ਜਲੰਧਰ (PTI)- ਸਮੂਹਕ ਬਲਾਤਕਾਰ ਨੇ ਉਸ ਦੇ ਸਰੀਰ ਨੂੰ ਜ਼ਖਮੀ ਕੀਤਾ ਸੀ, ਪਰ ਉਸ ਵੇਲੇ ਵੀ ਉਸ ਦੀ ਹਿੰਮਤ, ਉਸ ਦੀ ਦਲੇਰੀ ਅਤੇ ਉਸ ਦੀ ਆਤਮਾ ਨੇ ਉਨ੍ਹਾਂ ਦਰਿੰਦਿਆਂ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਵਿਰੋਧ ਨਾਲ ਉਸ ਨੇ ਦਰਸਾਇਆ ਸੀ ਕਿ ਸ਼ਾਇਦ 5-6 ਨਸ਼ੇ ਵਿਚ ਚੂਰ ਬਾਹੂ-ਬਲੀ ਉਸ ਦੇ ਸਰੀਰ ਨੂੰ ਵਲੂੰਧਰ ਸਕਦੇ ਹਨ, ਪਰ ਉਸ ਦੀ ਆਤਮਾ ਜਾਂ ਅਣਖ ਨੂੰ ਝੁਕਾ ਨਹੀਂ ਸਕਦੇ। ਇਹ ਬਹਾਦਰ ਕੁੜੀ ਭਾਵੇਂ ਅੱਜ ਇਸ ਸੰਸਾਰ ਵਿਚ ਨਹੀਂ ਰਹੀ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਦੀ ਨੀਂਦ ਸੌਂ ਗਈ ਹੈ, ਪਰ ਜਾਂਦੀ-ਜਾਂਦੀ ਉਹ ਦੇਸ਼ ਨੂੰ ਝੰਜੋੜ ਕੇ ਪੂਰੀ ਤਰ੍ਹਾਂ ਜਗਾ ਗਈ ਹੈ। ਅੱਜ ਸਾਰਾ ਦੇਸ਼ ਜੇ ਉਸ ਨੂੰ ਯਾਦ ਕਰ ਕੇ ਹੰਝੂ ਵਹਾ ਰਿਹਾ ਹੈ, ਤਾਂ ਇਸ ਨਾਲ ਸਭ ਨੂੰ ਉਸ ਪੀੜ ਦਾ ਅਹਿਸਾਸ ਜ਼ਰੂਰ ਹੋ ਰਿਹਾ ਹੈ, ਜਿਹੜੀ ਉਸ ਨੇ ਚੱਲਦੀ ਬੱਸ ਵਿਚ ਹੰਢਾਈ ਸੀ।
ਉਹ ਇਕ ਭਿਆਨਕ ਦ੍ਰਿਸ਼ ਸੀ, ਜਿੱਥੇ ਰਾਤ ਦੇ ਹਨੇਰੇ ਵਿਚ ਚੱਲਦੀ ਬੱਸ ਦੌਰਾਨ ਨਸ਼ੇ ਵਿਚ ਚੂਰ ਕੁਝ ਲੋਕ ਉਸ ਦੀ ਅਸਮਤ ਨੂੰ ਤਾਰ-ਤਾਰ ਕਰ ਰਹੇ ਸਨ। ਇਹ ਭਿਆਨਕ ਦ੍ਰਿਸ਼ ਭਾਵੇਂ ਉਸ ਇਕੱਲੀ ਵਿਦਿਆਰਥਣ ਨੇ ਦੇਖਿਆ ਸੀ, ਪਰ ਅੱਜ ਸਾਰੇ ਦੇਸ਼ ਦੀਆਂ ਅੱਖਾਂ ਸਾਹਵੇਂ ਉਹ ਦ੍ਰਿਸ਼ ਵਾਰ-ਵਾਰ ਘੁੰਮ ਰਿਹਾ ਹੈ। ਦੇਸ਼ ਦੀ ਨਾਰੀ ਸ਼ਕਤੀ ਦੀ ਸੋਚ, ਇੱਛਾ ਅਤੇ ਕਾਰਗੁਜ਼ਾਰੀ ਨੂੰ ਇਕ ਨਵੀਂ ਦਿਸ਼ਾ, ਇਕ ਨਵਾਂ ਮੋੜ ਦੇ ਗਈ ਉਹ ਬਹਾਦਰ ਕੁੜੀ ਇਕ ਅਜਿਹਾ ਅਧਿਆਏ ਲਿਖ ਗਈ ਹੈ, ਜਿਸ ਨੂੰ ਦੇਸ਼ ਅਤੇ ਵਿਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਕਰਨਗੀਆਂ। ਉਤਰਾਖੰਡ ਵਰਗੀ ਦੇਵਭੂਮੀ 'ਤੇ ਜਨਮ ਲੈਣ ਵਾਲੀ ਇਸ ਕੁੜੀ ਨੇ ਆਖਰੀ ਸਾਹ ਭਾਵੇਂ ਸਿੰਗਾਪੁਰ ਦੀ ਧਰਤੀ 'ਤੇ ਤਿਆਗੇ, ਪਰ ਉਸ ਦੀ ਹੋਣੀ ਨੂੰ ਸੰਸਾਰ ਦੇ ਹਰ ਕੋਨੇ ਵਿਚ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਅਤੇ ਹਰ ਅੱਖ ਨੇ ਉਸ ਲਈ ਹੰਝੂ ਵਹਾਏ।
ਇਨਸਾਨੀ ਵਹਿਸ਼ਤ ਦਾ ਸ਼ਿਕਾਰ ਹੋਈ ਇਸ ਲੜਕੀ ਦਾ ਕਾਂਡ ਸਭ ਤੋਂ ਵਧ ਕੇ ਇਨਸਾਨਾਂ ਅਤੇ ਖਾਸ ਕਰ ਕੇ ਮਨੁੱਖਾਂ ਲਈ ਸ਼ਰਮ ਦੀ ਗੱਲ ਹੈ। ਕੀ ਦੇਵਤਿਆਂ ਦੀ ਇਸ ਧਰਤੀ 'ਤੇ ਕਿਸੇ ਮਾਂ ਦੀ ਜਾਈ ਨੂੰ ਬੇਖੌਫ, ਬੇਡਰ ਅਤੇ ਆਪਣੀ ਇੱਛਾ ਅਨੁਸਾਰ ਵਿਚਰਨ ਦਾ ਕੋਈ ਹੱਕ ਨਹੀਂ? ਕੀ ਔਰਤ ਦੀ ਅਜ਼ਾਦੀ ਕੁਝ ਵਹਿਸ਼ੀ ਦਰਿੰਦਿਆਂ ਦੀ ਮੁਥਾਜ ਜਾਂ ਉਨ੍ਹਾਂ ਦੇ ਰਹਿਮੋ-ਕਰਮ 'ਤੇ ਨਿਰਭਰ ਹੋਣੀ ਚਾਹੀਦੀ ਹੈ? ਔਰਤ ਨੂੰ ਦੇਵੀ ਦਾ ਦਰਜਾ ਦੇਣ ਵਾਲੇ ਇਸ ਦੇਸ਼ ਵਿਚ ਇਸ ਤਰ੍ਹਾਂ ਦੇ ਘਿਨੌਣੇ ਅਤੇ ਅਣਮਨੁੱਖੀ ਕਾਂਡ ਕਦੋਂ ਤੱਕ ਹੁੰਦੇ ਰਹਿਣਗੇ। ਕੀ ਇਸ ਸਮੂਹਰ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਜਾਂ ਇਸ ਤੋਂ ਵੱਡੀ ਕੋਈ ਸਜ਼ਾ ਦੇਣ ਨਾਲ ਉਸ ਪੀੜਤ ਲੜਕੀ ਦੀ ਆਤਮਾ ਨੂੰ ਕੋਈ ਇਨਸਾਫ ਜਾਂ ਸ਼ਾਂਤੀ ਮਿਲ ਸਕੇਗੀ? ਦੇਸ਼ ਦੀਆਂ ਬਾਕੀ ਔਰਤਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਹੋਵੇਗਾ? ਇਹੀ ਕੁਝ ਸਵਾਲ ਹਨ ਜਿਹੜੇ ਉਹ ਲੜਕੀ ਮਰਨ ਪਿੱਛੋਂ ਭਾਰਤ ਦੇ ਸਾਹਮਣੇ ਕਰ ਗਈ ਹੈ ਅਤੇ ਜਿਨ੍ਹਾਂ ਦਾ ਦੇਰ-ਸਵੇਰ ਜਵਾਬ ਦੇਣਾ ਹੀ ਪਵੇਗਾ।