jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 2 December 2011

ARTICLE AND STORIES .....SECTION



pMjwbI khwxI


ਧੁੱਪ-ਛਾਂ

ਲਾਲ ਸਿੰਘ ਦਸੂਹਾ
ਪਿੰਡ ਨੂੰ ਅਲਵਿਦਾ ਆਖ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ , ਹੁਣ ਤੱਕ ਤੀਜਾ ਮਕਾਨ ਬਦਲ ਚੁੱਕਾ ਹਾਂ । ਪਹਿਲਾਂ ਮਕਾਨ ਚੁੰਗੀਓ ਬਾਹਰ ਬਣੀ ਬਸਤੀ ਵਿਚ ਇਕੋ ਇਕ ਕਮਰਾ ਸੀ । ਅੱਗੋ ਵਿਹੜਾ ਨਾ ਬਰਾਂਡਾ  ।
ਉਂਝ ਵਿਹੜਾ ਸੀ ਵੀ ਨਿੱਕਾ ਜਿਹਾ ਹਾਤੇ ਵਰਗਾ । ਦਸਾਂ ਕਰਾਏਦਾਰਾਂ ਲਈ ਸਾਂਝਾ । ਸਾਰੇ ਟੱਬਰ ਆਪੋ ਵਿਚ ਦੀ ਰੋਲ-ਗਦੋਲਾ । ਕਿਸੇ ਦੀ ਜੁੱਤੀ ਕਿਸੇ ਤਾ ਬੂਹੇ ਅੱਗੇ । ਕਿਸੇ ਦਾ ਕਪੜਾ ਕਿਸੇ ਦੇ । ਕਿਸੇ ਦਾ ਨਿਆਣਾ ਕਿਧਰੇ ਹੱਗ ਛੱਡਦਾ । ਕਿਸੇ ਦਾ ਖੰਗਾਰ ਕਿਧਰੇ ਪਿਆ ਹੁੰਦਾ । ਇਕ ਦਾ ਗਾਲੀ-ਗਲੋਚ ਦਸਾਂ ਕੁਆਟਰਾਂ ਤੱਕ ਪਹੁੰਚਦਾ  । ਵਿਚਕਾਰ ਇਕ ਨਲਕਾ । ਉਹ ਵੀ ਨਿਰਾ ਢੀਚਕ-ਢੀਚਕ ਦਾਤਨ-ਕੁਰਲਾ ,ਨੱਕ-ਸੀਂਢ ਸੱਭ ਦਾ ਉੱਥੇ । ਪਾਣੀ ਦੀ  ਵਾਰੀ ਲਈ ਚੀਂ-ਚੀਂ , ਪੈਂਅ-ਪੈਂਅ ਹੁੰਦੀ ਈ ਰਹਿੰਦੀ । ਲੜਨ-ਭਿੜਨ ਤੋਂ ਸਿਵਾ ਨਾ ਕਿਸੇ ਨੂੰ ਅੰਦਰ ਦੀ ਸੁਰਤ ਨਾ ਕਿਸੇ ਨੂੰ ਬਾਹਰ ਦੀ । ਪਿੰਡ ਡਿਪੂ ਦੀ ਪਿਛਵਾੜੀ ਬੜੀ ਰੀਝ ਨਾਲ ਬਣਵਾਇਆ ਕਈ ਕਮਰਿਆਂ ਵਾਲਾ ਖੁਲ੍ਹਾ-ਮੋਕਲਾ ਮਕਾਨ ਛੱਡ ਕੇ ਇਕੋ ਘੁਰਨੇ ਦੀ ਕੈਦ, ਮੈਨੂੰ ਮੌਤ ਸਹੇੜਨ ਵਾਂਗ ਜਾਪੀਪੂਰੇ ਮਹੀਨੇ ਦਾ ਕਰਾਇਆ ਪੇਸ਼ਗੀ ਦਿੱਤਾ ਛੱਡ ਕੇ , ਮੈਂ ਦਸਾਂ ਕੁ ਦਿਨਾਂ  ਪਿਛੋਂ ਹੀ ਇਕ ਹੋਰ ਥਾਂ ਜਾ ਟਿਕਿਆ ।
ਇਹ ਮਕਾਨ ਮਾਡਲ-ਗਰਾਮ ਅੰਦਰ ਸੀ । ਖੁਲ੍ਹੀਆਂ-ਡੁਲੀਆਂ ਸੜਕਾਂ । ਨਾਲ ਨਾਲ ਜੁੜਵੇਂ ਕੋਠੀਆਂ ਵਰਗੇ ਵੱਡੇ-ਵੱਡੇ ਮਕਾਨ । ਇਕ ਇਕ ਪਲਾਟ ਅੰਦਰ ਦੋ-ਦੋ ਤਿੰਨ-ਤਿੰਨ ਵੱਖਰੇ ਵੱਖਰੇ ਰਿਹਾਇਸ਼ੀ ਸੈਟ । ਚੁਰੰਜਾ ਨੰਬਰ ਕੋਠੀ ਦਾ ਸੀ ਪੋਰਸ਼ਨ ਖਾਲੀ ਮਿਲ ਗਿਆ । ਜਾਂ ਇਉਂ ਆਖੋ ਖਾਲੀ ਹੋ ਗਿਆ । ਇਥੇ ਇਕ ਮਾਸਟਰ ਜੀ ਰਹਿੰਦੇ ਸਨ, ਸਿਆਣੇ-ਬਿਆਣੇ , ਬਾਲ-ਬੱਚੇਦਾਰ । ਸ਼ਾਮ ਸਿੰਘ ਉਹਨਾਂ ਦਾ ਨਾਂ ਸੀ । ਉਪਨਾਮ ਸੈਣੀ ਕਰਕੇ ਲਿਖਦੇ  । ਮਾਲਕ ਮਕਾਨ ਵੀ ਇਸੇ ਜਾਤੀ ਦੇ , ਪਰ ਉਪ-ਜਾਤੀ ਵੱਖਰੀ । ਬਨਵੈਤ । ਵੱਡੇ ਬਨਵੈਤ ਜੀ ਦੁਕਾਨ ਕਰਦੇ ਸਨ ,ਢਾਂਗੂ ਰੋਡ ਤੇ । ਮੋਟਰ ਸਪੇਅਰ-ਪਾਰਟਸ ਦੀ । ਦੋ ਮੁੰਡੇ , ਉਹਨਾਂ ਦੇ । ਦੋਨੋਂ ਟਰਾਂਸਪੋਰਟਰ । ਕੱਲੇ-ਕੱਲੇ ਪਾਸ ਕਈ ਕਈ ਮੋਟਰ ਗੱਡੀਆਂ । ਕੁਝ ਛੋਟੀਆਂ ਕਈ ਵੱਡੀਆਂ । ਪੋਰਸ਼ਨ ਇਕ ਕੋਲ , ਬੀ ਪੋਰਸ਼ਨ ਦੂਜੇ ਪਾਸ । ਸੁਣਿਆ ਪੜ੍ਹਾਈ –ਲਿਖਾਈ ਚ ਦੋਨੋਂ ਨਫਿੱਟ ਸਨ । ਸਿਆਣੇ ਪਿਓ ਨੇ ਟਰੱਕ –ਕਲੀਨਰ ਲਾ ਦਿੱਤੇ ਕਿੱਧਰੇ । ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ । ਉਹਨਾਂ ਸਭ ਸਿਖਾ ਤਾ । ਉਹਨਾਂ ਵਾਂਗ ਚੰਗਾ –ਮਾੜਾ ਬੋਲਦੇ । ਮਿੱਠਾ –ਕੌੜਾ ਛਕਦੇ । ਹਰ ਵੇਲੇ ਜ਼ਰਦਾ ਮੂੰਹ ਚ ਰਹਿੰਦਾ । ਸਿਰਗਟਾਂ-ਬੀੜੀਆਂ ਦੀ ਤਾਂ ਪੁੱਛੋਈ ਨਾ । ਦੋ ਸੂਟੇ ਮਾਰ ਕੇ ਬਿੱਲੇ ਲਾ ਛੱਡਦੇ । ਦਾਰੂ-ਸਿੱਕਾ , ਫੀਮ-ਚਰਸ ਜੋ ਹੱਥ ਆਉਂਦਾ ਸੱਭ ਚਟੱਮ । ਪਰ , ਸੈਣੀ ਪੁੱਤਰ ਸਨ , ਪੱਲਾ ਨਾ ਗੁਆਇਆ । ਉਲਟਾ ਹੰਢੇ ਵਰਤੇ ਡਰੈਵਰਾਂ ਨੂੰ ਠਿੱਬੀ ਮਾਰ ਗਏ । ਮੁਸ-ਫੁਟਦਿਆਂ ਡਰੈਵਰ ਬਣ ਬੈਠੇ । ਕੰਘੀ-ਪਟੇ ਵਾਹੁੰਦਿਆ ਇਕ-ਇਕ ਗੱਡੀ ਪਾ ਲਈ । ਬੱਸ ਫਿਰ , ਚੱਲ ਸੌ ਚੱਲ । ਹੁਣ ਅੱਠ –ਅੱਠ ਦਸ-ਦਸ ਆ ,ਕੱਲੇ –ਕੱਲੇ ਕੋਲ । ਆਪਣੇ ਲਈ ਕਾਰਾਂ ਵੱਖਰੀਆਂ । ਜੀਪਾਂ ਵੱਖਰੀਆਂ । ਸਕੂਟਰ ਵੱਖਰੇ । ਦਫ਼ਤਰ ਵੱਖਰੇ । ਪੂਰੀ ਸੱਜ-ਧੱਜ । ਪਰ , ਖਾਣੀ-ਪੀਣੀਸਭ ਬੰਦ। ਕੈਂਚੀਆਂ ਮੋਚਨੇ ਸਭ ਢੇਰਾਂ ਤੇ । ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ । ਖੱਟੀਆਂ-ਨੀਲੀਆਂ ਦਸਤਾਰਾਂ । ਦਰਸ਼ਨੀ ਗਾਤਰੇ , ਕਿਸੇ ਦੀ ਮਾੜੀ ਨਈਂ , ਕਿਸੇ ਦੀ ਚੰਗੀ ਨਈਂ । ਹਰ ਵੇਲੇ ਵਾਖਰੂ-ਵਾਖਰੂ । ਅੱਗੋਂ ਟੱਬਰ-ਟ੍ਹੀਰ , ਬਾਲ –ਬੱਚਾ ਸਭ ਅੰਮ੍ਰਿਤਧਾਰੀ । ਲਿਖਣ –ਪੜ੍ਹਨ ਨਾਲੋਂ ਬਹੁਤਾ ਧਿਆਨ ਸੰਤਾਂ ਦੀਆਂ ਟੋਪਾਂ ਚ । ਫੜ੍ਹ ਲਓ , ਮਾਰ ਦਿਓ , ਕੱਢ ਦਿਓ , ਟੁੱਕ ਦਿਓ , ਸੱਭ ਨੂੰ ਇਕੋ ਸਿਖਸ਼ਾ । ਨਿਆਣੇ ਬਚਾਰੇ ਬੇ-ਸਮਝ । ਗਲੀ-ਗੁਆਂਡ ਉਹਨਾਂ ਵਰਗੇ ਕਈ ਹੋਰ । ਉਹਨਾਂ ਨਾਲ ਦੇ ਵੀ , ਅੱਗੋਂ ਡਾਂਗ-ਸੋਟੇ ਵਾਲੇ ਵੀ । ਨਿੱਤ-ਨਵੇਂ ਲੜਾਈ ਹੁੰਦੀ । ਝਗੜਾ ਵਧਦਾ । ਸੱਟਾਂ ਲੱਗਦੀਆਂ । ਉਲ੍ਹਾਮੇ ਤੇ ਉਲ੍ਹਾਮਾਂ ਸਿਆਣੇ ਬੰਦਿਆਂ ਨੂੰ । ਨਜਿੱਠ ਲੈਂਦੇ ਉਹ !ਵੱਡੇ ਬੰਦੇ ਸਨ । ਮਾਸਟਰ ਸ਼ਾਮ ਸਿੰਘ ਇਹਨਾਂ ਦਾ ਗੁਆਂਡੀ ਸੀ ।ਗੁਆਂਡੀ ਕੀ ਘਰ ਦਾ ਬੰਦਾ ਸੀ । ਇਕੋ ਕੋਠੀ ,ਇਕੋ ਜਾਤੀ । ਆਪਣੇ ਸਮਝ ਕੇ ਵਰਜਦਾ ,ਬਾਲਾਂ ਨੂੰ । ਬਾਲ ਅੱਗੋਂ ਇਕ ਦੀਆਂ ਚਾਰ ਸੁਣਾਉਂਦੇ ਸਿਰ –ਘਸਿਆ ਮਾਸਟਰ ਸਿਰ-ਘਸਿਆ ਦੀ ,ਮਦਾਦ ਕਰਦਾ ਆ ...। ਸ਼ਾਮ ਸਿੰਘ ਦੁਖੀ ਹੁੰਦਾ । ਮਾਮਾਲਾ ਵੱਡੇ ਬਨਵੈਤ ਜੀ ਕੋਲ ਪਹੁੰਚਦਾ । ਉਹ ਕਲਪ ਉਠਦੇ । ਵਿਚਕਾਰਲੇ ਬਨਵੈਤ ਆਈ-ਗਈ ਕਰ ਛੱਡਦੇਛੋਟੇ ਬਨਵੈਤ ਹੋਰ ਵਧਦੇ ਗਏ । ਇਕ-ਦੋ ਵਾਰ ਵੱਡੇ-ਘਰ ਘੁੰਮ-ਫਿਰ ਆਏ । ਪਰ ਵਿਚਲਿਆ ਕੁਝ ਨਾ ਉਹਨਾਂ ਦਾ । ਬੱਗਾ ਜੋੜ ਕੇ ਤੁਰੇ ਸੀ , ਸਗੋਂ ਵੇਅਰ ਗਏ । ਹਮਾਂ-ਤੁਮਾਂ ਸਭ ਡਰ ਕੇ ਲੰਘਦੇ । ਸ਼ਾਮ ਸਿੰਘ ਮਾਸਟਰ ਵੀ ।
ਇਕ ਦਿਨ ਸ਼ਾਮ ਸਿੰਘ ਮਾਸਟਰ ਨੂੰ ਹੁਕਮ  ਲੱਗਾ – ਦਾੜੀ-ਕੇਸ ਰੱਖ , ਨਈਂ ਜਮਨਾਂ ਪਾਰ ਦੀ ਤਿਆਰੀ ਕਰ । ਸ਼ਾਮ ਸਿੰਘ ਨੇ ਵਿਚਕਾਰਲੇ ਬਨਵੈਤਾਂ ਨੂੰ ਦੱਸਿਆ । ਉਹਨਾਂ ਅੱਗੋਂ ਹੱਸ ਛੱਡਿਆ – ਹਰਜ਼ ਵੀ ਕੀ ਆ ਮਾਹਟਰ ਸਮੇਂ ਅਨੁਸਾਰ ਬਦਲਨਾ ਚਾਹੀਦਆ  ਬੰਦੇ ਨੂੰ ....। ਸ਼ਾਮ ਸਿੰਘ ਡਟਿਆ ਰਿਹਾ । ਫਾਰਮ ਨਾਲੋਂ ਚਲਨ ਨੂੰ ਵਧੇਰੇ ਤਰਜ਼ੀਹ ਦੇਂਦਾ ਰਿਹਾ । ਸ਼ਰਮ-ਧਰਮ ਦੇ ਸੇਹੀ ਅਰਥਾਂ ਦੀ ਵਿਆਖਿਆ ਕਰਦਾ ਰਿਹਾ । ਮਨੁੱਖ-ਮਾਤਰ ਦੇ ਇਤਿਹਾਸ ਚੋਂ ਉਦਾਰਣਾਂ ਦੱਸਦਾ ਰਿਹਾ । ਪਰ ,ਮੂਰਖਾਂ ਦੀ ਰਾਜਧਾਨੀ  ‘  ਚ ਸਭ ਦਲੀਲਾਂ ਰੱਦ ਉਸ ਦੀ ਕਿਸੇ ਇਕ ਨਾ ਸੁਣੀ । ਹੁਕਮ, ਹੁਕਮ ਸੀ – ਰੋਮਾਂ ਦੀ ਬੇ-ਅਦਬੀ ਕਰਨਾ ਬੰਦ....ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ ...।
ਕੰਬਦੇ ਹੱਥਾਂ ਨਾਲ ਸ਼ਾਮ ਸਿੰਘ ਨੇ ਧਮਕੀ ਪੱਤਰ ਘਰ ਵਾਲੀ ਨੂੰ ਦੱਸਿਆ । ਮਾਸਟਰਨੀ ਸ਼ਾਮ ਸਿੰਘ ਦੀ ਅੜੀ ਤੋਂ ਜਾਣੂ ਸੀ । ਅੱਗੋਂ ਹੁਕਮ ਵੀ ਘੱਟ ਸਖ਼ਤ ਨਈਂ ਸੀ । ਅਗਲੇ ਦਿਨ ਬੋਰੀਆਂ –ਬਿਸਤਰਾ ਚੁੱਕਿਆ , ਆਪਣੇ ਪਿੰਡ ਚਲੀ ਗਈ । ਬਾਲ-ਬੱਚਾ ਸਾਂਭ ਕੇ । ਸ਼ਾਮ ਸਿੰਘ ਵੀ ਮਗਰੇ ਚਲਾ ਗਿਆ । ਕੀ ਕਰਦਾ ਪਿੱਛੇ , ਕੱਲਾ !
ਸ਼ਾਮ ਸਿੰਘ ਤੇ ਮੇਰਾ ਸਕੂਲ ਇਕੋ ਸੀ । ਪਿੰਡ ਵੀ ਲਾਗੇ ਲਾਗੇ , ਗੁਰਦਾਸਪੁਰ ਵੰਨੀ । ਉਸ ਨੇ  ਮੇਰੇ ਨਾਲ ਗੱਲ ਕੀਤੀ । ਮੈਂ ਉਸੇਲੇ ਝੁੱਕੀ ਮਾਰੀ, ਬਨਵੈਤਾ ਕੋਲ ਪਹੁੰਚ ਗਿਆ । ਮੇਰੀ ਸ਼ਕਲ ਵੇਖ ਕੇ , ਉਹ ਝੱਟ ਮੰਨ ਗਏ । ਪਰ ,ਦੋ ਸ਼ਰਤਾਂ ਤੇ । ਪਹਿਲੀ ਸ਼ਰਤ- ਮੀਟ, ਸ਼ਰਾਬ , ਮੱਛੀ , ਆਂਡਾ , ਘਰ ਦੀ ਹਦੂਦ ਅੰਦਰ ਖਾਣਾ ਮਨ੍ਹਾਂ ...। ਮੈਂ ਸਿਰ ਝੁਕਾ ਕੇ ਆਖਿਆ – ਮੈ ਅਮ੍ਰਿਤਧਾਰੀ ਆਂ ਮ੍ਹਾਰਾਜ਼ ....ਪਹਿਲੋਂ ਈ ਏਨ੍ਹਾਂ ਕੁਰ੍ਹੈਤਾਂ ਤੋਂ ਰਹਿਤੀਆ ਆਂ ...। ਦੂਜੀ ਸ਼ਰਤ – ਸਾਡੇ ਮੁੰਡੇ ਆ ਪੰਜ , ਦੋਨਾਂ ਭਰਾਮਾਂ ਦੇਏ ...ਮਾਡਲ ਸਕੂਲੀਂ ਪੜਦੇ ਆ ....ਆਂਦਾ-ਜਾਂਦਾ ਕੱਖ ਨੀਂ ...ਉਨ੍ਹਾ ਨੂੰ ਪੜ੍ਹਾਉਣਾ , ਚੰਗੀ ਤਰ੍ਹਾਂ ਦਿਲ ਲਾਆ ਕੇ । ਫੀਸ ..ਜਿੰਨੀ ਆਖੇਂ ਮਿਲੂ...।ਅੰਨ੍ਹਾਂ ਕੀ ਭਾਲੇ ! ਦੋ ਅੱਖਾਂ । ਪਿੰਡ ਹੱਟੀ ਛੱਡ ਕੇ ਆਇਆ ਸੀ,ਦੋਹਰੀ ਕਮਾਈ ਸੀ ਹੁਣ ਕੱਲੀ ਤਨਖਾਹ । ਤੇ ਇਸ ਤੋਂ ਵੱਡਾ ਲਾਲਚ ਤਿਆਰ-ਬਰ-ਤਿਆਰ ਸਿੰਘਾਂ ਨਾਲ ਸਿੱਧਾ ਮੇਲ-ਮਿਲਾਪ ਮਤਲਬ –ਮਤਲਬ ਸਾਫ ਸੀ । ਮੈਂ ਫ਼ਟਾ-ਫੱਟ ਮੰਨ ਗਿਆ । ਓਸੇ ਸ਼ਾਮ ਹਨੇਰੇ ਪਏ ਗੰਢ –ਬਿਸਤਰਾ ਚੁੱਕ ਬਨਵੈਤ -ਵਿਲਾ ਪਹੁੰਚ ਗਿਆ । ਸੀ ਪੋਰਸ਼ਨ ਵਿਚ ।
ਦੋ-ਚਾਰ ਦਿਨ ਟਿਕ-ਟਿਕਾ ਨੂੰ ਲੱਗ ਗਏ । ਫਿਰ ਦੂਜੀ ਸ਼ਰਤ ਤੇ ਅਮਲ ਸ਼ੁਰੂ ਹੋ ਗਿਆ । ਅੱਗੋਂ ਬਾਲਕ ਟੱਕਰੇ , ਨਿਰੀਆਂ ਸੂਲਾਂ , ਨਿਰੇ ਕੰਡੇ –ਨੌਂ ਸਾਲ ਤੋਂ ਸੋਲਾਂ ਸਾਲ ਦੇ । ਜਿਹੜੀ ਟਾਹਣ ਨੂੰ ਹੱਥ ਲਾਉਂਦਾ , ਹੱਥ ਵਿੰਨ੍ਹਿਆ ਜਾਦਾ । ਪੰਜੇ ਦੇ ਪੰਜੇ ਬਾਲਕ ਮੋਟੇ ਮੂਰਖ । ਇਕ ਨੰਬਰ ਦੇ ਨਾਲਾਇਕ । ਕਿਸੇ ਨੂੰ ਇੱਲ ਦਾ ਨਾ ਕੋਕੋ ਨਾ ਆਏ । ਮੈਂ ਪੁੱਛਿਆ – ਪੜ੍ਹਦੇ ਕਿਉਂ ਨਈਂ ਤੁਹੀਂ .....। ਅੱਗੋਂ ਇਕ ਬੋਲਿਆ – ਆਉਂਦਾ ਨਈਂ ਪੜ੍ਹਨਾ ...। ਮੈਂ ਫਿਰ ਕਿਹਾ – ਕੇੜ੍ਹਾ ਕੰਮ ਆ ਜੇੜ੍ਹਾ ਹੋ ਨਈਂ ਸਕਦਾ , ਬੱਸ ਥੋੜੀ ਜਿੰਨੀ ਮੇਨ੍ਹਤ ਕਰਨੀ ਪੈਂਦੀ ਆ ...। ...। ਅੱਗੋਂ ਦੂਜਾ ਬੋਲਿਆ – ਜੇੜ੍ਹੇ ਮੇਨ੍ਹਤ ਕੀਤੀ ਬੈਠੇ ਆ ਉਨ੍ਹਾਂ ਨੂੰ ਕੀ ਲੱਭਾ ਏਥੇਂ ? ਧੱਕੇ-ਧੋੜੇ , ਬੇਰੁਜ਼ਗਾਰੀ ਜਾਂ ਕੈਦਾਂ-ਜੇਲ੍ਹਾਂ ...। ਇਹ ਗੱਲ ਉਸ ਨੂੰ ਆਪੂ ਨੂੰ ਆਉਂਦੀ ਸੀ ਜਾਂ ਕਿਸੇ ਦੇ ਸਿੱਖੇ –ਸਿਖਾਏ ਬੋਲੀ ਸੀ, ਸੀ ਪੂਰੀ ਠੀਕ। ਮੈਂ ਨਿਰਉੱਤਰ ਹੋ ਗਿਆ । ...ਕੌਣ ਮੌਤ ਦੇ ਮੂੰਹ ਚ ਪੈਂਦਾ , ਜੇ ਕਿਸੇ ਨੁੰ ਰੋਜ਼ੀ –ਰੋਟੀ ਮਿਲਦੀ ਹੋਵੇ .....। ਪਰ ਬਨਵੈਤ ਬਾਲਕਾਂ ਨੂੰ ਰੋਜ਼ੀ ਰੋਟੀ ਦੀ ਕੀ ਘਾਟ ਸੀ – ਬਣਿਆ –ਬਣਾਇਆ ਘਰ-ਬਾਹਰ ..ਕੀਤਾ –ਕਰਾਇਆ ਕਾਰੋਬਾਰ ..ਫੇਰ ਉਹ ਕਿਉਂ ਨਹੀਂ ਸਨ ਪੜ੍ਹਦੇ , ਪੜ੍ਹ ਲਿਖ ਕੇ ਚੰਗੇ ਬਾਲਕ ਬਣਦੇ । ਕਿਸੇ ਬੰਗਾਲੀ ਨੂੰ ਆਖ ਕੇ ਦੇਖੋ ਤਾਂ ਇਮੇਂ-ਕਿਮੇਂ ! ਕਿਸੇ ਕੈਰੇਲੀਅਨ ਨੂੰ ਰੋਕ ਕੇ ਦੱਸੋ ਤਾਂ ਇਸ ਢੰਗ ਨਾਲ । ਤੁਸੀਂ ਆਖੋ – ਐਧਰ ਜਾਣਾ । ਉਹ ਓਧਰ ਨੂੰ ਜਾਊ ।ਤੁਸੀਂ ਮੋੜੋ ਐਧਰ ਨਈਂ ਜਾਣਾ , ਜ਼ਰੂਰ ਜਾਣਗੇ ਉਹ । ਬਿਲਕੁਲ ਬਨਵੈਤ ਮੁੰਡਿਆਂ ਵਾਂਗ । ਪਤਾ ਨਈਂ ਇਨ੍ਹਾਂ ਨੂੰ ਕਿਵੇਂ ਲਾਗ ਲੱਗ ਗਈ ਉਹਨਾਂ ਦੀ । ਪਰ, ਨਈਂ ; ਉਹਨਾਂ ਦੀ ਲਾਗ ਲੱਗੀ ਹੁੰਦੀ ਤਾਂ ਸੌਹਰੀ ਦੇ  ਪੜ੍ਹ ਲਿਖ ਜਾਂਦੇ । ਕੋਈ ਚੱਜ ਦਾ ਕੰਮ ਕਰਦੇ ਬੰਗਾਲੀਆਂ ਵਾਂਗ । ਕੋਈ ਸਿਹਤ-ਮੰਦ ਵਿਰੋਧ ਕਰਦੇ ਮਦਰਾਸੀਆਂ ਵਾਂਗ । ਇਹ ਛੋਕਰੇ ਤਾਂ ਕਿਸੇ ਤੀਜੀ ਧਿਰ ਦੀ ਪਿੱਠ ਪੂਰਦੇ ਲੱਗੇ , ਮੈਨੂੰ । ਨਾ ਵੱਡਿਆ ਦੀ ਇੱਜ਼ਤ,
ਨਾ ਆਪਣਿਆਂ ਦਾ ਡਰ । ਨਾ ਘਰ ਦਾ ਕੋਈ ਫਿਕਰ , ਨਾ  ਬਾਹਰ ਦੀ ਕੋਈ ਚਿੱਤਾ । ਬੱਸ , ਇਕੋ-ਇਕ ਧੁਨ ਸਵਾਰ ਦਿਸੀ ਇਹਨਾਂ ਤੇ – ਜੈਸੇ ਹਮ ਕੈਹਤੇ ਹੈਂ ਵੈਸੇ ਕਰੋ , ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ ।
ਛੋਟੇ ਤੋਂ ਲੈ ਕੇ ਵੱਡੇ ਤਕ ਮੈਂ ਪੂਰੀ ਸਿਰ – ਖਪਾਈ ਕੀਤੀ । ਕਿਸੇ ਨੂੰ ਟੀਚਰ ਪੜ੍ਹਾਇਆ , ਕਿਸੇ ਨੂੰ ਹਿਸਾਬ-ਅਲਜਬਰਾ । ਕਿਸੇ ਨੂੰ ਸਮਾਜਕ ਪੜ੍ਹਾਈ , ਕਿਸੇ ਨੂੰ ਵਿਗਿਆਨ । ਕੱਲੇ-ਕੱਲੇ ਨੂੰ ਮੁਲਕ ਦਾ ਇਤਿਹਾਸ –ਭੂਗੋਲ ਸਮਝਾਇਆ । ਫਿਰ ਹਿੰਦੀ ਦਾ ਬਾਲ-ਬੋਧ ਉਠਦਾ ਕੀਤਾ ਫਿਰ ਪੰਜਾਬੀ ਪ੍ਰਵੇਸ਼ਕਾ । ਪੂਰੀ ਜਾਨ-ਮਾਰੀ ਕੀਤੀ ਮੈਂ । ਪਰ ,ਉਹ ! ਜੈਸੇ ਥੇ , ਵੈਸੇ ਰਹੇ । ਉਹਨਾਂ ਦੀਆਂ ਮੰਮੀਆਂ ਬਥੇਰਾ ਕਲਪਦੀਆਂ । ਘੇਰ ਘੇਰ ਕੇ ਲਿਆਓਂਦੀਆਂ – ਵੇ ਕਾਕਾ ਜੀ , ਵੇ ਯੋਨੀ –ਨੀਟੂ-ਬਿੱਕੀ-ਰਿੱਕੀ –ਡੋਲੀ ਜੀ , ਤੁਆਡਾ ਮਾਹਟਰ ਆਇਆ ਬੈਠਾ ਅੰਦਰ । ਚਲੋ ਪੜ੍ਹ ਲਵੋ ਕੁੱਝ ਸਿਖ ਲਓ ਕੁੱਝ ਉਸ ਤੋਂ , ਅੰਗਲੱਛ ਦਾਆ ...। ਪਰ ਜੀ ਕਿੱਥੇ ..! ਉਹ ਦਿਨੋ-ਦਿਨ ਵਿਚਲਦੇ ਗਏ ਹਾਰ ਥੱਕ ਕੇ , ਮੈਂ ਸਾਰੀ ਗੱਲ ਵਿਚਕਾਰਲੇ ਬਨਵੈਤਾਂ ਅੱਗੇ ਖੋਲ ਦਿੱਤੀ । ਖੋਲ੍ਹ ਕਾਹਦੀ ਦਿੱਤੀ- ਉਲਟਾ ਪੰਗਾ ਪੈ ਗਿਆ । ਅੱਗੋਂ ਤਾੜਨਾ ਹੋਈ – ਤੈਨੂੰ ਕਿੰਨ ਆਖਿਆ ਸੀ , ਪੰਜਾਬੀ ਹਿੰਦੀ ਪੜ੍ਹਾ ਸਾਡੇ ਬਾਲਾਂ ਨੂੰ ....ਤੇਰੇ ਅਗਰੇ ਸੈਂਕੜੇ ਤੁਰੇ ਫਿਰਦੇ ਆ ਹਰਲ-ਹਰਲ ਕਰਦੇ ...।ਮੈਂ ਬਥੇਰਾ ਆਖਿਆ – ਸਰਦਾਰ ਬਆਦਰ ਅਸੀਂ ਪੰਜਾਬੀ ਹਾਂ , ਸਾਰੇ । ਪੰਜਾਬੀ ਸਾਡੀ ਮਾਂ ਬੋਲੀ ਆ । ਸਾਡਾ ਸਭਿਆਚਾਰ , ਸਾਡਾ ਧਰਮ ,ਸਾਡਾ ਵਿਰਸਾ , ਸਭ ਪੰਜਾਬੀ ਭਾਸ਼ਾ ਨਾਲ ਜੁੜਿਆ ਪਿਆ । ਇਸ ਨੂੰ ਛੱੜ ਕੇ ਅਸੀਂ ਓਪਰੇ ਮੁਲਕ ਦੇ ਬਸ਼ਿੰਦੇ ਜਾਪਾਂਗੇ ਹੰਸਾਂ ਦੀ ਨਕਲ ਕਰਦੇ ਅਸੀਂ ਆਪਣੀ ਚਾਲ ਈ ਗੁਆ ਬੈਠਾਂਗੇ ...।ਮੇਰੀ ਦਲੀਲ ਦਾ ਉਹਨਾਂ ਤੇ ਕੱਖ ਅਸਰ ਨਾ ਹੋਇਆ । ਉਹਨਾਂ ਅੱਗੋਂ ਹੋਰ ਈ ਟੇਪ ਚਾੜ੍ਹ ਦਿੱਤੀ – ਤੁਹਾਂ ਮਾਹਟਰਾਂ ਮੁਲਖ ਦਾ ਭੱਠਾ ਬਠਾ ਛਡਿਆ ਈ ਕੱਠੇ ਹੋ ਕੇ । ..ਨਿੱਤ ਨਮੇਂ ਹੜਤਾਲਾਂ । ਨਿੱਤ ਨਮੇਂ ਧਰਨੇ-ਮੁਜਾਹਰੇ । ਨਿਆਣਿਆਂ ਦੇ ਪੱਲੇ ਧੇਲਾ ਨਈਂ ਪਾਉਂਦੇ ਤੁਹੀਂ । ਦੂਣੀ-ਤੀਣੀ ਦਾ ਪਾੜ੍ਹਾ ਨਈਂ ਆਉਂਦਾ ਕਿਹੇ ਨੂੰ ਐਬੀਸੀ ਉਠਾਲੀ ਨਈਂ ਜਾਂਦੀ ਕਿਹੋ ਤੋਂ ...ਕੀ ਝੱਖ ਮਾਰਦੇ ਓ ਸਕੂਲੀਂ ...। ਢਾਈ –ਢਾਈ , ਤਿੰਨ-ਤਿੰਨ ਜ਼ਾਰ ਤਨਖਾਹ ਝਾੜਦੇ ਓ ਪਹਿਲੀ ਦੀ ਪਹਿਲੀ...ਟੀਸ਼ਨਾਂ ਵਾਧੂ , ਛਿੱਲ ਸਾਡੀ ਲਹਿੰਦੀ ਆ ਹਰ ਪਾਸੇ।..ਕਿਤੇ ਰੋਡ-ਟੈਕਸ , ਕਿਸੇ ਸੇਲ-ਟੈਕਸ , ਕਿਤੇ ਅਨਕੰਮ ਟੈਕਸ । ਤਿੰਨ ਲੱਖ ਦੀ ਗੱਡੀ ਚੋਂ ਡੂੜ੍ਹ ਲੱਖ ਟੈਕਸ ਭਰਨਾ ਪੈਂਦਾ ਸਾਨੂੰ ਤਾਡੀ ਖਾਤਰ ।
ਮੇਰਾ ਜੀਅ ਕੀਤਾ , ਵਿਚਕਾਰਲੇ ਬਨਵੈਤਾਂ ਨੂੰ ਟੋਕ ਕੇ ਖ਼ਰੀਆਂ-ਖ਼ਰੀਆਂ ਸੁਣਾਵਾਂ । ਸਾਰੇ ਨਿਘਾਰ ਦੀ ਜੁੰਮੇਵਾਰੀ ਅਧਿਆਪਕ ਸਿਰ ਸੁੱਟਣ ਦਾ ਵਿਰੋਧ ਕਰਾਂ । ਪੜ੍ਹਾਈ –ਲਿਖਾਈ ਦੇ ਅੰਕੜੇ ਪੇਸ਼ ਕਰਾਂਵਿਗਿਆਨੀਆਂ ,ਡਾਕਟਰਾਂ , ਇੰਜੀਨੀਅਰਾਂ ਤੇ ਹੋਰਨਾਂ ਅਧਿਕਾਰੀਆਂ-ਕਾਮਿਆਂ ਨੂੰ ਮਿਲੀਆਂ ਡਿੱਗਰੀਆਂ ਦੀ ਜਾਣਕਾਰੀ ਦਿਆਂ , ਕਿ ਇਹ ਪ੍ਰਾਪਤੀਆਂ ਬਨਵੈਤਾਂ ਦੀ ਛੱਤੀ-ਚੌਹਠ ਦੇ ਪ੍ਰਦਾਨ ਨਈਂ ਕੀਤੀਆਂ । ਸਕੂਲਾਂ-ਕਾਲਿਜਾਂ ਤੋਂ ਹੀ ਪ੍ਰਾਪਤ ਹੋਈਆਂ ਆਂ ਤੇ ਸਕੂਲਾਂ-ਕਾਲਿਜਾਂ ਵਿਚ ਅਧਿਆਪਕ ਕੰਮ ਕਰਦੇ ਆ, ਟਰਾਂਸਪੋਰਟਰ ਨਈਂ ! ...ਜੇ ਤੁਆਡੇ ਫਰਜੰਦ ਕਿਸੇ ਜੋਗੇ ਨਹੀਂ ਤਾਂ ਇਸ ਵਿਚ ਕਸੂਰ ਕੱਲੇ ਅਧਿਆਪਕਾਂ ਦਾ ਹੀ ਨਹੀਂ , ਤੁਆਡਾ ਵੀ ਐ , ਇਕੋ ਜਿੰਨਾ ਬਰਾਬਰ ਦਾ । ਪਰ , ਮੈਂ ਉਸਦੀ ਬੋਲ – ਬਾਣੀ ਚ ਵਿਘਨ ਨਾ ਪਾਇਆ । ਸਗੋਂ , ਕਿੱਤੇ ਸਿਰ ਆਏ ਇਲਜ਼ਾਮ ਨੂੰ ਧੋਣ ਦਾ ਇਰਾਦਾ ਹੋਰ ਪੱਕਾ ਕਰ ਲਿਆ । ....ਮੈਂ ਫਿਰ ਜ਼ੋਰ ਮਾਰਿਆ । ਹੋਰ ਮਿਹਨਤ ਕੀਤੀ । ਪਰ ਸਭ ਵਿਅਰਥ । ਪਰਨਾਲਾ ਜਿੱਥੇ ਸੀ ਓਥੇ ਦਾ ਓਥੇ ਰਿਹਾ । ਕੋਹੜ-ਕਿਰਲੀ ਮੈਂ ਖਾਹ-ਮੁਖਾਹ ਆਪਣੀ ਸੰਘੀ ਅੰਦਰ ਫਸਾਈ ਸੀ । ....ਖਾਹ-ਮੁਖਾਹ ਦੀ ਕਿਉਂ ਆਖਾਂ, ਮਜਬੂਰੀ ਸੀ । ਮਕਾਨ ਹੋਰਥੇ ਮਿਲਣਾ ਔਖਾ ਸੀ ਏਨਾ ਸਸਤਾ ।
ਮੈਂ ਕਈ ਦਿਨ ਪ੍ਰੇਸ਼ਾਨ ਰਿਹਾ । ਡੋਰ-ਭੋਰ ਤੁਰਿਆ ਫਿਰਦਾ ਰਿਹਾ । ਅੰਦਰੋ-ਅੰਦਰ ਮਕਾਨ ਦੀ ਤਲਾਸ਼ ਕਰਦਾ ਰਿਹਾ । ਇਕ ਦਿਨ ਸਕੂਲੇ ਹਿੰਦੀ ਟੀਚਰ ਵਰਮੇ ਨਾਲ ਗੱਲ ਕੀਤੀ । ਵਰਮਾ ਅੱਗੋਂ  ਇਕ-ਦਮ , ਬੋਲ ਉੱਠਿਆ – ਏਹ ਕਿੱਡੀ ਕੁ ਸਮੱਸਿਆ ਚੱਲ ਮੇਰੇ ਨਾਲ ਅੱਜ ਈ ...ਮੈਂ ਲੈ ਦੇ ਦਿੰਨਾਂ ਤੈਨੂੰ ਮਕਾਨ ਆਪਣੇ ਲਾਗੇ , ਆਪਣੀ ਗਲੀ ਚ ...। ਉਸ ਦੀ ਪੇਸ਼ਕਸ਼ ਸੁਣ ਕੇ ਮੇਰੇ ਸਿਰੋਂ ਅੱਧਾ ਭਾਰ ਲਹਿ ਗਿਆ । ਪਰ , ਅਗਲੇ ਹੀ ਛਿਨ ਦੁਗਣਾ ਹੋਰ ਚੜ੍ਹ ਗਿਆ – ਵਰਮਾ ਹਿੰਦੂ ਆ ....ਇਦ੍ਹਾ ਮਹੱਲਾ ਸਾਰਾ ਹਿੰਦੂਆਂ ਦਾ ! ਮੇਂ ਸਿੱਖ ..ਕੱਲਾ ਕਹਿਰਾ ...। ਏਨ੍ਹਾ ਤਾਂ ਲਾਮ- ਲਸ਼ਕਰ ਵਾਲੇ ਸਾਡੇ ਗੁਰੂ ਨੂੰ ਮੁਆਫ਼ ਨਹੀਂ ਸੀ ਕੀਤਾ । ਆਟੇ ਦੀਆਂ  ਗਊਆਂ ਦਿਖਾ ਕੇ ਕਸਮਾਂ ਤੋੜੀਆਂ ਫਿਰ , ਮੈਂ ...ਮੈਂ ਕੇਦ੍ਹਾ ਪਾਣੀ ਹਾਰ ਆਂ ...! ਮੈਂ ਐਨ ਵਿਚਕਾਰ ਫਸ ਗਿਆ – ਇਕ ਪਾਸੇ ਬਨਵੈਤ, ਦੂਜੇ ਪਾਸੇ ਵਰਮੇਂ ...। ਇਕ ਪਾਸੇ ਏ.ਕੇ. ਸੰਤਾਲੀ ,ਦੂਜੇ ਪਾਸੇ ਛੁਰੇ-ਤਰਸ਼ੂਲ...!
ਮੈਨੂੰ ਡੌਰ-ਭੌਰ ਹੋਇਆ ਜਾਚ ਕੇ , ਵਰਮੇ ਨੇ ਅੱਧੀ –ਛੁੱਟੀ ਵੇਲੇ ਮੇਰਾ ਮੋਢਾ ਆ ਨੱਪਿਆ – ਕੀ ਸੋਚੀ ਜਾਨਾਂ ਲੈਣਾ ਨਈਂ ਮਕਾਨ ਲਾਗੇ ਮੇਰੇ...!” ”...ਕਿਉਂ ਨਈਂ ਲੈਣਾ , ਜ਼ਰੂਰ ਲੈਣਾ ..  , ਹੋਰ ਮੈਂ ਕਹਿ ਵੀ ਸਕਦਾ ਸੀ ਉਸਨੂੰ ।
ਛੇਵੀਂ ਘੰਟੀ ਸਕੂਲ ਹੈੱਡ ਨੂੰ ਪਤਾ ਲੱਗਾ ਕਿ ਵਰਮਾ ਮੈਨੂੰ ਆਪਣੇ ਲਾਗੇ ਦੁਆਉਣ ਲੱਗਾ ,ਮਕਾਨ । ਫਿਰ ਹਿਸਾਬ ਵਾਲੇ ਗੁਪਤੇ ਨੂੰ । ਫਿਰ ਸਮਾਜਕ ਵਾਲੇ ਰਿਸ਼ੀ ਨੂੰ । ਫਿਰ ਤ੍ਰਿਪਤਾ ਨੂੰ । ਫਿਰ ਰਾਣੀ ਬਾਲਾ ਨੂੰ । ਹਰੀ ਦੱਤ ਨੂੰ । ਫਿਰ...ਫਿਰ । ਛੁੱਟੀ ਹੋਣ ਤੋਂ ਪਹਿਲਾਂ ਪਹਿਲਾਂ ਹੈੱਡ ਦੇ ਕਮਰੇ ਚ  ਸ਼ਾਖਾ ਜੁੜ ਗਈ । ਮੈਂ , ਡੀ.ਪੀ. ਈ . ਤੇ ਸ਼ਾਮ ਸਿੰਘ ਕਨਸੋਆ ਲੈਂਦੇ ਰਹੇ ।
ਉਹਨਾਂ ਵਰਮੇ ਨੂੰ ਅੰਦਰ ਫਾਇਲ ਕਰ ਲਿਆ ਤੈਨੂੰ ਪਤਾਆ  ਨਈਂ ਕੰਜਰਦਿਆ , ਉਹ ਸਿੱਖ ਆ । ਅਤਿਵਾਦੀ ਮੁੰਡਿਆ ਨਾਲ ਤਾਲ ਮੇਲ ਆ ... ਸਮਾਜਕ ਵਾਲੇ ਰਿਸ਼ੀ ਨੇ ਤਾੜਨਾ ਕੀਤੀ । ... ਤੈਨੂੰ ਕਿੱਦਾਂ ਪਤਾ ..ਕੀ ਸਬੂਤ ਆ ਤੇਰੇ ਕੋਅਲ ..? ਸਬੂਤ ! ਤੈਨੁੰ ਪਤਾ ਨਈਂ ,ਉਹ ਬਨਵੈਤਾਂ ਕੋਅਲ ਰਹਿੰਦਾ ,ਮੁਫਤ ।ਉਹਨਾਂ ਦੇ ਨਿਆਣੇ ਪੜ੍ਹਾਉਂਦਾ । ਹੋਰ ....ਹੋਰ ਇਸ ਤੋਂ ਵੱਡਾ ਸਬੂਤ ਕੀ ਹੁੰਦਆ ...ਸ਼ਸ਼ਤਰ-ਬਸਤਰ ਨਈਂ ਦੀਹਦੇ ਉਹਦੇ ਸਾਨੂੰ । ...ਅੱਗੋ ਨਈਂ ਦਿਸੇ ਉਦ੍ਹੇ ਸ਼ਸ਼ਤਰ-ਬਸਤਰ ਤ੍ਹਾਨੂੰ ਹੁਣ ਨਵੇਂ ਦਿਸੇ ਆ ...। ਸ਼ਹਿਰ ਪਤਾ ਨਈਂ ਅਗਲਾ ਕੇੜ੍ਹੀ ਮਜਬੂਰੀ ਨੂੰ ਰਹਿੰਦਾ । ਚੰਗਾ ਭਲਾ ਘਰ-ਘਾਟ ਆ ਉਦ੍ਹਾ ਪਿੰਡ । ਪੁੱਛਿਆ ਈ ਕਦੀ ਉਹਨੂੰ ! ਕਦੀ ਕੋਈ ਹਰਕਤ ਕੀਤੀ ਐ ਉਹਨੇ , ਵਿੰਗੀ ਟੇਡੀ...।
ਉਹ..ਉਹ ਨਈਂ ਤਾਂ ਹੋਰ ਕੌਣ ਕਰਦਾ ਹਰਕਤਾਂ । ਦਿਨ ਕੋਈ ਖਾਲੀ ਗਿਆ ਕਦੀ ...। ਕਦੀ ਪੰਜ, ਕਦੀ ਦਸ , ਕਦੀ ਪੰਦਰਾਂ ,ਕਦੀ ਠਾਰਾਂ ...ਆਹ ਹੁਣ ਨਵਾਂ ਈ ਢੰਗ ਫਡ ਲਿਆ , ਮੁਗਲਾਂ-ਅਰਗਾ ,ਹਲਾਲ ਕਰਨ ਦਾਆ ਚੰਗੇ ਭਲੇ ਬੰਦੇ ਨੂੰ ਘਰੋਂ ਚੁੱਕੋ , ਬਾਹਰ ਕਿਸੇ ਪਿੱਪਲ –ਬੋਹੜ ਨਾਲ ਫਾਹਾ ਦੇ ਕੇ ਮਾਰ ਦਿਉ....ਏਹ ਕੇਈ ਬੰਦਿਆ ਆਲੇ ਕੰਮ ਆਂ ...।
ਮੈਂ ਕਦ ਕਿਹਾ ਬੰਦਿਆਂ ਆਲੇ ਕੰਮ ਆਂ ! ਬੰਦਿਆਂ ਆਲੇ ਕੰਮ ਕੀਤੇ  ਆਂ ਹੁਣ ਤਾਈਂ । ਨੀਲਾ-ਤਾਰਾ, ਸਿੱਖ-ਕਤਲੇਆਮ, ਕਾਲੀ-ਗਰਜ, ਚਿੱਟੀ ਗਰਜ ,ਦੰਗੇ-ਫ਼ਸਾਦ ,ਇਹ ਬੰਦਿਆਂ ਆਲੇ ਕੰਮ ਕੀਤੇ ਆ ਤੁਸੀ ...!
ਅਸੀਂ ਕੀਤੇ ਆ ਏਹ ! ...ਕੋਈ ਹੋਸ਼ ਦੀ ਗੱਲ ਕਰ । ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ...। ਜੇੜ੍ਹਾ ਕਰਦਾ , ਉਤ੍ਹੋਂ ਪੁੱਛ ਜਾ ਕੇ ...!
ਉਤ੍ਹੋਂ ਕਿਉਂ ਪੁੱਛਾਂ...! ਤੁਆਤੋਂ ਕਿਉਂ ਨਾ ਪੁੱਛਾਂ ..!! ਰਾਤ-ਦਿਨ ਘੋੜੀਆਂ ਗਾਉਂਦੇ ਓ ਜੇੜ੍ਹੇ , ਉੱਪਰਲੇ ਸੰਘਾਸਣ ਦੀਆਂ । ਕਦੀ ਸੋਚਿਆ ਈ ਹੁਣ ਕਿਉਂ ਹੋਣ ਲੱਗੀ ਆ ਏਦਾਂ , ਪਹਿਲੋਂ ਕਿਉਂ ਨਾ ਹੋਈ ਪੈਂਤੀ-ਚਾਲੀ ਸਾਲ੍ਹ ....! ..ਪੀਲੀਆ ਹੋਇਆ ਪਿਆ ਤਾਕਤ ਦਾ ਤਾਡ੍ਹੇ ਪ੍ਰਭੂਆ ਨੂੰ । ਸੱਚੀ ਗੱਲ ਸਹਾਰੀ ਨਈਂ ਜਾਂਦੀ ਤਾਤੋਂ ...। ਮਾਰ ਦਿਓ , ਨੱਪ ਦਿਓ , ਫੇਂਹ ਦਿਓ , ਫਾਹੇ ਲਾ ਦਿਓ , ਜੇੜ੍ਹਾ ਵੀ ਬੋਲਦਾ-ਕੁਸਕਦਾ ਅੱਗੇ । ਸਤਵੰਤ-ਬੇਅੰਤ ਤੇ ਚਲੋ ਮੰਨਿਆ , ਔਹ ਹਾਸ਼ਮੀ ਨੇ ਕੀ ਵਿਗਾੜਿਆ ਸੀ, ਤਾਡ੍ਹਾ ...ਰਵੀ ਨੇ ਕਿਦੀ ਖੋਤੀ ਨੂੰ ਹੱਥ ਲਾਇਆ ਸੀ, ਤਾਡ੍ਹੇ ...!
ਦੇਖੋ ਓਏ , ਕਿਮੇ ਚਾਪਰਿਆ ਫਿਰਦਆ...। ਸਰਕਾਰੀ ਮੁਲਾਜ਼ਮ ਹੋ ਕੇ ਹਾਕਮਾਂ ਵਿਰੁੱਧ ਬੋਲਦਆ । ...ਆਪ ਤਾਂ ਮਰਨਾ ਈ ਏਨੇ , ਨਾਲ ਸਾਨੂੰ ਬੀ ਮਰਵਾਊ । ਓਏ ਓਏ ਤੈਨੂੰ ਪਤਾ ਸਰਕਾਰੀ ਹੁਕਮਾਂ ਦਾਆ ..ਦਫ਼ਤਰਾਂ –ਸਕੂਲਾਂ ਦੀ ਹੱਦ-ਹਦੂਦ ਆੰਦਰ ਸਿਆਸੀ ਬਹਿਸਾਂ ਬੰਦ ਕੀਤੀਆਂ ਬੀਆਂ ...ਬੰਦ ।
ਮੇਰੇ ਲਈ ਬੰਦ ਕੀਤੀਆਂ ਬੀਆਂ ਤੇ ਤਾਡ੍ਹੇ ਲਈ ਖੋਲ੍ਹੀਆਂ ਬੀਆਂ ...ਆਹ ਸਭਾ ਕਿਨ ਕੱਠੀ ਕੀਤੀ ਆ ਮੈਂ ਕਿ ਤੁਹੀਂ ...? ਵਰਮਾ ਆਪਣੀ ਥਾਂ ਅੜਿਆ ਰਿਹਾ ,ਹੈਡਮਾਸਟਰ ਉਹਨਾਂ ਦਾ ਬੰਦਾ ਸੀ , ਪਰ ਸੀ ਮੌਕਾ-ਸ਼ਨਾਸ । ਵਿਚ-ਵਿਚਾਲੇ ਦੀ ਗੱਲ ਕਰ ਗਿਆ । ਓ...ਓ ਭੋਲਿਓ , ਤੁਹੀਂ ਆਪੋ ਵਿਚ ਦੀ ਕਿਉਂ ਝਗੜਦੇ ਓ..ਕਉਂ ਖਹਿਬੜਦੇ ਓ ...? ਜਿੰਨਾ ਜਿੰਨਾ ਕੋਈ ਜੁਰਮ ਕਰਦਾ , ਓਨੀ ਓਨੀ ਸਜ਼ਾ , ਉਨੂੰ ...ਆਪਣੇ ਆਪ ਮਿਲੀ ਟੁਰੀ ਜਾਂਦੀ ਆ ,ਪ੍ਰਭੂ ਪਰਮੇਸ਼ਰ ਵੱਲੋਂ ...।
ਛੁੱਟੀ ਹੋਣ ਤੇ ਵਰਮੇਂ ਨੇ ਸਾਰੀ ਗੱਲ ਮੇਰੇ ਕੰਨੀਂ ਕੱਢੀ  । ਮੈਂ ਵਿਲਕ ਉੱਤਰਿਆ ਉਹਨਾਂ ਦੇ ਵਤੀਰੇ ਤੇ ਸਹਿਕਰਮੀਆਂ ਦੇ ਕਰਮ ਤੇ  । ਜਿਹਨਾਂ ਨਾਲ ਕਈ ਵਰ੍ਹਿਆਂ ਤੋਂ ਇਕ ਸਾਂ । ਅੱਵਲ ਕਈ ਸਦੀਆਂ ਤੋਂ । ਦੁੱਖ-ਸੁੱਖ ਸਾਂਝਾ ਸੀ ਸਭ ਦਾ । ਖਾਣ-ਪੀਣ ਇਕ ਥਾਂ । ਪਰ ਪਰ ਹੁਣ ਕੀ ਵਾਪਰ ਗਿਆ ਇਹ ! ਕੀ ਧੂੜ ਦਿੱਤਾ ਸੀ ਕਿਸੇ ਨੇ ਸਾਡੇ ਸਿਰਾਂ ਅੰਦਰ ..!! ਕਿਉਂ ਸੁਰਤ ਮਾਰੀ ਗਈ ਸੀ ਸਾਡੀ ਸਾਰਿਆਂ ਦੀ ....!! ਇਕੇ ਘਰ ਦੇ ਜੀਅ ਇਕ ਦੂਜੇ ਤੇ ਵੈਰੀ ਬਣੇ ਪਏ ਸਨ । ਮੈਨੂੰ ਸ਼ਰਮ ਵੀ ਆਈ ਤੇ ਗੁੱਸਾ ਵੀ । ਪਰ , ਦੂਜਿਆਂ ਨਾਲੋਂ ਬਹੁਤਾ ਗਿਲਾ ਮੈਨੂੰ ਆਪਣਿਆਂ ਤੇ ਸੀ   । ...ਸੋ ਪੰਜਾਹ ਦੀ ਕੀਤੀ ਸਾਰਿਆਂ ਨੂੰ ਭੁਗਤਣੀ ਪਈ । ਇਹ ਕੋਈ ਢੰਗ-ਤਰੀਕਾ , ਕੰਮ ਕਰਨ ਦਾ ...। ਹਰ ਵੇਲੇ ਖੂਨ , ਹਰ ਵੇਲੇ ਗੋਲੀ , ਹਰ ਥਾਂ ਕਤਲ ! ਜਿਨ੍ਹੇ ਮਾੜੀ-ਮੋਟੀ ਤਿੰਨ-ਪੰਜ ਕੀਤੀ ,ਉਹ ਈ ਅਗਲੇ ਦਿਨ ਖ਼ਤਮ । ਨਾ ਹਿੰਦੂ ਦਾ ਬਚਾ , ਨਾ ਸਿੱਖ ਦਾ ਲਿਹਾਜ਼ । ਨਾ ਬੱਚਿਆਂ ਨੂੰ ਛੋਟ ,ਨਾ ਇਸਤਰੀਆਂ ਤੇ ਰਹਿਮ ! ..ਕਿੱਥੋਂ ਤੁਰਿਆ ਸੀ ਮਸਲਾ , ਕਿਧਰੇ ਦਾ ਕਿਧਰੇ ਪਹੁੰਚ ਗਿਆ । ਹੁਣ ਕਿਸੇ ਨੂੰ ਚੜਾ-ਚੰਡੀਗੜ੍ਹ ਯਾਦ ਨਹੀਂ ਸੀ ਰਿਹਾ । ਪੜੇ-ਪਾਣੀਆਂ ਦੀ ਗੱਲ ਵੀ ਸਭ ਕਿਸੇ ਨੂੰ ਭੁੱਲ –ਵਿਸਰ ਗਈ ਸੀ । ਹਿੰਦੀ –ਪੰਜਾਬੀ ਬੋਲਦੇ ਇਲਾਕੇ ਵੀ ਆਪਣੀ ਥਾਹੋਂ ਕਿਧਰੇ ਨਹੀਂ ਸੀ ਹਿੱਲੇ । ਵੱਖਰੇ  ਰਾਜ ਦੀ ਮੰਗ ਵੀ ਕਿਸੇ ਦੇ ਚਿੱਤ-ਚੇਤੇ ਨਹੀਂ ਸੀ ਰਹੀ । ਕੁਰਸੀ-ਯੁੱਧ ਮੋਰਚਾ ਜਿਵ਼ ਲੁੱਟ-ਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ । ਜਬਰੀ-ਉਗਰਾਹੀ ,ਬੈਂਕ –ਡਕੈਤੀਆਂ , ਧਮਕੀ-ਪੱਤਰ ਹਰ ਕਿਸੇ ਦੀ ਜਾਨ ਦਾ ਖੋਅ ਬਣ ਪਏ ਸਨ ।
....ਧਮਕੀ ਪੱਤਰ ਦੀ ਯਾਦ ਆਉਂਦਿਆਂ ਮੈਂ ਇਕ ਵਾਰ ਫਿਰ ਦਹਿਲ ਗਿਆ । ਬਕਾਇਆ ਰਹਿੰਦੀ ਕਿਸ਼ਤ ਆਦਮ-ਬੋਅ, ਆਦਮ-ਬੋਅ ਕਰਦੀ ਮਰੀ ਧੋਣ ਤੇ ਆ ਚੜ੍ਹੀ....ਬਿਰਧ ਬਾਪ ਨੇ ਬਥੇਰਾ ਵਰਜਿਆ , ਬਥੇਰਾ ਸਮਝਾਇਆ ...ਜਿੰਨਾ ਇਨ੍ਹਾਂ ਅੱਗੇ ਝੁਕੇਂਗਾ , ਅਗਲੇ ਓਨੀ ਈ ਹੋਰ ਕਾਠੀ ਪਾਉਂਦੇ ਜਾਣਗੇ ...। ਉਹਦੀ ਗੱਲ ਸੌ ਵਿਸਵੇ ਠੀਕ ਸੀ , ਅੱਵਲ ਡੂੜ ਸੌ ਵਿਸਵੇ  । ਕੁਝ ਚਿਰ ਪਹਿਲਾਂ ਉਹ ਪਿੰਡ ਚ ਇਸ਼ਤਿਹਾਰ ਲਾ ਗਏ – ਤੁੰਨੀ-ਮੁੰਨੀ ਇਕ ਬਰਾਬਰ ...ਰੋਮਾਂ ਦੀ ਬੇ-ਅਦਬੀ ਕਰਨਾ ਬੰਦ ,ਵਰਨਾ ...। ਸਾਰੇ ਘਾਬਰ ਗਏ । ਦਾੜ੍ਹੀ –ਕੱਟ ,ਜਰਦਾ –ਫੱਕ ਸਭ ਤੋਂ ਮੂਹਰੇ ਹੋ ਨਿਕਲੇ , ਦਾਅੜੀਆਂ ਪ੍ਰਕਾਸ਼ਨ ਵਿਚ । ਮੈਂ ਡੋਰ ਬੰਨ੍ਹਦਾ ਸਾਂ । ਅਗਲੇ ਦਿਨ ਹੀ ਖੋਲ੍ਹ ਛੱਡੀ । ... ਉਹਨਾਂ ਦਾ ਅਗਲਾ ਹੁਕਮ ਆਇਆ – ਅੰਮ੍ਰਿਤਧਾਰੀ ਬਣੋ , ਪੰਜ ਕਰਾਰ ਪੂਰੇ ਕਰੋ , ਵਰਨਾ । ਅਸੀਂ ਸਭ ਨੇ ਸ਼ਸ਼ਤਰ ਪਹਿਨ ਲਏ ।ਉਹਨਾਂ ਦੀ ਅਗਲੀ ਕਾਰਵਾਈ ਸੀ ਦਸਬੰਧ ਕਿਸੇ ਤੋਂ ਦਸ ,ਕਿਸੇ ਤੋਂ ਵੀਹ , ਕਿਸੇ ਤੋਂ ਪੰਜ ਹਜ਼ਾਰ ਇਕੱਠਾ ...। ਮੈਨੂੰ ਵੀਹ ਹਜ਼ਾਰ ਦਾ ਪੱਤਰ ਆਇਆ । ਮੈਂ ਵਿਚਕਾਰ ਫ਼ਸ ਗਿਆ – ਇਕ ਪਾਸੇ ਬਾਪੂ ਦੀ ਖ਼ਰੀ ਸੱਚੀ ਦੂਜੇ ਪਾਸੇ ਬੰਨੇ ਜਾਨ-ਪ੍ਰਾਣ ..! ਬਾਪੂ ਆਪਣੀ ਥਾਂ ਪੱਕਾ ਰਿਹਾ , ਮੈਂ ਆਪਣੀ ਥਾਂ ਡਰਿਆ ਰਿਹਾ – ਜਾਨ ਬਚੀ ਰਹੁ ..ਪੈਸਾ ਫੇਰ ਵੀ ਆ ਸਕਦਆ , ਪਰ ...ਜੇ ਅਗਲੇ ਕਾਰਾ ਕਰਾ ਗਏ ...ਕੌਣ ਸਾਂਭੂ ਐਨਾ ਕੁਸ !  ਬਾਪੂ ਅੱਗੋਂ ਖਿਝ ਕੇ ਪਿਆ – ਸਾਡੇ ਮਰਨ ਤੇ ਰਾਤ-ਦਿਨ ਬਨਣੋਂ ਬੰਦ ਨਈਂ ਹੋਣ ਲੱਗੇ । ਧਰਤੀ ਘੁੰਮਣੋਂ ਨਈਂ ਹਟਣ ਲੱਗੀ ਤੇਰੇ –ਮੇਰੇ ਬਿਨਾਂ । ਬੜਾ ਭੁਲੇਖਾ ਸੀ ਤੇਰੇ ਅਰਗਿਆਂ ਨੂੰ – ਕੀ ਬਣੂ ਵਰਸ਼ ਦਾਆ , ਜੁਆਰ ਲਾਲ ਪਿੱਛੋਂ ...! ਲਾਲ ਬਹਾਦਰ ਉਤੋਂ ਵੀ ਖ਼ਰਾ ਸੀ ਦੋ-ਰੱਤੀਆਂ । ...ਊਂ ਖਰੇ ਬੰਦੇ ਦੀ ਪੁੱਛ-ਪੜਤਾਲ ਕੋਈ ਨਈਂ ਏਥੇ ....ਤੂੰ ਬੀ ਦੇਖ ਲਾਅ ਚੰਗਾ ਬਣ ਕੇ ਇਕ-ਆਰ ,ਅਗਲੇ ਦੂਜੀ ਵਾਰ ਫਿਰ ਤੇਰੀ ਸੰਘੀ ਤੇ ਰਫ਼ਲ ਆ ਰੱਖਣਗੇ ...।
ਬਾਪੂ ਖ਼ਰੀ –ਸੱਚੀ ਕਹਿਣ ਦਾ ਆਦੀ ਸੀ  , ਬਿਨਾਂ ਝਿਜਕ ਆਖ ਗਿਆ । ਮੈਂ ਹਾਂ-ਨਾਂਹ ਕਰਦਾ ਵਿਚ-ਵਿਚਾਲੇ ਲਟਕਿਆ ਰਿਹਾ ਨਾ ਉਹਦੇ ਸਚ ਤੋਂ ਮੁਨਕਰ ਹੋ ਸਕਿਆ , ਨਾ ਆਪਣੇ ਸੱਚ ਤੋਂ ...। ਮੈਂ ਫਿਰ ਕਿਹਾ- ਬਾਪੂ ਜੀ ਇਹ ਰਾਕਟ-ਕੰਮਪੀਊਟਰ ਯੁੱਗ ਐ , ਬੈਲ-ਗੱਡੀ ਯੁੱਗ ਨਈਂ , ਹੁਣ ਦੀ ਪੜ੍ਹਾਈ –ਲਿਖਾਈ ਤੇਰੇ ਵੇਲਿਆਂ ਨਾਲੋਂ ਖਾਸੀ ਵੱਖਰੀ ਐ । ...ਦੇਸ਼ ,ਕੌਮ ,ਪ੍ਰਾਂਤ ,ਭਾਸ਼ਾ , ਸਭਿਆਚਾਰ , ਮੇਲੇ –ਮੁਸਾਵੇ ਕੇਵਲ ਠੁੰਮਣੇ ਹਨ, ਠੁੰਮਣੇ ਇਸ ਪੀੜ੍ਹੀ ਦੇ ,ਉੱਚੇ ਥਾਂ ਖੜੋਣ ਲਈ ...ਤੇ ਅੜੇ-ਆਦਰਸ਼ਾਂ ਦਾ ਪ੍ਰਚਾਰ ਸਿਰਫ਼ ਮੂੰਹ ਜ਼ਬਾਨੀ ਜਮ੍ਹਾਂ-ਖਰਚ । ਜੇ ....ਜੇ  ਮੈਂ ਸੋਨ-ਸੁਨਹਿਰੀ ਸੰਸਕ੍ਰਿਤੀ ਦੇ ਘਸੇ –ਪਿਟੇ ਸੰਕਲਪਾਂ ਚ ਤੇਰੀ ਤਰ੍ਹਾਂ ਜਕੜਿਆ ਰਹਿੰਦਾ , ਤਾਂ ਹੁਣ ਨੂੰ ਕਿਸੇ ਰਾਜਸ਼ਾਹੀ ਸੁਧਾਰ-ਘਰ ਦੀਆਂ ਸੀਖਾਂ ਪਿੱਛੇ ਬੰਦ ਹੁੰਦਾ ਜਾਂ ਕਿਸੇ ਨਹਿਰ ਕੰਢੇ ਹੋਏ ਪੁਲਸ-ਮੁਕਾਬਲੇ ਦੀ ਖ਼ਬਰ ਬਣਦਾ ...।
ਬਾਪੂ ਨੂੰ ਲੱਗਾ ਮੈਂ ਉਹ ਨੂੰ ਮਿਹਣਾ ਮਾਰਿਆ ਐ । ਉਸ ਦੀ ਉਮਰ ਭਰ ਦੀ ਕਮਾਈ ਦਾ ਕੌਡੀ ਮੁੱਲ ਨਹੀਂ ਪਾਇਆ । ਉਹਨੇ ਮੇਰੀ ਵੱਲ ਬੜੇ ਹਿਰਖ ਨਾਲ ਦੇਖਿਆ । ਉਂਝ ਉਹਦਾ ਹਿਰਖ ਸੀ ਵੀ ਸੱਚਾ – ਮਰਦਾ-ਲੜਦਾ ਕੋਈ ਰਿਹਾ , ਸਾਂਭ ਕੋਈ ਬੈਠਾ । ਫਾਂਸੀਆਂ , ਕਾਲ-ਕੋਠੜੀਆਂ , ਕਿਸੇ ਹਿੱਸੇ ਆਈਆਂ , ਰਾਜ –ਤਿਲਕ ਕਿਸ੍ਹੇ ਹਿੱਸੇ ...। ਮੇਰਾ ਜੀਆ ਕੀਤਾ ਮੈਂ ਉਸ ਨੂੰ ਸਾਫ਼ ਕਹਿ ਦਿਆਂ – ਹਿਰਖ ਕਿਦ੍ਹੇ ਤੇ ਕਰਦਾਂ ਆਂ ਬਾਪੂ ...ਹਵਾ ਦਾ ਰੁੱਖ ਦੇਖ ਕੇ ਬਦਲਨਾ ਮੇਰੀ ਸਿਖਿਆ –ਸਮਝ ਦੀ ਯੁੱਧ –ਨੀਤੀ ਵੀ ਐ ਤੇ ਦਾਅ-ਪੇਖ ਵੀ ...।
...ਤੇ ਇਹਨਾਂ ਦਾਅ-ਪੇਚਾਂ ਦੀ ਕੜੀਚ ਮੈਂ ਉਸ ਤੋਂ ਇਕ ਗੱਲ ਲੁਕੋ ਰੱਖੀ । ਜਬਰੀ-ਉਗਰਾਹੀ ਦੀ ਮੰਗੀ ਰਕਮ ਵਿਚੋਂ ਅੱਧੀ ਕਿਸ਼ਤ , ਮੈਂ ਚੋਰੀ –ਛਿਪੇ ਦੱਸੇ ਟਿਕਾਣੇ ਤੇ ਰੱਖ ਆਇਆ । ਉਸ ਨੂੰ ਪਤਾ ਲੱਗਾ , ਉਹਨੇ ਕੱਢ ਡਾਂਗ ਲਈ ਮੇਰੇ ਦੁਆਲੇ ਆਖੇ – ਦਫਾ ਹੋ ਜਾ ਮੇਰੀਆਂ ਅੱਖਾਂ ਸਾਹਮਣਿਓਂ..ਗੀਦੀ ਕਿਸੇ ਥਾਂ –ਦਾਆ । ਐਨ੍ਹੀਂ ਕਰਤੂਤੀਂ ਗੁਲਾਮ ਰਿਹਾ ਮੁਲਕ ਕਦੇ ਤੁਰਕਾਂ ਦਾ ਕਦੇ ਗੋਰਿਆਂ ਦਾ । ..ਮੈਨੂੰ ਜੇ ਪਤਾ ਹੁੰਦਆ , ਤੂੰ ਏਨਾ ਕਾਇਰ ਨਿਕਲਣਾ , ਜਾਨੋਂ ਮਾਰ ਦੇਣਾ ਸੀਈ ਮੈਂ ਤੈਨੂੰ ਜੰਮਦੇ ਨੂੰ ...। ਮੈਂ ਅੱਗੋਂ ਕੀ ਕਹਿੰਦਾ । ਚੁੱਪ ਰਿਹਾ । ਹਾਂ ਨਾ ਨਾਂਹ । ਬਾਪੂ ਥੋੜਾ ਠੰਡਾ ਹੋਇਆ , ਮੈਂ ਫਿਰ ਉਹਦੇ ਲਾਗੇ ਹੋ ਬੈਠਾ – ਦੇਖ ਬਾਪੂ , ਡਾਂਗ ਸੌਟੇ ਦਾ ਸਮਾਂ ਨਈਂ ਹੁਣ , ਨੀਤੀਵਾਨ ਹੋ ਕੇ ਸਰਦਾ ਅੱਜ ਕੱਲ ।...ਕੀ ਫ਼ਰਕ ਪਿਆ ਆਪਾਂ ਨੂੰ ? ਕੇੜ੍ਹਾ ਕੋਲੋਂ ਗਏ ਆ ! ..ਕੱਲ ਤੋਂ ਚੀਜ਼ਾਂ –ਵਸਤਾਂ ਹੋਰ ਮਹਿੰਗੀਆਂ ਕਰ ਦਿਆਂਗੇ , ਕੇੜ੍ਹ ਕੋਈ ਪੁੱਛ-ਪੜਤਾਲ ਹੁੰਦੀ ਐ ..ਜੇ ਕਿਸੇ ਕੀਤੀ ਵੀ ਤਾਂ ਉਹਦਾ ਮੱਥਾ ਵੀ ਨਾਲ ਹੀ ਡੁੱਮਿਆਂ ਜਾਊ ...। ਸਾਲ ਖੰਡ ਚ ਪੂਰੀ ਹੋਈ ਲੈ ਦਸ ਜ਼ਾਰ ਵੀ ਕੋਈ ਰੋਕੜ ਹੁੰਦੀ ਆ ...। ਬਾਪੂ ਫਿਰ ਤਪ ਗਿਆ – ਇਉਂ ਗਰੀਬ-ਗੁਰਬੇ ਲੁੱਟ ਕੇ ਢਿੱਡ ਭਰੀ ਜਾਮਾਂ , ਉਨਾਂ ਦਾ ...ਵਿਹਲੜ ਗੀਦੀਆਂ ਦਾ । ...ਇਹੋ ਤਾਂ ਝਗੜਾ ਰਿਹਾ , ਕਾਂਗਰਸ ਨਾ ਸ਼ੁਰੂ ਤੋਂ ...। ਮੈਂ ਤਾਂ ਨਈਂ ਦਾਗੀ ਹੋਣਾ । ਮਰਨਾ ਮਨਜ਼ੂਰ ਆ ...ਏਨ੍ਹਾਂ ਹੱਥੋਂ ਮਰਾਂਗਾ , ਚੰਗੀ ਹੋਏਅ-ਹੋਏਅ ਹੋਊ ਸਾਰੇ ਜਹਾਨ ਤੇ ! ਕੀ ਆਖੂ ਦੁਨੀਆਂ !..ਜਿਨ੍ਹਾਂ ਖਤਾਰ ਕੈਦਾਂ ਕੱਟੀਆਂ , ਜਲਾਵਤਨੀਆਂ ਝੱਲੀ , ਉਨ੍ਹਾਂ ਈ ਮਾਰ ਛੱਡੇ ਆਪਣੇ ਦੇਸ਼-ਭਗਤ ...ਬੱਲੇ ਓਏ ਬਅਦਰੋ ...। ਬਾਪੂ  ਦਾ ਭਰਿਆ ਗੱਚ ਇਕੋ ਵਾਰਗੀ ਉੱਛਲ ਪਿਆ । ਅੱਖਾਂ ਚੋਂ ਕਿਰਦੇ ਅੱਥਰੂ , ਖੁਲੀ-ਚਿੱਟੀ ਦਾਅੜ੍ਹੀ ਤੋਂ ਦੀ ਤਿਲਕਦੇ , ਪੱਕੇ ਫ਼ਰਸ਼ ਤੇ ਕਿਰਦੇ ਗਏ ।
ਬਾਪੂ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ । ਮੈਂ ਅੰਦਰੋਂ-ਅੰਦਰ ਘੁੱਟਿਆ ਗਿਆ । ਹਾਰ ਕੇ ਸ਼ਹਿਰ ਤੁਰ ਆਇਆ , ਬਿਨ੍ਹਾਂ ਉਸ ਨੂੰ ਦੱਸੇ ...।
ਸ਼ਹਿਰ ਪਹੁੰਚ ਕੇ ਹੋਰ ਈ ਮੁਸੀਬਤ ਆ ਡਿੱਗੀ । ਪਹਿਲਾਂ ਚੱਜ ਦਾ ਮਕਾਨ ਨਾ ਮਿਲਿਆ । ਜੇ ਮਿਲਿਆ ਈ ਤਾਂ ਭੂਤ-ਬੰਗਲਾ । ਬਨਵੈਤਾਂ ਨਾਲ ਭਰਿਆ । ਜੇ ਛੱਡਦਾ ਸੀ ਤਾਂ ਕਲੰਕੀ ਜੇ ਰੱਖਦਾ ਸੀ ਤਾਂ ਕੋਹੜੀ । ਇਕ ਪਾਸੇ ਵਿਚਕਾਰਲੇ ਬਨਵੈਤਾਂ ਦੀ ਧਮਕੀ , ਦੂਜੇ ਪਾਸੇ ਧਮਕੀ-ਪੱਤਰ ਦਾ ਰਿਮਾਂਡ । ਪੁਲਸੀ ਰੀਮਾਂਡਾਂ ਤੋਂ ਵੀ ਔਖਾ । ਜਿਸ ਨੂੰ ਕੋਈ ਵੀ ਨਹੀਂ ਸੀ ਸਹਿ ਸਕਿਆ । ਨਾ ਤਕੜਾ ਨਾ ਮਾੜਾ । ਨਾ ਛੋਟਾ ਨਾ ਵੱਡਾ । ਨਾ ਅਮੀਰ ਨਾ ਗਰੀਬ । ਹਾਰ-ਟੁੱਟ ਕੇ ਮਲਬੇ ਹੇਠ ਦੱਬਿਆ  ਜਾਂਦਾ । ਜੀਉਂਦਾ ਜਾਂ ਮੋਇਆ-ਇਹ  ਤਾਂ ਉਹੀ ਜਾਣੇ , ਜਿਸ ਦਾ ਸੜਿਆ –ਗਲਿਆ ਪਿੰਜਰ , ਕਾਰ-ਸੇਵਾ-ਢੇਰ ਹੇਠੋਂ ਲੱਭਦਾ ਏ , ਹੁਣ ...।
ਮੈਨੂੰ ਲੱਗਾ , ਮੈਂ ਵੀ ਇਕ ਪਿੰਜਰ ਹਾਂ , ਬੇ-ਪਛਾਣ ਪਿੰਜਰ । ਡਰ-ਫਿਕਰ ਦੇ ਮਲਬੇ ਹੇਠ ਦੱਬਿਆ  । ਉਲ੍ਹਾਮੇਂ-ਮਿਹਣਿਆਂ ਦੀ ਨਸ਼ਤਰ ਦਾ ਵਿੰਨਿਆ । ..ਮੈਨੂੰ ਕਿਸੇ ਨੇ ਵੀ ਮੁਆਫ਼ ਨਹੀਂ ਸੀ ਕੀਤਾ – ਨਾ ਬਾਪੂ ਨੇ ,ਨਾ ਮੁੰਡਿਆ ਨੇ ,ਨਾ ਬਨਵੈਤਾਂ ਨੇ ,ਨਾ ਮੇਰੇ ਸਕੂਲ ਟੀਚਰਾਂ ਨੇ ।
ਸਕੂਲੋਂ ਬੱਸ ਰਾਹੀਂ ਪਠਾਨਕੋਟ ਪਹੁੰਚ ਕੇ ਮੈਂ ਵਰਮੇਂ ਨਾਲ ਕਮਰਾ ਦੇਖਣ ਚਲਾ ਗਿਆ
ਤੀਸਰਾ ਕਮਰਾ , ਅੱਧਾ ਬਾਜ਼ਾਰ ਲੰਘ ਕੇ ਕਿਲ੍ਹੇ ਵੱਲ ਨੂੰ ਮੁੜਦੀ ਗਲੀ ਅੰਦਰ ਸੀ । ਦੋ-ਮੰਜ਼ਲਾ ਮਕਾਨ ਸੀ । ਖੁਲ੍ਹਾ ਤਾਂ ਭਾਵੇਂ ਨਹੀਂ ਸੀ , ਪਰ ਸੀ ਨਿਵੇਕਲਾ । ਨਾ ਕਿਸੇ ਦੀ ਹੈਅ-ਹੈਅ ਨਾ ਕਿਸੇ ਦੀ ਖੈਅ-ਖੈਅ। ਦੋ ਕਮਰੇ , ਇਕ ਰਸੋਈ । ਪਰ ਗੁਸਲਖਾਨਾ – ਟਾਇਲਟ ਸਾਂਝਾ – ਉੱਪਰਲੀ ਮੰਜ਼ਲ ਨਾਲ । ਮਾਲਕ ਮਕਾਨ ਉਪਰ ਰਹਿੰਦੀ ਸੀ – ਇਕੱਲੀ ਇਸਤਰੀ । ਦੋ ਨਿੱਕੇ ਨਿੱਕੇ ਬਾਲ  । ਦੁਕਾਨ ਕਰਦੀ ਸੀ , ਕੁਆੜ ਬਾਜ਼ਾਰ ਅੰਦਰ । ਪਲਾਸ ਟਿਕ ਚੱਪਲਾਂ –ਜੁੱਤੀਆਂ ਦੀ । ਪੂਰੀ ਚੰਟ ਇਸਤਰੀ ਚਾਲ ਢਾਲ ਪੂਰੀ ਚੁਸਤ । ਪੌੜੀਆਂ ਉੱਤਰਦੀ ਹਨੇਰੀ ਵਾਗ । ਪੌੜੀਆਂ ਚੜ੍ਹਦੀ ਛੜੱਪੇ ਤੇ ਛੜਪਾ । ਦੇਖਣ-ਚਾਖਣ ਨੂੰ ਬਾਹਵਾ । ਮੂੰਹ-ਮੱਥਾ ਸੋਹਣਾ –ਸਨੁੱਖਾ ।ਪਰ , ਬੋਲ-ਬਾਣੀ ਵਾਖਰੂ-ਵਾਖਰੂ ਰੱਬ ਝੂਠ ਨਾ ਬੁਲਾਏ ,ਜਿਵੇਂ
ਕਾਂ ਖਾਦ੍ਹੇ ਹੋਣ । ਇਕੋ ਝਿੜਕ ਨਾਲ ਦੋਨਾਂ ਬੱਚਿਆਂ ਦਾ ਸਾਹ ਸੂਤਿਆ ਜਾਂਦਾ । ਜਦੋਂ ਕੜਕਦੀ ,ਛੱਤਾਂ ਕੰਬ , ਜਾਂਦੀਆਂ । ਹੇਠਲੀ ਮੰਜ਼ਲ ਡਰ ਜਾਂਦੀ । ਚਲੋ ਸਾਨੂੰ ਕੀ ! ਮੈਂ ਸੋਚਿਆ – ਅਪਣੇ ਬਾਲਾਂ ਨੂੰ ਘੂਰਦੀ ਐ , ਸਾਡਾ ਕੀ ਵਿਗਾੜਦੀ ਐ । ਸਾਡਾ ਬੱਚਾ ਅਜੇ ਛੋਟਾ ਸੀ । ਉਹਦੇ ਬੋਲ-ਕਬੋਲ ਸੁਣ ਕੇ ਸਹਿਮ ਜਾਂਦਾ ਆਪਣੀ ਮੰਮੀ ਦੀ ਗੋਦੀ ਆ ਲੁਕਦਾ । ਪਰ ਜਦੋਂ ਸਾਡੇ ਦੋਨਾਂ ਨਾਲ ਗੱਲਾਂ ਕਰਦੀ , ਉਹ ਮਿਠਾਸ ਦਾ ਮੁਜੱਸਮਾ ਬਣੀ ਹੁੰਦੀ ।
ਨਲਕਾ ਹੇਠਾਂ ਸੀ , ਇਕ ਕੋਨੇ ਅੰਦਰ । ਬਾਹਰਲੇ ਦਰਵਾਜ਼ੇ ਦੀ ਵਗਲ ਵਿਚ । ਨਾਲ ਗੁਸਲਖਾਨਾ । ਨਾਲ ਫ਼ਲੱਸ਼ ।  ਦੂਜੇ ਬੰਨੇ ਪੌੜੀਆਂ ਪੱਕੀਆਂ , ਰੇਲਿੰਗ ਵਾਲੀਆਂ । ਉੱਪਰ –ਹੇਠਾਂ , ਚੜ੍ਹਦੀ – ਉੱਤਰਦੀ , ਉਹ ਸਾਡੇ ਅੰਦਰ ਜ਼ਰੂਰ ਝਾਕਦੀ । ਮੇਰੇ ਵੱਲ ਇਉਂ ਵੇਖਦੀ , ਜਿਵੇਂ ਮਾਲਕ-ਮਕਾਨ ਨੂੰ ਨਹੀਂ ਦੇਖਣਾ ਚਾਹਿਦਾ । ਘੱਟੋ-ਘੱਟ ਮੇਰੀ ਪਤਨੀ ਸਾਹਮਣੇ ...।
ਥੋੜੇ ਕੁ ਦਿਨ ਮੇਰੀ ਪਤਨੀ ਸਭ ਕੁਝ ਸਹਿੰਦੀ ਰਹੀ । ਬੇਚਾਰੀ ਇਕੱਲੀ ਇਸਤਰੀ ਨਾਲ ਮੋਹ ਕਰਦੀ ਰਹੀ ਪਰ ਛੇਤੀ ਹੀ ਇਕ ਹੋਰ ਬੰਬ   ਫਟ ਗਿਆ –ਮੈਂ ਸਕੂਲੋਂ ਮੁੜਦਾ ਸਬਜ਼ੀ ਚੁੱਕੀ ਘਰ ਤੁਰਿਆ ਆਉਂਦਾ ਸਾਂ । ਉਹਨੇ ਦੁਕਾਨ ਚ ਬੈਠੀ ਨੇ ਵਾਜ਼ ਮਾਰ ਲਈ । ਏਨੇ ਪਿਆਰੇ ਬੋਲ ! ਏਦਾਂ ਦਿਲਕਸ਼ ਸਲੀਕਾ ! ਮੈਂ ਬਿਨਾਂ ਝਿਜਕ ਅੰਦਰ ਲੰਘ ਗਿਆ । ਗਾਹਕ ਕੋਈ ਨਹੀਂ ਸੀ । ਉਹਨੇ ਸਾਰੀ ਸੰਗ-ਸ਼ਰਮ ਅੱਖਾਂ ਚ ਭਰਕੇ ਆਖਿਆ – ਮਾਫੀ ਦੇਣਾ ਭਾਆ ਜੀਈ ...। ਮੈਂ ਥਾਏਂ ਗੱਡਿਆ ਗਿਆ । ਗੁੰਮ-ਸੁੰਮ । ਨਾ ਹੂੰ- ਨਾ ਹਾਂ । ਮੇਰਾ ਅੰਦਰਲਾ ਜਿਵੇਂ ਜਾਅਮ ਹੋ ਗਿਆ – ਕਾਦ੍ਹੀ ਮਾਫੀ ਮੰਗਦੀ ਐ , ਮੈਥੇਂ ! ਮੈਨੂੰ ਰਤੀ ਭਰ ਸਮਝ ਨਾ ਆਈ । ਉਂਝ ਅੰਦਰੋ-ਅੰਦਰ ਕੰਬ ਜਿਹਾ ਗਿਆ । ਜਿਵੇਂ ਕੋਈ ਚੋਰ ਫੜਿਆ ਗਿਆ ਹੋਵੇ ...। ਉਹਨੀਂ ਪੈਰੀਂ ਦੁਕਾਨ ਤੋਂ ਹੇਠਾਂ ਉੱਤਰ ਆਇਆ । ਸਾਹਮਣੇ ਹਲਵਾਈ ਦੀ ਹੱਟੀ ਸੀ । ਕਈ , ਚਾਹ –ਪਕੌੜੇ ਖਾਂਦੀਆਂ ਅੱਖਾਂ ਮੇਰੇ ਤੇ ਟਿਕੀਆਂ ਪਈਆਂ ਸਨ ।ਇਕ ਨੇ ਮਸਖ਼ਰਾ ਜਿਹਾ ਮੁਸਕਰਾ ਕੇ ਦੂਜੇ ਨੂੰ ਹੁੱਝ ਮਾਰੀ । ਮੈਨੁੰ ਕੁਝ ਪਤਾ ਨਾ ਲੱਗਾ ,ਕੀ ਮਾਜਰਾ ! ਉਂਝ ਪਤਾ ਲੱਗਣੋਂ ਰਹਿੰਦਾ ਵੀ ਕਿਥੇ ਆ ! ਮੈਂ ਸਹਿਮ ਗਿਆ । ... ਜ਼ਰੂਰ ਕੋਈ ਦਾਲ ਚ ਕਾਲਾ ਆ ....ਐਂਮੇ  ਨਈਂ ਟੋਹਦਾ ਕੋਈ ਆਏ-ਗਏ ਨੂੰ ਏਦਾਂ ...। ਮੈਂ ਹਿੰਮਤ ਕਰਕੇ ਚਾਹ ਦੀ ਦੁਕਾਨ ਅੰਦਰ ਨਿਗਾਹ ਮਾਰੀ । ਦੋ ਮੁਸ-ਫੁੱਟ ਨੌਜਵਾਨ । ਵਾਹ-ਵਾਹ ਹੁੰਦੜ-ਹੇੜ । ਪੋਚਵੀਆਂ ਪੱਗਾਂ । ਅਪ-ਟੂ-ਡੇਟੂ ।ਬਿਲਕੁਲ ਬਨਵੈਤ ਛੋਕਰੇ ! ਮੈਂ ਹੋਰ ਸਹਿਮ ਗਿਆ ।....ਧਮਕੀ –ਪੱਤਰ ! ਕਿਰਦਾ ਕਿਰਦਾ ਬੋਲ , ਮੇਰੇ ਤਾਲੂ ਨਾਲ ਜਾ ਲੱਗਾ । ਮੇਰਾ ਸਾਰਾ ਰੁਮਾਂਸ ਥਾਏ ਸੂਤਿਆ ਗਿਆ ।
ਘਰ ਪਹੁੰਚ ਕੇ ਮੈਂ ਚਾਹ ਮੰਗੀ । ਅੱਗੋਂ ਹੋਰ ਈ ਰਾਮ ਕਹਾਣੀ ਸੁਣਨੀ ਪਈ – ਕੋਈ ਹੋਰ ਕਮਰਾ ਲੱਭੋ ਜੀਈ , ਏਥੇ ਨਈਂ ਰਹਿਣਾ ਆਪਾਂ ਸਾਡਾ ਨਿੱਕਾ ਜਿਹਾ ਬਾਲ ਆ ...। ਮੈਂ ਨਾ ਆਖਾਂ ਸੁੱਤਾ ਪਿਆ ਕਿਉਂ ਘੜੀ-ਮੁੜੀ ਤ੍ਰਭਕਦਾ ! ਸਹਿਮ ਕੇ ਮੇਰੇ ਨਾਲ ਚੁੰਮੜ ਜਾਂਦਾ । ...ਏਸ ਨਖਸਮੀ ਨੇ ਅਪਣਾ ਬੰਦਾ ਮਾਰਿਆ ਈ ਏਸ ਕਮਰੇ ਚ   । ਚੂਹੇ ਮਾਰਨ ਆਲੀਆਂ ਗੋਲੀਆਂ ਖੁਆ ਦਿੱਤੀਆਂ ਕਾਹੇ ਚ ਘੋਲ ਕੇ । ...ਮੈਨੂੰ ਤਾਂ ਅੱਜ ਦੱਸਿਆ ਭੰਗਣ ਨੇ । ਕਹਿੰਦੀ – ਬੀਬੀ ਜੀਈ , ਤੂੰ ਓਪਰੀ ਕਰਕੇ ਆ ਫਸੀ ਨਈਂ ਆਹ ਮਕਾਨ ਨਾ ਲਵੇ ਕੋਈ ਕਰਾਏ ਤੇ । ...ਛੇਤੀ ਕਰੋ ਸਰਦਾਰ ਜੀਈ । ਚੁੱਕੋ ਮਾਲ-ਸਬਾਬ ਏਥੋਂ , ਚਲੋ ਕਿਤੇ ਹੋਰ । ਨਈਂ ਓਨੇ ਦਿਨ ਪਿੰਡ ਚਲੇ ਚਲਦੇ ਆਂ...। ਕਿਤੇ ਨਈਂ ਮਾਰ ਦੇਣ ਲੱਗੇ ਸਾਨੂੰ । ਭਾਈਜੀ ਹੋਣਾਂ ਦੇ ਰਹਿ ਲਾਂਗੇ ਥੋੜੇ ਦਿਨ ...। ਭਾਈ ਜੀ , ਅਸੀਂ ਆਪਣੇ ਤਾਏ ਦੇ ਪੁੱਤ ਨੂੰ ਆਖਦੇ ਸਾਂ । ਉਂਝ ਵੀ ਗ੍ਰੰਥੀ ਸੀ ਉਹ ਪਿੰਡ ਦੇ ਬਾਹਰਲੇ ਗੁਰਦੁਆਰੇ । ਸਾਰੇ ਹੁਕਮ ਉਹਨਾਂ ਰਾਹੀਂ ਈ ਨਾਜ਼ਲ ਹੁੰਦੇ ਸਨ, ਸਾਡੇ ਤੇ ।
...ਉਹ ਰਾਤ ਅਸੀਂ ਜਾਗਦਿਆਂ ਕੱਢੀ । ਨਾ ਰੋਟੀ ਨਾ ਚਾਹ । ਸਾਰੀ ਰਾਤ ਬੱਤੀ ਜਗਦੀ ਰੱਖੀ । ਸਾਰੀ ਰਾਤ ਹਰਜੀਤ ਗੁਟਕਾ ਪੜ੍ਹਦੀ ਰਹੀ । ਆਨੇ –ਬਹਾਨੇ ਮਾਲਕ-ਮਕਾਨ ਕਈ ਵਾਰ ਹੇਠਾਂ ਉੱਤਰੀ , ਦੋ-ਇੱਕ ਵਾਰ ਸਾਡਾ ਬੰਦ ਬੂਹਾ ਛੇੜਿਆ । ਪਰ , ਅਸੀਂ ਕਿਸੇ ਜਿੰਨ ਭੂਤ ਦੀ ਆਮਦ ਤੋਂ ਡਰਦੇ ਰਤਾ ਮਾਸਾ ਅਵੇਸਲ ਨਾ ਹੋਏ ।
ਅਗਲੇ ਦਿਨ ਸਕੂਲੇ ਛੁੱਟੀ ਭੇਜ , ਮੈਂ ਕਿਧਰੇ ਹੋਰ ਥਾਂ ਮਕਾਨ ਲੱਭਣ ਜਾ ਲੱਗਾ । ਸ਼ਹਿਰ ਅੰਦਰ ਮੇਰੀ ਬਹੁਤੀ ਵਾਕਫੀ ਨਹੀਂ ਸੀ । ਜਿਹੜੇ ਜਿਹੜੇ ਵਾਕਫ਼ ਸਨ , ਉਹ ਸਕੂਲੀਂ ਦਫ਼ਦਰੀਂ ਚਲੇ ਗਏ ਵਰਮਾ ਉਸ ਦਿਨ ਛੁੱਟੀ ਤੇ ਸੀ । ਯੂਨੀਅਨ ਦਾ ਕੰਮ ਸੀ ਕੋਈ । ਪਰ , ਉਸ ਨੂੰ ਕਿੱਦਾਂ ਦੱਸਦਾ , ਪਈ ਮੈਂ ਓਥੇ ਨਈਂ ਰਹਿਣਾ । ...ਓਥੇ ਸ਼ਾਹ ਅਣਆਈ ਮੌਤੇ ਮਰਿਆ । ਗੋਲੀਆਂ ਖਾ ਕੇ ਚੂਹੇ ਮਾਰਨ ਵਾਲੀਆਂ । ਉਹਨੇ ਅੱਗੋਂ ਹੱਸਣਾ ਮੇਰੇ ਤੇ । ਟਾਂਚਾਂ ਕਰਨੀਆਂ ਮੈਨੂੰ – ਬੱਲੇ ਓਏ ਸੈਂਸਦਾਨਾਂ ! ਨਈਂ ਰੀਸਾਂ ਸਿੰਘ ਸੂਰਮੇ ਦੀਆਂਤੇਰੇ ਪਿਤਾ ਪੁਰਖੇ ਤਾਂ ਰਾਜਿਆਂ –ਮ੍ਹਾਂ-ਰਾਜਿਆਂ ਦੀਆਂ ਨਾਸਾਂ ਬੰਦ ਕਰੀ ਰੱਖਦੇ ਸੀ ...ਚਾਰ-ਚੱਕ ਧੁੰਮਾਂ ਪਈਆਂ ਸੀਈ , ਆਹਲੂਆਲੀਏ ਸਰਦਾਰਾਂ ਦੀਆਂ ਰਣਜੀਤ ਸੂੰਹ , ਸਿੰਘ-ਸਾਬ੍ਹ ਸਿੰਘ ਸਾਬ੍ਹ ਕਰਦਾ ਮਗਰ-ਮਗਰ ਤੁਰਿਆ ਫਿਰਦਾ ਸੀ । ਤੇ , ਤੂੰ...ਤੂੰ ਤਾਂ ਗਿੱਲ ਈ ਗਾਲ ਛੱਡੀ ਆ ! ਤੂੰ , ਮਰੇ ਬੰਦੇ ਤੋਂ ਈ ਡਰੀ ਜਾਨਾਂ ...ਬੱਲੇ ਓਏ ਤੇਰੇ ...। ਤੂੰ ....ਤੂੰ ਦੱਸ , ਭਲਾ ਕੇਹੜੇ ਘਰ ਨਈਂ ਮਰਦੇ ਬੰਦੇ , ਕੋਈ ਜੰਮਦਾ ਈ ਮਰ ਜਾਂਦਾ , ਕੋਈ ਬੁੱਢਾ ਹੋ ਕੇ । ਕੋਈ ਹੱਸਦਾ-ਖੇਲ੍ਹਦਾ ਤੁਰ ਜਾਂਦਾ , ਕੋਈ ਹੱਡ-ਗੋਡੇ ਰਗੜਾ ਕੇ । ਕੋਈ ਚੜ੍ਹਦੀ ਉਮਰੇ ਲੁੜ੍ਹਕ ਜਾਂਦਾ , ਕੋਈ ਲਹਿੰਦੀ ਉਮਰੇ ਤੇ...ਤੇ ਆਹ ਜਿਹੜੇ ਹਰ ਰੋਜ਼ , ਦਸ-ਬਾਰਾਂ ਸਹੀ ਸਲਾਮਤ ਤੁਰਦੇ-ਫਿਰਦੇ ਈ ਅੱਲਾ ਨੂੰ ਪਿਆਰੇ ਹੋਈ ਜਾਂਦੇ ਆ , ਏਹ ਕਿਸੇ ਘਰ ਦੇ ਜੀਆ ...ਕਿਸੇ ਮਾਂ ਦੀਆਂ ਆਂਦਰਾਂ ..ਕਿਸੇ ਪਿਓ ਦੀਆਂ ਅੱਖਾਂ ..ਕਿਸੇ ਭੈਣ ਦਾ ਸੁਹਾਗ !
ਵਰਮੇਂ ਤੋਂ ਅੱਖ ਬਚਾ ਕੇ ਮੈਂ ਸਿੱਧਾ ਮਾਡਲ-ਗਰਾਮ ਤੁਰ ਗਿਆ । ਸੰਘਾ ਸਾਬ੍ਹ ਦੀ ਕੋਠੀ ਐ , ਏਥੇ । ਕੋਠੀ ਕਾਹਦੀ , ਨਿਰਾ ਮਹਿਲ ਆ ਮਹਿਲ । ਪਿੰਡ ਵਾਲੇ ਮਹੱਲ ਨਾਲੋਂ ਵੀ ਵੱਡਾ । ਸੰਘੇ , ਸਾਡੇ ਪਿੰਡ ਦੇ ਜ਼ੈਲਦਾਰ , ਸਰਦਾਰ , ਲੰਬੜਦਾਰ , ਸਰਪੰਚ ਗੱਲ ਕੀ ਸਭ ਕੁਝ ਹਨ । ਦੋ ਭਰਾ ਹਨ , ਸੰਘੇ – ਵੱਡਾ ਜੈ ਸਿੰਘ , ਛੋਟਾ ਭਰਾ ਗੁਰਮੁਖ ਸਿੰਘ । ਜੈ ਸਿੰਘ ਦਾ ਇਕੋ ਇਕ ਪੁੱਤਰ ਐ ,ਜਸਵਿੰਦਰ । ਛੋਟੇ ਦੇ ਚਾਰ ਮੁੰਡੇ ਹਨ – ਇਕੋ ਜਿਹੇ ਬੁਰਛਿਆਂ ਅਰਗੇ । ਜੈ ਸਿੰਘ ਤੇ ਜਸਵਿੰਦਰ ਸਿੰਘ ਆਪਣੇ ਨਾਮਾਂ ਪਿੱਛੇ ਸੰਘਾ ਜੋੜਦੇ ਹਨ । ਗੁਰਮੁੱਖ ਸਿੰਘ ਹੋਰੀਂ , ਸਿੰਘਪੁਰੀਸ਼ਾਇਦ ਵੱਖਰੇ ਦਿਸਣ ਲਈ । ਉਂਝ ਦੋਨਾਂ ਦੀ ਖੇਤੀਬਾੜੀ , ਕਾਰੋਬਾਰ ਸਭ ਵੱਖ-ਵੱਖ । ਦੌੜ ਲੱਗੀ ਪਈ ਐ ਦੋਨਾਂ ਚ ਇਕ ਦੂਜੇ ਤੋਂ ਅੱਗੇ ਲੰਘਣ ਦੀ । ਸਾਡਾ , ਸਾਰਾ ਪਿੰਡ ਇਹਨਾਂ ਦੋਨਾਂ ਦੀ ਜਾਗੀਰ ਐ , ਅੱਧਾ-ਅੱਧਾ । ਢਾਈ –ਢਾਈ ਸੌ ਏਕੜ ਪੈਲੀ । ਗੁਰਮੁੱਖ ਸਿੰਘ ਦੇ ਚੌਂਹ ਮੁੰਡਿਆਂ ਕੋਲ ਚਾਰ ਟਰੈਕਟਰ ਚਾਰ ਜੀਪਾਂ-ਕਾਰਾਂ , ਚਾਰ ਸਕੂਟਰ , ਕਾਰ ਕੋਠੀਆਂ । ਪੂਰਾ ਠਾਠ –ਬਾਠ ਪਰ , ਜੈ ਸਿੰਘ ਉਹਨਾਂ ਤੋਂ ਬਹੁਤ ਉੱਪਰ । ਇਕਲੌਤੇ ਜਸਵਿੰਦਰ ਪਾਸ ਪੂਰੇ ਡੂੜ ਕਿੱਲੇ ਚ ਉਸਰਿਆਂ ਦੋ –ਮੰਜ਼ਲਾ ਮਹੱਲ । ਚਾਰ ਟਰੈਕਟਰ , ਊਈਂ ਸ਼ਰੀਕਾਂ ਦੀ ਬਰਾਬਰੀ ਕਰਨ ਨੂੰ , ਇਕ ਫੋਰਡ ,ਇਕ ਮੈਸੀ , ਇਕ ਇੰਟਰਨੈਸ਼ਨਲ , ਇਕ ਯੀਟਰ । ਤਿੰਨ ਕਾਰਾਂ – ਇਕ ਮਰਸਰੀ , ਇਕ ਫੀਅਟ , ਇਕ ਮਾਰੂਤੀ । ਤੇ ਜੀਪ-ਸਕੂਟਰ , ਜੀਪ-ਸਕੂਟਰ ਦੀ ਸਵਾਰੀ ਸੰਘਾ ਸਾਬ੍ਹ ਤੋਂ ਊਈਂ ਬਹੁਤ ਨੀਵੀਂ ਐ । ਜਸਵਿੰਦਰ ਆਪਣੇ ਚਾਚੇ ਦੇ ਮੁੰਡਿਆ ਤੋਂ ਬਹੁਤਾ ਪੜ੍ਹ ਗਿਆ । ਅੱਗੋਂ ਬਹੁਤੇ ਵੱਡੇ ਘਰ ਵਿਆਹਿਆ ਗਿਆ । ਸਹੁਰਾ , ਰੇਅਨ-ਬੋਨ ਕਨਸਟਰਕਸ਼ਨ ਕੰਪਨੀ ਦਾ ਚੈਅਰਮੈਨ । ਕਈ ਥਾਈਂ ਠੇਕੇ-ਰੇਲਾਂ ,ਸੜਕਾਂ ,ਨਹਿਰਾਂ ,ਡੈਮਾਂ ਦੀ ਉਸਾਰੀ ਤਕ ਖਿਲਰਿਆ ਕਾਰੋਬਾਰ । ਜਸਵਿੰਦਰ ਕਾਲਜੋਂ ਨਿਕਲਦਾ ਹੀ ਇਕ ਪ੍ਰਾਜੈਕਟ ਦੀ ਜੀ.ਐਮ. ਬਣ ਗਿਆ । ਇਕ ਕੋਠੀ  ਡਲਹੌਜ਼ੀ ਬਣੀ ਬਣਾਈ ਮਿਲ ਗਈ ਦਾਜ ਚ । ਗਰਮੀਆਂ ਕੱਟਣ ਨੂੰ । ਇਕ ਬੰਬਈ ਬਣਾ ਲਈ ਸਰਦੀਆਂ ਕੱਟਣ ਨੂੰ । ਤੇ ਇਕ ਏਥੇ ਪਠਾਨਕੋਟ , ਪਿੰਡ ਦੇ ਨੇੜੇ । ਬੱਸ ਐਮੇਂ ਫੇਰਾ ਤੋਰਾ ਰੱਖਣ ਲਈ ।
ਪਿੰਡ ਦਾ ਕਾਰੋਬਾਰ ਸਾਰਾ ਜੈ ਸਿੰਘ ਦੇ ਹਵਾਲੇ । ਪਠਾਨਕੋਟ ਵਾਲੀ ਕੋਠੀ ਵੀ ਉਸ ਦੀ ਦੇਖ-ਰੇਖ ਹੇਠਾਂ । ਦੂਜੇ ਚੌਥੇ ਫੇਰਾ ਮਾਰ ਛੱਡਣਾ । ਨੌਕਰਾਂ –ਮਾਲੀਆਂ ਦੀ ਝਾੜ-ਝੰਭ ਕਰ ਛੱਡਣੀਂਬਾਕੀ ਸਭ ਠੀਕ । ਪਰ, ਸਭ –ਠੀਕ ਅੱਜ ਕਲ੍ਹ ਸਭ-ਅੱਛਾ ਨਹੀਂ ।ਧਮਕੀ –ਪੱਤਰ ਉਸ ਨੂੰ ਵੀ ਏਥੇ ਚੁੱਕ ਲਿਆਇਆ , ਪਿੰਡੋਂ  । ਪੂਰਾ ਬਚ-ਬਚਾ ਕੇ ਰਹਿੰਦਾ । ਕੋਠੀ ਦੀ ਬਾਊਂਡਰੀ ਵਾਲ ਹੋਰ ਉੱਚੀ ਕਰਵਾ ਲਈ , ਉੱਪਰ ਕੰਡਿਆਲੀ ਤਾਰ ਲਗਵਾ ਲਈ , ਸੰਘਣੀ ਕਰਕੇ । ਗੇਟ ਤੇ ਚੈਕ-ਪੋਸਟ , ਆਪਣੀ ਨਿੱਜੀ । ਪੂਰਾ ਹਥਿਆਰ-ਬੰਦ ਦਸਤਾ , ਪਹਿਰੇ ਤੇ । ਆਏ –ਗਏ ਲਈ ਅੰਦਰ ਜਾਣਾ ! ਨਿਰੀ ਜ਼ਲਾਲਤ – ਕੌਣ ਓ ਤੁਸੀ ? ਕਿਥੋਂ ਆਏ ਓ ? ਕਿਉਂ ਆਏ ਹੋ ? ਕਿਸ ਨੁੰ ਜਾਣਦੇ ਹੋ ? ਤੁਹਾਨੂੰ ਕੌਣ ਕੌਣ ਜਾਣਦਾ ਐ ? ਫਿਰ ਅੰਦਰ ਟੈਲੀਫੂਨ ਹੁੰਦਾ ਐ । ਅੰਦਰੋਂ ਯੈਸ ਹੋਈ ਤੇ ਬਾਹਰ ਵਾਲਾ ਅੰਦਰ ਜਾਂਦਾ ਐ , ਉਹ ਵੀ ਪੂਰੇ ਪਹਿਰੇ ਥੱਲੇ , ਰਫ਼ਲ ਦੀ ਛਾਂ ਹੇਠ ।
ਸਾਰੀ ਫਾਰਮੈਲੇਟੀ ਪੂਰੀ ਕਰਕੇ ਮੈਂ ਸੰਘਾ ਕੋਲ ਅੱਪੜ ਗਿਆ । ਆਪਣੀ ਮੁਸ਼ਕਲ ਦੱਸੀ । ਅੱਗੋਂ ਹੋਰ ਈ ਰੋਣ-ਧੋਣ ਚਾਲੂ –ਪੱਤਰ ਤੇ ਪੱਤਰ ਆਏ ਹਨ ਸੰਘਾ –ਸਾਬ੍ਹ ਨੂੰ ਵੀ ... । ਪਹਿਲੇ ਦਾ ਭੁਗਤਾਨ ਉਹਨਾਂ ਐਨ ਸਮੇਂ ਸਿਰ ਕੀਤਾ । ਫਿਰ ਹੋਰ ਆ ਪਹੁੰਚਿਆ । ਉਸ ਦਾ ਨਿਪਟਾਰਾ ਹੋਇਆ , ਫਿਰ ਹੋਰ । ਉਹ ਨਿਬੇੜਿਆ ਫਿਰ ਹੋਰ ...। ਤੰਗ-ਪ੍ਰੇਸ਼ਾਨ ਹੋਏ ਜੈ ਸਿੰਘ ਨੇ ਜਸਵਿੰਦਰ ਦੇ ਸੋਹਰੇ ਨਾਲ ਗੱਲ ਕੀਤੀ । ਉਹਨੇ ਅੱਗੋਂ ਪੁਲੀਸ ਉੱਚ-ਮੁਖੀ ਨਾਲ । ਉਸ ਨੇ ਅੱਗੇ ਆਪਦੀ ਬੇ-ਬਸੀ ਆਖ ਦੱਸੀ । ਫਿਰ ਸੰਘੇ ਹੋਰੀਂ ਦੂਜਾ ਦਾਅ ਵਿਰਤਿਆ ਕੰਪਨੀ ਦੇ ਡਾਇਰੈਕਟਰਾਂ ਵਿੱਚੋਂ ਇੱਕ ਦਾ ਭਤੀਜਾ ਗੁਰੀਲਾ ਫੋਰਸ ਦਾ ਅਹੁਦੇਦਾਰ ਸੀ । ਉਹਨੇ ਅੱਗੋਂ ਉਪਰਲੀ ਕਮਾਂਡ ਨਾਲ ਗੱਲ ਤੋਰੀ । ਹਾਈ-ਪਾਵਰ ਕਮੇਟੀ ਨੇ ਅੱਧੀ ਛੋਟ ਦੇ ਕੇ ਅੱਗੋਂ ਤੋਂ ਪੱਕਾ ਬਖਸ਼ ਦਿੱਤਾ ।
ਪਹਿਲੇ ਵਹਿਮ ਤੋਂ ਡਰਿਆ ਜੈ ਸਿੰਘ , ਪਿੰਡ ਛੱਡ ਆਇਆ , ਮੇਰੇ ਵਾਂਗ । ਪਰ ਨਈਂ ।ਉਹਦੀ ਗੱਲ ਹੋਰ ਸੀ । ਉਹਦਾ ਸਰਦਾ ਸੀ , ਕਈ ਪਾਸਿਉਂ । ਮੈਂ , ਨਿਰਾ-ਪੁਰਾ ਤਨਖਾਹ ਤੇ ਨਿਰਭਰ । ਪਿੰਡ ਹੱਟੀ ਸੀ । ਚਾਰ ਪੈਸੇ ਰਲਦੇ ਸਨ ਹੁਣ ਉਹ ਵੀ ਜਾਂਦੇ ਲੱਗੇ । ਤੇ ਤਨਖਾਹ .....ਨਿਰੀ ਤਨਖਾਹ ਆਸਰੇ ਕਿੱਡਾ ਕੁ ਮਕਾਨ ਲਿਆ ਜਾ ਸਕਦਾ ਸੀ , ਕਰਾਏ ਤੇ ...!
ਮੈਂ ਪਿਛਲੀ ਸਾਂਝ ਦਾ ਵਾਸਤਾ ਪਾਇਆ । ਬੇਨਤੀ ਕੀਤੀ ਜਾਂ ਤਰਲਾ , ਪਰ ਗੱਲ ਕੋਈ ਬਣੀ ਨਾ । ਕੋਠੀ ਦੇ ਨੌਕਰ-ਕਮਰਿਆਂ ਚ ਤਾਂ ਕੀ , ਕਿੱਧਰੇ ਲਾਗੇ –ਛਾਗੇ ਵੀ ਢੋਈ ਨਾ ਮਿਲੀ । ਉਲਟਾ ਸੰਘਾ ਹੋਰਾਂ ਦੇ ਤੇਵਰ ਹੋਰ ਉਤਾਂਹ ਚੜ੍ਹ ਗਏ । ਆਖਣ ਲੱਗੇ – ਐਂ ਤਾਂ ਲੂਲੀ –ਭਟਿਆਰੀ ਸਾਰੀ ਐਥੇ ਆ ਬੜੂ ...ਇਹ ਕੋਈ ਸਰਾਂ ਆਂ ! ਧਮਕੀ –ਪੱਤਰ ਤਾਂ ਹਰ ਜਣੇ –ਖਣੇ ਨੂੰ ਆਇਆ  ਫਿਰਦਆ ...। ਮੈਂ ਉੱਤਰ ਦਿੱਤਾ- ਮੈਂ ਜਣਾਂ-ਖਣਾਂ ਨਈਂ ਮ੍ਹਾਂ-ਰਾਜ੍ਹ ...ਮੈਂ ਪਰਮਜੀਤ ਆਂ ਪਰਮਜੀਤ , ਜਸਵਿੰਦਰ ਦਾ ਹਮ-ਜਮਾਤੀ ਹਮ-ਜਮਾਤੀ ਤਾਂ ਸੈਂਕੜੇ ਤੁਰੇ ਫਿਰਦੇ ਆ ਉਦ੍ਹੇ ! ਕੇਦ੍ਹਾ ਕੇਦ੍ਹਾ ਧਿਆਨ ਰੱਖਾਂ ...! ਸੰਘਾ ਸਾਬ੍ਹ ਦੀ ਬੋਲ-ਚਾਲ ਹੋਰ ਰੱਖੀ ਹੁੰਦੀ ਗਈ ।
ਮੈਨੂੰ ਲੱਗਾ ਇਹ ਜੈ ਸਿੰਘ ਪਿੰਡ ਵਾਲਾ ਜੈ ਸਿੰਘ ਨਹੀਂ ਹੈ । ਇਹਦਾ ਮੁੰਡਾ ਨਹੀਂ ਹੋ ਸਕਦਾ ਜੱਸੀ ! ਜਿਹੜਾ ਪੱਗ-ਵੱਟ ਭਰਾ ਸੀ ਮੇਰਾ । ਦੋਨੋਂ ਇਕੋ ਸਕੂਲ ਚ ਪੜ੍ਹੇ ਸਾਂ , ਡੇਹਰਾਦੂਨ । ਇਕੋ ਕਮਰੇ ਚ ਰਹੇ , ਕਈ ਸਾਲ । ਓਥੋਂ ਉਹ ਹੋਰ ਅੱਗੇ ਨਿਕਲ ਗਿਆ – ਬੰਗਲੌਰ । ਕੋਈ ਡਿਗਰੀ –ਛਿਗਰੀ ਖ਼ਰੀਦ ਲਿਆਇਆ , ਇੰਗਨੀਅਰਇੰਗ ਦੀ ਓਥੋਂ । ਤੇ ਮੈਂ ...ਮੈਨੂੰ ਮਾਸਟਰੀ ਕਰਨੀ ਪਈ । ਘਰ ਦੀ ਦੁਫਾੜ ਕਾਰਨ । ...ਵੱਡੇ ਭਰਾ ਸ਼ਹਿਰੀਂ ਖਿਸਕ ਗਏ । ਬਿਰਧ ਬਾਪੂ ਕੱਪੜਾ-ਕਿਰਿਆਨਾ ਕੱਲਾ ਕਿਮੇਂ ਸਾਂਭਦਾ ! ਕਾਰੋਬਾਰ ਇਕੋ ਹੱਲੇ ਹੇਠਾਂ ਡਿੱਗ ਪਿਆ । ਤੇ ਮੈਂ ਡਾਕਟਰ ਬਣਦਾ ਬਣਦਾ ਸਕੂਲ ਮਾਸਟਰ ਬਣ ਗਿਆ । ਬੀ .ਐਸ . ਸੀ ( ਮੈਡੀਕਲ ) ਬੀ . ਐਡ । ਅੱਧਾ ਦਿਨ ਸਕੂਲ ਅੱਧਾ ਦਿਨ ਦੁਕਾਨ ਤੇ । ਪਰ , ਸੰਘਿਆ ਨਾਲ ਪੂਰੀ ਭਾਈਬੰਦੀ । ਪੂਰਾ ਮਿੱਤਰ-ਚਾਚਾ । ਉਹ ਇਕ ਵਾਜ ਮਾਰਦੇ , ਮੈਂ ਦਸ ਵਾਰ ਜਾਂਦਾ । ਉਹ ਇਕ ਕੰਮ ਦਸਦੇ ਮੈਂ ਚਾਰ ਕੰਮ ਸਆਰਦਾ । ਜਾਣੋ ਜੱਸੀ ਦੀ ਖਾਲੀ ਥਾਂ ਪੂਰ ਛੱਡਦਾ । ਘੱਟ , ਉਹਨਾਂ ਵੀ ਕਦੇ ਨਹੀਂ ਸੀ ਕੀਤੀ । ਗਮੀ-ਖੁਸ਼ੀ ਚ ਵਧ-ਚੜ੍ਹ ਕੇ ਪਹੁੰਚਦੇ । ਬਾਪੂ ਜੀ ਦੇ ਸਾਹ ਚ ਸਾਹ ਪਾਉਂਦੇ । ਪਰ ਹੁਣ ਸਾਰਾ ਕੁਝ ਭੁੱਲ-ਭੁਲਾ ਕੇ ਸੰਘੇ ਹੋਰੀਂ ਓਪਰੇ ਬਣੇ ਬੈਠੇ ਸਨ । ਓਪਰੇ ਈ ਨਈਂ ਪੂਰੀ ਤਰ੍ਹਾਂ ਬੇ-ਪਛਾਣ । ਸਭ ਰਿਸ਼ਤੇ ਖ਼ਤਮ । ਫੋਕੇ ਪਾਣੀ ਦਕ ਦੀ ਸੁਲਾਹ ਨਾ ਮਾਰੀ ।
ਸਿਰ ਸੁੱਟੀ ਮੈਂ ਕੋਠੀਉਂ ਉੱਠ ਤੁਰਿਆ । ਪੂਰੇ ਪਹਿਰੇ ਹੇਠ । ਜਿਵੇਂ ਅੰਦਰ ਗਿਆ ,ਉਵੇਂ ਬਾਹਰ ਆ ਪਹੁੰਚਿਆ । ਸਾਰਾ ਦਿਨ ਟੱਕਰਾਂ ਮਾਰੀਆਂ । ਕਿਧਰੇ ਕੋਈ ਚਾਰਾਜੋਈ ਨਾ ਚਲੀ । ਹਾਰ ਥੱਕ ਇਕ ਚੁਰਾਹੇ ਲਾਗੇ ਆ ਰੁਕਿਆ । ਆਉਂਦੇ –ਜਾਂਦੇ ਚਿਹਰੇ ਨਿਹਾਰਦਾ ਰਿਹਾ । ਆਕਾਰਨ । ਅਕਾਰਨ ਨਈਂ , ਬੇ-ਪਛਾਣ ਮੁੰਡਿਆਂ ਨੂੰ ਪਛਾਣਦਾ । ਧਮਕੀ-ਪੱਤਰ ਲੇਖਕਾਂ ਨੂੰ ਲੱਭਦਾ । ...ਓਥੇਂ ਲੰਘਦੀ ਹਰ ਖੁਲ੍ਹੀ ਦਾਅੜ੍ਹੀ ਮੈਨੂੰ ਬਨਵੈਤ ਛੋਕਰੇ ਲੱਗਦੀ , ਤੇ ਹਫਿਆ –ਖਫਿਆ  ਹਰ ਚਿਹਰਾ ,ਅਤਿਵਾਦੀ । ਪਰ ...ਪਰ ਦਾਅੜ੍ਹੀ ਤਾਂ ਮੇਰੀ ਵੀ ਉਹਨਾਂ ਵਰਗੀ ਹੀ ਸੀ । ਮੈਂ ਵੀ ਉਹਨਾਂ ਵਾਂਗ ਹਫਿਆ – ਖਫਿਆ ਸਾਂ । ਫਿਰ ....ਫਿਰ ਕਿਸੇ ਨੂੰ ਕੀ ਸਮਝਿਆ ਜਾਏ ! ਚੰਗੇ ਮਾੜੇ ਦੀ ਪਛਾਣ ਕਿਮੇਂ ਕੀਤੀ ਜਾਏ ? ਮੈਂ ਕੋਈ ਫੈਸਲਾ ਨਾ ਕਰ ਸਕਿਆ ।
ਚੰਗੇ ਮਾੜੇ ਦੀ ਪਛਾਣ ਅੰਦਰ ਡੁੱਬਿਆ , ਮੈਂ ਦਸ ਵੀਹ ਲਾਂਘਾਂ ਹੋਰ ਅਗਾਂਹ ਨਿਕਲ ਗਿਆ । ਸੜਕ ਦੇ ਇਕ ਪਾਸੇ ਹੁਸਨ ਲਾਲ ਚਾਚੇ ਦਾ ਅਖ਼ਬਾਰਾਂ ਵਾਲਾ ਖੋਖਾ ਸੀ । ਇਲਾਕੇ ਦੇ ਅਖਬਾਰ ਪਾਠਕਾਂ ਦਾ ਪਹਿਲਾ ਪੰਨਾ , ਚਾਚਾ –ਹੁਸਨਾ । ਸਭ ਦੇ ਪੋਤੜਿਆ ਤੋਂ ਜਾਣੂ । ਹਰ ਦੁਖ-ਸੁਖ ਦਾ ਭਾਈਵਾਲ । ਸਾਰੇ , ਉਸ ਨੂੰ ਮਿਲ ਕੇ ਲੰਘਦੇ । ਉਹ ਵੀ ਸਭ ਨੂੰ ਖਿੜੇ ਮੱਥੇ ਬੁਲਾਉਂਦਾ – ਕਿਸੇ ਨੂੰ ਭਾਈ ਕਹਿ ਕੇ , ਕਿਸੇ ਨੂੰ ਪੁੱਤ-ਬੱਚਾ ਕਹਿ ਕੇ ।
-        ਕਿਓਂ ਬੱਚੂ ਬੜਾ ਓਦਰਿਆਂ ਫਿਰਦੈਂ ...ਸੁੱਖ ਤਾਂ ਹੈਅ ...! ਮੇਰਾ ਭਾਈ ਤਾਂ ਰਾਜੀ ਐ , ਈਸ਼ਰ ਸੂੰਹ । ਮਾਰੀ ਜਾਂਦਾ ਗਜ਼ ਤੇ ਗਜ਼ ..ਤੋਲੀ ਜਾਂਦਾ ਲੂਣ ਤੇਲ ...! ਐਂਤਕੀ ਅੰਬਰਸਰ ਨਈਂ ਗਿਆ ਉਹ ਦਬਾਲੀ ਤੇ....! ਉਹਨੂੰ ਆਖੀਂ ਕੁੰਭ ਤੇ ਜਾਣਾ ਇਸ ਵਾਰ ...ਪੂਰਾ ਮੀਨ੍ਹਾ ਲਾ ਕੇ ਮੁੜਨਾ ...ਆਪੇ ਈ ਸਾਂਭਿਓਂ ਪਿੱਛਾ ....। ਇਕੋ-ਸਾਹੇ ਚਾਚਾ ਕਈ ਕੁਝ ਆਖ ਗਿਆ । ਮੈਂ ਡੋਰ-ਭੋਰ ਖੜ੍ਹਾ ਸੁਣਦਾ ਰਿਹਾ , ਉਸ ਨੂੰ । ...ਕੀ ਆਖਦਾ ਅੱਗੋਂ ,ਕਿ ਦੌੜ ਆਇਆ ਆਂ ਮੈਂ ਪਿੰਡੋਂ , ਉਸ ਨੂੰ ਕੱਲਾ ਛੱਡ ਕੇ । ਜਿਹੜਾ ਸਾਡਾ ਬਾਪ ਵੀ ਸੀ ਤੇ ਮਾਂ ਵੀ । ਮਾਂ...ਮਾਂ ।ਤਾਂ ਕਿਧਰੇ ਨਿੱਕੇ ਨਿੱਕੇ ਹੁੰਦੇ ਦੀ ਈ ਮਰ ਗਈ । ਮੈਨੂੰ ਤਾਂ ਉਸ ਦਾ ਸ਼ਕਲ ਤਕ ਯਾਦ ਨਹੀਂ । ਸੁਣਿਆ – ਉਹ ਬੜੀ ਸਿਰੜੀ ਸੀ ਬਾਪੂ ਵਾਂਗ । ਬਾਪੂ ਭਰਤੀ ਵੀ ਰਿਹਾ ਤੇ ਕੈਦ ਵੀ । ਪਰ , ਉਹ ਕੱਲੀ ਡਟੀ ਰਹੀ । ਲੂਣ ਤੇਲ ਦੀ ਹੱਟੀ ਕਰਦੀ , ਘਰੇ ਈ । ਪਿੰਡ ਦੇ ਲੁੱਚੇ –ਲਫੰਗੇ ਕਈ ਵਾਰ ਆਢ੍ਹਾ ਲਾਉਂਦੇ ਉਹਦੇ ਨਾਲ । ਪਰ , ਉਹ ਡੋਲੀ ਨਾ । ...ਫੇਰ ਪਤਾ ਨਈਂ ਕੀ ਹੋਇਆ ਉਹਨੂੰ । ਸੁਣਿਆ –ਘੋਨੇ ਸਾਧ ਦਾ ਜਾਦੂ –ਟੂਣਾ ਚਲ ਗਿਆ । ਬੱਸ ਦਿਨਾਂ ਅੰਦਰ ਹੀ ਖਤਮ ਹੋ ਗਈ । ਅਸੀਂ ਮਾਂ –ਪਿਓ ਬਾਹਰੇ ਤਿੰਨੋਂ ,ਤਾਇਆ ਜੀ ਕੋਲ ਰਹੇ , ਕਈ ਚਿਰ । ਜਦੋਂ ਬਾਪੂ ਰਿਹਾਅ ਹੋ ਕੇ ਮੁੜਿਆ , ਫਿਰ ਸਾਨੂੰ ਹੋਸ਼ ਆਈ ਕਿਧਰੇ । ਮੈਂ ਹੁਸਨ ਲਾਲ ਚਾਚੇ ਨੂੰ ਕਿੱਦਾਂ ਦੱਸਦਾ ਕਿ ਧਮਕੀ –ਪੱਤਰ ਤੋਂ ਡਰਦਾ ਮੈਂ ਓਸੇ ਬਾਪ ਨੂੰ ਮੌਤ ਦੇ ਮੂੰਹ ਚ , ਕੱਲਾ ਛੱਡ ਕੇ ਆਇਆ ਹਾਂ ...। ਉਹ ਜਿਹੜਾ ਮੇਰਾ ਬਾਪੂ ਸੀ ਤੇ ਮਾਂ ਵੀ ...।
ਸਟੀਲ ਦੇ ਸਲਾਸ ਚ ਪਾਈ ਦਾਰੂ ਚਾਚੇ ਨੇ ਦੋ ਘੁੱਟ ਪੀ ਕੇ ਮੁੜ ਰੈਕ ਉਹਲੇ ਢੱਕ ਦਿੱਤੀ । ਮੁੱਛਾਂ ਸਾਫ ਕਰਦਾ ਉਹ ਫਿਰ ਮੇਰੇ ਵੱਲ ਨੂੰ ਉੱਲਰਿਆ – ਓਏ ਤੂੰ ਬੋਲਦਾ ਕੁਸ਼-ਕਦਾ ਨਈਂ ! ਕੀ ਮਨੂਰ ਜਿਹਾ ਬਣਿਆਂ ਖੜਾਂ ...?
ਬਿਨਾਂ ਬੋਲੇ –ਚਾਲੇ ਮੈਂ ਕਮੀਜ਼ ਦੀ ਜੇਬ ਚੋਂ ਧਮਕੀ –ਪੱਤਰ ਕੱਢ ਕੇ ਉਸ ਵਲ ਵਧਾਇਆ । ਕੀ ਆ ਏਹ ..., ਕਹਿੰਦੇ ਚਾਚੇ ਨੇ ਉਸ ਦੀਆਂ ਤਹਾਂ ਖੋਲ੍ਹੀਆਂ । ਵੀਹ ਹਜ਼ਾਰ ਦੀ ਮੰਗ ..., ਉਹ ਇਕ ਦਮ ਉਦਾਸ ਹੋ ਗਿਆ । ਪਰ ,ਅਗਲੇ ਹੀ ਛਿਨ ਮੁੜ ਸੰਭਲ ਗਿਆ । ਗਲਾਸ ਚ ਬਚਦੀ , ਉਹਦੇ ਇਕੋ ਡੀਕੇ ਪੀ ਲਈ । ਪੁਲੀਸ ਨੂੰ ਇਨਫਾਰਮ ਕੀਤਆ ?” “ ਨਈ.... ਮੈਂ ਨਾਂਹ ਵਿਚ ਸਿਰ ਮਾਰਿਆ । ਕਰ ਛੱਡਣਾ ਸੀ ਈ ! ਕੀ ਫੈਦਾ ! ਉਨ੍ਹਾਂ ਆਪਣਾ ਹਿੱਸਾ ਮੰਗਣਾ ..., ਮੈਂ ਬਿਨਾਂ ਝਿਜਕ ਉੱਤਰ ਦਿੱਤਾ ।
ਗੱਲ ਤਾਂ ਤੇਰੀ ਠੀਅਕ ਆ, ਪਰ ...ਫਿਰ ਵੀ ਕਰਨਾ ਤਾ ਬਣਦਾ ਈ ਆ , ਇਹ ਕੰਮ । ਚਲ ਮੈਂ ਚਲਦਆਂ ਤੇਰੇ ਨਾਲ ....।
ਅਸੀਂ ਦੋਵੇਂ ਠਾਣੇ ਪਹੁੰਚ ਗਏ । ਉਹੀ ਗੱਲ ਹੋਈ ਜਿਸ ਦਾ ਡਰ ਸੀ । ਪਹਿਲਾਂ ਤਾਂ ਸਾਡੀ ਕਿਸੇ ਸੁਣੀ ਈ ਨਾ । ਸੁਣੀ ਈ ਸੁਣੀ ਤਾਂ ਅੱਗੋਂ ਆਡਰ ਮਿਲਿਆ – ਚਲੋ ਚਲਦੇ ਆਂ , ਤੁਆਡੇ ਪਿੰਡ ...ਬੈਠੋ ਗੱਡੀ ਚ ਪੁਆਓ ਤੇਲ ਤੀਹ-ਚਾਲੀ ਲੀਟਰ ...ਬੰਦਿਆਂ ਹਾਡਿਆਂ ਦਾ ਧਿਆਨ ਰੱਖਿਓ , ਸਾਰਾ ਦਿਨ ਦੇ ਥੱਕਿਓ ਆ ....। ਮੈਂ ਤਾ ਚੁੱਪ ਰਿਹਾ , ਪਰ ਚਾਚੇ ਨੂੰ ਚੜ੍ਹ ਗੁੱਸਾ ਗਿਆ , ਪਤਾ ਨਈਂ ਉਸ ਨੇ ਕਿੱਦਾਂ ਸੰਭਾਲਿਆ , ਆਪਣਾ ਆਪ । ...ਅੱਛਾ ਕਰੋ ਤਿਆਰੀ , ਅਸੀਂ ਆਏ , ਹੁਣੇ ਈ ...., ਆਖ ਕੇ ਚਾਚਾ ਮੈਨੂੰ ਬਾਹਰ ਲੈ ਆਇਆ , ਦੁਕਾਨ ਤੇ । ਅੱਗੋ ਬਲਦੇਵ ਖੜਾ ਸੀ ਯੂਨੀਅਨ ਵਾਲਾ ।.....ਆਹ ਸਾਂਭੋ ਆਪਦਾ ਆਦਮੀ ਪੁੱਤ ,ਬੜਾ ਤਭਕਿਆ ਫਿਰਦਆ ਏਹ । ਚਾਚੇ ਨੇ ਸਾਰੀ ਗੱਲ ਬਲਦੇਵ ਨੂੰ ਦੱਸੀ । ਮੈਂ ਚੁੱਪ-ਚਾਪ ਖੜਾ ਸੁਣਦਾ ਰਿਹਾ । ਕਦੀ ਚਾਚੇ ਵੱਲ ਕਦੀ ਉਸ ਵਲ ਦੇਖਦਾ ਰਿਹਾ ।
..... ਕਿਓ ਕਾਮਰੇਡ ਬਓਤ ਡਰ ਲਗਦਆ , ਮਰਨ ਤੋਂ ..। ਖੁਲ-ਦਿਲੈ ਬਲਦੇਵ ਨੇ ਜਾਣੋ ਮੇਰੀ ਦੁਖਦੀ ਰਗ ਹੋਰ ਛੇੜ ਦਿੱਤੀ , ਇਕ ਮੌਤ ਦਾ ਚੇਤਾ ਕਰਾ ਕੇ , ਦੂਜਾ ਮੈਨੂੰ ਕਾਮਰੇਡ ਆਖ ਕੇ । ਇਹ ਗੱਲ ਨਈਂ ਕਿ ਮੈਨੂੰ ਕਾਮਰੇਡ ਸ਼ਬਦ ਦੇ ਅਰਥ ਨਹੀਂ ਸਨ ਆਉਂਦੇ , ਜਾਂ ਇਸ ਪਿੱਛੇ ਜੁੜੀ ਫਿਲਾਸਫੀ ਤੋਂ ਜਾਣੂ ਨਹੀਂ ਸੀ । ਸਗੋਂ ਬੜਾ ਮੋਹ ਸੀ ਕਿਸੇ ਵੇਲੇ ਇਸ ਨਾਂ ਨਾਲ । ਪੂਰਾ ਸ਼ਰਧਾਲੂ ਸੀ ਮੈਂ , ਮਾਰਕਸ , ਲੈਨਿਨ , ਸਤਾਲਿਨ ਤੇ ਮਾਓ ਵਰਗੇ ਉੱਘੇ ਲੀਡਰਾਂ ਦਾ ।ਇਹਨਾਂ ਦੀਆਂ ਤਸਵੀਰਾਂ ਮੈਂ ਹਰ ਵੇਲੇ ਆਪਣੇ ਕੋਟ ਦੇ ਕਲਾਰ ਤੇ ਟੁੰਗੀ ਰੱਖਦਾ ਸਾਂ । ਕਈ ਸਾਰੇ ਰਸਾਲੇ –ਕਿਤਾਬਚੇ ਵੀ ਦੇਖੇ ਜਾਚੇ ਸਨ ਮੈਂ ਇਹਨਾਂ ਦੇ । ਪਰ , ਧਰਮ-ਕਰਮ ਦੇ ਮਸਲੇ ਤੇ ਖਾਸਾ ਮੱਤਭੇਦ ਸੀ , ਮੇਰਾ । ਹੋਰਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਚ ਖਾਹ-ਮਖਾਹ ਦੀ ਦਖ਼ਲ-ਅੰਦਾਜ਼ੀ ਵੀ ਮੈਨੂੰ ਹਰਗਿਜ਼ ਪਸੰਦ ਨਹੀਂ , ਇਹਨਾਂ ਦੀ । ....ਭਲਾ ਰੂਸ ਦੇ ਕੀ ਢਿੱਡ ਪੀੜ ਹੋਈ , ਉਹਨੇ ਸਾਡਾ ਕਾਲ-ਤਖ਼ਤ ਸਾਬ੍ਹ ਢੁਹਾਇਆ । ਖਾਲਸੇ ਦੀ ਹਤਕ ਕਰਵਾਈ । ਬੱਸ , ਜਦ ਦਾ ਇਹ ਕਾਰਾ ਹੋਇਆ , ਕਾਮਰੇਡ ਸ਼ਬਦ ਜ਼ਹਿਰ ਲੱਗਾ ਸੀ ਮੈਨੂੰ । ਮੈਨੂੰ ਈ ਨਈਂ , ਉਹਨਾਂ ਸਭਨਾਂ ਨੂੰ ਜਿੰਨਾਂ ਮੈਨੂੰ ਇਹ ਗੱਲ ਦੱਸੀ ਸੀ । ਆਹੀ – ਅੰਦਰਖਾਤੇ ਹਮਲਾ ਕਰਵਾਉਨ ਆਲੀ ...!
ਬਲਦੇਵ ਨੂੰ ਮੈਂ ,ਕੁਝ ਕਹਿੰਦਾ ਕਹਿੰਦਾ ਰੁਕ ਗਿਆ । ....ਹਾਂ , ਹਾਂ ਬੋਲ ਕੀ ਬੋਲਣ ਲੱਗਾ ਸੀਈ ਝੱਕਦਾ ਕਿਉਂ ਆਂ.... ਉਸ ਨੇ ਮੇਰੇ ਤੇ ਇੱਕ ਹੱਲ ਹੋਰਾ ਬੋਲ ਦਿੱਤਾ । ....ਬੋਲਣਾ ਕੀ ਆ ਭਰਾਵਾ ...ਮੈਂ , ਮੈਂ ਤਾਂ ਬੱਸ ਓਦਾਂ ਈ ...। ਮੈਂ ਫਿਰ ਝੌਂਪ ਗਿਆ ।
...ਓਦਾਂ ਈ ਕੀ ਹੋਈ , ਖੁਲ੍ਹ ਕੇ ਗੱਲ ਕਰ ਤਾਂ । ਅਸੀਂ ...ਅਸੀਂ ਸਭ ਇਕੋ ਬੀਮਾਰੀ ਦੇ ਮਰੀਜ਼ ਆਂ ....ਚਾਚਾ ਬਾਈ ਤੂੰ ਆਬਦਾ ਧਮਕੀ –ਪੱਤਰ ਨਈਂ ਦਿਖਾਇਆ ਏਨ੍ਹੂੰ  ? ਚਾਚਾ ਅੱਗੋਂ ਜ਼ੋਰ ਦੀ ਹੱਸ ਪਿਆ – ਤੂੰ ਦਖਾ ਦੇ ਤਾਂਆਂ ਆਪਣਾ  , ਇਹ ਕੋਈ ਤਾਮਰ –ਪੱਤਰ ਆ ਜੇੜ੍ਹਾ ਮੈਂ ਕੱਲਾਈ ਠੱਗਿਆ ਫਿਰਦਆਂ । ਇਹ ਤਾਂ ਹਰ ਕੋਈ ਵਸੂਲ ਸਕਦਾ ,ਹੱਥੋਂ – ਹੱਥ । ਬੱਸ , ਰਤਾ ਮਾਸਾ , ਰੜਕ ਚਾਹੀਦੀ ਐ , ਕਿਸੇ ਨਾ ਕਿਸੇ ਤਰ੍ਹਾਂ ਦੀਈ ...।ਚਾਚਾ ਇਕ ਦਮ ਗੰਭੀਰ ਹੋ ਗਿਆ। ਮੈਨੂੰ ਕਹਿੰਦਾ – ਪੁੱਤਰ ਪਰਮਜੀਤ , ਵਹਿਸ਼ਤ ਤੋਂ ਡਰਨਾ ਕੋਈ ਮਾੜੀ ਗੱਲ ਨਈਂ ...ਜ਼ਰੂਰ ਡਰਨਾ ਚਾਹੀਦਾ । ਪਰ , ਨਿਡਰ ਹੋ ਕੇ । ਇਹ ਦੇਹ ਅਮੁੱਲੀ ਵਸਤੂ ਐ ,....ਬਚਾਊਣੀ ਚਾਹੀਦੀ ਐ , ਖੇਹ –ਕੌਡੀਆਂ ਹੋਣੋ, ਪਰ ਅੰਦਰੀਂ ਦੜ ਕੇ ਨਈਂ । ਲੋਕਾਂ ਦੇ ਜੰਗਲ ਚ ਲੁਕ-ਛਿਪ ਕੇ । ਜਿੱਥੇ ਇਕ ਅੱਖ ਜੇ ਤੁਹਾਡੇ ਤੇ ਗਹਿਰੀ ਨਿਗਾਹ ਸੁੱਟੇ , ਤਾਂ ਸੌ-ਪੰਜਾਹ ਅੱਖਾਂ ਉਸ ਨੂੰ ਮੋੜਵੀਂ ਭਾਜੀ ਪਾਉਣ ...।
ਚਾਚੇ ਦੀ ਨਸੀਅਤ ਮੈਨੂੰ ਮੰਤਰ-ਮੁਗਧ ਕਰ ਗਈ । ਮਣਾਂ-ਮੂੰਹੀ ਭਾਰ ਜਿਵੇਂ ਮਨ ਤੋਂ ਉਤਰ ਕੇ ਪੱਕੀ ਸੜਕ ਤੇ ਖਿਲਰ ਗਿਆ । ਦਿਨ-ਭਰ ਦੀ ਖੱਜਲ –ਖੁਆਰੀ ਇਕ ਦਮ-ਭੁੱਲ ਵਿਸਰ ਗਈ । ਲਾਗੇ ਖੜਾ ਬਲਦੇਵ ਮੈਨੂੰ ਮਿੱਠਾ-ਪਿਆਰਾ ਲੱਗਣ ਲੱਗਾ। ਚਾਚੇ ਦੇ ਤਾਂ ਜਿਵੇਂ ਪੈਰਾਂ ਤੇ ਹੀ ਡਿੱਗ ਪਿਆ ।
“  ਓ .....ਓ ਕੀ ਕਰਦਾ ਆ ਪੁੱਤਰ , ਹੋਸ਼ ਕਰ ਕੁੱਸ਼ ਆਪਣਾ ਆਪ ਸੰਭਾਲ ...ਕੀ ਹੋ ਗਿਆ ਤੈਨੂੰ ...ਹੱਦ ਹੋ ਗਈ ਤੇਰੇ ਆਲੀ ...ਜੁਆਨ ਜਹਾਨ ਹੋ ਕੇ ਬੁੱਢੇ-ਠੇਰਿਆਂ ਦਾ ਆਸਰਾ ਭਾਲਦਆਂ ....ਆਪਣਾ ਪੈਰੀਂ ਆਪ ਖੜੋਣ ਸਿੱਖ ਬੱਚੂ ...ਆਹ ਬਲਦੇਵ ਤੇਰੇ ਨਾਲ ਆ ,ਵਰਮਾ ਤੇਰੇ ਕੋਲ੍ਹ ਆ ....ਤੂੰ , ਕਿਉਂ ਓਦਰਿਆਂ ਫਿਰਦਆਂ ...। ਲਾ – ਜਵਾਬ ਹੋਇਆ ਮੈਂ ਸ਼ਰਮਿੰਦਾ ਹੋ ਗਿਆ । ਧਰਤੀ ਅੰਦਰ ਗੱਡ ਹੋਈ ਨਿਗਾਹ , ਜਾਣੋਂ ਉਪਰ ਉਠਣ਼ ਜਾਂਦੀ ਲੱਗੀ । ਚਾਚੇ ਨੂੰ ਕਿਮੇਂ ਪਤਾ ਮੈਂ ਵਰਮੇਂ ਲਾਗੇ ਰਹਿਨਾਂ , ਮੇਰੇ –ਅੰਦਰੇ-ਅੰਦਰ ਕੁੜ੍ਹਦਾ ਪ੍ਰਸ਼ਨ ਅਜੇ ਮੇਰੇ ਬੁਲ੍ਹਾਂ ਤੱਕ ਨਹੀ ਸੀ ਪਹੁੰਚਿਆ ਕਿ ਉਸ ਦਾ ਚੌੜਾ –ਨਿੱਗਰ ਹੱਥ ਮੇਰੇ ਮੋਢੇ ਤੇ ਆ ਟਿਕਿਆ । ਮੈਨੂੰ ਹਲਾ-ਸ਼ੇਰੀ ਦਿੰਦੇ , ਉਸ ਦੇ ਮੂੰਹੋ ਨਿਕਲੇ ਬੋਲ ਤਾਂ ਸ਼ਾਇਦ ਇਹ ਆਖ ਰਹੇ ਸਨ – ਦਮ ਰੱਖ ਪੁੱਤਰਾ , ਦੇਸ਼ ਭਗਤ ਜਰਨੈਲ ਦਾ ਸਾਬ੍ਹਜ਼ਾਦਾ ਏਂ ਤੂੰ ....। ਪਰ , ਕੰਨਾਂ ਤਕ ਪੁੱਜਦੀ ਵਾਜ਼ ਕੁਝ ਹੋਰ ਹੀ ਕਹਿੰਦੀ ਲੱਗੀ – ਤੂੰ ..ਤੂੰ ਤਾਂ ਕੰਜਰ ਦਿਆ ਲਿੱਦ ਈ ਕਰ ਛੱਡੀ ਐ , ...ਵਾਲੀਏ ਸਰਦਾਰ ਦੀ ਕੀਤੀ ਕਰਾਈ ਖੂਹ ਚ ਪਾ ਛੱਡੀ ਆ , ਤੂੰ ।
ਬਲਦੇਵ ਨਾਲ ਗੱਲੀਂ ਪਿਆ , ਉਹ ਦੁਕਾਨ ਸਮੇਟਣ ਲੱਗ ਪਿਆ । ਉਸ ਪਾਸੇ ਹੋਰ ਖੜਾ ਰਹਿਣ ਲਈ ਜਿਵੇਂ ਮੇਰੇ ਅੰਗ ਪੈਰ ਅਸਲੋਂ ਜਵਾਬ ਦਿੰਦੇ ਲੱਗੇ । ਦੋਨਾਂ ਤੋਂ ਅੱਖ ਬਚਾ ਕੇ ਮੈਂ ਲੰਮੀਆਂ ਲਾਂਘਾਂ ਮਾਰਦਾ ਘਰ ਵਲ ਨੂੰ ਖਿਸਕ ਗਿਆ  ।
ਘਰ ਪਹੁੰਚਿਆ ਤਾਂ...ਤਾਂ ਫਿਰ ਉਵੇਂ ਦਾ ਉਵੇਂ ਸੀ ।- ਡਰਿਆ ਜਿਹਾ , ਡੋਲਿਆ ਜਿਹਾ । ਹਰਜੀਤ ਡੋਰ-ਭੌਰ ਬੈਠੀ ਮੈਨੂੰ ਉਡੀਕ ਰਹੀ ਸੀ । ਨਾ ਚਾਹ , ਨਾ ਰੋਟੀ । ਪਿੰਕੀ ਕਿਧਰੇ ਬਾਹਰ ਸੀ ਗਲੀ ‘  ਚ । ਬੱਚਿਆਂ ਨਾਲ ।
ਕਿੱਥੇ ਗਿਆ ਕਾਕਾ ...? ਮੈਂ ਸਹਿ ਸੁਭਾ ਪੁੱਛਿਆ । ਉਹ ਅੱਗੋਂ ਇਕੋ ਵਾਰਗੀ ਫਿੱਸ ਗਈ । ਤੁਸੀਂ ਸਾਰੇ ਟੱਬਰ ਨੇ ਸਾਹ ਸੂਤ ਛੱਡੇ ਆ ਮੇਰੇ ਉਹ ਨਿਖ਼ਸਮਾ ਦੁਪ੍ਹੈਰਾਂ ਦਾ ਗਿਆ –ਉੱਜੜਿਆ ਚੋਪੜਿਆ ਦੇ ਖੇਲਦਾ ...ਆਉਣ ਦਾ ਨਾਂ ਈ ਨਈਂ । ਫੜ ਕੇ ਲਿਆਉਨੀਆਂ ਤਾਂ ਚੀਕਾਂ ਮਾਰਦਾ ਔਤਰਾਂ । ਤੂੰ ਸਵੇਰ ਦਾ ਗਿਆ ਹੁਣ ਆ ਵੜਿਆਂ ਮੈਂ ਕੱਲੀ ਏਸ ਖੂਹ ਚ ਡੁੱਬੀ ਰਈ ਆਂ ਸਾਰਾ ਦਿਨ , ਡੁਸਕਣੋਂ ਅੱਗੇ ਨਿਕਲ ਕੇ ਉਹ ਭੁੱਬੀਂ ਰੋ ਉਤਰੀ ।
ਉਸ ਨੂੰ ਵਰਚਾਉਣ ਲਈ ਮੈਂ ਅਜੇ ਇਕ ਪੈਰ ਹੀ ਅੱਗੇ ਪੁੱਟਿਆ ਸੀ ਕਿ ਪਿੱਛੋਂ ਸ਼ਾਹਣੀ ਦਹਿਲੀਜ਼ਾਂ ਆ ਚੜ੍ਹੀ – ਕੀ ਗੱਲ ਹੋਈ ਭਾਅ ਜੀਈ , ਸੁੱਖ ਤਾਂ ਹੈਅ ਨਾ ..., ਉਹਨੇ ਬੇ-ਬਾਕ ਹੋ ਕੇ ਪੁੱਛ ਲਿਆ ।
ਸੁੱਖ ਨੂੰ ਤਾਂ ਸੁੱਖ ਈ ਆ , ਏਹ ਈ ਜ਼ਰਾ ਓਦਰ ਗਈ ਆ , ਕਹਿੰਦੀ ਆ ਪਿੰਡ ਨੂੰ ਮੁੜ ਚੱਲੀਏ ਛੇਤੀ , ਪਿਤਾ ਜੀ ਕੱਲੇ ਆ ਘਰ ... , ਖੜੇ ਪੈਰ ਮੈਨੂੰ ਇਹੋ ਗੱਲ ਸੁਝੀ ।
ਤੁਸੀਂ ਤਾਂ ਕਹਿੰਦੇ ਸੀ , ਬਦਲੀ ਹੋ ਗਈ ਆ , ਐਥੇ ਲਾਗੇ ਦੀ ....ਪਿੰਡੋਂ ਆਇਆ ਨਈਂ ਜਾਂਦਾ ਟੈਮ ਨਾਂ  , ਹੁਣ ਕਿੱਦਾਂ ਆਓਗੇ ...!
ਅਸਲ ਚ ਗੱਲ ਇਹ ਐ ਭੈਣਾਂ ਕਿ ਕਿ ... ਅਸਲ –ਨਕਲ ਕਰਦਿਆਂ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਦੱਸਣੀ ਪਈ । ਹੋਰ ਕੋਈ ਚਾਰਾ ਨਹੀਂ ਸੀ । ...ਸਰਾਫ਼-ਕੁਟੀਰ ਹਰਜੀਤ ਨੂੰ ਵੱਢ-ਵੱਢ ਖਾਂਦੀ ਸੀ । ਹੋਰਥੇ ਮਕਾਨ ਲੱਭਾ ਕੋਈ ਨਾ । ਪਿੰਡ ਜਾਂਦਾ ਸੀ ਤਾਂ ਮੌਤ ਖੜੀ ਦਿੱਸਦੀ ਸੀ ਸਿਰ ਤੇ । ਮੈਂ ਬਿਨਾਂ ਝਿਜਕ ਧਮਕੀ –ਪੱਤਰ ਸ਼ਾਹਣੀ ਅੱਗੇ ਖੋਲ੍ਹ ਦਿੱਤਾ । ਉਸ ਦਾ ਫਿਕਰ-ਮੰਦ ਚਿਹਰਾ ਇਕ ਦਮ ਬੁਝ ਗਿਆ । ਮੈਂ ਹੋਰ ਦਹਿਲ ਗਿਆ । ਪਰ ,ਛੇਤੀ ਹੀ ਉਹ ਮੁੜ ਸੰਭਲ ਗਈ । ਚੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ । ਬਿਨਾਂ ਕੁਝ ਬੋਲੇ ਉਪਰ ਚਲੀ ਗਈ । ਮੁੜਦੇ ਪੈਰੀਂ ਫਿਰ ਹੇਠਾਂ ਆ ਪਹੁੰਚੀ । ਉਸ ਦੇ ਹੱਥ ਵਿਚ ਤਹਿ ਕੀਤਾ ਕਾਗਜ਼ ਸੀ ਇਕ  ।
ਆਹ ਵੀ ਦੇਖ ਲਓ ... ਉਹਦਾ ਗੱਚ ਹੋਇਆ ਗਲਾ  ਹਟਕੋਰੇ ਮਾਰਨ ਲੱਗਾ । ਮੈਂ ਕੰਬਦੇ ਹੱਥਾਂ ਨਾਲ ਕਾਗਜ਼ ਖੋਲ੍ਹਿਆਂ । ਧਮਕੀ ਪੱਤਰ – ਓਏ ਸੱਤ –ਪਾਲਾ ਠੱਗਾ , ਜੇ ਭਲੀ ਚਾਓਨਾਂ ਆਂ ਤਾਂ , ਕਾਲੇ ਆਲੇ ਮੋੜ ਲਾਗਲੀ ਵੱਡੀ ਟਾਹਲੀ ਹੇਠ ਐਸੇ ਮਹੀਨੇ ਦੀ ਤਰੀਖ ਨੂੰ ਪੂਰਾ ਚਾਲੀ ਹਜ਼ਾਰ ਰੁੱਪਇਆ ਗਿਣ ਕੇ ਰੱਖ ਆ ....ਨਈਂ ਤਾਂ ਘਾਣ-ਬੱਚਾ ਪੀੜ ਦਿੱਤਾ ਜਾਏਂਗਾ ....। ਹੇਠਾਂ ਘੀਚੂ-ਮੀਚੂ ਜਿਹੇ ਦਸਖ਼ਤ । ਨਾ ਦਿਨ ਨਾ ਤਾਰੀਖ , ਨਾ ਸਾਲ ਨਾ ਮਹੀਨਾ ।
ਪੱਤਰ ਪੜ੍ਹ ਕੇ ਸ਼ਾਹਣੀ ਵਲ ਦੇਖਿਆ । ਸਾਰਾ ਮੂੰਹ ਹੰਝੂਆਂ ਨਾਲ ਧੋਤਾ ਗਿਆ ਸੀ । ਉਸ ਦਾ ਭਰਿਆ ਗਲਾ ਸਾਫ਼ ਸਾਫ਼ ਗੱਲਾਂ ਕਰਨ ਲੱਗਾ – ਸਰਾਫ਼ ਹੋਣੀ ਬੜੇ ਡਰਪੋਕ ਸੀ ਭਰਾ । ਜਦ ਵੀ ਔਖਾ ਭਾਰਾ ਟੈਮ ਆਉਂਦਾ ਝੱਟ ਢੇਰੀ ਢਾਅ ਬੈਂਹਦੇ ।ਆਖਣ  ਲੱਗੇ – ਕਿਧਰੋਂ ਫੜ੍ਹ-ਧੜ ਕੇ ਰੱਖ ਆਉਨੇ ਆਂ । ਮੈਂ ਕਿਹਾ – ਕਿਉਂ ਰੱਖੀਏ ਫੜ-ਧੜ ਕੇ ....ਕਿਉਂ ਚਾੜੀਏ ਭਾਰ ਸਿਰ ਤੇ । ਸਾਡੀ ਕੋਈ ਦੋ ਨੰਬਰ ਦੀ ਕਮਾਈ ਐ ... ਪਰ ਉਨ੍ਹਾਂ ਪੈਰ ਭੁੰਜੇ ਨਾ ਲਾਇਆ । ਮੈਂ ਬਥੇਰਾ ਢਾਰਸ ਦਿੱਤੀ – ਹਿੰਮਤ ਕਰੋ ਸ਼ਾਹ ਜੀ , ਹੌਂਸਲਾ ਰੱਖੋ ਇਹ ਪੱਤਰ ਮੈਨੂੰ ਐਮੇਂ ਕਿਮੇਂ ਦਾ ਲੱਗਦਾ , ਜਾਅਲ੍ਹੀ ਜਿਹਾ ਕਿਸੇ ਗੁਆਂਡ ਮੱਥੇ ਦੀ ਸ਼ਰਾਰਤ ...! ਜੇ ਅਸਲ ਹੁੰਦਾ ਤਾਂ ਹੁਣ ਨੂੰ ....! ਪਰ ਜੀ ਕਿੱਥੇ ! ਉਹ ਆਏ ਦਿਨ ਢਹਿ-ਢੇਰੀ ਹੁੰਦੇ ਗਏ । ਕਈ ਕਈ ਦਿਨ ਦੁਕਾਨ ਤੇ ਨਾ ਜਾਂਦੇ । ਜਾਂਦੇ ਹੀ ਜਾਂਦੇ ਤਾਂ ਕੰਮ ਚ ਚਿੱਤ ਨਾ ਜੰਮਦਾ । ਕਿਸੇ ਦੇ ਗਹਿਣੇ ਕਿਸੇ ਨੂੰ ਫੜਾ ਆਉਂਦੇ , ਕਿਸੇ ਦੇ ਕਿਸੇ ਨੂੰ , ਕਈ ਉਲਾਮੇ ਆਏ । ਸਾਰੀ ਕਮਾਈ ਖੋਟੀ ਹੋ ਗਈ । ਕਾਰੀਗਰ ਦੋੜ ਗਏ । ਰੱਖਿਆ-ਰਖਾਇਆ ਸਭ ਬਿਲੇ ਲੱਗ ਗਿਆ । ਚੰਗੀ ਭਲਾ ਗੱਲਾਂ ਕਰਦੀ ਸ਼ਾਹਣੀ ਫੇਰ ਡੁਸਕਣ ਲੱਗ ਪਈ – ਆਪ ਤਾਂ ਕੰਜਰ ਗੋਲੀਆਂ ਖਾ ਕੇ ਤੁਰਦਾ ਹੋਇਆ ,ਮੈਂ...ਮੈਂ ਕਿੱਥੇ ਜਾਂਦੀ , ਦੋ ਬਾਲਾਂ ਨੂੰ ਧੱਕਾ ਦੇ ਕੇ !ਨਾ ਮੋਏ ਨਾ ਮਰਿਆ ਗਿਆ , ਨਾ ਜੀਂਦਿਆਂ  ਨਾ ਜੀਣ ਜੋਗੀ ਰਈ ...। ਲੱਛਮੀ ਰਾਣੀ ਨੇ ਫਿਰ ਅੱਖਾਂ ਪੂੰਝੀਆਂ । ਉਹ ਕਾਫੀ ਸੰਭਲ ਚੁੱਕੀ ਸੀ – ....ਆਖਿਰ , ਕੁਝ ਤਾਂ ਕਰਨ ਈ ਪੈਣਾ ਸੀ , ਆਪਣੇ ਲਈ , ਬਾਲ-ਬੱਚੇ ਖਾਤਰ । ..ਚੁੱਪਲਾਂ-ਜੁੱਤੀਆਂ ਲੈ ਕੇ ਬੈਠ ਗਈ ....ਪੰਜ ਦਸ ਬਚ ਜਾਂਦੇ ਆ ....ਸੋਚਿਆ , ਕੋਈ ਭਲਾ ਲੋਕ ਆ ਰਹੂ ਅੱਧੇ ਮਕਾਨ ਚ ...ਗੱਲੀ –ਬਾਤੀ-ਟੈਮ ਲੰਘਦਾ ਜਾਊ ...ਪਰ ਜੀਈ , ਮੇਰਾ ਕਾਦਾ ਜ਼ੋਰ ਆ , ਅਭਾਗਣ ਦਾ ਕਿਸੇ ਤੇਏ ....!
ਮੇਰੇ ਹੱਥਾਂ ਚ ਕੰਬਦਾ ਕਾਗਜ਼ ਉਸ ਨੇ ਮੁੜ ਸਾਂਭ ਲਿਆ । ਅੰਦਰਲੇ ਬਾਰ ਉਹਲੇ ਖੜੀ ਹਰਜੀਤ ਸਾਰਾ ਕੁਝ ਸੁਣੀ ਦੇਖਦੀ ਰਹੀ । ਛੜੱਪਾ ਮਾਰ ਕੇ ਝੱਟ ਬਾਹਰ ਆ ਗਈ । ਬਿਨਾਂ ਕੁਝ ਬੋਲੇ ਉਹ ਲੱਛਮੀ ਦੇ ਸੀਨੇ ਨਾਲ ਆ ਚਿਪਕੀ । ਕਿੰਨਾ ਹੀ ਚਿਰ ਦੋਵੇਂ ਜੁੜੀਆਂ ਖੜੀਆਂ ਰਹੀਆਂ । ਅੱਖੋਂ ਰੌਂਦੀਆਂ ਰਹੀਆਂ ,ਮੂੰਹੀਂ ਹੱਸਦੀਆਂ ਰਹੀਆਂ । ਦੋਨਾਂ ਦੀਆਂ ਧੁੱਖਦੀਆਂ ਛਾਤੀਆਂ ਇਕ ਦੂਜੀ ਨਾਲ ਘੁੱਟ ਹੋ ਕੇ ਜਾਣੋਂ ਠੰਡੀਆਂ ਠਾਰ ਹੁੰਦੀਆਂ ਗਈਆਂ ।ਬਾਹਰੋਂ ਗਲੀ ਚੋਂ ਖੋਲ੍ਹਦਾ ਆਇਆ  ਪਿੰਕੀ, ਹਰਜੀਤ ਦੇ ਭੁਲਾਵੇਂ ਲੱਛਵੀਂ ਦੀਆਂ ਲੱਤਾਂ ਨਾਲ ਆ ਚਿਮੜਿਆ । ਹੇਠਾਂ ਲਪਕ ਕੇ , ਉਸ ਨੇ ਝੱਟ ਪਿੰਕੀ ਨੂੰ ਗੋਦੀ ਚੁੱਕ ਲਿਆ । ਪਿੰਕੀ ਕਦੇ ਹਰਜੀਤ ਦੇ ਮੂੰਹ ਵੱਲ ਝਾਕ ਲੈਂਦਾ ਕਦੇ ਲੱਛਮੀ ਦੇ ਚਿਹਰੇ ਵੱਲ । ਜਿਵੇਂ ਉਹ ਪਛਾਣ ਕਰਨੀ ਭੁੱਲ ਗਿਆ ਹੋਵੇ ਕਿ ਦੋਨਾਂ ਵਿਚੋਂ ਉਸ ਦੀ ਮੰਮੀ ਕਿਹੜੀ ਐ ਤੇ ਉਸ ਦੀ ਆਂਟੀ ਕਿਹੜੀ ?
ਉਹਨਾਂ ਦੋਨਾਂ ਦੀਆਂ ਅੱਖਾਂ ਚੋਂ ਵਹਿੰਦੀ ਆਬਸ਼ਾਰ ਮੇਰੀ ਡੰਗ ਹੋਈ ਦੇਹ ਤੇ ਅਮ੍ਰਿਤ ਦੇ ਛਿੱਟੇ ਮਾਰ ਗਈ । ਰਗਾਂ-ਨਾੜਾਂ ਚ ਜਾਅਮ ਹੋਇਆ ਲਹੂ ਇਕ ਦਮ ਪਿਘਲ ਤੁਰਿਆ । ਮਹੀਨਿਆਂ ਭਰ ਦੀ ਉਦਾਸੀ ਪਲ-ਛਿਨ ਅੰਦਰ ਹੀ ਕਿਧਰੇ ਉਡ-ਪੁੱਡ ਗਈ । ਚਿੰਤਾ-ਮੁਕਤ ਹੋਇਆ ਮੈਂ ਉਹਨਾਂ ਦੇ ਹੋਰ ਲਾਗੇ ਹੋ ਕੇ ਖੜੋ ਗਿਆ । ...ਮੈਨੂੰ ਲੱਗਾ , ਜਿਵੇਂ ਹਰਜੀਤ ਤੇ ਮੋਢੇ ਤੇ ਟਿਕਿਆ ਲੱਛਮੀ ਦਾ ਇਕ ਹੱਥ ਮੇਰੇ ਬਾਪੂ ਈਸ਼ਰ ਸਿੰਘ ਵਾਲੀਏ ਦਾ ਹੈ ਅਤੇ ਪਿੰਕੀ ਦੁਆਲੇ ਵਗਲ੍ਹਿਆਂ ਦੂਜਾ ਹੱਥ ਹੁਸਨ ਲਾਲ ਚਾਚੇ ਦਾ ....।
ਉਹਨਾਂ ਪੰਜਾਂ ਦੀ ਬੱਝੀ ਗੰਢ ਵਲ ਦੇਖਦਾ ਮੈਂ ਪਾਣੀਓਂ ਪਤਲਾ ਹੁੰਦਾ ਗਿਆ –ਇਸ ਲਈ ਨਹੀਂ ਕਿ ਸਿਰਫ਼ ਹਰਜੀਤ ਦਾ ਰੌਣ-ਧੌਣ ਸੁਣ ਕੇ ਚੌਥਾ ਮਕਾਨ ਟੋਲਣ ਨਿਕਲ ਤੁਰਿਆ ਸਾਂ , ਜਾਂ ਮੈਂ ਜੈ ਸਿੰਘ ਸੰਘਾ ਤੇ ਵਿਚਕਾਰਲੇ ਵਨਵੈਤਾ ਕੋਠੀਓਂ ਦੁਰਕਾਰਿਆਂ , ਸੱਤਪਾਲ ਸਰਾਫ਼ ਦੀ ਘਰ –ਕੁਟੀਆ ਚ ਸਿਰ ਲੁਕਾਈ ਬੈਠਾਂ ਸਾਂ , ਸਗੋਂ ਇਸ ਲਈ ਕਿ ਧਰਮ-ਧੜਾ , ਵੇਸ-ਲਿਬਾਸ , ਸ਼ਕਲ-ਸੂਰਤ ਦੇ ਉਚੇ –ਭਾਰੇ ਥਮਲੇ ਤੇ ਗੱਡ ਹੋਇਆ ਵੀ ਮੈਂ ਬਾਪੂ-ਚਾਚੇ ਦੇ ਕੱਦ-ਕਾਠ ਨਾਲੋਂ ਕਿੰਨਾ ਬਉਨਾ ਗਿਰਮੁਠੀਆਂ ਲੱਗ ਰਿਹਾ ਸਾਂ ! ਇਹ ਸ਼ਰਮਨਾਕ ਕਿਸਮ ਦੀ ਹੇਠੀ ਮੈਨੂੰ ਆਪਣੀ ਨਾ-ਮੁਰਾਦ ਦੁਬਿਧਾ ਕਾਰਨ ਵੀ ਝੱਲਣੀ ਪਈ ਸੀ ਤੇ ਬਿਨਾਂ ਨਿਰਖੇ-ਪਰਖੇ ਜਣੇ –ਖਣੇ ਮਗਰ ਉੱਠ ਤੁਰਨ ਕਾਰਨ ਵੀ । ਬਾਪੂ-ਚਾਚੇ ਦਾ ਵਿਰਸਾ – ਇਤਿਹਾਸ ਮੈਂ ਕਿੱਨਾਂ ਪਿਛਲ-ਖੁਰੀ ਤੋਰ ਲਿਆ ਸੀ ! ਵਰਮੇਂ-ਬਲਦੇਵ ਵਲ ਦੇਖ ਕੇ ਵੀ ਰਤਾ –ਮਾਸਾ ਨਹੀਂ ਸੀ ਸੰਭਲਿਆ । ਉਹ ਵੀ ਤਾਂ ਆਖਿਰ ਇਸੇ ਆਕਾਸ਼ ਦੀ ਛੱਤਰੀ ਹੇਠ ਜੰਮੇ ਪਲੇ ਸਨ । ਉਹਨਾਂ ਵੀ ਤਾਂ ਸਭ ਨੇ ਏਸੇ ਧਰਤੀ ਦੀ ਰਹਿਤ-ਮਰਯਾਦਾ ਸੇਕੀ-ਹੰਢਾਈ ਸੀ ! ਧਮਕੀ –ਪੱਤਰ ਤੋਂ ਡਰਦਾ ਕੋਈ ਮੇਰੇ ਜਿੰਨਾ ਨੀਵੇਂ ਤਾਂ ਨਹੀਂ ਸੀ ਡਿੱਗਿਆ ...!! ਦਸ ਹਜ਼ਾਰ ਦਾ ਕੀਤਾ ਭੁਗਤਾਨ ਵੀ ਕੋਈ ਹਊ-ਪਰੇ ਕਰਨ ਵਾਲੀ ਗੱਲ ਨਹੀਂ ਸੀ !!!!
(1988)

                         
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ ਦਸੂਹਾ ,ਜ਼ਿਲਾ : ਹੋਸ਼ਿਆਰਪੁਰ ( ਪੰਜਾਬ )
091-94655-74866
Web address : lalsinghdasuya.yolasite.com
E-mail :  lalsinghdasuya@yahoo.com


















ਮੇਰੀਆਂ ਕਹਾਣੀਆਂ ਦੇ ਪਾਤਰ
ਲਾਲ ਸਿੰਘ ਦਸੂਹਾ

(ਨੇੜੇ ਐਸ. ਡੀ .ਐਮ. ਕੋਰਟ,ਦਸੂਹਾ,
ਜ਼ਿਲਾ : ਹੁਸ਼ਿਆਰਪੁਰ,ਪੰਜਾਬ, ਫੋਨ : 094655-74866)


ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ (ਬਿਜਲਈ ਟਿਕਾਣਾ lalsinghdasuya.yolasite.com )ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ । ਸੱਚ ਦੇ ਸਿਵਾ ਹੋਰ ਕੁਝ ਵੀ ਇਸ ਕਰਕੇ ਨਹੀ ਕਹਾਗਾਂ ਕਿਉ ਜੋ ਇਥੇ ਮੈ ਆਪਣੀ ਆਤਮ-ਕਹਾਣੀ ਜਾਂ ਆਰਸੀ ਨਹੀ ਲਿਖ ਰਿਹਾ ਜਿਸ ਵਿੱਚ ਜੋ ਵੀ ਚਾਹਾਂ ਮੈਂ ਲਿਖੀ ਘਸੋੜੀ ਜਾਵਾਂ ,ਸੱਚ ਹੋਵੇ ਜਾਂ ਝੂਠ ,ਪ੍ਰਸੰਗਕ ਹੋਵੇ ਜਾਂ ਗੈਰ ਪ੍ਰਸੰਗਕ,ਉਚ-ਕਥਨੀ ਹੋਵੇ ਜਾਂ ਨੀਚ ਕਥਨੀ । ਮੈਨੂੰ ਇਹ ਵੀ ਪਤਾ ਹੈ ਜੇ ਮੈਂ ਅਜਿਹਾ ਕਰ ਵੀ ਦਿਆਂ ਤਾਂ ਤੁਸੀ ਉਸ ਨੂੰ ਸੁਧਾ ਸੱਚ ਸਮਝ ਕੇ ਕਬੂਲ ਹੀ ਲਵੋਗੇ ਤੇ ਮੇਰੀ ਨੀਅਤ ਤੇ ਸ਼ੱਕ ਵੀ ਨਹੀ ਕਰੋਗੇ । ਪਰ ਸੱਜਣੋਂ ਇੱਥੇ ਮੈਂ ਕਹਾਣੀ ਪਾਤਰਾਂ ਦੇ ਸਨਮੁੱਖ ਹਾਂ ਉੱਨਾਂ ਦੀ ਰੂਹ ਦੇ ਸਨਮੁੱਖ ਹਾਂ ।ਮੇਰੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਵੀ ਤੁਸੀ ਉਨ੍ਹਾਂ ਨੂੰ ਜਾਣਦੇ ਹੋ । ਚੰਗੀ ਤਰਾਂ ਵਾਕਿਫ ਹੋ,ਉਨ੍ਹਾਂ ਤੋਂ ਤੇ ਉਨਾਂ ਰਾਹੀ ਮੇਰੇ ਵੀ ।
ਇੱਕ ਗੱਲ ਹੋਰ , ਸੱਤਾਂ ਕੁ ਦਹਾਕਿਆਂ ਦੇ ਜੀਵਨ ਸਫਰ ਦਾ ਬਹੁਤਾ ਵਾਹ ਵਾਸਤਾ ਪਿੰਡਾਂ ਨਾਲ ਰਿਹਾ ,ਇਨ੍ਹਾਂ ਵਿੱਚੋਂ ਪੰਜ ਕੁ ਵਰ੍ਹੇ ਭਾਖੜਾ ਨੰਗਲ ਨਾਮੀ ਜ਼ਜ਼ੀਰੇ ਵਿੱਚ ਕੱਟੇ । ਉਹ ਨਾ ਸ਼ਹਿਰ ਸੀ ਤੇ ਨਾ ਪਿੰਡ ਸੀ । ਦਸ ਕੁ ਸਾਲ ਜਲੰਧਰ ਸ਼ਹਿਰ ਤੇ ਸਾਲ ਕੁ ਦਿੱਲੀ ਮਹਾਂ ਨਗਰ ਵਿੱਚ ।ਦਸੂਹੇ ਦੀ ਮੌਜੂਦਾ ਠਹਿਰ ਵਿੱਚ ਸ਼ਹਿਰ ਦਾ ਕੋਈ ਦਖਲ ਨਹੀਂ । ਮੇਰੀ ਬਾੜੀ ( ਹਵੇਲੀ ) ਪਿੰਡ ਨਿਹਾਲਪੁਰ ਵਿੱਚ ਸਥਿਤ ਹੈ ਅਤੇ ਥੋੜੀ ਜਿਹੀ ਭੋਇੰ ਪਿੰਡ ਕਹਿਰਵਾਲੀ ਵਿੱਚ । ਇਹ ਇਸ ਲਈ ਦੱਸ ਰਿਹਾਂ ਹਾ ਕਿ ਮੈਂ ਨੱਬੇ ਪ੍ਰਤੀਸ਼ਤ ਪਿੰਡ ਦੀ ਰਹਿਤਲ ਨਾਲ ਜੁੜਿਆ ਹੋਇਆ ਹਾਂ । ਇਸ ਕਾਰਨ ਮੇਰੀਆਂ ਕਹਾਣੀਆਂ ਦੇ ਕਰੀਬ ਕਰੀਬ ਸਾਰੇ ਪਾਤਰ ਪਿੰਡ ਦੀ ਰਹਿਣੀ ਬਹਿਣੀ ਦਾ ਪ੍ਰੀਚੈ ਕਰਵਾਉਦੇ ਹਨ , ਜੇ ਕਿਧਰੇ ਸ਼ਹਿਰੀ ਪਾਤਰ ਨੈ ਮੈਨੂੰ ਆਪਣੇ ਨਾਲ ਤੋਰਿਆ ਵੀ ਹੈ ਤਾਂ ਉਸ ਦਾ ਪਿਛੋਕੜ ਵੀ ਪਿੰਡ ਦਾ ਹੀ ਰਿਹਾ ਹੈ ।
ਇੱਕ ਛੋਟਾ ਜਿਹਾ ਬਿੰਦੂ ਹੋਰ , ਮੇਰੀਆਂ ਕਹਾਣੀਆਂ ਪੱਛਮ ਦੀਆਂ ਕਹਾਣੀਆਂ ਵਾਂਗ ਵਿਚਾਰ ਪ੍ਰਧਾਨ ਨਹੀਂ ਹਨ , ਇਨ੍ਹਾਂ ਵਿੱਚ ਪਾਤਰ ਦੀ ਪ੍ਰਧਾਨਤਾ ਹੈ । ਇਹ ਮੇਰੀ ਮਾਨਤਾ ਹੈ ਕਿ ਇੱਕ ਸ਼ਸ਼ਕਤ,ਸੰਘਰਸ਼ਸ਼ੀਲ ਤੇ ਇਮਾਨਦਾਰ ਪਾਤਰ ਹੀ ਪਾਠਕੀ ਸਾਇਕੀ ਨੂੰ ਵੱਧ ਪ੍ਰ੍ਰਭਾਵਿਤ ਕਰਕੇ ਉਜਲੇ ਭਵਿੱਖ ਦਾ ਜਾਮਨੀ ਬਣ ਸਕਦਾ ਹੈ ।ਉਹ ਵੀ ਤਾਂ ਜੇ ਲੇਖਕ ਆਪ ਪੇਸ਼ ਕੀਤੇ ਪਾਤਰਾਂ ਵਰਗਾ ਹੋਵੇ । ਇਹ ਸ਼ਾਇਦ ਮੇਰੇ ਅਚੇਤ ਅੰਦਰ ਅੰਤਨ ਚੈਖੋਵ ਦਾ ਕਥਨ ਪਿਆ ਹੋਣਾ ਕਰਕੇ ਹੈ ਕਿ ਲੇਖਕ ਬਨਣ ਤੋਂ ਪਹਿਲਾਂ ਇੱਕ ਚੰਗਾ ਮਨੁੱਖ ਹੋਣਾ ਜਰੂਰੀ ਹੈ । ਲੇਖਕ ਦਾ ਆਪਾ ਉਸ ਦੁਆਰਾਂ ਪੇਸ਼ ਕੀਤੇ ਪਾਤਰਾਂ ਤੋਂ ਪਛਾਣਿਆ ਜਾਣਾ ਚਾਹਿਦੈ  । ਇਸ ਕਥਨ ਦੇ ਪ੍ਰਛਾਵੇਂ ਹੇਠ ਮੈਨੂੰ ਅਜਿਹੇ ਵਿਅਕਤੀ ਵਧੇਰੇ ਟੁੰਬਦੇ ਹਨ ਜੋ ਅਮਲ ਤੇ ਵਿਵਹਾਰ ਵਿੱਚ ਸਮਤਲ ਹੋਣ । ਜਿਨ੍ਹਾਂ ਦੀ ਕਹਿਣੀ-ਕਥਨੀ ਤੇ ਵਰਤੋਂ ਵਿਹਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਾ ਹੋਵੇ । ਜੇ ਅਜਿਹਾ ਫਰਕ ਦਿੱਸਦਾ ਹੈ ਤਾਂ ਮੈਨੂੰ ਅਭਿਵਿਅਕਤ ਕਰਦੇ ਮੇਰੇ ਪਾਤਰ ਬਹੁਤੀ ਵਾਰ ਬੋਲਡ ਹੋ ਜਾਂਦੇ ਹਨ । ਉਹ ਸਮਾਜਿਕ ਵਿਸੰਗਤੀਆਂ ਨੂੰ ਨਿਕਾਰਨ ਵਾਲੀ ਧਿਰ ਬਣ ਕੇ ਮੂੰਹ-ਫੱਟ ਹੋ ਨਿੱਬੜਦੇ ਹਨ । ਉਹ ਚੀਨੀ ਕਹਾਣੀਦੇਹ ਤੇ ਆਤਮਾ ਤੇ ਨਾਇਕ ਸਿੳਚੀ ਦੀ ਸੁਰ ਨਾਲ ਸੁਰ ਮੇਲਦੇ ਉਸ ਵਰਗਾ ਹੀ ਐਲਾਨ ਕਰ ਮਾਰਦੇ ਹਨ- ਜੇ ਸਾਨੂੰ ਰੋਟੀ ਮਿਲ ਸਕਦੀ ਹੈ ਤਾਂ ਦੁੱਧ ਵੀ ਮਿਲਣਾ ਚਾਹਿਦਾ । ਮੇਰੇ ਆਪੇ ਨੂੰ ਅਭਿਵਿਅਕਤ ਕਰਦਾ ਬਲੌਰ ਕਹਾਣੀ ਦਾ ਨਾਇਕ ਬਹਾਦਰ ਵੀ ਇਹੋ ਕੁਝ ਕਰਦਾ ਹੈ , ਜੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀ ? ਜੇ ਮਿਲਦੀ ਨਹੀਂ ਖੋਹਣੀ ਤਾਂ ਪਵੇਗੀ ਹੀ । ਹੁਣ ਖੋਹ ਕੇ ਖਾਣ ਲਈ ਤਾਣ ਚਾਹਿਦਾ  ਵਿਅਕਤੀਗਤ ਵੀ ਤੇ ਜਥੇਬੰਦਕ ਵੀ । ਬਹਾਦਰ ਨੇ ਆਪਣੇ ਹਿੱਸੇ ਦੀ ਵਿਅਕਤੀਗਤ ਦਲੇਰੀ ਤਾਂ ਕਰ ਲਈ ਹੈ । ਕੁਲਫ਼ੀ ਤਾਂ ਉਸ ਨੇ ਖੋਹ ਲਈ ਹੈ ਬਾਲ ਕਿਸ਼ਨ ਤੋਂ , ਪਰ ਉਸ ਦਾ ਸਾਥ ਕੋਈ ਨਹੀ ਦਿੰਦਾ । ਕੇਵਲ ਇੱਕ ਮੁੰਡਾ ਮੀਕਾ ਉਸ ਦੀ ਬਾਂਹ ਫੜਦਾ ਹੈ ,ਸਾਰੇ ਪਿੰਡ ਵਿੱਚ । ਬਾਕੀ ਸਾਰੇ ਸ਼ਾਹਾਂ ਦੀ ਧਿਰ ਬਣ ਜਾਦੇਂ ਹਨ । ਬਹਾਦਰ ਵਿਵਸਥਾਂ ਨੂੰ ਬਦਲ ਦੇਣ ਦੀਆਂ ਟਾਹਰਾਂ ਮਾਰਦੀ ਇੱਕ ਰਾਜਨੀਤਕ ਪਾਰਟੀ ਦੇ ਟੋਟੇ ਹੋਏ ਤਿੰਨ ਗਰੁੱਪਾਂ ਤੱਕ ਪਹੁੰਚ ਵੀ ਕਰਦਾ । ਉਨ੍ਹਾਂ ਸਭਨਾਂ ਨੂੰ ਆਪਣੇ ਮਾਂ ਪਿਉ  ਨੂੰ ਬਰਦਾਸ਼ਤ ਕਰਨੀ ਪੈ ਰਹੀ ਦੁਰਗਤ ਦੀ ਜਾਣਕਾਰੀ ਵੀ ਦਿੰਦਾ ਹੈ ,ਪਰ ਉਹ ਸਾਰੇ ਉਸ ਉੱਤੇ ਆਪਣੇ ਆਪਣੇ ਹਿਸਾਬ ਨਾਲ ਟੋਟੇ ਕੀਤੇ ਸਿਧਾਂਤ ਦੀ ਵਾਛੜ ਤਾਂ ਖੂਬ ਕਰਦੇ ਹਨ,ਅਮਲ ਵਿੱਚ ਉਸ ਨਾਲ ਕੋਈ ਨਹੀ ਤੁਰਦਾ । ਜੇ ਉਸ ਨਾਲ ਕੋਈ ਤੁਰਦਾ ਦਾਂ ਸਾਹਿਤਕਾਰ ਹੈ , ਸਾਹਿਤ ਹੈ । ਸਾਹਿਤਕਾਰਤਾ ਨਾਲ ਸਨੇਹ ਪਾਲਣ ਵਾਲਾ ਕਹਾਣੀਕਾਰ ਸੁਜਾਨ ਸਿੰਘ ਹੈ । ਜਿਸ ਨੇ ਆਪਣੀ ਕਹਾਣੀਆਂ ਵਰਗਾ ਜੀਵਨ ਜੀਣ ਨੂੰ ਸਮਤਲ ਰੱਖਦਿਆਂ ਆਪਣੀਆਂ ਕਹਾਣੀਆਂ ਵਰਗਾ ਜੀਵਨ ਜੀਣ ਦੀ ਨਿੱਗਰ ਉਦਾਹਰਨ ਪੇਸ਼ ਕੀਤੀ ਹੈ । ਦੱਖਣੀ ਭਾਰਤ ਦੀ ਸੰਸਾਰ ਪ੍ਰਸਿੱਧ ਲੇਖਕਾਂ ਅਰੁੰਧਤੀ ਰਾਏ ਦੀ ਵੀ ਇਵੇਂ ਦੀ ਇੱਛਾ ਹੈ । ਉਹ ਚਾਹੁੰਦੀ ਹੈ  ਜੋ ਤੁਸੀ ਲਿਖਦੇ ਹੋ,ਉਹ ਹੀ ਜੀਵਿਆ ਜਾਵੇ । ਮੇਰੇ ਨਿੱਜ ਤੇ ਵੀ ਅਜਿਹੀ ਦਾਰਸ਼ਨਿਕਤਾ ਦੀ ਡੂੰਘੀ ਛਾਪ ਉਕਰੀ ਪਈ ਹੈ ।ਮੇਰਾ ਬਹਾਦਰ ਨਾਮੀ ਇਹ ਪਾਤਰ ,ਸਮਾਜਿਕ ਤਬਦੀਲੀ ਦਾ ਅਹਿਦ ਲੈ ਕੇ ਤੁਰੀ ਖੱਬੀ ਰਾਜਨੀਤਕ ਪਾਰਟੀ ਦਾ ਪਹਿਲਾਂ 1962 , ਫਿਰ 1967 ਵਿੱਚ ਕਰੀਬ ਢਾਈ ਦਰਜਨ ਗਰੁੱਪਾਂ ਵਿੱਚ ਵੰਡੀ ਗਈ ਹੋਣ ਕਰਕੇ ਮੇਰੇ ਅੰਦਰ ਪੱਸਰ ਗਈ ਨਿਰਾਸ਼ਾ ਦੀ ਲੱਭਤ ਹੈ ।
ਮੇਰਾ ਪੱਕਾ ਨਿਸ਼ਚਾ ਹੈ ਕਿ ਸਾਹਿਤ ਦੁਆਰਾ ਚੇਤਨ ਹੋਇਆ ਸਮਾਜ ਹੀ ਵਿਵਸਥਾ ਨੂੰ ਬਦਲਣ ਪਲਟਾਉਣ ਵਾਲੀ ਤੋਰ ਤੁਰ ਸਕਦਾ ਹੈ ਭਾਵੇ ਕਿ ਇਸ ਕਾਰਜ ਦੀ ਮੁੱਖ ਭੂਮਿਕਾ ਸਾਹਿਤ ਦੀ ਆਪਣੀ ਨਹੀ,ਰਾਜਸੀ ਕਾਰਜ ਕਰਤਾਵਾਂ ਦੀ ਹੀ ਹੁੰਦੀ ਹੈ । ਇਨ੍ਹਾਂ ਕਾਰਜਕਰਤਾਵਾਂ ਦਾ ਪ੍ਰਤੀਨਿਧ ਪਾਤਰ ਕਹਾਣੀ ਬੂਟਾ ਰਾਮ ਪੂਰਾ ਹੋ ਗਿਆ ਦਾ ਬੂਟਾ ਰਾਮ ਬਾਬਾ ਹੈ , ਜਿਹੜਾ ਕਹਾਣੀ ਵਿੱਚ ਕਾਮਰੇਡ ਹਰਭਜਨ ਵਜੋਂ ਦਰਜ ਹੈ , ਪਰ ਅਸਲੀਅਤ ਦੇ ਵਰਤਾਰੇ ਵਿੱਚ ਉਹ ਰੋਪੜ ਲਾਗੇ ਦੇ ਇੱਕ ਪਿੰਡ ਚਲਾਕੀ ਦਾ ਤਾਰਾ ਸਿੰਘ ਹੈ ।ਇਸ ਤੇ ਹਲਕਿਆਂ ਅਨੁਸਾਰ ਰੱਖੇ ਵੱਖ-ਵੱਖ ਨਾਵਾਂ ਵਿੱਚੋਂ ਕੰਢੀ ਏਰੀਏ ਲਈ ਰੱਖਿਆ ਨਾਂਅ ਮੱਖਣ ਸੀ । ਉਹ ਚਾਰੂ ਮਜ਼ਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਇੱਕ ਸਾਥੀ ਸਤਿਆ ਨਰਾਇਣ ਸਿੰਘ ਦੀ ਆਪਣੀ ਸੀ.ਸੀ. ਦੇ ਪੰਜਾਬ ਅਤੇ ਹਿਮਾਚਲ ਦੇ ਸਕੱਤਰ ਬਲਦੇਵ ਸਿੰਘ ਉੱਚਾ ਪਿੰਡ ਦਾ ਸਹਾਇਕ ਸੀ । ਪਰ ਤਾਰਾ ਸਿੰਘ ਚਲਾਕੀ ਨੂੰ ਦਲਿਤ ਪਰਵਾਰ ਚੋਂ ਹੋਣ ਕਰਕੇ ਉਸ ਦੀ ਕਾਰਗੁਜਾਰੀ ਨੂੰ ਪੂਰੀ ਮਾਨਤਾ ਉਸ ਦਾ ਗਰੇਵਾਲ ਜੱਟ ਸਕੱਤਰ ਨਹੀਂ ਸੀ ਦਿੰਦਾ । ਮੇਰੇ ਇਸ ਪਾਤਰ ਦਾ ਦੂਜਾ ਹਿੱਸਾ ਜ਼ਿਲਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਦੇਂ-ਪੀਦੇਂ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ ਮੋਹਣ ਹੈ । ਮੋਹਣ ਸਾਡੇ ਪਿੰਡ ਝੱਜਾਂ ਤੇ ਚੜਦੇ ਪਾਸੇ ਸਥਿਤ ਇੱਕ ਛੋਟੀ ਜਿਹੀ ਮਟੀ, ਜੋ ਬਣਾ ਸਾਬ੍ਹ ਕਰਕੇ ਜਾਣੀ ਜਾਦੀ ਹੈ,ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿੳ ਨੇ ਕੰਜਰੀ ਬਾਜ਼ਾਰੋ ਆਪਣੇ ਲਈ ਦੂਜੇ ਘਰ ਵਾਲੀ ਲਿਆ ਵਸਾਈ ਸੀ । ਇਸ ਭਲਵਾਨੀ ਜੁੱਸੇ ਵਾਲੇ ਮੋਹਣ ਨੇ ਸਾਰੇ ਪਿੰਡ ਦੇ ਕਰੀਬ ਕਰੀਬ ਸਾਰੇ ਪਾਹੜੂ ਮੁੰਡਿਆ ਨੂੰ ਲੰਗੋਟਧਾਰੀ ਬਣਾਇਆ । ਕੌਡ-ਕਬੱਡੀ ਖੇਡਣੀ ਤੇ ਖਾਸ ਕਰਕੇ ਘੋਲ ਘੁਲਣੇ ਸਿਖਾਏ । ਉਸ ਦਿਨ ਚ ਇੱਕ ਵਾਰ ਪਿੰਡ ਦੀ ਗਜ਼ਾ ਕਰਕੇ ਰੋਟੀ ਲੱਸੀ ਮੰਗ ਲਿਆਉਦਾ ਪਰ ਉਸ ਨੇ ਆਪਣੀ ਭੰਗ ਘੋਟ ਕੇ ਪੀਣ ਦੀ ਕਮਜੋਰੀ ਨੂੰ ਕਿਸੇ ਪਿੰਡ ਵਾਸੀ ਤੇ ਭਾਰੂ ਨਹੀ ਸੀ ਹੋਣ ਦਿੱਤਾ ।ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਗੂੜੀ ਸਾਂਝ ਦੇ ਪਰਛਾਵੇ ਹੇਠ ਉਸਰਿਆ ਮੇਰਾ ਪਾਤਰ ਬੂਟਾ ਰਾਮ ਬਾਬਾ, ਸਮਾਜਿਕ ਤਬਦੀਲੀ ਨੂੰ ਪ੍ਰਣਾਏ ਇੱਕ ਪਾਰਟੀ ਗਰੁੱਪ ਤੇ ਕੁਲਵਕਤੀ ਕਾਮੇ ਵਜੋਂ ਇਸ ਕਹਾਣੀ ਵਿੱਚ ਅੰਕਿਤ ਹੈ । ਉਹ ਆਪਣੇ ਪੜ੍ਹਾਈ ਵਰਿਆਂ ਤੋਂ ਸਰਗਰਮ ਹੋਇਆ ਆਪਣੇ ਉਜਲੇ ਭਵਿੱਖ ਨੂੰ ਲੱਤ ਮਾਰ ਕੇ ਲੋਕ ਹਿੱਤਾਂ ਨੂੰ ਸਮਰਪਿਤ ਹੈ , ਪਰ ਜਾਤੀ ਰੀਜ਼ਰਵੇਸ਼ਨ ਦਾ ਚੂਪਾ ਚੂਸਦਾ ਉਸ ਦਾ ਡਾਕਟਰ ਭਰਾ ਉਸ ਨੂੰ ਰਤੀ ਭਰ ਵੀ ਮੂੰਹ ਨਹੀ ਲਾਉਦਾ । ਉਸ ਨੂੰ ਇੱਕ ਰਾਤ ਘਰ ਰੱਖਣ ਨੂੰ ਤਿਆਰ ਨਹੀ । ਆਖਰ ਹਰਭਜਨ ਨੂੰ ਇੱਕ ਪਿੰਡ ਨੂੰ ਚੇਤਨ ਕਰਨ ਦਾ ਕਾਰਜ ਕਰਨਾ ਪੈਂਦਾ ਹੈ । ਲੋਕਾਂ ਦੇ ਜੰਗਲ ਵਿੱਚ ਲੁਕ ਜਾਣ ਦੀ ਪ੍ਰਕਿਰਿਆ ਦੇ ਯਤਨਾਂ ਵਿੱਚ ਬੂਟਾ ਰਾਮ ਬਾਬਾ ਬਦਲੇ ਹਾਲਾਤਾਂ ਦੀ ਘੁੰਮਣਘੇਰੀ ਚ ਘਿਰ ਕੇ ਖਾਲਿਸਤਾਨੀ ਅੱਤਵਾਦੀਆਂ ਦਾ ਸਹਾਇਕ ਹੋਣ ਦਾ ਦੋਸ਼ੀ ਵੀ ਗਰਦਾਨਿਆ ਜਾਦਾਂ ਹੈ । ਤੇ ਅੰਤ ਵਿੱਚ ਸਟੇਟ ਦੇ ਤਸ਼ੱਦਦ ਦੀ ਭੱਠੀ ਦਾ ਬਾਲਣ ਬਣ ਜਾਣ ਦੀ ਹੋਣੀ ਹੰਢਾਉਦਾ ਹੈ । ਤਾਂ ਵੀ ਉਸ ਦੀ ਮੌਤ ਉਪਰੰਤ , ਉਸ ਦੀ ਕੁਟੀਆ ਅੰਦਰ ਬਲਦੇ ਸੰਧਿਆ ਵੇਲੇ ਦੇ ਦੀਵੇ ਦਾ ਮਿੰਨਾਂ ਮਿੰਨਾਂ ਚਾਨਣ ਪਿੰਡ ਦੇ ਬੰਨਿਆ ਬਨੇਰਿਆ ਤੱਕ ਅਪੜਨੇ ਨਹੀ ਰੁਕਦਾ ।
ਬੂਟਾ ਰਾਮ ਬਾਬੇ ਨਾਮੀ ਪਾਤਰ ਦੀ ਇਹ ਹੋਂਦ ਤੇ ਹੋਣੀ ਰੂਸੀ ਗਣਰਾਜ ਦੇ ਟੁੱਟ ਜਾਣ ਪਿੱਛੋਂ ਵੀ ਸਮਾਜਿਕ ਤਬਦੀਲੀ ਦੇ ਸਿਧਾਂਤ ਦੀ ਅਮਰਤਾ ਨੂੰ ਪ੍ਰਗਟਾਉਦੀਆ ਧਾਰਨਾਵਾਂ ਨਾਲ ਵੀ ਜੋੜੀ ਗਈ ਹੈ ।
ਇਸ ਬੂਟਾ ਰਾਮ ਬਾਬੇ ਉਰਫ਼ ਹਰਭਜਨ ਤੇ ਪਾਤਰ ਨੇ ਜਿਨ੍ਹਾਂ ਸੰਘਰ੍ਸ਼ਸ਼ੀਲ ਨਾਇਕਾਂ , ਸਿਰੜੀ ਯੋਧਿਆਂ,ਬੇਦਾਗ ਦੇਸ਼ ਭਗਤਾਂ ਨੂੰ ਆਪਣੇ ਆਦਰਸ਼ ਮੰਨਿਆ , ਜਿਨ੍ਹਾਂ ਤੇ ਪਾਏ ਪੂਰਨਿਆਂ ਤੇ ਤੁਰਦੇ ਰਹਿਣ ਦਾ ਅਹਿਦ ਲਿਆ, ਜਿਨ੍ਹਾਂ ਵੱਲੋਂ ਤੈਅ ਕੀਤੇ ਪੈਡੇ ਨੂੰ ਹੋਰ ਅੱਗੇ ਤੁਰਦਾ ਰੱਖਣ ਲਈ ਜਾਨ ਤੱਕ ਦੀ ਪ੍ਰਵਾਹ ਨਾ ਕੀਤੀ ,ਉਹ ਜਾ ਉਹਨਾਂ ਵਰਗੇ ਹੋਰ ਗੜ੍ਹੀ ਬਖਸ਼ਾ ਸਿੰਘ ਅਤੇ ਅਕਾਲਗੜ੍ਹ ਨਾਮੀ ਕਹਾਣੀਆਂ ਰਾਹੀ ਆਪਣੀ ਜਾਣ-ਪਛਾਣ ਕਰਵਾਉਦੇ ਹਨ । ਇਹ ਜਾਣ ਪਛਾਣ ਉਨQK ਕਰਮੀਆਂ ਵੱਲੋਂ ਆਪਣੇ ਦੇਸ਼ ਨੂੰ ਬਦੇਸ਼ੀ ਰਾਜਿਆਂ ਤੋਂ ਆਜ਼ਾਦ ਕਰਵਾਉਣ ਦੇ ਸੰਘਰਸ਼ ਤੇ ਨਾਲ ਨਾਲ ਸੱਤਿਆਵਾਨ ਮਨੁੱਖਾਂ ਅੰਦਰਲੀ ਦਿ੍ੜਤਾ,ਉਨਾਂ ਤੇ ਤਿਆਗ, ਅਣਸੁਖਾਵੇA ਸਮਾਜੀ ਵਰਤਾਰੇ ਨੂੰ ਬਦਲਣ ਸੋਧਣ ਲਈ ਲਏ ਗਏ ਨਿਰਣਿਆਂ, ਧਰਮਾਂ-ਮਜ੍ਹਬਾਂ ਦੀ ਸੰਕੀਰਤਨਾ ਤੋਂ ਉਪਰ ਉੱਠ ਕੇ ਆਪਸੀ ਭਾਈਚਾਰਾ ਬਣਾਈ ਰੱਖਣ ਦੇ ਸੰਕਲਪਾਂ,ਪੀੜਤ ਧਿਰਾਂ ਲਈ ਪਨਪਦੀ ਵਿਗਸਦੀ ਰਹੀ ਹਮਦਰਦੀ ਆਦਿ ਵਰਗੇ ਮਾਨਵੀ ਗੁਣਾਂ ਨਾਲ ਇੱਕ ਮਿੱਕ ਹੋਈ ਮਿਲਦੀ ਹੈ । ਇਹ ਦੋਵੇਂ ਕਹਾਣੀਆਂ ਭਾਰਤ ਦੇ ਆਜ਼ਾਦੀ ਸੰਘਰਸ਼ ਦੀਆਂ ਤੇਜਾ ਸਿੰਘ ਸੁਤੰਤਰ,ਬਾਬਾ ਬੂਝਾ ਸਿੰਘ, ਰਾਮ ਕਿਸ਼ਨ ਭੜੋਲੀਆA,ਅੱਛਰ ਸਿੰਘ ਛੀਨਾ,ਹਰਕਿਸ਼ਨ ਸਿੰਘ ਸੁਰਜੀਤ,ਸੋਹਣ ਸਿੰਘ ਭਕਨਾ,ਚੰਨਣ ਸਿੰਘ ਧੂਤ,ਭਾਗ ਸਿੰਘ ਸੱਜਣ,ਗਿਆਨੀ ਕੇਸਰ ਸਿੰਘ ਕੇਸਰ ਵਰਗੀਆਂ ਕੌਮੀ ਪੱਧਰ ਦੀਆਂ ਨਾਮਵਰ ਹਸਤੀਆਂ ਦਾ ਪ੍ਰੀਚੈ ਵੀ ਕਰਵਾਉਦੀਆ ਹਨ ਅਤੇ ਦਸੂਹੇ ਨੇੜਲੇ ਇਤਿਹਾਸਿਕ ਪਿੰਡ ਬੋਦਲਾਂ ਦੇ ਕਾਮਰੇਡ ਗੁਰਬਖਸ਼ ਸਿੰਘ,ਗੰਭੋਵਾਲ ਪਿੰਡ ਦੇ ਕਾਮਰੇਡ ਯੋਗ ਰਾਜ, ਗੜਦੀਵਾਲਾ ਕਸਬੇ ਨੇੜਲੇ ਪਿੰਡ ਮੱਲ੍ਹੇਆਲ ਦੇ ਕਾਮਰੇਡ ਬੇਅੰਤ ਸਿੰਘ,ਆਈ ਐਨ ਐਮ ਏ ਦੇ ਸਿਪਾਹੀ ਸੋਹਣ ਸਿੰਘ ਕੱਲੋਵਾਲ,ਟਾਡਾਂ ਉੜਮੁੜ ਨੇੜਲੇ ਪਿੰਡ ਮੂਣਕਾਂ ਦੇ ਕਾਮਰੇਡ ਗਿਆਨ ਸਿੰਘ,ਝੀਗੜਾਂ ਪਿੰਡ ਦੇ ਮਾਸਟਰ ਬਚਿੱਤਰ ਸਿੰਘ ਅਤੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਛੋਟੇ ਭਰਾ ਮੇਦਨ ਸਿੰਘ ਵਰਗੇ ਜ਼ਿਲਾਂ ਪੱਧਰਾਂ ਤੇ ਸਰਗਰਮ ਕਾਰਕੁੰਨਾਂ ਦੀਆਂ ਗਤੀਵਿਧੀਆਂ ਨਾਲ ਵੀ ਪਾਠਕਾਂ ਦੀ ਸਾਂਝ ਪੁਆਉਦੀਆ ਹਨ ।
ਕਹਾਣੀਆਂ ਅੰਦਰ ਦਰਜ ਇਹਨਾਂ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਇਤਿਹਾਸ ਦੇ ਪੰਨਿਆਂ ਤੋਂ ਵੱਧ ਲੋਕ-ਚੇਤਿਆਂ ਅੰਦਰ ਅੰਕਿਤ ਹੋਈ ਲੱਭੀ ਹੈ । ਮੇਰਾ ਕੰਮ ਇਨਾਂ ਪਾਤਰਾਂ ਦੇ ਘਰਾਂ,ਪਿੰਡਾਂ,ਯਾਰਾਂ,ਬੇਲੀਆਂ ਤੱਕ ਪੁੱਜ ਕੇ ਤੱਥ ਇਕੱਠੇ ਕਰਨਾ ਸੀ ਅਤੇ ਸਮਿੱਤਰ ਤੇ  ਪਿਆਰਾ ਨਾਮੀ ਦੋ ਪਾਤਰਾਂ ਦੇ ਗਲਪੀ ਉਸਾਰ ਰਾਹੀ ਉਪਰੋਤਕ ਨਾਇਕਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਹਿੰਮਤ ਕਰਨਾ ਹੀ ਸੀ ।
ਇਥੇ ਮੈਨੂੰ ਮੰਨ ਲੈਣ ਵਿੱਚ ਕੋਈ ਝਿਜਕ ਨਹੀ ਕਿ ਬਲੌਰ ਦੇ ਬਹਾਦਰ , ਬੂਟਾ ਰਾਮ ਪੂਰਾ ਹੋ ਗਿਆ ਦੇ ਬੂਟਾ ਰਾਮ ਬਾਬੇ , ਗੜ੍ਹੀ ਬਖ਼ਸ਼ਾ ਸਿੰਘ ਦੇ ਕਾਮਰੇਡ ਗੁਰਬਖ਼ਸ਼ ਸਿੰਘ ਬੋਦਲ,ਅਕਾਲਗੜ੍ਹ ਕਹਾਣੀ ਦੇ ਕਾਮਰੇਡ ਬੇਅੰਤ ਸਿੰਘ ਮੱਲੇਆਲ ਆਦਿ ਵਰਗੇ ਪਾਤਰਾਂ ਦੀ ਤਲਾਸ਼ ਤੇ ਪੇਸ਼ਕਾਰੀ ਮੇਰੇ ਧੁਰ ਅੰਦਰ ਡੂੰਘੇ ਪੱਸਰੇ ਇੱਕ ਤਰ੍ਹਾਂ ਤੇ ਖਲਾਅ ਨੂੰ ਭਰਨ ਪੂਰਨ ਦੇ ਯਤਨਾਂ ਵਜੋਂ ਹੀ ਹੋਈ ਹੈ ।ਸ਼ਾਇਦ ਇਸ ਕਾਰਨ ਇਹ ਪਾਤਰ ਮੇਰੇ ਤੇ ਦਾਬੂ ਹਨ । ਇਨ੍ਹਾਂ ਦੀ ਮਨੁੱਖੀ ਇਤਿਹਾਸ ਨੂੰ ਦੇਣ ਹੀ ਏਨੀ ਮਿਸਾਲੀ ਹੈ ਕਿ ਮੇਰੇ ਵਰਗੇ ਗੱਲਾਂ ਦਾ ਕੜਾਹ ਬਣਾਉਣ ਵਾਲਾ ਲੜਾ-ਲਿਖਾਰੀ ਇਨ੍ਹਾਂ ਅੱਗੇ ਚੂੰ ਨਹੀਂ ਕਰ ਸਕਦਾ । ਹਾਂ ਜਿਨ੍ਹਾਂ ਅੱਗੇ ਮੈਂ ਅੜ ਖਲੋਂਦਾ ਹਾਂ, ਜਿਨ੍ਹਾਂ ਨੂੰ ਮੈਂ ਆਪਣੀ ਚਾਹਤ ਅਨੁਸਾਰ ਲਿਖਦਾ-ਘੜਦਾ ਹਾਂ , ਉਹ ਹਨ ਛਿੰਝ ਕਹਾਣੀ ਦੇ ਬਾਪੂ ਜੀ , ਧੁੱਪ-ਛਾਂ ਦੇ ਸੰਘੇ-ਸਿੰਘਪੁਰੀ ਸਰਦਾਰ,ਚੀਕ ਬੁਲਬਲੀ ਦਾ ਗੁਰਭਗਤ ਸਿੰਘ ਸੰਧੂ , ਐਚਕਨ ਕਹਾਣੀ ਦਾ ਗਿਆਨੀ ਗੁਰਮੁਖਜੀਤ ਸਿੰਘ ਸ਼ਾਹੀ ( ਜ਼ੈਲਦਾਰ ),ਪਿੜੀਆਂ ਦਾ ਭੱਠਾ ਮਾਲਕ ਦੀਨ ਦਿਆਲ , ਜੜ੍ਹ ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬੜ,ਵੱਡੀ ਗੱਲ ਦੇ ਪੁਜਾਰੀ ਜੀ , ਹਥਿਆਰ ਕਹਾਣੀ ਦਾ ਜੈਲਦਾਰ ਜੱਸਾ ਸਿੰਘ , ਆਪਣੀ ਧਿਰ ਪਰਾਈ ਧਿਰ ਦੇ ਸਿਰੀਰਾਮ ਤੇ ਅਲਾਟੀਏ , ਚਿੱਟੀ ਬੇਈ-ਕਾਲੀ ਬੇਈ ਤੇ ਖੇਤ-ਖੱਤੇ ਤੇ ਫਾਰਮ,ਵਾਰੀ ਸਿਰ ਦਾ ਮਾਮਾ ਜੀ ਬੀ ਡੀ ਮਹਾਜਨ ਤੇ ਮਾਮੀ ਜੀ , ਮਾਰਖੋਰੇ ਕਹਾਣੀ ਦਾ ਪ੍ਰੋ: ਕੌੜਾ , ਮੋਮਬੱਤੀਆਂ ਦਾ ਸ਼ੈਲਰ ਮਾਲਕ ਗਿਆਨ ਸ਼ਾਹ, ਰੁਮਾਲੀ ਦਾ ਮੋਹਣਾ ,ਉਚੇ ਰੁਖਾਂ ਦੀ ਛਾਂ ਦਾ  ਵੱਡਾ ਸੰਤ, ਪੈਰਾਂ ਭਾਰ ਹੱਥਾਂ ਭਾਰ ਕਹਾਣੀ ਦਾ ਸੋਢੀ ਸਰਦਾਰ,ਸੌਰੀ ਜਗਨ ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ, ਅੱਧੇ ਅਧੂਰੇ ਦਾ ਪੀ ਟੀ ਆਈ ਗਿੱਲ , ਜਿੰਨ ਕਹਾਣੀ ਦਾ ਚਰਨੀ ਉਰਫ ਰੱਬ ਜੀ, ਇੱਕ ਕੰਢੇ ਵਾਲਾ ਦਰਿਆ ਦੇ ਕੁਮਾਰ ਜੀ ਤੇ ਵਰਮਾ ਵਰਗੇ ਹੋਰ ਵੀ ਕਈ ਪਾਤਰ ਹਨ , ਜਿਨ੍ਹਾਂ ਦੀਆਂ ਤਲਾਵਾਂ ਮੈਂ ਬਹੁਤ ਖਿੱਚ ਕੇ ਫੜੀ ਰੱਖਣ ਦੇ ਯਤਨ ਕਰਦਾ ਹਾਂ । ਪਰ ਇਹ ਹਨ ਕਿ ਆਪਣੇ ਕਿਰਦਾਰੀ ਨਿਭਾ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਦੇਂ ਹਨ । ਮੇਰੀ ਸਮਝ ਮੁਤਾਬਕ ਸਾਡੇ ਸਮਾਜਿਕ ,ਧਾਰਮਿਕ ,ਰਾਜਸੀ, ਸੱਭਿਆਚਾਰਕ ਤਾਣੇ-ਬਾਣੇ ਅੰਦਰਲੇ ਵਿਗਾੜ ਦੀ ਮੁੱਢਲੀ ਚੂਲ ਉਪਰੋਤਕ ਕਹਾਣੀਆਂ ਅੰਦਰ ਦਰਜ ਹੋਏ ਪਾਤਰਾਂ ਦਾ ਇੱਕ ਪੂਰੇ ਦਾ ਪੂਰਾ ਸੰਸਾਰ ਹੈ । ਇਨ੍ਹਾਂ ਦਾ ਮੁੱਖ ਸਰੋਕਾਰ ਨਿੱਜ ਦੀ ਪਾਲਣਾ-ਪੋਸ਼੍ਣਾ,ਸਵੈ ਦੇ ਵਿਕਾਸ,ਆਪਣੀ ਹੀ ਹਉਂ ਦੀ ਚੜਤ, ਬਣਾਈ ਰੱਖਣ ਤੱਕ ਸੀਮਤ ਹੈ। ਇਨ੍ਹਾਂ ਦੇ ਆਸ ਪਾਸ ਵਿਚਰਦੇ ਮਨੁੱਖੀ ਸਮੂਹ ਤਾਂ ਜਿਵੇਂ ਕੀੜਿਆਂ-ਮਕੌੜਿਆਂ ਤੋਂ ਵੱਧ ਕੁਝ ਵੀ ਨਹੀਂ । ਇਨ੍ਹਾਂ ਦੀ ਇਸ ਤਰਾਂ ਦੀ ਕਾਰਕਰਦਗੀ, ਵਿਵਸਥਾਂ ਦੀਆਂ ਪ੍ਰਬੰਧਕੀ ਪ੍ਰਸ਼ਾਸਕੀ ਧਿਰਾਂ ਦੇ ਬਹੁਤ ਫਿੱਟ ਬੈਠਦੀ ਹੈ। ਇਨ੍ਹਾਂ ਚੋਂ ਕਿਸੇ ਨੇ ਧਰਮ ਦੀ ਆੜ ਤੇ ਡੇਰਾਬਾਜ਼ੀ ਕਰਕੇ ਜਨ ਸਮੂਹ ਨੇ ਬੁੱਧੂ ਬਣਾਇਆ ਹੋਇਆ, ਕਿਸੇ ਨੇ ਰਾਜਸੀ ਪੈਤੜੇਬਾਜ਼ੀ ਕਰਕੇ ਬਹੁਤ ਸਾਰੇ ਭੋਇੰ ਮਾਲਕੀ ਦੀ ਹਊਂ ਚ ਫਸੇ ਗੁੱਸੇ ਆਪਣਾ ਆਪ ਭੁੱਲੀ ਬੈਠੇ ਹਨ , ਕਈ ਚੁਸਤੀਆਂ ਚਲਾਕੀਆਂ ਆਸਰੇ ਹੀ ਆਪਣਾ ਫੁਲਕਾ ਪਾਣੀ ਤੋਰੀ ਤੁਰੀ ਜਾਂਦੇ ਹਨ । ਕੈਨੇਡੀਅਨ ਲੇਖਕ ਫਾਰਲੇ ਮਵਾੜ ਵਰਗੇ ਤਾਂ ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ ਮਨੁੱਖੀ ਨਸਲ ਤੋਂ ਹੀ ਅਸਤੀਫਾ ਦੇਣ ਦਾ ਮਨ ਬਣਾ ਬੈਠਦੇ ਹਨ , ਪਰ ਮੇਰੀ ਚਾਹਤ ਦੇ ਪਾਤਰ ਇਵੇਂ ਦੀ ਢੇਰੀ ਨਹੀਂ ਢਾਹੁੰਦੇ । ਇਹ ਉਪਰੋਤਕ ਕਿਸਮ ਦੇ ਪਾਤਰਾਂ ਨੂੰ ਖੁੱਲ ਖੋਲਣ ਦੀ ਆਗਿਆ ਵੀ ਨਹੀA ਦਿੰਦੇ । ਇਹ ਉਨ੍ਹਾਂ ਦੀ ਲਗਾਮ ਘੁੱਟ ਕੇ ਫੜੀ ਰੱਖਣ ਲਈ ਮੈਨੂੰ ਵੀ ਮਜਬੂਰ ਕਰੀ ਰੱਖਦੇ ਹਨ । ਸਿੱਟੇ ਵਜੋਂ ਮੇਰੇ ਤੇ ਫਾਰਮੂਲਾ ਕਹਾਣੀ ਲੇਖਕ ਹੋਣ ਦਾ ਇਲਜ਼ਾਮ ਲੱਗਦਾ ਹੈ , ਜਾਂ ਸਪਾਟ ਲੇਖਣੀ ਦੇ ਲੇਖਕ ਦਾ। ਮੈਂ ਇਨ੍ਹਾਂ ਇਲਜ਼ਾਮਾਂ ਨੂੰ ਹੁਣ ਤੱਕ ਖਿੜੇ ਮੱਥੇ ਇਸ ਲਈ ਕਬੂਲਦਾ ਆਇਆਂ ਕਿ ਇਹ ਨੰਗੇਜ਼ਵਾਦੀ , ਲੱਚਰਵਾਦੀ,ਬਿਰਤਾਂਤਕਾਰ ਹੋਣ ਨਾਲੋਂ ਕਈ ਗੁਣਾਂ ਚੰਗੇ ਹਨ । ਉਂਝ ਵੀ ਮੈਨੂੰ ਡਾ: ਟੀ. ਆਰ. ਵਿਨੋਦ ਦੀ ਟਿੱਪਣੀ ਹਮੇਸ਼ਾਂ ਯਾਦ ਰਹਿੰਦੀ ਹੈ । ਉਨ੍ਹਾਂ ਦੇ ਮੱਤ ਹੈ – ਕਾਮ ਬਾਰੇ ਵਰਜਿੱਤ ਗੱਲਾਂ ਸਾਡੀ ਖੱਸੀ ਮੱਧ ਸ਼ੇਣੀ ਨੂੰ ਮੁਬਾਰਿਕ,ਜਿਹੜੀ ਜਿਨਸੀ ਅੰਗਾਂ ਦੀ ਨੁਮਾਇਸ਼ ਵਿੱਚੋਂ ਸੰਤੋਸ਼ ਭਾਲਦੀ ਹੈ । ਸਰਮਾਏਦਾਰੀ ਨੇ ਜਿਨਸੀ ਸੰਬੰਧਾਂ ਨੂੰ ਮੰਡੀ ਦੀ ਵਸਤ ਬਣਾ ਛੱਡਿਆ ਹੈ । ਮੈਨੂੰ ਇਸ ਕਿਸਮ ਦੀ ਬਿਰਤਾਂਤਕਾਰੀ ਪਿੱਛੋਂ ਕਾਰਜਸ਼ੀਲ ਕਿਸੇ ਯੋਜਨਾ ਬੱਧ ਛੜਜੰਤਰ ਦਾ ਝਉਂਲਾ ਪੈਂਦਾ । ਕਾਰਪੋਰੇਟ ਸੈਕਟਰ ਵੱਲੋਂ ਮਿਲਦੇ ਥਾਪੜੇ ਦਾ ਸਿੱਟਾ ਜਾਪਦਾ ਹੈ ਇਹ ਸਾਰਾ ਕੁਝ ।  ਨਹੀਂ ਤਾਂ ਕੋਈ ਕਾਰਨ ਨਹੀ ਕਿ ਆਦਰਸ਼ਮੁਖੀ,ਸੁਧਾਰਮੁਖੀ-ਯਥਾਰਥਵਾਦੀ,ਰੁਮਾਂਸਵਾਦੀ ਕਹਾਣੀ ਵਰਗੇ ਸੱਭਿਅਕ ਵਿਸ਼ੇਸ਼ਣਾਂ ਤੋਂ ਵਾਂਝੀ ਹੋਈ,ਅੱਜ ਦੀ ਬਹੁ-ਗਿਣਤੀ ਪੰਜਾਬੀ ਕਹਾਣੀ ਯੋਗ-ਅਯੋਗ ਲਿੰਗਕ ਰਿਸ਼ਤਿਆਂ ਦੀ ਪੇਸ਼ਕਾਰੀ ਚ ਜਿੰਨੀ ਭੱਲ ਖੱਟ ਚੁੱਕੀ ਹੈ , ਉਸ ਨੂੰ ਪੜ੍ਹ ਕੇ ਤਾਂ ਕੋਕ-ਸ਼ਾਸ਼ਤਰ ਦਾ ਲੇਖਕ ਵੀ ਸ਼ਰਮਸ਼ਾਰ ਹੋ ਸਕਦਾ ਹੈ ।
 ਐਸੀ ਗੱਲ ਨਹੀਂ ਕਿ ਮੇਰੀਆਂ ਕਹਾਣੀਆਂ ਦੇ ਪਾਤਰ ਰੁਮਾਂਸ ਨਾਮੀਂ ਹਿਲ-ਜੁਲ ਤੋਂ ਅਸਲੋਂ ਕੋਰੇ ਹਨ ? ਮਨੁੱਖ ਦੀ ਬੌਧਿਕ, ਮਾਨਸਿਕ,ਸਰੀਰਕ ਤੰਦਰੁਸਤੀ ਲਈ ਇਸ ਵਲਵਲੇ ਨੂੰ ਬਹੁਤ ਹੀ ਅਹਿਮ ਤੇ ਕਾਰਗਰ ਮੰਨਿਆ ਗਿਆ ਹੈ । ਪਰ ਇਸ ਖੇਤਰ ਦਾ ਤਜਰਬਾ ਮੈਨੂੰ ਨਾਂਹ ਦੇ ਬਰਾਬਰ ਹੋਣ ਕਰਕੇ ਮੈਂ ਆਪਣੇ ਪਾਤਰਾਂ ਰਾਹੀਂ  ਇਸ ਨੂੰ ਅਭਿਵਿਅਕਤ ਕਰਨ ਤੋਂ ਵੀ ਕਰੀਬ ਲਾਂਭੇ ਹੀ ਰਿਹਾ ਹਾਂ । ਇਸ ਦੇ ਨਾਲ ਦਾ ਜੁੜਵਾਂ ਤੱਥ ਇਹ ਵੀ ਹੈ ਕਿ ਮੈਂ , ਮਾਂ ਅਤੇ ਭੈਣ ਵੱਲੋਂ ਮਿਲਣ ਵਾਲੀ ਮੁਹੱਬਤ ਤੋਂ ਲੱਗਭੱਗ ਵਾਂਝਾ ਹੀ ਰਿਹਾ ਹਾਂ । ਮੇਰੇ ਤੋਂ ਛੋਟੇ ਭਰਾ ਸਵਰਗਵਾਸੀ ਹਰਭਜਨ ਸਿੰਘ ਮਠਾਰੂ ਜੋ ਦਿੱਲੀ ਦੀ ਅਕਾਲੀ ਸਿਆਸਤ ਵਿੱਚ ਚੰਗੇ ਪੈਰ ਜਮਾ ਗਿਆ ਸੀ ,ਉਸ ਨੇ ਦਸਵੀਂ ਪਾਸ ਕਰਕੇ ਆਪਣੇ ਆਪ ਨੂੰ ਟਰਾਂਸਪੋਰਟਰ ਤੱਕ ਪੁੱਜਦਾ ਕਰ ਲਿਆ ਤੇ ਮੈਂ ਪੜ੍ਹਨ-ਪੜਾਉਣ ਦੇ ਚੱਕਰ ਵਿੱਚ ਫਸਿਆ ਮਾਂ ਲਈ ਬਿਲਕੁਲ ਵੀ ਉਪਜੋਗੀ ਸਿੱਧ ਨਹੀ ਹੋਇਆ । ਮਾਂ ਨੂੰ ਰੱਬ ਦਾ ਰੁੱਤਬਾ ਦੇਣ ਵਾਲੇ ਮਾਂ ਦੀ ਘਿਰਣਾ ਤੋਂ ਸ਼ਾਇਦ ਵਾਕਿਫ ਨਾ ਹੋਣ । ਮੈਨੂੰ .ਇਸ ਘਿਰਣਾ ਦਾ ਕਾਫ਼ੀ ਨਿੱਘ ਮਿਲਿਆ ਹੈ । ਕਾਰਨ ਸਿਰਫ਼ ਰੁਪਇਆ ਪੈਸਾ ਹੀ ਰਿਹਾ । ਸਿੱਟੇ ਵਜੋਂ ਸਮੁੱਚੇ ਇਸਤਰੀ ਵਰਗ  ਨਾਲ ਮੈਂ ਮੋਹ ਦਾ ਰਿਸ਼ਤਾ ਜੋੜਨ ਵਿੱਚ ਅਸਫ਼ਲ ਰਿਹਾ ਹਾਂ । ਇਸ ਦਾ ਪਰਤੌ ਮੇਰੀਆਂ ਕਹਾਣੀਆਂ ਵਿੱਚ ਇਸਤਰੀ ਪਾਤਰਾਂ ਦੀ ਲੱਗਭੱਗ ਅਣਹੋਂਦ ਤੋਂ ਸੋਖਿਆ ਹੀ ਭਾਂਪਿਆਂ ਜਾ ਸਕਦਾ ਹੈ । ਉਂਝ ਤਿੰਨ ਇਸਤਰੀ ਪਾਤਰਾਂ ਦੀ ਵਾਰਤਾਲਾਪੀ ਵੇਦਨਾ ਤੇ ਉਸਰੀ ਕਹਾਣੀ ਚੀਕ ਬੁਲਬਲੀ ਇਸ ਖੇਤਰ ਵਿੱਚ ਇੱਕ ਰਜਰਬਾ ਹੀ ਗਿਣੀ ਜਾ ਸਕਦੀ ਹੈ ।
ਜਿੱਥੋਂ ਤੱਕ ਮੇਰੀਆਂ ਕਹਾਣੀਆਂ ਅੰਦਰ ਅੰਕਿਤ ਹੋਏ ਖ਼ਲਨਾਇਕੀ ਸੁਭਾਅ ਵਾਲੇ ਪਾਤਰਾਂ ਦਾ ਸੰਬੰਧ ਹੈ, ਇਹ ਮੇਰੇ ਨਿਯੰਤਰਣ ਦੇ ਬਾਵਜੂਦ ਕਈ ਵਾਰ ਰੱਸੇ ਤੁੜਾ ਕੇ ਆਪਣੀ ਖੇਡ ਖੇਡ ਹੀ ਜਾਦੇ ਹਨ । ਉਸ ਸਥਿਤੀ ਵਿੱਚ ਮੈਨੂੰ ਇਨ੍ਹਾਂ ਦੀ ਝਾੜ ਝੰਬ ਕਰਨ ਲਈ ਜੀਵਨ ਦੀਆਂ ਤਲਖ਼ ਹਕੀਕਤਾਂ ਰਾਹੀਂ ਸਵੈ-ਜਾਗਿ੍ਤ ਹੋਏ ਪਾਤਰਾਂ ਦੀ ਸ਼ਰਨ ਲੈਣੀ ਪੈਂਦੀ । ਇਹ ਸਵੈ-ਜਾਗਿ੍ਤੀ ਪੜੇ-ਲਿਖੇ ਵਰਗਾਂ ਨਾਲੋਂ ਬਹੁਤੀ ਵਾਰ ਅੱਖਰ ਗਿਆਨ ਤੋਂ ਕੋਰੇ ਪਾਤਰਾਂ ਪਾਸੋਂ ਵਧੇਰੀ ਉਪਯੋਗੀ ਸਿੱਧ ਹੁੰਦੀ ਹੈ । ਉਹ ਕਹਿਣ ਗੋਚਰੀਆਂ ਗੱਲਾਂ ਤੱਥਾਂ ਨੂੰ ਬਿਨਾਂ ਕਿਸੇ ਲੱਗ  ਲਿਬੇੜ ਦੇ ਸਪਾਟ ਕਹਿ ਦੇਣ ਦੀ ਯੋਗਤਾ ਰੱਖਦੇ ਹਨ । ਚੀਕ ਬੁਲਬਲੀ ਕਹਾਣੀ ਦੀ ਪਾਤਰ ਲਾਜੋ ਇਸ ਪਾਸਾਰ ਦੀ ਇੱਕ ਉਦਾਹਰਨ ਹੈ । ਉਹ ਅੱਧੇ ਪਿੰਡ ਤੇ ਮਾਲਕ ਗੁਰਭਗਤ ਸਿੰਘ ਸੰਧੂ ਦੀ ਮੂੰਹ ਜ਼ੋਰ ਪਤਨੀ ਚਰਨ ਕੌਰ ਸਾਹਮਣੇ ਕਿਧਰ ਰਤੀ ਭਰ ਵੀ ਨਹੀ ਲਿਫਦੀ । ਉਹ ਆਪਣੀ ਬਿਰਧ ਅਵਸਥੀ ਹੋਣੀ ਅੱਗੇ ਵੀ ਹਾਰ ਨਹੀਂ ਮੰਨਦੀ । ਕਈ ਵਾਰ ਤਾਂ ਉਹ ਚਰਨ ਕੌਰ ਸਮੇਤ ਉਸ ਦੇ ਕੱਚੇ ਪਿੱਲੇ ਗਵਾਹ ਨੰਦੂ ਮਿਸਤਰੀ ਵਰਗਿਆਂ ਦੀ ਝੰਡ ਵੀ ਕਰ ਦਿੰਦੀ ਹੈ । ਲੰਬੜਾਂ ਦੇ ਘਰ ਦੇ ਨਿੱਕੇ ਵੱਡੇ ਹਲਕੇ ਭਾਰੇ ਕੰਮਾਂ ਦਾ ਬੋਝ ਢੋਂਹਦੀ ਨੇ ਉਸ ਨੇ ਦੋਹਤੇ ਪਾਲੇ ਨੂੰ ਪਹਿਲਾਂ ਵਕੀਲ ਫਿਰ ਜੱਜ ਦੀ ਪਦਵੀ ਤੱਕ ਅੱਪੜਦਾ ਕਰ ਲਿਆ ਹੈ । ਇਹ ਪਾਤਰ ਮੇਰੇ ਪਿੰਡ ਅੰਦਰਲੀ ਪਛਾਣ ਚੰਦੀ ਸਰੈੜੀ ਦੇ ਈਸਰੀ ਚਮਾਰੀ ਕਰਕੇ ਸੀ , ਦਾ ਮਿਸ਼ਰਤ ਰੂਪ ਹੈ । ਮਾਈ ਚੰਦੀ ਦਾ ਪਤੀ ਗੋਪਾਲ ਸਿੰਘ ਰੂੰ-ਪੇਜਾ ਸੀ ਤੇ ਮਾਈ ਆਪ ਹਰ ਘਰ ਪੁੱਜ ਕੇ ਰਜਾਈਆਂ ਤਲਾਈਆਂ ਭਰਿਆ ਨਗੰਦਿਆ ਕਰਦੀ ਸੀ ਤੇ ਮਾਈ ਈਸਰੀ ਜਣੇਪੇ ਕਰਵਾਉਣ ਦਾ ਇੱਕੋ ਇੱਕ ਆਸਰਾ ਸੀ , ਸਾਰੇ ਪਿੰਡ ਕੋਲ । ਦੋਵੇਂ ਆਪਣੀ ਬੋਲ-ਬਾਣੀ ਦੀ ਬੇ-ਵਾਕੀ ਕਾਰਨ ਵੀ ਪ੍ਰਸਿੱਧ ਸਨ , ਮਾਈ ਚੰਦੀ ਦਾ ਛੋਟਾ ਪੁੱਤਰ ਸੁੱਚਾ ਸਿੰਘ ਭੱਟੀ ਪੰਜਾਬ ਸਰਕਾਰ ਦੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਕੇ ਅੱਜਕੱਲ ਮੁਹਾਲੀ ਤੇ ਸੈਕਟਰ ਸੱਤ ਵਿਖੇ ਰਹਿ ਰਿਹਾ ਹੈ ਅਤੇ ਮਾਈ ਈਸਰੀ ਦਾ ਪੋਤਰਾ ਸਵਰਗੀ ਗਿਆਨ ਸਿੰਘ ਸਾਵਰਾ ਵਕਾਲਤ ਦੀ ਯੋਗਤਾ ਕਾਰਨ ਗੁਰਦਾਸਪੁਰ ਵਿਖੇ ਸਬ-ਜੱਜ ਦੀ ਪਦਵੀ ਤੱਕ ਪੁੱਜ ਕੇ ਕਿਸੇ ਕਾਰਨ ਪਿੱਛਲ ਪੈਂਰੀ ਮੁੜ ਆਇਆ ਸੀ ।
ਇਨ੍ਹਾਂ ਦੋਵੇਂ ਬਿਰਧ ਮਾਈਆਂ ਦੇ ਪਰਤੋਂ ਵਜੋਂ ਅੰਕਿਤ ਹੋਏ ਲਾਜੋ ਨਾਮੀਂ ਪਾਤਰ ਨੂੰ ਕਹਾਣੀ ਰੂਪ ਦੇਣ ਵਿੱਚ ਮੈਨੂੰ ਪ੍ਰਸੰਨਤਾ ਭਰੀ ਤਸੱਲੀ ਮਹਿਸੂਸ ਹੋਈ ਹੈ । ਇਵੇਂ ਹੀ ਅੱਖਰ ਗਿਆਨ ਤੋਂ ਵਾਂਝਾ ਇੱਕ ਪਾਤਰ ਅੱਧੇ ਅਧੂਰੇ ਨਾਮੀ ਕਹਾਣੀ ਦਾ ਸਾਧੂ, ਸਕੂਲ ਦਾ ਚਪੜਾਸੀ ਹੈ । ਉਹ ਗਿੱਲ ਪੀ ਟੀ ਆਈ ਦੇ ਬਾਪ ਦਾ ਉਸ ਨੂੰ ਰੁਜ਼ਗਾਰ ਦੇਣ ਕਰਕੇ ਰਿਣੀ ਹੈ । ਇਸ ਨਾਤੇ ਉਹ ਰਾਮ ਪਾਲ ਵਰਗੇ ਆਪਣੀ ਜਾਤ ਬਰਾਦਰੀ ਦੇ ਨਵੇਂ ਬਦਲ ਕੇ ਆਏ ਹੈਡਮਾਸਟਰ ਦੀ ਕੁਰਸੀ ਹੈਂਕੜ ਦੀ ਰਤਾ ਭਰ ਵੀ ਪ੍ਰਵਾਹ ਨਹੀA ਕਰਦਾ। ਉਹ ਸਕੂਲ ਦੀ ਪ੍ਰਸ਼ਾਸ਼ਨੀ-ਅਵਸਥਾ ਤੋਂ ਜਾਣੂ ਕਰਵਾਂਉਦਾ ਹੈਂਡ ਰਾਮਪਾਲ ਦੇ ਰੁਖੇ ਵਤੀਰੇ ਕਾਰਨ ਉਸ ਨੂੰ ਪੈ ਨਿਕਲਦਾ । ਇੱਥੋਂ ਤੱਕ ਵੀ ਕਹਿ ਜਾਂਦਾ ਹੈ ਕਿ ਆਪਣੀ ਜਾਤ ਬਰਾਦਰੀ ਕਰਕੇ ਤੈਨੂੰ ਮੈ ਗਰੇਵਾਲ ਹੈੱਡ ਦੀ ਕਥਾ-ਕਹਾਣੀ ਦੱਸਤੀ , ਨਈ ਮੇਰੀ ਅਲੋਂ  ਪੈ ਢੱਠੇ ਖੂਹ ਚ ।
ਇਹ ਸਾਧੂ ਮੇਰੀ ਦਸਵੀਂ ਤੱਕ ਦੀ ਪੜਾਈ ਵਾਲੇ ਖਾਲਸਾ ਹਾਈ ਸਕੂਲ ਸਰਹਾਲਾ ਮੂੰਡੀਆ ਵਾਲਾ ਹੀ ਸਾਧੂ ਹੈ ਅਤੇ ਰਾਮਪਾਲ ਦਸੂਹੇ ਨੇੜਲੇ  ਪਿੰਡ ਛਾਂਗਲਾ ਦੇ ਸਰਕਾਰੀ ਹਾਈ ਸਕੂਲ ਦਾ ਰੀਜ਼ਰਵ ਕੋਟੇ ਚੋਂ ਬਣਿਆ ਬੀ. ਏ. ਬੀ. ਐਡ. ਯੋਗਤਾ ਵਾਲਾ ਹੈੱਡ ਮਾਸਟਰ ਹਰਜਿੰਦਰ ਸਿੰਘ । ਇਹ ਸ਼ਾਇਦ ਉਸ ਦੀ ਘੱਟ ਵਿੱਦਿਅਕ ਯੋਗਤਾ ਦੀ ਹੀਣਭਾਵਨਾ ਕਰਕੇ ਵਾਪਰਿਆ ਹੋਵੇ ਕਿ ਚੰਗੇ ਭਲੇ ਹੱਸਮੁੱਖ ਸੁਭਾਅ ਅਤੇ ਲੋੜ ਪੈਣ ਤੇ ਦੂਜਿਆ ਲਈ ਜਾਨ ਤੱਕ ਵਾਰ ਦੇਣ ਵਾਲਾ ਹਰਜਿੰਦਰ ਸਿੰਘ ਉਸੇ ਕੋਟੇ ਚੋਂ ਪਹਿਲਾਂ ਕਪੂਰਥਲੇ ਫਿਰ ਗੁਰਦਾਸਪੁਰ ਵਿਖੇ ਡੀ ਈ ੳ ਪ੍ਰਾਇਮਰੀ ਦੀ ਕੁਰਸੀ ਤੱਕ ਪੁੱਜ ਕੇ ਵੀ ਹਰ ਥਾਂ ਆਪਣੇ ਅਧੀਨ ਕਰਮਚਾਰੀਆ ਨਾਲ ਤ਼ਲਖ ਕਲਾਮੀ, ਲੜਾਈ ਝਗੜੇ ਤੇ ਕਈ ਵਾਰ ਹੱਥੋਂ ਪਾਈ ਵੀ ਹੁੰਦਾ ਰਿਹਾ । ਇਸ ਕਹਾਣੀ ਵਿਚਲਾ ਪੀ hਟੀh ਆਈh ਗਿੱਲ  ਸਵ ਕਾਮਰੇਡ ਬਸੰਤ ਸਿੰਘ ਕਲਿਆਣਪੁਰ , ਜਿਸ ਨੇ ਜ਼ੈਲਦਾਰੀ ਵਰਗੇ ਸ਼ਾਹਾਨਾ ਰੁ਼ਤਬੇ ਦੀ ਪ੍ਰਵਾਹ ਨਾ ਕਰਦਿਆ ਸਾਰੀ ਉਮਰ ਖੱਬੀਆਂ ਪਾਰਟੀਆਂ ਨਾਲ ਸਿਰੜ ਦੀ ਪੱਧਰ ਤੱਕ ਨੇੜਤਾ ਨਿਭਾਈ , ਦੀ ਇਕਲੌਤੀ ਲੜਕੀ ਦਾ ਦੋ ਜ਼ਮੀਨੀ ਢੇਰੀਆ ਦਾ ਮਾਲਕ ਪਤੀ ਮੁਹਿੰਦਰ ਸਿੰਘ ਮਾਨ ਹੈ , ਜਿਸ ਨੂੰ ਸਕੂਲ ਅਧਿਆਪਕੀ ਨਾਲੋਂ ਕਈ ਗੁਣਾ ਵੱਧ ਖੇਤੀ ਧੰਦੇ, ਨਾਸ਼ਪਾਤੀਆ-ਕਿਨੂੰਆ ਦੇ ਬਾਗਾਂ ਜਾਂ ਆਲੂਆਂ-ਮਟਰਾਂ ਵਰਗੀਆਂ ਉਪਯੋਗੀ ਫਸਲਾਂ ਨਾਲ ਮੋਹ ਸੀ । ਸਾਹਿਤਕਾਰੀ-ਕਲਾਕਾਰੀ-ਕਹਾਣੀਕਾਰੀ ਦੀ ਇਸ ਸਤਿਕਾਰਤ ਭਾਵਨਾ ਦਾ ਹਮਸਫ਼ਰ ਬਣੇ ਪਾਤਰਾਂ ਵਿੱਚ ਸੌਰੀ ਜਗਨ ਕਹਾਣੀ ਦਾ ਅਖ਼ਤਰ ਪਾਤਰ ਝਟਕਈ ਵੀ ਸ਼ਾਮਲ ਹੈ । ਉਹ ਆਪਣੇ ਹੋਟਲ ਦੇ ਪ੍ਰਬੰਧਕੀ ਅਮਲੇ ਦੇ ਇੱਕ ਵਿਅਕਤੀ ਵੱਲੋਂ ਘਰੇਲੂ ਝਗੜਿਆ ਕਾਰਨ ਮਾਰ ਕੇ ਲਿਆਦੀ ਨੌਜਵਾਲ ਪਤਨੀ ਦੀ ਲਾਸ਼ ਦੇ ਟੁਕੜੇ ਟੁਕੜੇ ਕਰਕੇ ਹੋਟਲ ਅੰਦਰ ਵਰਤਾਏ ਜਾਦੇਂ ਮੀਟ ਮੁਰਗੇ ਵਿੱਚ ਉਸ ਲਾਸ਼ ਦਾ ਮਾਸ ਮਿਕਸ ਕਰਨ ਦੀ ਥਾਂ ਇੱਸ ਦੇ ਟੋਟੇ ਕਰਕੇ ਭਖਦੇ ਤੰਦੂਰ ਅੰਦਰ ਇਸ ਮਾਨਤਾ ਨੂੰ ਧਿਆਨ ਚ ਰੱਖ ਕੇ ਸੁੱਟ ਦਿੰਦਾ ਹੈ ਕਿ ਮਨੁੱਖੀ ਲਾਸ਼ ਦਾ ਅੰਤਮ ਟਿਕਾਣਾ ਜਾਂ ਕਬਰ ਹੋ ਸਕਦਾ ਹੈ ਜਾਂ ਲਟ ਲਟ ਬਲਦੀ ਚਿਤਾ, ਨਾ ਕਿ ਸੁਆਦ ਦੇ ਚਸਕੇ ਲੱਗੀ ਜਿਉਦੇ ਮਨੁੱਖ ਦਾ  ਜੀਭ ਤੇ ਢਿੱਡ । ਇਸ ਕਹਾਣੀ ਦੀ ਤੰਦ ਇੱਕ ਸਮੇਂ ਰਾਜਧਾਨੀ ਦਿੱਲੀ ਅੰਦਰ ਵਾਪਰੇ ਤੰਦੂਰ ਕਾਂਢ ਨਾਲ ਵੀ ਜੁੜਦੀ ਹੈ , ਹੋਰਨਾਂ ਕਹਾਣੀਆ ਵਿੱਚ ਇਸ ਵੰਨਗੀ ਦੇ ਪਾਤਰਾਂ ਵਿੱਚ ਪੌੜੀ ਕਹਾਣੀ ਦਾ ਪਾਲਾ ਸਿੰਘ ਟਰੱਕ ਡਰਾਈਵਰ, ਮੋਮਬੱਤੀਆਂ ਦਾ ਬੀਰੂ, ਹਾਸ਼ੀਏ ਦਾ ਬਾਵਾ ਰਾਮ, ਪੈਰਾਂ ਭਾਰ ਹੱਥਾਂ ਭਾਰ ਦਾ ਸੰਤੂ,ਧੁੰਦ ਕਹਾਣੀ ਦਾ ਭਾਈ ਘਨੱਈਆ ,ਜੜ੍ਹ ਕਹਾਣੀ ਦਾ ਮਾਸਟਰ ਸੁੰਦਰ ਲਾਲ, ਹਥਿਆਰ ਕਹਾਣੀ ਦਾ ਨੌਕਰ ਮੁੰਡਾ , ਜ਼ਜ਼ੀਰੇ ਕਹਾਣੀ ਦਾ ਕਰਮਾ, ਗੜ੍ਹੀ ਬਖ਼੍ਸ਼ਾ ਸਿੰਘ ਦਾ ਸਮਿੱਤਰ,ਅਤੇ ਅਕਾਲਗੜ੍ਹ ਕਹਾਣੀ ਦਾ ਪਿਆਰਾ ਕਾਮਰੇਡ ਵੀ ਸ਼ਾਮਲ ਹਨ । ਇਨ੍ਹਾਂ ਪਾਤਰਾਂ ਨੂੰ ਨਾ ਤਾਂ ਪਾਰਟੀਆ ਦੇ ਵੋਟ ਪ੍ਰਚਾਰ ਨ/ ਚੇਤੰਨ ਕੀਤਾ ਹੈ , ਨਾ ਹੀ ਵਿਦਵਾਨਾਂ ਦੀ ਸਕੂਲਿੰਗ ਨੇ । ਸਗੋਂ ੲਹ ਆਪਣੇ ਦੁਆਲੇ ਪੱਸਰੇ ਹਾਲਾਤਾਂ ਦੀ ਜਕੜ ਤੋਂ ਤੰਗ-ਪਰੇਸ਼ਾਨ ਹੋਏ ਸਵੈ-ਚਤੰਨ ਹੋਏ ਹਨ । ਇਹ ਚੇਤੰਨਤਾ ਕਈਆ ਦੇ ਅੰਦਰੋਂ ਅੰਦਰੀ ਸੁਲਘਦੇ ਗੁੱਸੇ ਦੇ ਪ੍ਰਗਟਾ ਰਾਹੀਂ ਪ੍ਰਗਟ ਹੁੰਦੀ ਹੈ । ਕਈਆ ਵੱਲੋਂ ਘੂਰੀ ਦੇ ਰੂਪ ਵਿੱਚ ਤੇ ਕੁਝ ਇੱਕ ਵੱਲੋਂ ਸਿੱਧੇ ਵਿਰੋਧ ਵਜੋਂ ।ਇਨ੍ਹਾਂ ਸਾਰੇ ਜੀਵੰਤ ਪਾਤਰਾਂ ਦੀ ਬਹੁ-ਗਿਣਤੀ ਪਾਠਕਾਂ ਦੀ ਜਾਣ-ਪਛਾਣ ਦਾ ਹਿੱਸਾ ਹੈ । ਇਨ੍ਹਾਂ ਵਿੱਚੋਂ ਗੜ੍ਹੀ ਬਖਸ਼ਾ ਸਿੰਘ ਕਹਾਣੀ ਵਿਚਲਾ ਪਾਤਰ ਸਮਿੱਤਰ , ਕਾਮਰੇਡ  ਗੁਰਬਖਸ਼ ਸਿੰਘ ਦੇ ਬਿਲਕੁਲ ਗ[ਆਂਡ ਚ ਰਹਿੰਦਾ ਹੈ । ਅਕਾਲਗੜ੍ਹ ਕਹਾਣੀ ਦਾ ਪਿਆਰਾ ਮੱਲੇਵਾਲ ਪਿੰਡ ਤੋਂ ਲਹਿੰਦੀ ਬਾਹੀ ਤੇ ਪਿੰਡ ਜਡੌਰ ਦਾ ਦਲਿਤ ਜਾਤ ਨਾਲ ਸੰਬੰਧਤ ਕਾਮਰੇਡ ਸੀ ਅਤੇ ਮਾਸਟਰ ਬਚਿੱਤਰ ਸਿੰਘ ਪਿੰਡ ਝੀਂਗੜ ਕਲਾਂ ਦਾ ਵਾਸੀ ਰਿਹਾ ਹੈ । ਅੱਜ ਕੱਲ੍ਹ ਆਪਣੇ ਲੜਕਿਆ ਨਾਲ ਕੈਨੇਡਾ ਰਹਿ ਰਿਹਾ ਹੈ ।
ਮੇਰੇ ਹੁਣ ਤੱਕ ਦੇ ਕਹਾਣੀ ਲਗਾੳ ਦੌਰਾਨ ਇੱਕ ਹੋਰ ਵੰਨਗੀ ਤੇ ਪਾਤਰ ਵੀ ਮੇਰੀਆ ਕਹਾਣੀਆ ਦੀ ਵਲਗਣ ਵਿੱਚ ਆਏ ਹਨ । ਇਹ ਰੋਦੂ-ਭੋਦੂ ਤਾਂ ਭਾਵੇਂ ਨਹੀ, ਪਰ ਘਣਚੱਕਰਾਂ ਵਰਗੀ ਹੈਸੀਅਤ ਜ਼ਰੂਰ ਰੱਖਦੇ ਹਨ । ਆਪਣੇ ਆਪ ਨੂੰ ਬਹੁ਼ਤ ਚੁਸਤ ਚਲਾਕ ਵੀ ਗਿਣਦੇ ਹਨ । ਉਂਝ ਇਨ੍ਹਾਂ ਦੀ ਪਿੱਠ ਉੱਤੇ ਸਥਾਪਤੀ ਦਾ ਪੂਰਾ ਹੱਥ ਹੈ । ਇਨ੍ਹਾਂ ਦੀ ਸਧਾਰਨ ਚਾਲ-ਢਾਲ ਪੂਰੀ ਤਰ੍ਹਾਂ ਹੈਂਕੜ ਭਰੀ ਹੁੰਦੀ ਹੈ । ਧੋਣ ਮੂੰਹ ਉਪਰ ਨੂੰ ਚੁੱਕ ਕੇ ਤੁਰਦੇ ਹਨ । ਆਪਣੀ ਵੱਲੋਂ ਬਹੁਤ ਸ਼ਾਨੋਸ਼ੋਕਤ ਨਾਲ ਵਿਚਰਦੇ ਹਨ । ਪਰ ਜੇ ਸਾਹਮਣਿੳ ਥੋ੍ੜੀ ਕੁ ਜਿੰਨੀ ਘੁਰਕੀ ਜੋ ਬਹੁਤਾ ਕਰਕੇ ਚੇਤੰਨ ਹੋਈ ਲੋਕਾਈ ਵੱਲ ਵੱਜਦੀ ਹੈ । ਵਿਚਕਾਰ ਇਨ੍ਹਾਂ ਦੀ ਰਾਖੀ ਕਰਦੀ ਵਿਵਸਥਾ ਵੀ ਮੌਕਾ ਤਾੜ ਜਾਂਦੀ ਹੈ । ਕਈ ਵਾਰ ਇਹ ਘੁਰਕੀ ਤਿੱਖੀ ਸੁਰ ਵਾਲੀ ਵੀ ਨਹੀਂ ਹੁੰਦੀ,ਬੱਸ ਮੱਥੇ ਤੇ ਉੱਭਰੀ ਤਿਊੜੀ ਸਮਾਨ ਹੀ ਹੁੰਦੀ ਹੈ । ਮੇਰੇ ਇਹ ਪਾਤਰ ਪਹਿਲੇ ਹੱਲੇ ਤਾਂ ਉਸ ਤਿਊੜੀ ਨੂੰ ਮੁੱਢੋ ਮਧੋਲ ਸੁੱਟਣ ਲਈ ਭਵਕੀ ਵੀ ਮਾਰ ਜਾਂਦੇ ਹਨ । ਪਰ ਇਨ੍ਹਾਂ ਦੇ ਪੈਰ੍ਹਾਂ  ਹੇਠਲੀ ਜ਼ਮੀਨ ਇਨ੍ਹਾਂ ਦੀ ਆਪਣੀ ਨਹੀ ਹੁੰਦੀ । ਵਿਵਸਥਾ ਦੀ ਹੁੰਦੀ ਹੈ ਜਾ ਵਿਵਸਥਾ ਦੇ ਏਜੰਟਾਂ ਦੀ । ਉਨ੍ਹਾਂ ਨੇ ਤਾਂ ਇਨ੍ਹਾਂ ਨੂੰ ਮੋਹਰੇ ਵਜੋਂ ਹੀ ਵਰਤਿਆ ਹੁੰਦਾ ਹੈ । ਮੌਕਾ ਤਾੜ ਕੇ ਸਥਾਪਤੀ,ਉਸ ਦੇ ਏਜੰਟ ਝੱਟ  ਪਾਸਾ ਮੋੜ ਲੈਦੇਂ ਹਨ ਤੇ ਮੇਰੇ ਇਹ ਪਾਤਰ ਵਿਚਾਰੇ ਜਿਹੇ ਬਣ ਕੇ ਰਹਿ ਜਾਂਦੇ ਹਨ । ਇਹ ਨਾ ਇਧਰ ਦੇ ਰਹਿੰਦੇ ਹਨ , ਨਾ ਉਧਰੇ ਦੇ । ਪੌੜੀ ਕਹਾਣੀ ਦਾ ਪੋ੍ਫੈਸਰ ਸ਼ਰਮਾ ਆਪਣੇ ਕੀਤੇ ਪਛਤਾਵੇ ਕਾਰਨ ਪਾਣੀੳ ਪਤਲਾ ਹੋਇਆ , ਪਾਲਾ ਸਿੰਘ ਦੇ ਟਰੱਕ ਦੀ ਅਗਲੀ ਸੀਟ ਤੇ ਬੈਠੇ ਰਹਿਣ ਜੋਗਾ ਵੀ ਨਹੀਂ ਰਹਿੰਦਾ । ਧੁੱਪ-ਛਾਂ ਕਹਾਣੀ ਦਾ ਪਰਮਜੀਤ ਮਾਸਟਰ ਵੀ ਇਸੇ ਵੰਗਨੀ ਚ ਆਉਦਾ ਹੈ । ਉਹ ਦੇਸ਼ ਭਗਤ ਬਾਪ ਈਸ਼ਰ ਸਿੰਘ ਸਮੇਤ ਆਹਲੂਵਾਲੀਏ ਵੰਸ਼ ਦੀ ਹੁਣ ਤੱਕ ਦੀ ਕੀਤੀ ਕਰਾਈ ਦੀ ਇੱਕ ਤਰਾਂ ਨਾਲ ਪੱਟੀ ਮੇਸ ਦਿੰਦਾ ਹੈ । ਬਿਨਾਂ ਕਿਸੇ ਛਾਣਬੀਨ ਦੇ ਧਮਕੀ ਪੱਤਰ ਰਾਹੀਂ ਮਿਲੇ ਹੁਕਮ ਦੀ ਪਾਲਣਾ ਕਰਦਾ ਅੱਧੀ ਰਕਮ ਅੱਤਵਾਦੀਆ ਵੱਲੋਂ ਦੱਸੇ ਟਿਕਾਣੇ  ਤੇ ਰੱਖ ਆਉAਦਾ ਹੈ । ‘ਹਥਿਆਰ ਕਹਾਣੀ ਦਾ ਕਹਾਣੀਕਾਰ ਬਲਵੰਤ ਵੀ ਇਸ ਵੰਗਨੀ ਤੋਂ ਬਾਹਰ ਨਹੀਂ । ਆਪਣੀਆ ਕਹਾਣੀਆ ਚ ਸਿਰੇ ਦੀਆਂ ਡੀਗਾਂ ਮਾਰਦਾ ਉਹ ਕਰਫਿਊ  ਦਾ ਜ਼ਰਾ ਕੁ ਜਿੰਨਾਂ ਸੇਕ ਲੱਗਣ ਤੇ ਆਪਣਾ ਕਹਾਣੀ ਖਰੜਾ ਹੀ ਬਾਜ਼ਾਰ ਚ ਵਗਾਹ ਕੇ ਸੁੱਟ ਦਿੰਦਾ ਹੈ।ਇਹਨਾਂ ਪਾਤਰਾਂ ਦਾ ਪ੍ਰਛਾਵਾਂ ਮੇਰੇ ਸਮੇਤ ਮੇਰੇ ਸਕੂਲ ਦੇ ਸਾਥੀ ਅਵਤਾਰ ਸਿੰਘ ਸੰਧਰ ਤੇ ਸਿੱਧਾ ਡਿੱਗਦਾ ਹੈ । ਅੱਤਵਾਦ-ਵੱਖਵਾਦ ਦੀ ਥਾਂ ਪੁਰ ਥਾਂ ਆਲੋਚਨਾ ਕਰਨ ਵਾਲੇ ਅਸੀਂ ਦੋਵੇਂ ਛਾਂਗਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਅੰਦਰ ਅਧਿਆਪਕਾਂ ਤੋਂ ਜਬਰੀ ਉਗਰਾਹੀ ਕਰਨ ਆਏ ਇੱਕ ਹਥਿਆਰਬੰਦ ਸਿੰਘ ਨੂੰ ਉਸ ਵੱਲੋਂ ਲਾਈ ਢਾਲ ਦੇਣੋਂ ਤਾਂ ਇਨਕਾਰੀ ਨਹੀਂ ਸੀ ਹੋ ਸਕੇ , ਸਾਡੀ ਹੀ ਜ਼ੱਦ ਚ ਆਉਦੇਂ ਹੋਰਨਾਂ ਪਾਤਰਾਂ ਵਿੱਚੋਂ ਸਕੰਦਰ ਕਹਾਣੀ ਦਾ ਸਕੰਦਰਪਾਲ ਇਸ ਲਈ ਅਹਿਮ ਹੈ ਕਿ ਉਹ ਮੁੱਢਲੇ ਅਧਿਆਪਕੀ ਦਿਨਾਂ ਵੇਲੇ ਟਰੇਡ ਯੂਨੀਅਨ ਦੇ ਲੰਬੀ ਗਰੁੱਪ ਵਿਚਲੀ ਸ਼ਮੂਲੀਅਤ ਤੋਂ ਥਿੜਕਿਆ ਪਹਿਲਾਂ ਜੀ ਟੀ ਯੂ ਰਾਣਾ ਗਰੁੱਪ, ਫਿਰ ਢਿੱਲੋਂ ਗਰੁੱਪ , ਫਿਰ ਐਸ ਸੀ ਬੀ ਸੀ ਇੰਪਲਾਈਜ਼ ਯੂਨੀਅਨ ਤੱਕ ਪਿਛਾਂਹ ਵੱਲ ਨੂੰ ਤੁਰਿਆ, ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਤੱਕ ਪੁੱਜ ਗਿਆ ਸੀ । ਇਨੀ ਦਿਨੀਂ ਉਹ ਅਗਾਂੳ ਸੇਵਾ-ਮੁਕਤ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੂਬਾ ਜਨਰਲ ਸਕੱਤਰ ਹੈ । ਇਸ ਵੰਨਗੀ ਦਾ ਦੂਜਾ ਵਿਅਕਤੀ ਅੱਜ ਕੱਲ ਅਧਿਆਪਕ ਦਲ ਦਾ ਤਹਿਸੀਲ ਪ੍ਰਧਾਨ ਹੈ , ਅਜਿਹੇ ਪਾਤਰਾਂ ਦੀ ਮੌਕਾਪ੍ਰਸਤ ਪਹੁੰਚ ਮੇਰੀਆ ਕਹਾਣੀਆ ਵਿੱਚ ਵਾਰ ਵਾਰ ਦਖ਼ਲ ਅੰਦਾਜ਼ ਹੋਈ ਹੈ ।ਅਸਲ ਚ ਸਾਡੇ ਸਮਿਆਂ ਦੀ ਇਹ ਗੈਰ-ਵਿਸ਼ਵਾਸ਼ਯੋਗ ਮਿਡਲ ਕਲਾਸ ਹੈ , ਜੋ ਸੂਝਵਾਨ ਹੁੰਦੀ ਹੋਈ ਵੀ ਸੋਝੀ ਨਹੀਂ ਰੱਖਦੀ । ਕਾਰਜਸ਼ੀਲ ਹੁੰਦੀ ਹੋਈ ਵੀ ਲੋਕ-ਮੁਖੀ ਦਿਸ਼ਾ ਨਹੀਂ ਅਪਣਾਉਦੀ । ਇਨ੍ਹਾਂ ਦਾ ਪਲ ਪਲ ਵੱਟਦਾ ਰੰਗ ਉਪਰੋਤਕ ਦੋਵਾਂ ਉਦਾਹਰਨਾਂ ਦੀ ਰੌਸ਼ਨੀ ਵਿੱਚ ਨਾਈਟ ਸਰਵਿਸ ਦੇ ਇਤਿਹਾਸ ਦੇ ਪੋ੍ਫੈਸਰ ਤੇ ਉਹ ਵੀ ਕੀ ਕਰਦਾ ਦੇ ਮੈਂ ਪਾਤਰ ਦੇ ਰੂਪ ਰਾਹੀਂ ਵੀ ਅੰਕਿਤ ਹੈ । ਇਨ੍ਹਾਂ ਪਾਤਰਾਂ ਦੀ ਰਲਦੀ ਮਿਲਦੀ ਵੰਨਗੀ ਚ ਕੁਝ ਕੁ ਅਜਿਹੇ ਪਾਤਰ ਵੀ ਮੇਰੀਆ ਕਹਾਣੀਆਂ ਦਾ ਆਧਾਰ ਬਣੇ ਹਨ , ਜਿਹੜੇ ਸਮਾਜਿਕ ਕਾਰਜਾਂ ਲਈ ਅਰਪਿਤ ਹੁੰਦੇ ਹੋਏ ਅਗਾਂਹ ਵਧਣ ਤੋਂ ਭਾਵੇਂ ਝਿਜਕਦੇ ਹੋਣ , ਪਰ ਪਿੱਛਲ ਖੁਰੀ ਨਹੀਂ ਤੁਰਦੇ । ਦੂਜੇ ਸ਼ਬਦਾਂ ਵਿੱਚ ਪ੍ਰਸਥਿਤੀਆ ਉਨਾਂ ਦੇ ਰਾਹਾਂ ਵਿੱਚ ਪੈਰ ਪੈਰ ਤੇ ਰੋੜੇ ਅਟਕਾਉਦੀਆਂ ਹਨ । ਉਨ੍ਹਾਂ ਨੂੰ ਸਮਕਾਲ ਦੀ ਉਪਰੀ-ਉਪਰੀ ਸਮਝ ਤਾਂ ਹੁੰਦੀ ਹੈ , ਪਰ ਇਸ ਤੱਥ ਦੀ ਸੋਝੀ ਨਹੀA ਆਉਦੀ ਕਿ ਉਨਾਂ ਨਾਲ ਅਜਿਹਾ ਕਿਉA ਵਾਪਰ ਰਿਹਾ ਹੈ । ਇਸ ਸੂਚੀ ਵਿੱਚ ਧੁੰਦਕਹਾਣੀ ਦਾ ਭਾਈ ਘਨੱਈਆ, ਉਹ ਵੀ ਕੀ ਕਰਦਾ ਦਾ ਭਜਨਾ ਉਰਫ ਪਾਲ, ਮਿੱਟੀ ਕਹਾਣੀ ਦਾ ਤਾਇਆ , ਬਾਕੀ ਦਾ ਸੱਚ ਦਾ ਗਾਮੀ ਆਦ ਸ਼ਾਮਲ ਹਨ । ਇਹ ਪਾਤਰ ਮਾਸਟਰ  ਯੋਧ ਸਿੰਘ ਵਰਗੇ ਸ[ਹਿਰਦ ਕਾਮੇA , ਜਿਨ੍ਹਾਂ ਸਰਕਾਰੀ ਨੌਕਰੀਆ ਨੂੰ ਤਿਆਗ ਕੇ ਆਪਣੇ ਆਪ ਜਨ ਹਿੱਤਾਂ ਲਈ ਅਪਰਣ ਕੀਤਾ ਤੇ ਹੱਥ ਪੱਲੇ ਪਈ ਹੁਣ ਤੱਕ ਨਿਰਾਸ਼ਾ ਨੂੰ ਪ੍ਰਗਟ ਕਰਨ ਦਾ ਹੀ ਸਾਧਨ ਹਨ । ਅਸਲ ਵਿੱਚ ਇਹ ਵੀਹਵੀ-ਇੱਕੀਵੀ ਸਦੀ ਦੇ ਵਿਕਰਾਲ ਸਮਾਜਿਕ ਰਾਜਨੀਤਕ ਆਰਥਿਕ ਵਰਤਾਰੇ ਸਾਹਮਣੇ ਬੇ-ਬੱਸ ਹਨ । ਇਨ੍ਹਾਂ ਦੀ ਪੈਂV ਚਾਲ ਜਕੜੀ ਗਈ ਹੈ , ਅਜਿਹੀ ਚਿੰਤਾਮਈ ਸਥਿਤੀ ਚ ਮੇਰੇ ਅੰਦਰ ਉਸੇ ਕਿਸਮ ਦਾ ਖ਼ਲਾਅ ਮੁੜ ਉਤਪੰਨ ਹੋਣ ਲੱਗ ਪਿਆ ਹੈ , ਜਿਸ ਦੀ ਭਰਪਾਈ ਕਰਦਿਆਂ ਸਮਾਜਿਕ ਪ੍ਰਤੀਬੱਧਤਾ ਦੇ ਕਿ੍ਸ਼ਮਾਕਾਰੀ ਸਿਧਾਂਤ ਨੇ ਹੁਣ ਤੱਕ ਡੋਲਣ ਨਹੀਂ ਸੀ ਦਿੱਤਾ । ਪਰ ,ਪਰ ਹੁਣ ਇਉਂ ਜਾਪਦਾ ਹੈ ਕਿ ਮੇਰੀ ਕਹਾਣੀ ਥਰਸਟੀ ਕਰੋਅ ਦੇ ਸੰਗੀਤ ਪੋ੍ਫੈਸਰ ਦੀ ਹੋਣੀ ਵਾਂਗ ਮੇਰੇ ਆਪਣੇ ਤੇ ਵੀ ਗਲੋਬਲ ਕਲਚਰ ਦੀ ਪਾਣ ਤੇ ਚੜ੍ਹ ਗਈ ਹੈ । ਮੇਰੇ ਖਲਾਅ ਨੂੰ ਡਾ ਕੇਸਰ ਸਿੰਘ ਕੇਸਰ ਨੇ ਬਾਖੂਬੀ ਬਿਆਨ ਕੀਤਾ ਹੈ । ਉਨ੍ਹਾਂ ਅਨੁਸਾਰ  ਅੱਜ ਨਾ ਕਿਸੇ ਸਮਾਜਿਕ ਇਨਕਲਾਬ ਦੀ ਉਭਰਵੀ ਸਥਿਤੀ ਹੈ ਨਾ ਹੀ ਕਿਸੇ ਸ਼ਕਤੀਸ਼ਾਲੀ ਵਿਚਾਰਧਾਰਾ ਦਾ ਬੋਲਬਾਲਾ ਹੈ । ਵਿਚਾਰਧਾਰਾ ਦਾ ਬਦਲ ਬਣ ਗਿਆ ਹੈ , ਪਾਪੂਲਰਇਜ਼ਮ,ਵਿਖੰਡਨਾਵਾਦ ਤੇ ਉੱਤਰ ਆਧੁਨਿਕਤਾ ।  ਪਰ ਨਾਲ ਦੀ ਨਾਲ ਮੈਨੂੰ ਇਹ ਵੀ ਉਮੀਦ ਹੈ ਕਿ ਕਲਾ ਤੇ ਸਾਹਿਤ ਜੀਵਨ ਲਈ ਦੇ ਵਿਕਲਪ ਨੂੰ ਅਪਣਾਉਣ ਵਾਲੇ ਸਾਹਿਤਕਾਰ-ਕਹਾਣੀਕਾਰ ਇਵੇਂ ਦੀ ਡਾਵਾਂਡੋਲਤਾ ਅੰਦਰ ਬਹੁਤਾ ਸਮਾਂ ਨਹੀ ਭਟਕਣਗੇ । ਸਮਕਾਲ ਦੀਆਂ ਅਣਸੁਖਾਵੀਆ ਤੇ ਗੰਭੀਰ ਪ੍ਰਸਥਿਤੀਆਂ ਵਿੱਚੋਂ ਵੀ ਉਹ ਕੋਈ ਨਾ ਕੋਈ ਰਾਹ ਕੱਢ ਹੀ ਲੈਣਗੇ । ਸਮਰੱਥ ਸਾਹਿਤਕਾਰਾਂ ਦੀ ਇਹ ਸਦੀਆਂ ਪੁਰਾਣੀ ਇਤਿਹਾਸਕਾਰੀ ਹੈ । ਨੈਪੋਲੀਅਨ ਅਨੁਸਾਰ ਸੰਸਾਰ ਜਿੱਤਣ ਲਈ ਸਿਰਫ ਦੋ ਹੀ ਸ਼ਕਤੀਆ ਹਨ ਤਲਵਾਰ ਅਤੇ ਕਲਮ । ਤਲਵਾਰ ਕਲਮ ਨੂੰ ਚੁੱਪ ਨਹੀA ਕਰਵਾ ਸਕੀ, ਕਲਮ ਤਲਵਾਰ ਨੂੰ ਚੁੱਪ ਕਰਵਾਉਦੀ ਆਈ ਹੈ । ਮੈਂ ਵੀ ਕਲਮਾਂ ਵਾਲਿਆਂ ਦੀ ਸ਼ਕਤੀ ਦਾ ਉਪਾਸ਼ਕ ਹੋਣ ਨਾਤੇ , ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਲ ਹੋਣ ਦੀ ਕਾਹਲ ਵਿੱਚ ਹਾਂ, ਜਿਸ ਕਾਫ਼ਲੇ ਨੇ ਮੇਰੇ ਵਰਗੇ ਰੁਕੇ ਪੈਰਾਂ ਨੂੰ ਮੁੜ ਤੋਂ ਅਗਾਂਹ ਵੱਲ ਨੂੰ ਤੋਰਨਾ ਹੈ । ਉਂਝ ਖੁਰਕ ਮੇਰੀ ਪਿੱਠ ਤੇ ਹੁੰਦੀ ਹੈ , ਇਸ ਲਈ ਮੈਨੂੰ ਆਪ ਨੂੰ ਹੀ ਆਪਣੀ ਪਿੱਠ ਚੰਗੀ ਤਰਾਂ ਖੁਰਕਣੀ ਪੈਣੀ ਹੈ । ਸ਼ਾਇਰ ਜਸਵਿੰਦਰ ਦਾ ਇਹ ਸ਼ੇਅਰ ਵੀ ਤੁਰਦੇ ਪੈਰਾਂ ਦਾ ਹਮਸਫ਼ਰ ਬਣੇਗਾ ।

ਦੂਰ ਦੇ ਰਾਹੀਆਂ ਨੂੰ ਭੀ ਭੁੱਖਾਂ ਤੇ ਕੀ ਨੀਂਦਰਾਂ,
ਚੱਲ ਬਈ ਮਰਦਾਨਿਆਂ ਹੁਣ ਚਲੀਏ ਅਗਲੇ ਗਿਰਾਂ ।

No comments: