ਮਹਿਲਾ ਵਰਗ ਵਿੱਚ ਭਾਰਤ ਤੇ ਕੈਨੇਡਾ ਅਤੇ ਇੰਗਲੈਂਡ ਤੇ ਮਲੇਸ਼ੀਆ ਵਿਚਾਲੇ ਹੋਵੇਗਾ ਮੈਚ
ਸੈਮੀ ਫਾਈਨਲ ਵਿੱਚ ਦਾਖਲੇ ਲਈ ਜ਼ੋਰ ਲਾਉਣਗੇ ਕੈਨੇਡਾ ਤੇ ਨਾਰਵੇ ਦੇ ਗੱਭਰੂ
ਫਾਜ਼ਿਲਕਾ- ਫਾਜ਼ਿਲਕਾ 9 ਦਸੰਬਰ ਨੂੰ ਉਸ ਵੇਲੇ ਕਬੱਡੀ ਵਿਸ਼ਵ ਕੱਪ ਦੀ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਵੇਗਾ ਜਦੋਂ ਇਥੋਂ ਦੇ ਐਮ.ਆਰ.ਸਰਕਾਰੀ ਕਾਲਜ ਸਟੇਡੀਅਮ ਵਿਖੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਤਿੰਨ ਮੈਚ ਖੇਡੇ ਜਾਣਗੇ। ਨਵੇਂ ਬਣੇ ਜ਼ਿਲੇ ਫਾਜ਼ਿਲਕਾ ਦੇ ਲੋਕਾਂ ਨੂੰ ਤੋਹਫਾ ਦਿੰਦਿਆਂ ਇਸ ਸ਼ਹਿਰ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾ ਵਿੱਚ ਸ਼ਾਮਲ ਕੀਤਾ ਗਿਆ। ਫਾਜ਼ਿਲਕਾ ਵਿਖੇ ਮੈਚ ਵੀ ਕਾਂਟੇ ਦੀ ਟੱਕਰ ਦੇ ਹੋਣਗੇ। ਪੁਰਸ਼ ਵਰਗ ਵਿੱਚ ਜਿੱਥੇ ਪੂਲ 'ਬੀ' ਦੇ ਮੈਚ ਵਿੱਚ ਕੈਨੇਡਾ ਤੇ ਨਾਰਵੇ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਜ਼ੋਰ ਲਾਉਣਗੀਆਂ ਉਥੇ ਮਹਿਲਾ ਵਰਗ ਵਿੱਚ ਇੰਗਲੈਂਡ ਤੇ ਮਲੇਸ਼ੀਆ ਅਤੇ ਭਾਰਤ ਤੇ ਕੈਨੇਡਾ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ।
ਫਾਜ਼ਿਲਕਾ ਵਿਖੇ ਦਿਨ ਦੇ ਪਹਿਲੇ ਮੈਚ ਵਿੱਚ ਕੈਨੇਡਾ ਤੇ ਨਾਰਵੇ ਵਿਚਾਲੇ ਜਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਦੋਵੇਂ ਟੀਮਾਂ ਨੇ ਹੁਣ ਤੱਕ ਖੇਡੇ ਆਪਣੇ ਇਕੋ-ਇਕ ਮੈਚ ਵਿੱਚ ਦੋਵਾਂ ਨੇ ਹੀ ਨਿਊਜ਼ੀਲੈਂਡ ਨੂੰ ਹਰਾਇਆ ਸੀ ਅਤੇ ਭਲਕੇ ਦੇ ਮੈਚ ਦੀ ਜੇਤੂ ਟੀਮ ਸੈਮੀ ਫਾਈਨਲ ਲਈ ਸਿੱਧੀ ਕੁਆਲੀਫਾਈ ਹੋਵੇਗੀ। ਕਪਤਾਨ ਹਰਦੀਪ ਤਾਊ ਦੀ ਜਾਫ ਲਾਈਨ ਅਤੇ ਪਹਿਲੇ ਵਿਸ਼ਵ ਕੱਪ ਦੇ ਸਰਵੋਤਮ ਰੇਡਰ ਕੁਲਜੀਤ ਮਲਸੀਆ ਦੀ ਮੌਜੂਦਗੀ ਕੈਨੇਡਾ ਲਈ ਵੱਡੀ ਤਾਕਤ ਹੈ। ਨਾਰਵੇ ਦੀ ਟੀਮ ਵੀ ਪਹਿਲੇ ਮੈਚ ਵਿੱਚ ਵੱਡੀ ਜਿੱਤ ਨਾਲ ਦਾਅਵੇਦਾਰ ਬਣੀ ਹੋਈ ਹੈ। ਮਹਿਲਾ ਵਰਗ ਵਿੱਚ ਪੂਲ 'ਏ' ਵਿੱਚ ਕੈਨੇਡਾ ਵਿਰੁੱਧ ਖੇਡਣ ਵਾਲੀ ਭਾਰਤੀ ਟੀਮ ਹੀ ਜਿੱਤ ਦੀ ਵੱਡੀ ਦਾਅਵੇਦਾਰ ਹੈ। ਪਿਛਲੇ ਵਾਰ ਦੀ ਚੈਂਪੀਅਨ ਟੀਮ ਭਾਰਤ ਨੇ ਡੈਨਮਾਰਕ ਨੂੰ ਵੱਡੀ ਹਾਰ ਦਿੱਤੀ ਸੀ ਜਦੋਂ ਕਿ ਡੈਨਮਾਰਕ ਨੇ ਕੈਨੇਡਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਟੀਮ ਹੀ ਜਿੱਤ ਦੀ ਵੱਡੀ ਦਾਅਵੇਦਾਰ ਹੈ। ਮਹਿਲਾ ਵਰਗ ਦੇ ਪੂਲ 'ਬੀ' ਦੇ ਇਕ ਹੋਰ ਮੈਚ ਵਿੱਚ ਪਿਛਲੇ ਵਾਰ ਦੀ ਉਪ ਜੇਤੂ ਇੰਗਲੈਂਡ ਅਤੇ ਪਹਿਲੇ ਹੀ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੀ ਮਲੇਸ਼ੀਆ ਦੀ ਟੱਕਰ ਹੋਵੇਗੀ। ਇਹ ਮੈਚ ਬੇਹੱਦ ਫਸਵਾਂ ਰਹਿਣ ਦੇ ਆਸਾਰ ਹਨ।