'ਦਾਮਿਨੀ' ਦੀ ਮੌਤ 'ਤੇ ਆਇਆ ਹੰਝੂਆਂ ਦਾ ਹੜ੍ਹ
ਮੁੰਬਈ (PTI) ਦਿੱਲੀ ਬੱਸ ਬਲਾਤਕਾਰ ਕਾਂਡ ਦੀ ਸ਼ਿਕਾਰ 23 ਸਾਲਾ ਵਿਦਿਆਰਥਣ ਦੀ
ਮੌਤ ਪਿੱਛੋਂ ਪੂਰੇ ਦੇਸ਼ ਵਿਚ ਹੰਝੂਆਂ ਦਾ ਹੜ੍ਹ ਵਹਿ ਤੁਰਿਆ ਹੈ। ਹਰ ਦੇਸ਼ ਵਾਸੀ ਦਾ
ਹਿਰਦਾ ਇਸ ਘਟਨਾ ਨਾਲ ਝੰਜੋੜਿਆ ਗਿਆ ਹੈ ਅਤੇ ਹਰ ਕੋਈ ਆਪਣੇ ਆਪ ਤੋਂ ਇਹ ਸਵਾਲ ਪੁੱਛਣ
ਲਈ ਮਜ਼ਬੂਰ ਹੈ ਕਿ ਆਖਿਰ ਇਹ ਸਭ ਕਿਉਂ ਹੋਇਆ ਅਤੇ ਇਹ ਕਦੋਂ ਬੰਦ ਹੋਵੇਗਾ। ਵਿਦਿਆਰਥੀ,
ਉਦਯੋਗਪਤੀ, ਸਿਆਸੀ ਨੇਤਾ, ਸੱਤਾਧਾਰੀ, ਧਾਰਮਿਕ ਨੇਤਾ, ਕਾਰੋਬਾਰੀ, ਕਿਸਾਨ, ਮਜ਼ਦੂਰ,
ਫਿਲਮ ਨਗਰੀ ਦੀਆਂ ਹਸਤੀਆਂ, ਔਰਤਾਂ, ਬੱਚੇ, ਬੁੱਢੇ ਸਭ ਲੋਕ ਇਸ ਘਟਨਾ ਕਾਰਨ ਗਮਗੀਨ ਹਨ।
ਲੋਕਾਂ ਦੀਆਂ ਇਸ ਕਾਂਡ ਬਾਰੇ ਦਰਦਨਾਕ ਭਾਵਨਾਵਾਂ ਨੂੰ ਫਿਲਮ ਨਗਰੀ ਦੀ ਉੱਚ ਹਸਤੀ
ਸ਼੍ਰੀਮਤੀ ਜਯਾ ਬੱਚਨ ਅਤੇ ਹੇਮਾ ਮਾਲਿਨੀ ਨੇ ਆਪਣੇ ਸ਼ਬਦਾਂ ਵਿਚ ਪ੍ਰਗਟ ਕੀਤਾ। ਉਨ੍ਹਾਂ
ਕਿਹਾ ਕਿ ਇਸ ਘਿਨਾਉਣੇ ਕਾਂਡ ਲਈ ਅਸੀਂ ਸਭ ਦੋਸ਼ੀ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜੋ ਕੁਝ
ਵੀ ਕੀਤਾ ਬਹੁਤ ਦੇਰ ਬਾਅਦ ਕੀਤਾ ਅਤੇ ਹੁਣ ਅਜਿਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਭਵਿੱਖ
ਵਿਚ ਅਜਿਹਾ ਕਾਂਡ ਦੋਹਰਾਇਆ ਨਾ ਜਾਵੇ।ਦੇਸ਼ ਦੇ ਹਰ ਖੇਤਰ ਵਿਚੋਂ ਅਜਿਹੀਆਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਆਖਰ ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਕਦੋਂ ਯਕੀਨੀ ਬਣਾਈ ਜਾਵੇਗੀ। ਦੇਸ਼ ਦੇ ਹਰ ਕੋਣੇ ਵਿਚ ਉਸ ਵਿਛੜੀ ਆਤਮਾ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਦਰਿੰਦੇ ਦੋਸ਼ੀਆਂ ਨੂੰ ਛੇਤੀ ਅਤੇ ਸਖਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਉਮੀਦ ਹੈ ਇਹ ਬਲਦੀਆਂ ਮੋਮਬੱਤੀਆਂ ਔਰਤਾਂ ਦੀ ਸੁਰੱਖਿਆ ਦੇ ਖੇਤਰ ਵਿਚ ਪਸਰਿਆ ਹਨ੍ਹੇਰਾ ਦੂਰ ਕਰ ਦੇਣਗੀਆਂ।




No comments:
Post a Comment