇਕ ਅਣਜਾਣ ਜਿਹੇ ਭੈਅ ਨਾਲ ਉਸਦਾ ਸਾਰਾ ਸਰੀਰ ਕੰਬਣ ਲੱਗ ਪਿਆ ਸੀ।
           “ ਉਏ ਫਿਰ ਆਹ ਡਿਸਕੋ ਡਾਂਸ ਕਿੳੋਂ ਕਰਦੈਂਜਾਹ ਬਹਿ ਜਾ ਮੌਜ਼ ਨਾਲ ਟਾਹਲੀ ਦੀ ਛਾਵੇਂ ਡੀ. ਪੀ. ਈ. ਹੱਸਦਿਆਂ ਹੀ ਸਾਹਮਣੇ ਖੜੀ ਟਾਹਲੀ ਵੱਲ ਇਸ਼ਾਰਾਂ ਕਰ ਦਿੱਤਾ।
           ਅਧਿਆਪਕ ਵੱਲੋਂ ਛੁਟਕਾਰਾ ਮਿਲਣ ਤੇ ਉਸ ਦੇ ਸਾਹ ਵਿਚ ਸਾਹ ਆਇਆ। ਉਸ ਦੇ ਕੁਝ ਜਮਾਤੀ ਕੱਬਡੀ ਖੇਡਣ ਲੱਗ ਪਏ ਤੇ ਕੁਝ ਹੋਰ ਨੇੜਲੇ ਟਰੈਕ ਵਿਚ ਦੌੜਾਂ ਲਾਉਣ ਲੱਗ ਪਏ। ਕਮਜੋਰ ਜਿਹੀਆਂ ਲੱਤਾਂ ਘਸੀਟਦਾ ਉਹ ਟਾਹਲੀ ਦੀ ਛਾਵੇਂ ਜਾ ਬੈਠਾ। ਹੋਰਨਾਂ ਸਾਥੀਆਂ ਨੂੰ ਖੇਡਦੇ ਭੱਜਦੇ ਤੇ ਉਛਲਦੇ ਕੁੱਦਦੇ ਵੇਖ ਕੇ ਉਸ ਦੇ ਮਨ ਤੇ ਕੀ ਬੀਤ ਰਹੀ ਸੀ ਇਹ ਕੇਵਲ ਉਹ ਹੀ ਜਾਣਦਾ ਸੀ। ਕਦੇ ਉਹ ਸੁੱਕ ਕੇ ਤੀਲਾ ਬਣੀਆਂ ਆਪਣੀਆਂ ਮਰੀਅਲ ਜਿਹੀਆ ਲੱਤਾਂ ਵੱਲ ਵੇਖਦਾ ਜੋ ਮੌਕਾ ਪੈਣ ਤੇ ਉਸਦੇ ਸਰੀਰ ਦਾ ਭਾਰ ਚੁੱਕਣੋ ਜੁਆਬ ਦੇ ਜਾਂਦੀਆ ਤੇ ਕਦੇ ਆਪਣੇ ਸਾਥੀਆਂ ਦੇ ਗੋਲ ਮਟੋਲ ਤੇ ਲਿਸ਼ਕਦੇ ਪੱਟਾਂ ਵੱਲ ਵੇਖਣ ਲੱਗਦਾ। ਉਹ ਉਸ ਵਕਤ ਆਪਣੀਆ ਅੱਖਾਂ ਮੀਚ ਕੇ ਕਲਪਣਾ ਜਿਹੀ ਕਰਨ ਲੱਗ ਪੈਂਦਾ ਕਿ ਉਸ ਵਿਚ ਕੋਈ ਦੈਵੀ ਸ਼ਕਤੀ ਆ ਗਈ ਹੈ ਤੇ ਉਹ ਖੇਡ ਮੈਦਾਨ ਵਿਚ ਦੌੜ ਲਾਉਂਦਿਆ ਆਪਣੇ ਹੋਰ ਸਾਥੀਆਂ ਤੋਂ ਬਹੁਤ ਅੱਗੇ ਨਿੱਕਲ ਗਿਆ ਹੈ। ਇਸ ਕਲਪਣਾ ਨਾਲ ਇਕ ਪਲ ਲਈ ਉਸ ਦੇ ਹੋਠਾਂ ਤੇ ਮੁਸ਼ਕਰਾਹਟ ਆ ਜਾਂਦੀ ਪਰ ਅਗਲੇ ਹੀ ਪਲ ਫਿਰ ਉਸ ਨੂੰ ਆਪਣੀ ਤਰਸਯੋਗ ਹਾਲਤ ਦਾ ਅਹਿਸਾਸ ਹੋ ਜਾਂਦਾ।
          ਉਹ ਸੋਚਦਾ ਬਹੁਤ ਸੋਚਦਾ  ਕਿ ਸਕੂਲੀ ਕਿਤਾਬਾਂ ਤਾਂ ਬਚਪਣ ਨੂੰ ਜੀਵਨ ਦਾ ਸੁਨਿਹਰੀ ਕਾਲ ਕਹਿੰਦੀਆਂ ਹਨ ਪਰ ਉਸ ਦੇ ਹਿੱਸੇ ਆਇਆ ਇਹ ਕਾਲ ਤਾਂ ਬਿਲਕੁਲ ਹਨੇਰਾ ਹੈ।ਸੋਕੇ ਦੀ ਨਾ-ਮੁਰਾਦ ਬੀਮਾਰੀ ਨੇ ਉਸ ਤੋਂ ਹੱਸਣ ਖੇਡਣਤੁਰਨ-ਫਿਰਨ ਤੇ ਉਛਲਣ ਕੁੱਦਣ ਦਾ ਅਧਿਕਾਰ ਪੂਰੀ ਤਰਾਂ ਖੋਹ ਲਿਆ ਸੀ।ਕੁਝ ਘਰ ਦੀ ਗਰੀਬੀ ਤੇ ਕੁਝ ਅਗਿਆਨਤਾ ਕਾਰਨ ਠੀਕ ਇਲਾਜ਼ ਨਾ ਹੋਇਆ ਤਾਂ ਉਸ ਦਾ ਸਾਰਾ ਸਰੀਰ ਬੇ-ਹੱਦ ਕੰਮਜੋਰ ਹੋ ਗਿਆ।ਸੋਕੇ ਦੀ ਬਿਮਾਰੀ ਨੇ ਉਸ ਦੀਆ ਲੱਤਾਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਸ਼ਿਕਾਰ ਬਣਾਇਆ।ਉਸ ਦੀ ਅਨਪੜ੍ਹ ਮਾਂ ਕਦੇ ਉਸ ਨੂੰ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਲੈ ਜਾਂਦੀ ਤੇ ਲੋਕਾਂ ਵੱਲੋ ਦੱਸੇ ਘਰੇਲੂ ੳੋਹੜ- ਪੋਹੜ ਕਰਦੀ । ਮਾਂ ਮੱਛੀ ਦੇ ਤੇਲ ਨਾਲ ਉਸ ਦੀਆ ਲੱਤਾਂ ਦੀ ਮਾਲਸ਼ ਕਰਦੀ ਤਾਂ ਦਰਦ ਨਾਲ ਉਸ ਦੀਆਂ ਚੀਕਾਂ ਨਿੱਕਲ ਜਾਂਦੀਆਂ। ਪਰ ਹੋਰਨਾਂ ਬੱਚਿਆਂ ਵਾਂਗ ਤੁਰ ਫਿਰ ਸੱਕਣ ਦੀ ਖਾਹਸ਼ ਅਧੀਨ ਉਹ ਹਰ ਦਰਦ ਸਹਿਣ ਲਈ ਤਿਆਰ ਰਹਿੰਦਾ। ਉਮਰ ਦੇ ਅੱਠਵੇਂ ਵਰੇ੍ਹ ਵਿਚ ਪ੍ਰਵੇਸ਼ ਕਰਨ ਤੇ ਮਾਂ ਦੀਆਂ ਦੁਆਵਾਂ ਰੰਗ ਲਿਆਈਆਂ ਤਾਂ ਉਹ ਧਰਤੀ ਤੇ ਪਹਿਲੀ ਪੁੰਲਾਘ ਪੁੱਟਣ ਵਿਚ ਸਫਲ ਹੋਇਆ।
                ਸੋਕੇ ਦੀ ਬਿਮਾਰੀ ਵੱਲੋਂ ਬਖਸ਼ੇ ਪਤਲੇ ਛੀਟਕੇ ਸਰੀਰ ਸੰਗ ਸਕੂਲੀ ਜੀਵਨ ਵਿਚ ਪ੍ਰਵੇਸ਼ ਪਾਇਆ ਤਾਂ ਉਹ ਅਜੀਬ ਜਿਹੀ ਹੀਣ ਭਾਵਨਾਂ ਦਾ ਸ਼ਿਕਾਰ ਸੀ ।ਉਹ ਹੁਣ ਅਸਾਨੀ ਨਾਲ ਤੁਰ ਫਿਰ ਤਾਂ ਸਕਦਾ ਸੀ ਪਰ ਜਦੋ ਆਪਣੇ ਹਾਣੀ ਜੁਆਕਾਂ ਵਾਂਗ ਖੁਡਣ ਕੁੱਦਣ ਦੀ ਕੋਸ਼ਿਸ਼ ਕਰਦਾ ਤਾ ਸਰੀਰ ਦਾ ਸਤੁੰਲਣ ਵਿਗੜ ਜਾਣ ਕਾਰਨ ਧੜੰਮ ਕਰਕੇ ਹੇਠਾਂ ਡਿੱਗ ਪੈਂਦਾ। ਹੋਰ ਜਮਾਤੀਆਂ ਵਾਂਗ ਖੇਡਣਾ ਕੁੱਦਣਾ ਉਸ ਦੇ ਹਿੱਸੇ ਨਹੀਂ ਸੀ ਆਇਆ । ਸਕੂਲ ਵਿਚ ਪ੍ਰਵੇਸ਼ ਕਰਨ ਦੇ ਪਹਿਲੇ ਹੀ ਦਿਨ ਉਸ ਨੂੰ ਹੋਰ ਬੱਚਿਆ ਦੇ ਹਾਸੇ ਤੇ ਮਜ਼ਾਕ ਦਾ ਪਾਤਰ ਬਨਣਾ ਪੈ ਗਿਆ ਸੀ।ਉਸ ਦੇ ਜਮਾਤੀ ਉਸ ਨੁੰ ਜਾਣ ਬੁੱਝ ਕੇ ਖੇਡਣ ਜਾਂ ਭੱਜਣ ਲਈ ਉਕਸਾਉਂਦੇ ਪਰ ਉਹ ਚੁੱਪ ਰਹਿਣ ਵਿਚ ਹੀ ਆਪਣਾ ਭਲਾ ਸਮਝਦਾ।ਫਿਰ ਵੀ ਉਸਦੇ ਜਮਾਤੀ ਉਸ ਦਾ ਮਜ਼ਾਕ ਉਡਾਉਣ ਲਈ ਕੋਈ ਨਾ ਕੋਈ ਮੌਕਾ ਭਾਲ ਹੀ ਲੈਂਦੇ।
                ਕੁਝ ਸ਼ਰਾਰਤੀ ਜਮਾਤੀ ਉਸਨੂੰ ਨੋਨੂੰ ਪਹਿਲਵਾਨ ਕਹਿ ਕੇ ਵੀ ਚਿੜਾਉਂਦੇ। ਨੋਨੂੰ ਉਸ ਦੀ ਮਾਂ ਵੱਲੋਂ ਰਖਿੱਆ ਨਿੱਕਾ ਨਾਂ ਸੀ ਪਰ ਪਹਿਲਵਾਨ ਸ਼ਬਦ ਉਸ ਦੀ ਛੇੜ ਦਾ ਚਿੰਨ ਬਣ ਕੇ ਰਹਿ ਗਿਆ । ਆਪਣੀ ਸਰੀਰਕ ਕੰਮਜ਼ੋਰੀ ਕਾਰਨ ਉਹ ਉਸਨੂੰ  ਤੰਗ ਪ੍ਰੇਸ਼ਾਨ ਕਰਨ ਵਾਲੇ ਜਮਾਤੀਆਂ ਨੂੰ ਢੁਕਵਾਂ ਜੁਆਬ ਨਾ ਦੇ ਸਕਦਾ ਤਾਂ ਬੇ-ਵਸੀ ਵਿਚ ਰੋਣ ਲੱਗ ਪੈਂਦਾ। ਅਜਿਹੇ ਮੌਕੇ ਤੇ ਕੁਝ ਨਰਮ ਦਿਲ ਜਮਾਤੀ ਉਸ ਨਾਲ ਹਮਦਰਦੀ ਵੀ ਵਿਖਾਉਂਦੇ ਤੇ ਸ਼ਰਾਰਤੀ ਜਮਾਤੀਆ ਨੂੰ ਵਰਜਦੇ ਵੀ। ਠਠਿਆਰਾਂ ਦਾ ਗਿਆਨ ਤਾਂ ਉਸ  ਨਾਲ ਵਧੇਰੇ ਹੀ ਹਮਦਰਦੀ ਨਾਲ ਪੇਸ਼ ਆਉਂਦਾ। ਉਹ ਸਰੀਰੋਂ ਵੀ ਤੱਕੜਾ ਸੀ । ਉਸ ਨੂੰ ਪ੍ਰੇਸ਼ਾਨ ਕਰਨ ਵਾਲੇ ਜਮਾਤੀਆਂ ਨੂੰ ਉਹ ਕੁੱਟਣ ਤੀਕ ਜਾਂਦਾ।ਸਾਰੀ ਜਮਾਤ ਵਿਚੋਂ ਕੇਵਲ ਉਹ ਹੀ ਉਸਦਾ ਦੋਸਤ ਬਣ ਸੱਕਿਆ ਸੀ । ਉਂਝ ਵੀ ਉਹ ਉਸ ਵਾਂਗ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ।ਗਿਆਨ ਤੋਂ ਇਲਾਵਾ ਉਹ ਹਰ ਜਮਾਤੀ ਨਾਲ ਗੱਲ ਕਰਨ ਤੋਂ ਝਿਝਕਦਾ।ਉਸਨੂੰ ਡਰ ਰਹਿੰਦਾ ਕਿ ਪਤਾ ਨਹੀ ਕਿਹੜੇ ਵੇਲੇ ਉਸਦਾ ਕਿਹੜਾ ਜਮਾਤੀ ਉਸ ਦਾ ਮਜ਼ਾਕ ਉੱਡਾ ਦੇਵੇ। ਜਿਸ ਦਿਨ ਗਿਆਨ ਸਕੂਲ ਨਾ ਆਉਂਦਾਉਹ ਸਾਰਾ ਦਿਨ ਸਹਿਮਿਆ ਸਹਿਮਿਆ ਰਹਿੰਦਾ।
               ਇੱਕਲੇ ਗਿਆਨ ਨਾਲ ਵੀ ਉਹ ਆਪਣੇ ਦਿਲ ਦੀਆ ਗੱਲਾਂ ਕਿੰਨਾਂ ਕੁ ਚਿਰ ਕਰ ਸਕਦਾ ਸੀ।ਅਕਸਰ ਉਹ ਆਪਣੇ ਆਪ ਵਿਚ ਹੀ ਗੁਆਚਿਆ ਜਿਹਾ ਰਹਿਣ ਲੱਗ ਪਿਆ।ਉਹ ਹਰ ਸਮੇ ਜਾਂ ਤਾਂ ਗੁੰਮ ਸੁੰਮ ਹੋਇਆ ਕੁਝ ਸੋਚਦਾ ਰਹਿੰਦਾ ਜਾਂ ਕਈ ਤਰਾਂ ਦੀਆ ਕਲਪਨਾਵਾਂ ਕਰਦਾ ਰਹਿੰਦਾ।ਆਪਣੀ ਕਲਪਣਾ ਵਿਚ  ਉਹ ਅਜਿਹੇ ਦ੍ਰਿਸ ਸਿਰਜਦਾ ਕਿ ਉਹ ਸ਼ਹਿਰ ਦਾ ਸੱਭ ਤੋਂ  ਧਨਾਢ ਬੰਦਾ ਬਣ ਗਿਆ ਹੈ ਤੇ ਉਸ ਦੇ ਹਾਣੀ ਜਮਾਤੀ ਆਪਣੀਆਂ ਲੋੜਾਂ ਪੂਰੀਆ ਕਰਨ ਲਈ ਉਸ ਨੂੰ ਝੁਕ ਝੁਕ ਕੇ ਸਲਾਮਾਂ ਕਰ ਰਹੇ ਹਨ। ਕਲਪਣਾ ਹੀ ਕਲਪਣਾ ਵਿਚ ਉਹ ਕੁਝ ਜਮਾਤੀਆਂ ਨੂੰ ਕੌੜਾ ਕਰਾਰਾ ਵੀ ਬੋਲਦਾ ਤੇ ਕੁਝ ਨੂੰ ਹਾੜੇ ਜਿਹੇ ਕੱਢਦੇ ਵੇਖ ਕੇ ਸੁਆਦ ਲੈਂਦਾ ਰਹਿੰਦਾ।ਇਸ ਵੇਲੇ ਉਸ ਦੀ ਕਲਪਣਾ ਸ਼ਕਤੀ ਉਸ ਨੂੰ ਵੱਡਾਂ ਅਫਸਰ ਵੀ ਬਣਾ ਦੇਂਦੀ ਪਰ ਉਸ ਦੇ ਫਰਿਆਦੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਜਮਾਤੀ ਹੀ ਹੁੰਦੇ।
                ਜਿਉਂ ਜਿਉਂ ਉਹ ਉਪਰਲੀਆਂ ਕਲਾਸਾਂ ਵਿਚ ਚੜ੍ਹਦਾ ਜਾਂਦਾ ਉਸ ਅੰਦਰਲੀ ਹੀਣ ਭਾਵਨਾਂ ਵੱਧਦੀ ਜਾਂਦੀ। ਇਹ ਹੀਣ ਭਾਵਨਾਂ ਹਰ ਕਲਾਸ ਵਿਚ ਨਵੇਂ ਰੰਗ ਵਟਾਉਂਦੀ । ਛੇਵੀਂ ਜਮਾਤ ਵਿਚ ਪ੍ਰਵੇਸ਼ ਪਾਇਆ ਤਾਂ ਇਕ ਵਿਸ਼ੇਸ਼ ਪੀਰੀਅਡ ਖੇਡਾਂ ਦਾ ਵੀ ਲੱਗਣਾ ਸ਼ੂਰੂ ਹੋ ਗਿਆ।ਇਹ ਪੀਰੀਅਡ ਉਸ ਨੂੰ ਸੱਭ ਤੋ ਵੱਧ ਮਾਨਸਿਕ  ਕਸ਼ਟ ਪਹੁੰਚਾਉਂਦਾ ਸੀ। ਉਸ ਆਪਣੇ ਦੌੜ ਨਾ ਸਕਣ ਦੀ ਸੱਮਸਿਆ ਡੀ.ਪੀ. ਈ. ਮਾਸਟਰ ਤਾਰਾ ਸਿੰਘ ਨੂੰ ਦੱਸੀ ਪਰ ਅੜਬ ਕਿਸਮ ਦਾ ਡੀ. ਪੀ. ਈ. ਇਸ ਜਿੱਦ ਤੇ ਅੜ੍ਹ ਗਿਆ ਕੇ ਖੇਡਾ ਦਾ ਪੀਰੀਅਡ ਹੈ ਤਾਂ ਉਸ ਨੂੰ ਖੇਡਣਾ ਹੀ ਪਵੇਗਾ।
             “ ਕਿੱਤੇ ਨੀ ਤੈਨੂੰ ਮਨੋਂ ਪੈਂਦੀ  ਐਵੇਂ ਬਹਾਨੇ ਨਾ ਕਰ। ਡੀ.ਪੀ. ਈ. ਨੇ ਉਸ ਨੂੰ ਝਿੜਕਦਿਆਂ ਦੌੜਣ ਲਈ ਮਜ਼ਬੂਰ ਕੀਤਾ ਤਾਂ ਦੋ ਤਿੰਨ ਪੁੰਲਾਘਾਂ ਬਾਦ ਹੀ ਉਹ ਹੇਠਾਂ ਡਿੱਗ ਪਿਆ।ਸੱਟ ਲੱਗਣ ਕਾਰਨ ਉਸ ਦੀਆ ਕੂਹਣੀਆਂ ਵਿਚੋ ਖੂਨ ਸਿੰਮਣ ਲਗਾ। ਉਸ ਨੂੰ ਅੱਖਾਂ ਜਿਹੀਆਂ ਬੰਦ ਕਰਦਿਆਂ ਵੇਖ ਕੇ ਡੀ. ਪੀ. ਈ. ਡਰ ਗਿਆ।ਡੀ.ਪੀ.ਈ. ਨੇ ਮੁੰਡਿਆਂ ਤੋ ਪਾਣੀ ਮੰਗਵਾ ਕੇ ਉਸ ਨੂੰ ਪਿਲਾਇਆ ਤਾਂ ਉਸ ਦੀ ਸੁਰਤ ਕੁਝ ਸੰਭਲੀ।
          ਉਸ ਦਿਨ ਤੋਂ ਬਾਦ ਕਦੇ ਡੀ. ਪੀ. ਈ. ਨੇ ਉਸ ਨੂੰ ਦੌੜਣ ਲਈ ਤਾਂ ਮਜ਼ਬੂਰ ਨਾ ਕੀਤਾ ਪਰ ਹਰੇਕ ਨਾਲ ਮਜ਼ਾਕ ਕਰਨ ਦੀ ਆਦਤ ਤੋਂ ਬਾਜ਼ ਨਾ ਆਉਦਿਆਂ ਉਹ ਉਸਨੂੰ ਪੁੱਛਣੋ ਨਾਂ ਹੱਟਦਾ ਕਿ ‘ ਫਿਰ ਦੌੜ ਲਾਉਣੀ ਹੈ ਜਾਂ ਨਹੀ ,ਜਦੋਂ ਡੀ,ਪੀ,ਮਾਸਟਰ ਵੀ ਉਸਦੇ ਜਮਾਤੀਆ ਵਾਂਗ ਉਸ ਨੂੰ ਨੋਨੂੰ ਪਹਲਿਵਾਨ ਕਹਿ ਦੇਂਦਾ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ।ਇਸ ਅਧਿਆਪਕ ਲਈ ਉਸ ਦੇ ਦਿਲ ਵਿਚ ਰੱਤੀ ਭਰ ਵੀ ਸਤਿਕਾਰ ਨਹੀਂ ਸੀਸਗੋਂ ਨਫਰਤ ਹੀ ਨਫਰਤ  ਸੀ। ਹੁਣ ਉਹ ਆਪਣੀ ਕਲਪਣਾ ਵਿਚ  ਇਸ ਮਾਸਟਰ ਨੂੰ ਬਿਮਾਰ ਹੋਇਆ ਵੀ ਵੇਖਣ ਦੀ ਇਛਾ ਵੀ ਰੱਖਣ ਲੱਗ ਪਿਆ ਸੀ ਤੇ ਕਿਸੇ ਵੇਲੇ ਉਸ ਨੂੰ ਐਕਸੀਡੈਂਟ ਦਾ ਸ਼ਿਕਾਰ ਵੀ ਬਣਾ ਦੇਂਦਾ ਸੀ।ਸਾਰੀ ਸਕੂਲੀ ਪੜਾਈ ਦੌਰਾਨ ਉਸ ਦੀ ਇਹ ਤੀਬਰ ਇੱਛਾ ਰਹੀ ਕੇ ਡੀ.ਪੀ.ਈ. ਦੀ ਇਕ ਲੱਤ ਜ਼ਰੁਰ ਟੁੱਟ ਜਾਵੇ ਤਾ ਜੋ ਉਸ ਨੂੰ ਮੁੜ ਦੌੜਣ ਲਈ ਛੇੜ ਨਾ ਸਕੇ।
            ਸਕੂਲ ਵਿਚ ਲੱਗਦੇ ਅੱਠ ਪੀਰੀਅਡਾਂ ਵਿਚੋਂ ਜੇ ਕੋਈ ਪੀਰੀਅਡ ਉਸ ਨੂੰ ਮਾਨਸਿਕ ਰਾਹਤ ਦੇਂਦਾ ਸੀ ਤਾਂ ਉਹ ਸੀਪੰਜਾਬੀ ਭਾਸ਼ਾ ਦਾ ਪੀਰੀਅਡ। ਪੰਜਾਬੀ ਵਿਸ਼ੇ ਵਿਚੋਂ ਹੁਸ਼ਿਆਰ ਹੋਣ ਕਾਰਨ ਉਹ ਗਿਆਨੀ ਮਾਸਟਰ ਦਾ ਵਿਸ਼ੇਸ਼ ਚਹੇਤਾ ਬਣਿਆ ਹੋਇਆ ਸੀ।ਸਕੂਲ ਦੇ ਸਾਰੇ ਮਾਸਟਰਾਂ ਨਾਲੋ ਉਹ ਗਿਆਨੀ ਮਾਸਟਰ  ਦਾ ਹੀ ਵੱਧ ਸਤਿਕਾਰ ਕਰਦਾ।ਉਸ ਦੇ ਹਮੇਸ਼ਾ ਚੁਪ ਚਾਪ ਰਹਿਣ ਤੇ ਕਦੇ ਕਦਾਈਂ ਕੋਈ ਗੰਭੀਰ ਜਿਹੀ ਗੱਲ ਕਰ ਦੇਣ ਦੇ ਸੁਭਾਅ ਵੱਲ ਵੇਖਦਿਆ ਇਕ ਦਿਨ ਗਿਆਨੀ ਮਾਸਟਰ ਨੇ ਸੁਭਾਵਿਕ ਹੀ ਕਹਿ ਦਿੱਤਾ-ਇਹ ਮੰੁਡਾ ਜ਼ਰੂਰ ਹੀ ਵੱਡਾ ਹੋ ਕੇ ਕੋਈ ਲੇਖਕ ਜਾਂ ਫਿਲਾਸਫਰ ਬਣੇਗਾ” । ਭਾਵੇਂ ਅਧਿਆਪਕ ਨੇ ਇਹ ਗੱਲ ਹਾਸੇ ਵਿਚ ਹੀ  ਕਹੀ ਹੋਵੇ ਪਰ ਉਸ ਦੇ ਦਿਲ ਨੂੰ ਪੂਰੀ ਤਰਾਂ ਭਾਅ ਗਈ । ਉਸ ਮਨ ਹੀ ਮਨ ਫੈਸਲਾ ਲੈ ਲਿਆ ਕਿ ਉਹ ਵੱਡਾ ਹੋ ਕੇ ਲੇਖਕ ਤੇ ਕੇਵਲ ਲੇਖਕ ਹੀ ਬਣੇਗਾ।ਹੁਣ ਉਸ ਦੀ ਕਲਪਣਾ ਵਿਚ ਉਹ ਦ੍ਰਿਸ਼ ਵੀ ਸ਼ਾਮਿਲ ਹੋ ਗਏ ਕੇ ਉਹ ਬਹੁਤ ਵੱਡਾ ਲੇਖਕ ਬਣ ਗਿਆ ਹੈ ਤੇ ਉਸ ਦਾ ਮਜਾਕ ਉਡਾਉਂਦੇ ਰਹੇ ਜਮਾਤੀ ਉਸ ਨਾਲ ਦੋਸਤੀ ਕਰਨ ਲਈ ਉਤਾਵਲੇ ਹਨ।
             ਗਿਆਨੀ ਅਮਰਜੀਤ ਸਿੰਘ ਨੇ ‘ ਮੇਰਾ ਜੀਵਨ ਨਿਸ਼ਾਨਾ’ ਵਿਸ਼ੇ ਤੇ ਲੇਖ ਲਿਖਾਉਦਿਆਂ ਹਰੇਕ ਜਮਾਤੀ ਨੂੰ ਅਲਗ ਅਲਗ ਕਰਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦਾ ਜੀਵਨ ਨਿਸ਼ਾਨਾ ਕੀ ਹੈਕਿਸੇ  ਵਿਦਿਆਰਥੀ  ਨੇ ਇੰਜਨੀਅਰ ਬਨਣ ਦੀ ਇੱਛਾ ਪ੍ਰਗਟਾਈ ਤਾਂ ਕੋਈ ਡਾਕਟਰ ਬਣ ਕੁ ਖੁਸ਼ ਸੀ। ਕੋਈ ਸਫਲ ਕਿਸਾਨ ਬਨਣਾ ਚਾਹੂੰ ਦਾ ਸੀ ਤਾਂ ਕੋਈ ਉੱਘਾ ਖਿਡਾਰੀ ।ਜਦੋ ਉਸ ਦੀ ਵਾਰੀ ਆਈ ਤਾਂ ਉਸ ਬੜੇ ਆਤਮ ਵਿਸ਼ਵਾਸ ਨਾਲ ਕਹਿ ਦਿੱਤਾ ਕਿ ਉਹ ਲੇਖਕ ਹੀ ਬਨਣਾ ਚਾਹੇਗਾ।ਉਸ ਦੀ ਗੱਲ ਸੁਣ ਕੇ ਗਿਆਨੀ ਮਾਸਟਰ ਉੱਚੀ ਸਾਰੀ ਹੱਸ ਪਿਆ । ਅਧਿਆਪਕ ਨੂੰ ਹੱਸਦਿਆ ਵੇਖ ਕੇ ਸਾਰੀ ਜਮਾਤ ਹੀ ਉਸ ਦੇ ਹਾਸੇ ਵਿਚ ਸ਼ਾਮਿਲ ਹੋ ਗਈ।
        ‘ ਸ਼ਾਬਸ਼ ! ਮੇਰਾ ਅਸ਼ੀਰਵਾਦ ਤੇਰੇ ਨਾਲ ਹੈ।ਤੂੰ ਜ਼ਰੂਰ ਆਪਣੇ ਮਕਸਦ ਵਿਚ ਕਾਮਯਾਬ ਹੋਵੇਂਗਾ। ਤੂੰ ਯਾਰ ਸੱਚ ਮੁਚ ਪਹਿਲਵਾਨ ਏਂ ਆਪਣੀ ਅਕਲ ਤੇ ਮਿਹਨਤ ਨਾਲ ਤੂੰ ਕਈਆ ਦੀ ਪਿੱਠ ਲੁਆ ਸਕਦਾ ਹੈਂ। ਪੰਜਾਬੀ  ਮਾਸਟਰ ਨੇ ਉਸ ਦੀ ਪਿੱਠ ਥਾਪੜੀ । ਆਪਣੇ ਚਹੇਤੇ ਅਧਿਆਪਕ ਦੇ ਮੂੰਹੋਂ ਨਿਕਲਿਆ ਪਹਿਲਵਾਨ ਸ਼ਬਦ ਉਸ ਨੂੰ ਬੁਰਾ ਨਾ ਲੱਗਾਸਗੋਂ ਉਹ ਹੋਰ ਵੀ ਉਹਨਾਂ ਦਾ ਸ਼ਰਧਾਲੂ ਬਣ ਗਿਆ।
           ਦੱਸਵੀਂ  ਜਮਾਤ ਤੀਕ ਅਪੜਦਿਆਂ ਉਸ ਦੇ ਸਰੀਰ ਵਿਚ ਵੀ ਸਹਿਜੇ ਸਹਿਜੇ ਜਾਣ ਪੈਣ ਲੱਗੀ।ਕਾਲਜ਼ ਅਪੜਦਿਆਂ ਤੀਕ ਭਾਵੇਂ ਸਰੀਰਕ ਪੱਖੋਂ ਉਹ ਕੰਮਜੋਰ ਹੀ ਵਿਖਾਈ ਦੇਂਦਾ ਸੀ ਪਰ ਪਹਿਲਾਂ ਦੇ ਮੁਕਾਬਲੇ ਉਹ ਆਪਣੀ ਹੀਣ ਭਾਵਨਾਂ ਤੇ ਕਾਫੀ ਕਾਬੂ ਪਾ ਚੁੱਕਾ ਸੀ ।ਆਪਣੀ ਇੱਕਲਤਾ ਤੋਂ ਛੁਟਕਾਰਾ ਪਾਉਣ ਲਈ ਉਸ ਲਈ ਕਾਲਜ਼ ਦੀ ਲਾਇਬਰੇਰੀ ਰਾਮ ਬਾਣ ਸਿੱਧ ਹੋਈ।
          
   ਮੈਂ ਐਸ. ਡੀ. ਐਮ. ਨਰਿੰਦਰ ਕੁਮਾਰ ਖੁਰਾਨਾ ਹੁਣ ਸੂਬੇ ਦਾ ਜਾਣਿਆ ਪਹਿਚਾਣਿਆ ਤੇ ਇਮਾਨਦਾਰ ਦਿੱਖ ਵਾਲਾ ਅਫਸਰ ਹੀ ਨਹੀਂ ਹਾ ਸਗੋਂ ਸਾਹਿਤ ਦੇ ਖੇਤਰ ਵਿਚ ਵੀ ਮੇਰਾ ਚੰਗਾ ਨਾਂ ਥਾਂ ਹੈ ।ਮੇਰੇ ਛੇ ਕਾਵਿ ਸੰਗ੍ਰਹਿ ਤੇ ਤੇ ਤਿੰਨ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ । ਮੇਰੇ ਨਵੇਂ ਕਾਵਿ ਸੰਗ੍ਰਹਿ ਨੂੰ ਪਿਛੱਲੇ ਸਾਲ ਸਾਹਿਤ ਅਕਾਦਮੀ ਦਾ ਪੁਰਸ਼ਕਾਰ ਵੀ ਮਿਲ ਚੁੱਕਾ ਹੈ। ਹੁਣ ਮੇਰੇ ਪਾਠਕ ਕੇਵਲ ਦੇਸ਼  ਵਿਚ ਹੀ ਨਹੀਂ ਸਗੋ ਵਿਦੇਸ਼ਾਂ ਵਿਚ ਵੀ ਮੌਜੂਦ ਨੇ ।ਮੈਨੂੰ ਲੇਖਕ ਬਨਣ ਦੀ ਪ੍ਰੇਰਣਾ ਦੇਣ ਵਾਲੇ ਗਿਆਨੀ ਮਾਸਟਰ ਅਮਰਜੀਤ ਸਿੰਘ ਭਾਵੇਂ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਪਰ ਮੇਰੀਆ ਯਾਦਾਂ ਵਿਚ ਉਹ ਅਮਰ ਨੇ। ਉਹ ਸਾਹਮਣੇ ਕੰਧ ਤੇ ਲੱਗੀ ਹਾਰ ਵਾਲੀ ਫੋਟੋਮੇਰੇ ਸਤਿਕਾਰਯੋਗ ਅਧਿਆਪਕ ਦੀ ਹੈ । ਮੇਰਾ ਜਮਾਤੀ ਗਿਆਨ ਅੱਜ ਵੀ  ਮੇਰਾ ਦੋਸਤ ਹੈ।ਮੈਂ ਉਸ ਨੂੰ ਆਪਣੇ ਰਸੂਖ ਨਾਲ ਆਪਣੇ ਹੀ ਦਫਤਰ ਵਿਚ ਕਲਰਕ ਰੱਖਵਾ ਦਿੱਤਾ ਹੈ। ਦਫਤਰ ਵਿਚ ਉਹ ਮੇਰੇ ਨਾਲ ਮੇਰੇ ਅਧੀਨ ਕਰਮਚਾਰੀ ਵਜੋਂ ਹੀ ਵਿਚਰਦਾ ਹੈ ਪਰ ਦਫਤਰ ਤੋ ਬਾਦ ਮੈਂ ਉਸ ਨਾਲ ਆਪਣੇ ਦਿਲ ਦੀ ਹਰ ਗੱਲ ਪਹਿਲਾਂ ਵਾਂਗ ਹੀ ਕਰ ਲੈਂਦਾ ਹਾਂ।
        ਮੈਨੂੰ ਉਚੇ  ਰੁਤਬੇ ਤੇ ਪਹੁੰਚਾਉਣ ਵਿਚ ਮੇਰੀ ਅਨਪੜ੍ਹ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ।ਸੀਮਤ ਆਮਦਨੀ ਵਾਲੇ ਮੇਰੇ ਪਿਤਾ ਨੇ ਤਾਂ ਮੇਰੇ ਦੱਸਵੀ ਕਰ ਲੈਣ ਤੋਂ ਬਾਦ ਹੀ ਮੈਂਨੂੰ ਅੱਗੇ ਪੜ੍ਹਾਉਣ ਤੋਂ ਜੁਆਬ ਦੇ ਦਿੱਤਾ ਸੀ । ਮੇਰੀ ਮਾਂ   ਨੇ ਹੀ ਲੋਕਾਂ ਦੇ ਕਪੜੇ ਸਿਉਂ ਕੇ ਮੇਰੇ ਕਾਲਜ਼ ਦੀਆ ਫੀਸਾਂ ਭਰੀਆਂ। ਮਾਂ ਦੇ ਵਿਸ਼ਵਾਸ਼ ਤੇ ਖਰਾ ਉਤਰਣ ਲਈ ਮੈਂ ਵੀ ਪੂਰੀ ਮਿਹਨਤ ਕੀਤੀ। ਮੈ ਆਪਣਾ ਵਿਹਲਾ ਸਮਾਂ ਕਾਲਜ਼ ਦੇ ਹੋਰ ਸਾਥੀਆਂ ਵਾਂਗ ਗੱਪਾਂ ਮਾਰ ਕੇ ਨਹੀਂ ਬਿਤਾਇਆ ਸਗੋਂ ਦਿਨ ਰਾਤ ਮਿਹਨਤ ਕਰਕੇ ਹਰ ਕਲਾਸ ਵਿਚੋਂ ਟੌਪ ਕਰਦਾ ਰਿਹਾ।ਮੇਰੇ ਅੰਦਰਲੇ ਨੋਨੂੰ ਪਹਿਲਵਾਨ ਨੇ ਵੀ ਮੈਨੂੰ ਜਿੰਦਗੀ ਵਿਚ ਸਫਲ ਬਣਾਉਣ ਲਈ ਪੂਰੀ ਵਾਹ ਲਾਈ।ਉਹ ਮੈਂਨੂੰ ਵਾਰ ਵਾਰ ਵੰਗਾਰਦਾ ਰਿਹਾ ਕੇ ਮੈਂ ਜ਼ਮਾਨੇ ਅੱਗੇ ਸਾਬਤ ਕਰਾਂ ਕਿ ਸਰੀਰਕ ਕਮੰਜ਼ੋਰੀ ਵਾਲੇ ਲੋਕ ਵੀ ਆਪਣੀ ਅਕਲ ਤੇ ਲਗਨ ਨਾਲ ਜਿੰਦਗੀ ਦੀ ਦੌੜ ਜਿੱਤ ਸਕਦੇ ਨੇ।
         ਹੁਣ ਵੀ ਨੋਨੂੰ ਮੇਰੇ ਵਿਅਕਤੀਤਵ ਤੇ ਮੇਰੀ ਅਫਸਰੀ ਦਾ ਵਧੇਰੇ ਪ੍ਰਭਾਵ ਨਹੀਂ ਪੈਣ ਦੇਂਦਾ। ਹੋਰਨਾਂ ਅਫਸਰਾਂ ਨੂੰ ਦੋ ਨੰਬਰ ਦੀ ਕਮਾਈ ਕਰਦਿਆ ਵੇਖਦਾ ਹਾਂ ਤਾਂ ਪਲ ਦੋ ਪਲ ਲਈ ਮੈਂ ਵੀ ਦੁਬਿਧਾ ਵਿਚ ਪੈ ਜਾਂਦਾ ਹਾਂ ।ਇਸ ਸਮੇਂ ਨੋਨੂੰ ਹੀ ਮੈਨੂੰ ਦੁਬਿਧਾ ਵਿਚੋਂ ਕੱਢਦਾ ਹੈ ਤੇ ਸਖਤੀ ਨਾਲ ਵਰਜਦਾ ਹੈ ਕਿ ਮੈਂ ਕਿਸੇ ਹੋਰ ਨੋਨੂੰ ਨਾਲ ਜਿਆਦਤੀ ਨਾਂ ਕਰਾਂ
        ਜਦੋਂ ਮੇਰਾ ਰਿਸ਼ੂ ਖੇਡ ਕੁੱਦ ਰਿਹਾ ਹੋਵੇ ਤਾਂ ਮੇਰੇ ਅੰਦਰਲੇ ਨੋਨੂੰ ਨੂੰ ਵਿਸ਼ੇਸ਼ ਲੁਤਫ ਆਉਂਦਾ ਹੈ। ਜਦੋਂ ਉਹ ਹਾਕੀ ਫੁਟਬਾਲ ਤੇ ਦੌੜਾਂ ਵਰਗੀਆਂ ਖੇਡਾਂ ਵਿਚ ਭਾਗ ਲੈਂਦਾ ਹੈ ਤਾਂ ਮੈਂਨੂੰ ਲੱਗਦਾ ਹੈ ਕਿ ਮੇਰੇ ਅੰਦਰਲਾ ਕੋਈ ਖਲਾਅ ਭਰ ਰਿਹਾ ਹੈ।
        ਅੱਜ ਰਿਸ਼ੂ ਫੇਰ ਸਕੂਲ ਵਲੋਂ ਜਿਲ੍ਹਾ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣ ਲਈ ਬਠਿੰਡੇ ਗਿਆ ਹੈ। ਮੈਂ ਘੰਟੇ ਭਰ ਤੋਂ ਉਸ ਦੀ ਵਾਪਸੀ ਦੀ ੳਡੀਕ ਕਰ ਰਿਹਾ ਹਾਂ ।ਮੇਰੀ ਪਤਨੀ ਵੀ ਉਸਦੇ ਲੇਟ ਹੋ ਜਾਣ ਕਾਰਣ ਬੇਚੈਨ ਜਿਹੀ ਇੱਧਰ- ਉਧਰ ਗੇੜੇ ਕੱਢ ਰਹੀ ਹੈ।
       “ ਡੈਡੀਕਾਂਗਰਚੂਲੇਸ਼ਨ! ਤੁਹਾਡੇ ਬੇਟੇ ਨੇ ਸਾਰੀਆਂ ਦੌੜਾਂ ਵਿਚ ਜਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਦੌੜਾਂ ਦੀ ੳਵਰ ਹਾਲ ਟਰਾਫੀ ਵੀ ਮੈਨੂੰ ਹੀ ਹਾਸਿਲ ਹੋਈ ਹੈ। ਅਚਾਣਕ ਹੀ ਇਕ ਵੱਡੀ ਤੇ ਚਮਕਦਾਰ ਟਰਾਫੀ ਹੱਥ ਵਿਚ ਫੜੀ  ਰਿਸ਼ੂ ਸਾਡੇ ਸਾਹਮਣੇ ਆ ਖੜਾ ਹੋਇਆ ਹੈ। ਮੇਰੀ ਪਤਨੀ ਉਸ ਵੱਲ ਬਲਿਹਾਰ ਜਾਣ ਵਾਲੀਆ ਨਜ਼ਰਾ ਨਾਲ ਵੇਖ ਰਹੀ ਹੈ।
      “  ਹਿੱਪ! ਹਿੱਪ! ਹੁਰਰੇ!  ਮੇਰਾ  ਨੋਨੂੰ ਜਿਲਾ੍ਹ ਜਿੱਤ ਗਿਆ ਐ। ਮੇਰੇ ਵੱਲੋਂ ਤੈਨੂੰ ਤੇ ਤੇਰੀ ਮੰਮੀ ਨੂੰ ਸੀਪਲ ਵਿਚ ਗਰੈਂਡ ਪਾਰਟੀ” । ਆਪਣਾ ਅਫਸਰੀ ਜ਼ਾਬਤਾ ਭੁੱਲ ਕੇ ਮੈਂ ਬੱਚਿਆਂ ਵਾਂਗ ਰੀਐਕਸ਼ਨ ਕਰ ਰਿਹਾ ਹਾਂ ਪਰ ਅੱਜ ਮੇਰੀਆਂ ਹਰਕਤਾਂ ਤੇ ਪਤਨੀ ਨੇ ਕੋਈ ਇਤਰਾਜ਼ ਨਹੀਂ ਕੀਤਾ।
            “ਡੈਡੀ! ਇਹ ਨੋਨੂੰ ਕੌਣ ਐ?” ਰਿਸ਼ੂ ਨੇ ਹੈਰਾਨੀ ਨਾਲ ਮੈਥੌਂ ਪੁੱਛਿਆ ਹੈ।
             “ ਤੂੰ ਹੀ ਮੇਰਾ ਨੋਨੂੰ ਐਂ ਬੇਟੇ। ਮੈਂ ਰਿਸ਼ੂ ਨੂੰ ਆਪਣੀਆਂ ਬਾਹਾਂ ਵਿਚ ਭਰ ਲਿਆ ਹੈ। ਮੇਰੀਆਂ ਅੱਖਾਂ ਵਿਚ ਖੁਸ਼ੀ ਭਰੇ ਹੰਝੂ ਤੈਰ ਰਹੇ ਹਨ।

    ਪਿੰਡ ਤੇ ਡਾਕ- ਬੋਹਾਜਿਲ੍ਹਾ ਮਾਨਸਾ(ਪੰਜਾਬ)
                                    ਮੁਬਾਈਲ : 89682- 82700

No comments: