ਅਮਰੀਕਾ ਸਰਕਾਰ ਨੂੰ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਅਪੀਲ
www.sabblok.blogspot.com
ਵਿਸਕਾਨਸਿਨ ਗੁਰਦੁਆਰਾ ਗੋਲੀਕਾਂਡ ਤੋਂ ਬਾਅਦ ਅਮਰੀਕਾ ਸਰਕਾਰ ਵੱਲੋਂ ਸੁਰੱਖਿਆ ਯਕੀਨੀ ਬਣਾਉਣ ਦੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਗੁਰਦੁਆਰਾ ਮੈਂਬਰ ਦਲਬੀਰ ਸਿੰਘ ਦੀ ਹੱਤਿਆ ਕੀਤੇ ਜਾਣ ਕਾਰਨ ਸਿੱਖ ਜਥੇਬੰਦੀਆਂ ਚਿੰਤਤ ਹਨ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਤੁਰੰਤ ਹਰਕਤ ਵਿੱਚ ਆਵੇ।ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਅਮਰੀਕਾ ਸਰਕਾਰ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਕਾਰਵਾਈ ਕਰੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਚਾਰਾਜੋਈ ਕਰੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਘਟਨਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਪੂਰੀ ਸੁਹਿਰਦਤਾ ਨਾਲ ਇਸ ਮਸਲੇ ਨੂੰ ਲੈਣ ਅਤੇ ਕੂਟਨੀਤਕ ਸਬੰਧਾਂ ਦੀ ਵਰਤੋਂ ਕਰਦਿਆਂ ਅਮਰੀਕਾ ਸਰਕਾਰ ’ਤੇ ਦਬਾਅ ਬਣਾ ਕੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ। ਉਨ੍ਹਾਂ ਰੋਸ ਪ੍ਰਗਟਾਇਆ ਕਿ ਭਾਰਤ ਸਰਕਾਰ ਸਿੱਖਾਂ ਦੇ ਮਸਲਿਆਂ ਪ੍ਰਤੀ ਸੁਹਿਰਦ ਨਹੀਂ ਹੈ।ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਅਮਰੀਕਾ ਦੀ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ। ਇਸੇ ਦੌਰਾਨ ਅਮਰੀਕਾ ਦੀ ਸਿੱਖ ਜਥੇਬੰਦੀ ਯੂਨਾਈਟਿਡ ਸਿੱਖਸ ਨੇ ਜਾਰੀ ਬਿਆਨ ਰਾਹੀਂ ਆਖਿਆ ਕਿ ਸਿੱਖਾਂ ਦੀ ਪਛਾਣ ਹੀ ਉਨ੍ਹਾਂ ਲਈ ਮੌਤ ਦਾ ਕਾਰਨ ਬਣ ਰਹੀ ਹੈ।ਦਲ ਖਾਲਸਾ ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਓਬਾਮਾ ਸਰਕਾਰ ਨੂੰ ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
No comments:
Post a Comment