ਕੋਲਕਾਤਾ(PTI)- ਬੇਮਿਸਾਲ ਕਹੇ ਜਾਣ ਵਾਲੇ ਬੱਲੇਬਾਜ਼ਾਂ ਦੇ ਠੁੱਸ ਸਾਬਤ ਹੋਣ ਤੋਂ ਬਾਅਦ 8ਵੇਂ ਨੰਬਰ ਦੇ ਬੱਲੇਬਾਜ਼ ਰਵੀਚੰਦਰਨ ਅਸ਼ਵਿਨ ਨੇ ਅਜੇਤੂ 83 ਦੌੜਾਂ ਦੀ ਪਾਰੀ ਖੇਡ ਕੇ ਇੱਥੇ ਭਾਰਤ ਨੂੰ ਨਾ ਸਿਰਫ ਪਾਰੀ ਦੀ ਹਾਰ ਤੋਂ ਬਚਾਇਆ, ਸਗੋਂ ਇੰਗਲੈਂਡ ਦਾ ਤੀਜਾ ਟੈਸਟ ਮੈਚ ਜਿੱਤਣ ਦਾ ਇੰਤਜ਼ਾਰ 5ਵੇਂ ਦਿਨ ਤੱਕ ਵਧਾ ਦਿੱਤਾ। ਭਾਰਤ ਨੇ ਚੌਥੇ ਦਿਨ 14 ਦੌੜਾਂ ਅੰਦਰ ਇੰਗਲੈਂਡ ਦੇ ਬਾਕੀ ਚਾਰ ਬੱਲੇਬਾਜ਼ਾਂ ਨੂੰ ਆਊਟ ਕਰਕੇ ਉਸ ਨੂੰ 523 ਦੌੜਾਂ ਬਣਾਉਣ ਦਿੱਤੀਆਂ। ਇਸ ਤਰ੍ਹਾਂ ਪਹਿਲੀ ਪਾਰੀ 'ਚ ਉਸ ਨੇ 207 ਦੌੜਾਂ ਦੀ ਲੀਡ ਹਾਸਲ ਕਰ ਲਈ। ਪਹਿਲੀ ਪਾਰੀ 'ਚ 316 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 9 ਵਿਕਟਾਂ 'ਤੇ 239 ਦੌੜਾਂ ਬਣਾਈਆਂ ਹਨ ਅਤੇ ਉਸ ਨੂੰ 32 ਦੌੜਾਂ ਦੀ ਲੀਡ ਮਿਲ ਗਈ ਹੈ।
ਇਕ ਸਮੇਂ ਲੱਗ ਰਿਹਾ ਸੀ ਕਿ ਇੰਗਲੈਂਡ ਚੌਥੇ ਦਿਨ ਹੀ ਜਿੱਤ ਦਰਜ ਕਰਕੇ 4 ਮੈਚਾਂ ਦੀ ਲੜੀ 'ਚ 2-1 ਨਾਲ ਲੀਡ ਹਾਸਲ ਕਰ ਲਵੇਗਾ ਪਰ ਅਸ਼ਵਿਨ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਅਸ਼ਵਿਨ ਜਦੋਂ ਕ੍ਰੀਜ਼ 'ਤੇ ਆਇਆ ਉਸ ਸਮੇਂ ਭਾਰਤ ਦਾ ਸਕੋਰ 6 ਵਿਕਟਾਂ 'ਤੇ 122 ਦੌੜਾਂ ਸੀ। ਅਸ਼ਵਿਨ ਹੁਣ ਤੱਕ 151 ਗੇਂਦਾਂ ਖੇਡ ਚੁੱਕਿਆ ਹੈ ਅਤੇ ਆਪਣੀ 83 ਦੌੜਾਂ ਦੀ ਅਜੇਤੂ ਪਾਰੀ ਦੌਰਾਨ 13 ਚੌਕੇ ਲਗਾਏ। ਅਸ਼ਵਿਨ ਨੇ ਇਸ਼ਾਂਤ ਸ਼ਰਮਾ (10) ਨਾਲ 9ਵੀਂ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਪ੍ਰਗਿਆਨ ਓਝਾ (ਅਜੇਤੂ 3) ਨਾਲ 10ਵੀਂ ਵਿਕਟ ਲਈ 42 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ।
ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਸਹਿਵਾਗ ਅਰਧ ਸੈਂਕੜੇ ਤੋਂ 1 ਦੌੜ ਨਾਲ ਖੁੰਝ ਗਿਆ ਅਤੇ 49 ਦੌੜਾਂ 'ਤੇ ਗਰੀਮ ਸਵਾਨ ਦੀ ਗੇਂਦ 'ਤੇ ਬੋਲਡ ਹੋ ਗਿਆ। ਸਹਿਵਾਗ ਅਤੇ ਗੰਭੀਰ ਨੇ ਪਹਿਲੀ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਚੇਤੇਸ਼ਵਰ ਪੁਜਾਰਾ 8 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਗੌਤਮ ਗੰਭੀਰ ਨੂੰ 40 ਦੌੜਾਂ ਦੇ ਨਿੱਜੀ ਸਕੋਰ 'ਤੇ ਸਟੀਵਨ ਫਿਨ ਨੇ ਵਿਕਟਕੀਪਰ ਮੈਟ ਪ੍ਰਾਇਰ ਹੱਥੋਂ ਕੈਚ ਕਰਵਾਇਆ। ਸਚਿਨ ਤੇਂਦੁਲਕਰ 5 ਦੌੜਾਂ ਬਣਾ ਕੇ ਸਵਾਨ ਦੀ ਗੇਂਦ 'ਤੇ ਸਲਿਪ 'ਤੇ ਕੈਚ ਆਊਟ ਹੋਇਆ। ਯੁਵਰਾਜ ਸਿੰਘ ਨੂੰ 11 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਮਸ ਐਂਡਰਸਨ ਨੇ ਬੋਲਡ ਕੀਤਾ। ਕਪਤਾਨ ਮਹਿੰਦਰ ਸਿੰਘ ਧੋਨੀ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਿਸ ਨੂੰ ਐਂਡਰਸਨ ਨੇ ਕੁੱਕ ਦੇ ਹੱਥੋਂ ਕੈਚ ਕਰਵਾਇਆ। ਵਿਰਾਟ ਕੋਹਲੀ 20 ਦੌੜਾਂ ਬਣਾ ਕੇ ਸਟੀਵਨ ਫਿਨ ਦੀ ਗੇਂਦ 'ਤੇ ਵਿਕਟਕੀਪਰ ਹੱਥੋਂ ਕੈਚ ਆਊਟ ਹੋਇਆ। ਇੰਗਲੈਂਡ ਵਲੋਂ ਸਟੀਵਨ ਫਿਨ ਨੇ ਤਿੰਨ, ਐਂਡਰਸਨ ਅਤੇ ਸਵਾਨ ਨੇ ਦੋ-ਦੋ ਅਤੇ ਮੋਂਟੀ ਪਨੇਸਰ ਨੇ ਇਕ ਵਿਕਟ ਹਾਸਲ ਕੀਤੀ।