jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 25 September 2012

ਦਿੱਲੀ ਵਿਚ ਵੱਧ ਰਹੀ ਸਿਆਸੀ ਤਪਸ਼ ਅਤੇ ਸਰਗਰਮੀ ਯੂ.ਪੀ.ਏ ਸਰਕਾਰ ਦੇ ਛੇਤੀ ਖਾਤਮੇ ਦਾ ਸੰਕੇਤ: ਸੁਖਬੀਰ ਸਿੰਘ ਬਾਦਲ

www.sabblok.blogspot.com

 

  • ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਕੀਤਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ। 
  • ਅਗਲੀ ਸਰਕਾਰ ਐਨ.ਡੀ.ਏ ਦੀ ਬਣੇਗੀ। 
  • ਲੋਕ ਕਾਂਗਰਸ ਨੂੰ ਕੌਮੀ ਸਿਆਸੀ ਮੰਚ ਤੋਂ ਲਾਂਭੇ ਕਰਨ ਲਈ ਦ੍ਰਿੜ ਸੰਕਲਪ।  
  • ਅਗਲੀਆਂ ਲੋਕ ਸਭਾ ਚੋਣਾਂ ਵਿਚ ਤੀਸਰੇ ਮੁਹਾਜ਼ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। 
  • ਪੰਜਾਬ ਨੂੰ ਸੋਕਾ ਰਾਹਤ ਤੋਂ ਕੋਰੀ ਨਾਂਹ ਯੂ.ਪੀ.ਏ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦੀ ਤਾਜ਼ਾ ਮਿਸਾਲ। 

ਮਾਨਸਾ, 25 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵਿਚ ਵੱਧ ਰਹੀ ਸਿਆਸੀ ਭਗਦੜ ਇਸ ਸਰਕਾਰ ਦੇ ਛੇਤੀ ਖਾਤਮੇ ਦਾ ਸੰਕੇਤ ਹੈ।
ਅੱਜ ਇਥੇ ਬੁਢਲਾਡਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ ਅਤੇ ਉਨ੍ਹਾਂ ਦੇ ਹਜ਼ਾਰਾਂ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਸਪਸ਼ਟ ਹੋ ਗਿਆ ਹੈ ਕਿ ਉਸ ਦੇ ਸੱਤਾ ਵਿਚ ਦਿਨ ਗਿਣਤੀ ਦੇ ਰਹਿ ਗਏ ਹਨ ਅਤੇ ਲੋਕਾਂ ਨੇ ਉਸ ਨੂੰ ਚਲਦਾ ਕਰਨ ਦਾ ਦ੍ਰਿੜ ਸੰਕਲਪ ਕਰ ਲਿਆ ਹੈ। ਉਨ੍ਹਾਂ ਮਜਾਕੀਆ ਲਹਿਜੇ ਵਿਚ ਕਿਹਾ ਕਿ ਕਾਂਗਰਸ ਦਾ ਵਤੀਰਾ ਉਸ ਦੀਵੇ ਵਾਂਗ ਹੈ ਜੋ ਬੁਝਣ ਤੋਂ ਪਹਿਲਾਂ ਤੇਜ਼ੀ ਨਾਲ ਬਲਣਾ ਸ਼ੁਰੂ ਕਰ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਘੱਟ ਗਿਣਤੀ ਯੂ.ਪੀ.ਏ ਸਰਕਾਰ ਨੂੰ ਕੋਈ ਵੀ ਵੱਡਾ ਨੀਤੀ ਫੈਸਲਾ ਕਰਨ ਦਾ ਹੱਕ ਨਹੀਂ ਹੈ ਅਤੇ ਉਹ ਦੇਸ਼ ਦੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਅਧਿਕਾਰ ਨੂੰ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿਚ ਸਿਖਰਾਂ 'ਤੇ ਪਹੁੰਚ ਚੁੱਕੀਆਂ ਸਿਆਸੀ ਸਰਗਰਮੀਆਂ, ਵੱਧ ਰਹੀ ਬੁਖਲਾਹਟ, ਲੋਕ ਸਭਾ ਵਿਚ ਘੱਟ ਰਹੀ ਗਿਣਤੀ ਅਤੇ ਅਖਾਉਤੀ ਭਾਈਵਾਲ ਪਾਰਟੀਆਂ ਅੰਦਰ ਲੋਕਾਂ ਵਿਚ ਕਾਂਗਰਸ ਨਾਲ ਜੁੜਣ ਕਾਰਨ ਲੋਕ ਵਿਰੋਧੀ ਪਾਰਟੀਆਂ ਦਾ ਲੇਬਲ ਲੱਗਣ ਦਾ ਪਾਇਆ ਜਾ ਰਿਹਾ ਡਰ ਸਾਂਝੇ ਤੌਰ 'ਤੇ ਇਸ ਗਲ ਦੇ ਪ੍ਰਤੀਕ ਹਨ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦਾ ਛੇਤੀ ਹੀ ਭੋਗ ਪੈਣ ਵਾਲਾ ਹੈ।

ਪੰਜਾਬ ਦੇ ਕਿਸਾਨਾਂ ਲਈ ਰਾਜ ਸਰਕਾਰ ਦੇ 5112 ਕਰੋੜ ਰੁਪਏ ਦੀ ਸੋਕਾ ਰਾਹਤ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਮੌਸਮ ਵਿਭਾਗ ਵਲੋਂ ਮਾਨਸੂਨ ਦੇ ਜਾਰੀ ਕੀਤੇ ਗਏ ਅੰਤਮ ਅੰਕੜਿਆਂ ਮੁਤਾਬਿਕ ਪਹਿਲਾਂ ਸੌਕੇ ਅਤੇ ਫਿਰ ਦੇਰੀ ਨਾਲ ਮੀਂਹ ਕਾਰਨ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਪੰਜਾਬ ਵਿਚ ਦੇਸ਼ ਅੰਦਰ ਸਭ ਤੋਂ ਵੱਧ 42 ਫੀਸਦੀ ਬਾਰਸ਼ ਦੀ ਘਾਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਾਜ ਨੂੰ ਸਭ ਤੋਂ ਬੁਰੀ ਤਰ੍ਹਾਂ ਅਣਗੌਲਿਆਂ ਕੀਤਾ ਜਾਣਾ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਪੰਜਾਬ ਨਾਲ ਧੱਕੇ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਇਸ ਮੁਦੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੁਜ਼ਰਮਾਨਾ ਚੁੱਪ ਨੂੰ ਵੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਰਾਜ ਦੀ 80 ਫੀਸਦੀ ਜਨਤਾ ਨੂੰ ਪ੍ਰਭਾਵਿਤ ਕਰਦੇ ਇਸ ਭਾਰੀ ਅਨਿਆ 'ਤੇ ਉਹ ਕਿਉਂ ਚੁੱਪ ਧਾਰਕੇ ਬੈਠੇ ਹਨ।

ਇਕ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ ਦਾ ਮਾਮਲਾ ਬਹੁਤ ਪੇਚੀਦਾ ਅਤੇ ਅਹਿਮ ਹੈ ਕਿਉਂਕਿ ਇਸ ਵਿਚ ਲੱਖਾਂ ਦੀ ਗਿਣਤੀ ਵਿਚ ਸਬੰਧਤ ਧਿਰਾਂ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਕੋਈ ਅੰਤਮ ਫੈਸਲਾ ਲਏ ਜਾਣ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੂੰ ਸਭ ਸਬੰਧਤ ਧਿਰਾਂ ਨੂੰ ਭਰੋਸੇ ਵਿਚ ਲਿਆ ਜਾਣਾ ਚਾਹੀਦਾ ਸੀ।

ਇਸ ਤੋਂ ਪਹਿਲਾਂ ਸਥਾਨਕ ਦਾਣਾ ਮੰਡੀ ਵਿਖੇ ਲੋਕਾਂ ਦੇ ਬੇਹੱਦ ਭਰਵੇਂ ਇਕੱਠ ਵਿਚ ਸਾਬਕਾ ਕਾਂਗਰਸੀ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੂਹ ਲੋਕ ਆਧਾਰ ਵਾਲੇ ਆਗੂ ਕਾਂਗਰਸ ਦੇ ਡੁੱਬ ਰਹੇ ਜਹਾਜ ਨੂੰ ਛੱਡ ਕੇ ਲੋਕ ਪੱਖੀ ਅਤੇ ਗਰੀਬ ਪੱਖੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਇਮਾਨਦਾਰ ਅਤੇ ਵੱਡੇ ਲੋਕ ਆਧਾਰ ਵਾਲੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਸ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਪੰਜਾਬ ਦੇ ਸਾਰੇ 142 ਸ਼ਹਿਰਾਂ ਅਤੇ ਕਸਬਿਆਂ ਵਿਚ ਪੀਣ ਵਾਲੇ ਸਾਫ ਪਾਣੀ ਅਤੇ ਸੀਵਰੇਜ਼ ਦੀ 100 ਫੀਸਦੀ ਵਿਵਸਥਾ 'ਤੇ ਜ਼ੋਰ ਦਿੰਦਿਆਂ ਇੱਕ 8750 ਕਰੋੜ ਰੁਪਏ ਦੀ ਲਾਗਤ ਵਾਲਾ ਸ਼ਹਿਰੀ ਨਵੀਨੀਕਰਨ ਪ੍ਰਾਜੈਕਟ ਲਾਗੂ ਕਰਨਾ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਦੇ ਵੀ ਸਰਬ ਪੱਖੀ ਵਿਕਾਸ ਨੂੰ ਯਕੀਨੀ ਬਨਾਉਣ ਲਈ ਇੱਕ 10000 ਕਰੋੜ ਰੁਪਏ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਵਿਚ 100 ਕਰੋੜ ਰੁਪਏ ਦੀ ਕਰੀਬ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਪਿੰਡਾਂ ਅੰਦਰ ਕੰਕਰੀਟ ਸੜਕਾਂ ਅਤੇ ਸੀਵਰੇਜ਼ ਤੋਂ ਇਲਾਵਾ ਪਿੰਡਾਂ ਦੇ ਟੋਭਿਆਂ ਦੀ ਸੰਭਾਲ ਤੇ ਵਿਸੇਸ਼ ਧਿਆਨ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ਵਿਚ ਨਹਿਰੀ ਟੇਲਾਂ 'ਤੇ ਲੋੜੀਂਦਾ ਪਾਣੀ ਪਹੁੰਚਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀਆਂ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ 4 ਸਾਲ ਪੰਜਾਬ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ ਅਤੇ ਸਾਡਾ ਇਹ ਯਤਨ ਹੈ ਕਿ ਇਸ ਅਰਸੇ ਦੌਰਾਨ ਹਰ ਸ਼ਹਿਰ ਅਤੇ ਕਸਬੇ ਨੂੰ 4 ਅਤੇ 6 ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਦੇ ਲੋਕਾਂ ਲਈ ਵਿਸਾਖੀ 2013 ਮੌਕੇ ਇਕ ਵਿਸ਼ੇਸ ਤੋਹਫਾ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਸ਼ੁਰੂਆਤ ਦੇ ਰੂਪ ਵਿਚ ਮਿਲੇਗਾ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਅਗਲੇ ਇੱਕ ਸਾਲ ਵਿਚ ਪੰਜਾਬ ਦੇਸ਼ ਦਾ ਬਿਜਲੀ ਦੀ ਬਹੁਤਾਤ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਬਠਿੰਡਾ ਦੇ ਨੇੜੇ ਐਜੂਸਿਟੀ ਦੀ ਸਥਾਪਨਾ ਲਈ 300 ਏਕੜ ਦੇ ਕਰੀਬ ਜ਼ਮੀਨ ਦੀ ਸਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਉਪਰੰਤ ਇਸ ਇਲਾਕੇ ਨੂੰ ਸਿੱਖਿਆ ਦੇ ਖੇਤਰ ਵਿਚ ਨੰਬਰ.1 ਬਨਾਉਣ ਲਈ ਐਜੂਸਿਟੀ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਦੇਸ਼ ਦੇ ਨਾਮੀ ਸਿੱਖਿਆ ਅਦਾਰਿਆਂ ਨੂੰ ਆਪਣੇ ਕੈਂਪਸ ਬਨਾਉਣ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇੱਕ ਵੱਡਾ ਹਸਪਤਾਲ ਸਥਾਪਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਵਾਲੀ ਕੰਪਨੀ ਵੇਦਾਂਤਾ ਗਰੁਪ ਵਲੋਂ ਇਹ ਹਸਪਤਾਲ ਦਾ ਨੀਂਹ ਪੱਥਰ ਦਸੰਬਰ ਮਹੀਨੇ ਵਿਚ ਰੱਖਿਆ ਜਾਵੇਗਾ।

ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡਕੇ ਸਕੂਨ ਮਹਿਸੂਸ ਕਰ ਰਹੇ ਹਨ ਕਿਉਂਕਿ ਪਾਰਟੀ ਦੇ ਸੰਜੀਦਾ ਅਤੇ ਇਮਾਨਦਾਰ ਆਗੂਆਂ ਦੀ ਅਮਰਿੰਦਰ ਸਿੰਘ ਦੇ ਕਰੀਬੀਆਂ ਦੀ ਜੁੰਡਲੀ ਅੱਗੇ ਕੋਈ ਪੇਸ਼ ਨਹੀਂ ਜਾਂਦੀ ਸੀ। ਉਨ੍ਹਾਂ ਕਿਹਾ ਕਿ ਉਹ ਪੂਰਨ ਤਨਦੇਹੀ ਨਾਲ ਅਕਾਲੀ ਦਲ ਵਿਚ ਕੰਮ ਕਰਕੇ ਇਲਾਕੇ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਿੰਚਾਈ ਮੰਤਰੀ ਸ਼੍ਰੀ ਜਨਮੇਜਾ ਸਿੰਘ ਸੇਖੋਂ, ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਐਮ.ਪੀ., ਸ਼੍ਰੀ ਪ੍ਰੇਮ ਮਿੱਤਲ ਅਤੇ ਸ਼੍ਰੀ ਚਤਿੰਨ ਸਿੰਘ ਸਮਾਉਂ, ਦੋਵੇਂ ਵਿਧਾਇਕ, ਸ਼੍ਰੀ ਹਰਬੰਤ ਸਿੰਘ ਹਰਤਾ ਅਤੇ ਸ਼੍ਰੀ ਸੁਖਵਿੰਦਰ ਸਿੰਘ ਬੀਰੋਕੇ, ਦੋਵੇਂ ਸਾਬਕਾ ਵਿਧਾਇਕ, ਸ਼੍ਰੀ ਦੀਪਇੰਦਰ ਸਿੰਘ ਢਿਲੋਂ ਅਤੇ ਸ਼੍ਰੀ ਚਰਨਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਰੱਖੇ।

No comments: