www.sabblok.blogspot.com
ਪ੍ਰਗਤੀਵਾਦ ਕਦੇ ਸ਼ਾਨਦਾਰ ਸਾਹਿਤਕ ਲਹਿਰ ਸੀ। ਉਰਦੂ ਦੇ ਸ਼ਾਇਰਾਂ ਨੇ ਇਸ ਲਹਿਰ 'ਚ ਜਾਨ
ਭਰੀ। ਫ਼ੈਜ਼ ਅਹਿਮਦ ਫ਼ੈਜ਼, ਕੈਫ਼ੀ ਆਜ਼ਮੀ, ਸਰਦਾਰ ਜ਼ਾਫ਼ਰੀ, ਜਾਨ ਨਿਸਾਰ ਅਖਤਰ ਤੇ ਸਾਹਿਰ
ਲੁਧਿਆਣਵੀ ਇਹਦੀ ਰੂਹੇ-ਰੂਆਂ ਬਣੇ ਰਹੇ। ਉਨ੍ਹਾਂ ਕਰਕੇ ਮੁੰਬਈ ਦੀਆਂ ਫ਼ਿਲਮਾਂ ਦੀ ਮੁਹਾਣ
ਆਮ ਆਦਮੀ ਦੀਆਂ ਤਕਲੀਫ਼ਾਂ ਵਲ ਹੋਈ। ਇਸ ਲਹਿਰ ਦਾ ਅਸਰ ਪੰਜਾਬ 'ਚ ਦੇਖਿਆ ਗਿਆ। ਇਸ ਨੇ
ਰਚਨਾਤਮਿਕ ਮਾਹੌਲ ਸਿਰਜਿਆ।
ਸਮਾਂ ਆਇਆ ਪੰਜਾਬੀ 'ਚ ਇਹ ਲਹਿਰ ਮਿਡਲ ਕਲਾਸੀ ਬੰਦੇ
ਦੀਆਂ ਤੋਟਾਂ ਦੀ ਸ਼ਿਕਾਰ ਹੋ ਗਈ। ਤਰੱਕੀ ਪਸੰਦ ਤੋਂ ਸਥਾਪਨਾ ਪਸੰਦ ਬਣ ਗਈ। ਅਭਿਆਸੀ ਲੇਖਕ
ਪ੍ਰਗਤੀਵਾਦ ਨੂੰ ਬ੍ਰਾਂਡ ਸਮਝਣ ਲੱਗੇ। ਸ਼ਨਾਖ਼ਤੀ ਖਾਈਆਂ ਪੁਰ ਹੋਣ ਲੱਗੀਆਂ। ਬਿਨਾਂ
ਮਾਰਕਸ ਨੂੰ ਪੜ੍ਹਿਆਂ/ਗੁੜ੍ਹਿਆਂ ਸਿੱਧੜ ਨੁਸਖ਼ੇ ਸਾਹਿਤ ਸਿਰਜਨਾ 'ਤੇ ਵਰਤੇ ਜਾਣ ਲੱਗੇ।
ਸੱਜੀ ਕਮਿਊਨਿਸਟ ਪਾਰਟੀ ਦਾ ਕੇਂਦਰੀ ਲੇਖਕ ਸਭਾ 'ਤੇ ਕਬਜ਼ਾ ਹੋ ਗਿਆ।
ਕੁਝ ਇਕ
ਪ੍ਰੋਫੈਸਰ ਇਸ ਲਹਿਰ ਨਾਲ ਜੁੜੇ। ਉਹ ਪਾਰਟੀ ਦੇ ਸਾਹਿਤਕ ਕਾਡਰ ਦੇ ਨੇਤਾ ਬਣ ਗਏ। ਵੱਖਰੀ
ਸੋਚ ਤੇ ਨਵੀਂ ਲਿਖਣ ਸ਼ੈਲੀ ਵਾਲੇ ਨੂੰ ਭੰਡਨਾ ਉਨ੍ਹਾਂ ਦਾ ਕੰਮ ਹੋ ਗਿਆ। ਜੋ ਪ੍ਰਗਤੀਵਾਦੀ
ਨਹੀਂ ਉਹ ਅਸਤਿਤਵਵਾਦੀ ਹੈ। ਜਾਂ ਸੰਰਚਨਾਵਾਦੀ ਹੈ। ਜਾਂ ਪੋਸਟ ਮਾੱਡਰਨ ਹੈ। ਦੋਸ਼ ਲਗਾਣ
ਵਾਲਿਆਂ ਨੂੰ ਨਾ ਅਸਤਿਤਵਵਾਦ, ਨਾ ਸੰਰਚਨਾਵਾਦ ਤੇ ਨਾ ਪੋਸਟ ਮਾੱਡਰਨਿਜ਼ਮ ਦੀ ਸਮਝ ਸੀ, ਪਰ
ਕਾਰਵਾਈ ਪੈਂਦੀ ਰਹੀ। ਕਾਰਵਾਈ ਪਾਉਣ ਨੂੰ ਸਾਹਿਤਕਾਰੀ ਸਮਝਦੇ ਰਹੇ। ਮਾਹੌਲ ਨੂੰ ਤੱਤਾ
ਰੱਖਦੇ ਰਹੇ।
ਇਸ ਮੁਹਾਜ਼ ਨੇ ਨਵੀਆਂ ਪੁਸ਼ਤਾਂ ਨੂੰ ਸਾਹਿਤ ਦੀ ਭਾਸ਼ਾ 'ਚ ਅਨਪੜ੍ਹ
ਰੱਖਿਆ। ਸਾਹਿਤ ਚਿੰਤਨ ਦੀ ਤੋਰ ਰੁਕ ਗਈ। ਪ੍ਰੀਤਮ ਸਿੰਘ ਸਫ਼ੀਰ, ਦੇਵਿੰਦਰ ਸਤਿਆਰਥੀ,
ਬਾਵਾ ਬਲਵੰਤ, ਸ਼ਿਵ ਕੁਮਾਰ, ਮਹਿੰਦਰ ਸਿੰਘ ਸਰਨਾ ਜਿਹੇ ਜ਼ਹੀਨ ਸਾਹਿਤਕਾਰ ਮੁੱਖ ਧਾਰਾ ਤੋਂ
ਲਾਂਭੇ ਰਹੇ। ਹਰਿਭਜਨ ਸਿੰਘ ਨੂੰ 'ਸੁਹਜਵਾਦੀ' ਹੋਣ ਦਾ ਫ਼ਤਵਾ ਦੇਂਦੇ ਪ੍ਰਗਤੀਏ ਬੁੜੇ ਹੋ
ਗਏ; ਸ਼ਬਦ ਸੁਹਜ ਤੋਂ ਟੁੱਟੇ ਰਹੇ। ਸਪਾਟ ਵਾਕ-ਬਣਤਰ 'ਚ ਮੋਟੇ ਠੁੱਲ੍ਹੇ ਮੈਸੇਜ ਟੁੰਗਦੇ
ਰਹੇ।
ਹੋਰ ਮਿਸਾਲ ਕਹਾਣੀ ਖੇਤਰ 'ਚੋਂ ਲੈਂਦੇ ਹਾਂ। ਦੋ ਨਾਂ ਉਭਰ ਕੇ ਆਏ - ਪ੍ਰੇਮ
ਪ੍ਰਕਾਸ਼ ਤੇ ਵਰਿਆਮ ਸਿੰਘ ਸੰਧੂ। ਵਰਿਆਮ 'ਚ ਨਾ ਰਚਨਾਤਮਿਕ ਸੋਚ ਤੇ ਨਾ ਨਵੇਂ ਬਿਰਤਾਂਤਕ
ਨਜ਼ਰੀਏ ਦੀ ਚਿਣਗ ਸੀ। ਇਹਦਾ ਪਤਾ ਉਹਦੀ ਲਿਖਣ ਸ਼ੈਲੀ ਤੋਂ ਲੱਗ ਜਾਂਦਾ ਸੀ। ਪਰ ਉਹ
'ਨਕਸਲੀ' ਸੀ, ਪ੍ਰਗਤੀ ਦੇ ਤੁਰਲੇਧਾਰਾਂ ਦਾ ਜੋਟੀਦਾਰ ਸੀ। ਉਹਨੂੰ ਸਮਝ ਆਈ ਕਿ ਕਹਾਣੀ
ਨੂੰ ਲੰਮੇ ਕੈਨਵਸ 'ਤੇ ਫੈਲਾਇਆ ਜਾਵੇ ਤਾਂ ਪ੍ਰਭਾਵ ਕਾਟਵਾਂ ਪੈ ਸਕਦਾ ਹੈ। ਏਦਾਂ ਹੀ
ਕੀਤਾ। ਜ਼ਿਕਰਯੋਗ ਕਹਾਣੀਆਂ ਲਿਖੀਆਂ। ਤਾਰੀਫ਼ ਹੋਈ। ਕਹਾਣੀ ਲਿਖਣ ਦੀ ਉਹਦੀ ਵਿਧੀ ਪੁਰਾਣੀ
ਸੀ, ਘਟਨਾਕਾਰੀ ਵਾਲੀ। ਬਿਰਤਾਂਤ ਨੂੰ ਉਸਾਰਨ ਵਾਲੀ ਭਾਸ਼ਾ ਸੂਖਮ ਪਰਤਾਂ ਤੋਂ ਸੱਖਣੀ ਸੀ।
ਅਜਿਹੀ ਰਚਨਾਕਾਰੀ ਕਾਠ ਦੀ ਹਾਂਡੀ ਹੁੰਦੀ ਹੈ। ਵਰਿਆਮ ਦੀ ਇਸ ਹਾਂਡੀ ਬਾਰੇ ਕਿਸੇ ਨੇ
ਜ਼ਿਕਰ ਨਾ ਕੀਤਾ। ਪ੍ਰਗਤੀ ਸਥਾਪਨਾ ਨੇ ਉਹਨੂੰ ਸਿਰ 'ਤੇ ਚੱਕਿਆ ਹੋਇਆ ਸੀ। ਨੁਕਸਾਨ ਸਾਹਿਤ
ਚਿੰਤਨ ਦਾ ਹੋਇਆ। ਕਹਾਣੀਕਾਰ ਵਰਿਆਮ ਦਾ ਆਪਣਾ ਨੁਕਸਾਨ ਕਿਤੇ ਵੱਧ ਹੋਇਆ। ਪਿੰਡ ਤੋਂ
ਟੁੱਟ ਕੇ ਕਹਾਣੀ ਕਹਿਣ ਦੇ ਸਰੋਤ ਸੁੱਕ ਗਏ। ਅੱਜ ਉਹ ਕਹਾਣੀਕਾਰ ਵਜੋਂ ਆਪਣੀ
ਅਪ੍ਰਸੰਗਿਕਤਾ 'ਤੇ ਹੈਰਾਨ ਹੈ। ਕਦੇ ਟਰਾਂਟੋ ਅਤੇ ਕਦੇ ਜਾਲੰਧਰ ਵਿਚ ਫੰਕਸ਼ਨਾਂ 'ਚ
ਮੰਚਕਾਰੀ ਰਾਹੀਂ ਆਪਣੀ ਹਾਜ਼ਰੀ ਲਗਵਾਂਦਾ ਹੈ।
ਘਟਨਾਵਾਂ ਨੂੰ ਪ੍ਰਤਿਧੁਨੀਆਂ ਨਾਲ ਲੈਸ
ਕਰਨ ਦੀ ਸਿਰਜਨ ਭਾਸ਼ਾ ਜਿਸ ਕਹਾਣੀਕਾਰ 'ਚ ਨਹੀਂ ਹੁੰਦੀ ਉਹਦਾ ਹਸ਼ਰ ਇਹੀ ਹੁੰਦਾ। ਸਮੇਂ
ਦੀ ਗਤੀ ਅੱਗੇ ਗੁੱਟ ਨਿਕੰਮੇ ਹੋ ਜਾਂਦੇ ਹਨ।
ਵਰਿਆਮ ਦੇ ਮੁਕਾਬਲੇ ਪ੍ਰੇਮ ਪ੍ਰਕਾਸ਼
ਨੇ ਮਨੁੱਖੀ ਮਨ ਦੀਆਂ ਗ੍ਰੰਥੀਆਂ ਤੇ ਕਾਮੁਕ ਤੈਹਾਂ ਦੁਆਲੇ ਬਿਰਤਾਂਤ ਸਿਰਜਿਆ ਜੋ ਨਵੀਂ
ਗੱਲ ਸੀ। ਮਿਡਲ ਕਲਾਸੀ ਬੰਦੇ ਦੀਆਂ ਕਾਮੁੱਕ ਕਮੀਨਗੀਆਂ ਤੇ ਹੱਵਸਾਂ ਦਾ ਚਿਤਰਨ ਪ੍ਰੇਮ ਨੇ
ਪਹਿਲੀ ਵੇਰ ਕੀਤਾ। ਉਹਦਾ ਕਹਾਣੀ ਕਹਿਣ ਦਾ ਅੰਦਾਜ਼ ਹਰ ਸੀਮਾ ਨੂੰ ਤੋੜਦਾ ਸੀ। ਉਹਦੇ
ਬਿਰਤਾਂਤ ਕੋਲ ਨਵੀਂ ਅੱਖ ਸੀ। ਬਿਨਾਂ ਅਜਿਹੀ ਅੱਖ ਦੇ 'ਡੈੱਡਲਾਈਨ' ਵਰਗੀ ਕਹਾਣੀ ਲਿਖੀ
ਨਹੀਂ ਜਾ ਸਕਦੀ। ਉਹਨੇ ਨਵੀਨਤਾ ਅਨੁਕੂਲ ਬਿਰਤਾਂਤਕ ਭਾਸ਼ਾ ਦਾ ਸਿਰਜਨ ਕੀਤਾ। ਕੰਪੋਜ਼ੀਸ਼ਨ
ਵਿਚ ਤਾਜ਼ਗੀ ਭਰੀ। ਪ੍ਰਗਤੀ ਸਥਾਪਨਾ ਨੂੰ ਉਸ ਇਕੱਲੇ ਹੀ ਚੁਣੌਤੀ ਦਿੱਤੀ ਰੱਖੀ। ਪ੍ਰਗਤੀ
ਦੀ ਡਫ਼ਲੀ ਵਜਾਣ ਵਾਲਾ ਰਘਬੀਰ ਪ੍ਰੇਮ ਪ੍ਰਕਾਸ਼ ਦਾ ਵਿਰੋਧ ਕਰਦਾ ਰਿਹਾ। ਹੁਣ ਉਹੀ ਰਘਬੀਰ
ਸੁਖਜੀਤ 'ਤੇ ਵਾਰ ਕਰਨ ਲੱਗ ਪਿਆ ਹੈ, ਜਦ ਕਿ ਸੁਖਜੀਤ ਦੀ 'ਅੰਤਰਾ' ਕਹਾਣੀ ਸਾਹਮਣੇ ਕੋਈ
ਹੋਰ ਕਹਾਣੀ ਨਹੀਂ ਖੜਦੀ।
ਰਘਬੀਰ ਦਾ ਟ੍ਰੈਕ-ਰਿਕਾੱਡ ਸਾਹਿਤਕ ਭਾਸ਼ਾ ਦੇ ਹਵਾਲੇ ਨਾਲ
ਅਨਪੜ੍ਹਾਂ ਵਾਲਾ ਹੈ। ਉਹ ਪ੍ਰਗਤੀਵਾਦ ਦੇ ਓਵਰਕੋਟ ਹੇਠ ਆਪਣੀ ਅਨਪੜ੍ਹਤਾ ਲੁਕੋਂਦਾ ਹੈ।
ਸਮੁੱਚਾ ਕਿਰਦਾਰ ਗਿਆਨਕਾਰੀ ਅਤੇ ਸਾਹਿਤਕਾਰੀ ਦੋਨਾਂ ਖੇਤਰਾਂ ਵਿਚ ਪ੍ਰਤਿਕਿਰਿਆਵਾਦੀ
(reactionary) ਵਾਲਾ ਹੈ। ਅਜਿਹਾ ਬੰਦਾ ਮਾਰਕਸ ਦਾ ਪੈਰੋਕਾਰ ਨਹੀਂ ਹੋ ਸਕਦਾ। ਕਾਰਲ
ਮਾਰਕਸ ਕਦੇ ਬੌਧਿਕ ਆਲ੍ਹਸੀਆਂ ਦਾ ਸੰਗੀ ਸਾਥੀ ਨਹੀਂ ਸੀ। ਨਾ ਹੀ ਉਹ ਬੁਰਜੂਆ ਸੁਖਾਂ ਦੀ
ਖਾਤਰ ਸਥਾਪਨਾ ਦੀ ਚਾਪਲੂਸੀ ਕਰਨ ਵਾਲਿਆਂ ਦਾ ਮਿਤਰ ਸੀ। ਉਹ ਸੱਤਾ ਨਾਲ ਲੜਦਾ ਰਿਹਾ।
ਪਰੱਸ਼ੀਅਨ ਸੱਤਾ ਨੇ ਦੇਸ਼ ਨਿਕਾਲਾ ਦਿੱਤਾ ਤਾਂ ਉਹ ਕੋਲਨ (ਜਰਮਨੀ) ਤੋਂ ਪੈਰਿਸ ਆ ਗਿਆ।
ਫਰਾਂਸ ਸਰਕਾਰ ਨੇ ਜਰਮਨਾਂ ਦੇ ਦਬਾਅ ਹੇਠ ਉਹਨੂੰ ਪੈਰਿਸ ਛੱਡਣ ਦਾ ਹੁਕਮ ਦੇ ਦਿੱਤਾ ਉਹ
ਬੈਲਜਿਅਮ ਦੀ ਰਾਜਧਾਨੀ ਬਰੱਸਲਜ਼ ਆ ਗਿਆ। ਉੱਥੋਂ ਲੰਡਨ ਪੁੱਜਾ। ਸੱਤਾ ਨਾਲ ਉਹਦੀ ਲੜਾਈ
ਜਾਰੀ ਰਹੀ।
ਇਹਦੇ ਉਲਟ ਸਾਡੇ ਪੇਸ਼ਾਵਰ ਪ੍ਰਗਤੀਏ ਜਾਲੰਧਰ/ਚੰਡੀਗੜ੍ਹ 'ਚ ਕੋਠੀਆਂ
ਉਸਾਰ ਕੈਨੇਡਾ 'ਚ ਇਮੀਗ੍ਰੇਸ਼ਨ ਲੈਂਦੇ ਹਨ। ਅੱਧਾ ਵਰ੍ਹਾ ਕੈਨੇਡਾ/ਅਮਰੀਕਾ 'ਚ ਪ੍ਰਗਤੀ ਦੇ
ਨਾਂ 'ਤੇ ਰੋਟੀਆਂ ਸੇਕਦੇ ਹਨ ਤੇ ਸਰਦੀਆਂ 'ਚ ਪੰਜਾਬ ਮਹੰਤੀ ਕਰਨ ਆ ਜਾਂਦੇ ਹਨ। ਦੋਨਾਂ
ਥਾਵਾਂ 'ਤੇ ਪ੍ਰਧਾਨਗੀਆਂ ਦਾ ਲੁਤਫ਼ ਲੈਂਦੇ ਹਨ, ਘੁੰਡ-ਚੁਕਾਈਆਂ ਕਰਦੇ ਹਨ।
ਸੰਕਟ ਗਹਿਰਾ ਉਦੋਂ ਹੁੰਦਾ ਹੈ ਜਦੋਂ ਇਹ ਸਾਹਿਤਕ ਅਦਾਰਿਆਂ 'ਚ ਚੌਧਰ ਹੱਥਿਆਂਦੇ ਹਨ ਤੇ
ਇਸ ਰੁੱਤਬੇ ਨੂੰ ਨਿੱਜੀ ਚੜ੍ਹਤ ਦੀ ਖਾਤਰ ਵਰਤਦੇ ਹਨ। ਸੰਵਾਰ ਕੇ ਫ਼ਿਕਰਾ ਲਿਖਣਾ ਨਹੀਂ
ਆਉਂਦਾ, ਨਾ ਨਿੱਠ ਬੈਠ ਕੇ ਉਨ੍ਹਾਂ ਮਾਰਕਸੀ ਚਿੰਤਕਾਂ ਦਾ ਅਧਿਅਨ ਕੀਤਾ ਹੁੰਦਾ। ਨਾ ਨਾਤਾ
ਵਿਸ਼ਵ ਸਾਹਿਤ ਨਾਲ ਹੈ। ਨਿਤ ਗਰਦਸ਼ 'ਚ ਰਹਿਣਾ ਉਨ੍ਹਾਂ ਦਾ ਕੰਮ ਹੁੰਦਾ। ਅਜਿਹੇ ਬੰਦੇ
ਪਾਸ਼, ਭਗਤ ਸਿੰਘ, ਗ਼ਦਰੀ ਬਾਬਿਆਂ ਦੇ ਨਾਂ 'ਤੇ ਸਮਾਗਮ ਰਚਾਂਦੇ ਹਨ। ਮਕਸਦ ਹਜੂਮ 'ਕੱਠੇ
ਕਰਨ ਦਾ ਹੁੰਦਾ ਹੈ। ਹਜੂਮ 'ਚ ਹੀ ਉਹ ਸੁਰੱਖਿਅਤ ਹਨ। ਨਾ ਚਾਹਤ ਚੰਗਾ ਲਿਖਣ ਦੀ ਹੁੰਦੀ
ਹੈ, ਨਾ ਬੌਧਿਕ ਸੀਮਾ ਤੋਂ ਪਾਰ ਜਾਣ ਦੀ। ਲਿਲਕ ਗੁੱਟਬੰਦੀਆਂ ਦੀ ਰੌਣਕ ਮਾਣਨ ਦੀ ਰਹਿੰਦੀ
ਹੈ। ਮਾਰਕਸ ਨੇ ਯੂਨਾਨੀ ਨਾਟਕਕਾਰਾਂ, ਸ਼ੈਕਸਪੀਅਰ ਤੇ ਹੋਰ ਯੌਰਪੀ ਸਾਹਿਤਕਾਰਾਂ ਦਾ
ਗਹਿਰਾ ਅਧਿਅਨ ਕੀਤਾ। ਸ਼ਬਦਕਾਰੀ ਦੀ ਸਰਵ-ਉੱਚਤਾ ਨੂੰ ਸਵੀਕਾਰ ਕੀਤਾ। ਬਾਲਜ਼ਾਕ ਤੇ ਹੋਰ ਕਈ
ਸਾਹਿਤਕਾਰਾਂ ਦੀ ਮਹਾਨਤਾ ਨੂੰ ਸਵੀਕਾਰ ਜੇ ਕੀਤਾ ਤਾਂ ਇਸ ਲਈ ਕਿ ਇਨ੍ਹਾਂ ਕੋਲ ਉਹ ਅੱਖ
ਹੈ ਜੋ ਅਪ੍ਰਤੱਖ ਦਾ ਪ੍ਰਤੱਖਣ ਕਰਦੀ ਹੈ। ਅਜਿਹਾ ਪ੍ਰਤੱਖਣ ਜੋ ਸਮਾਜ ਸ਼ਾਸਤਰੀ ਵੀ ਨਹੀਂ
ਕਰ ਸਕਦੇ।
ਰਚਨਾਤਮਿਕਤਾ ਅਦ੍ਰਿਸ਼ਟ 'ਚ ਖੁੱਭਣ ਦਾ ਕਸਬ ਹੈ। ਇਹ ਕਸਬ ਹੀ 'ਸਾਹਿਤ ਦੀ
ਭਾਸ਼ਾ' ਹੈ। ਜਿਵੇਂ ਸਿਨੇਮਾ ਦੀ ਭਾਸ਼ਾ ਹੁੰਦੀ ਹੈ ਜਾਂ ਪੇਂਟਿੰਗ ਦੀ, ਜਾਂ ਸੰਗੀਤ ਦੀ।
ਸਾਹਿਤਕ ਭਾਸ਼ਾ 'ਫਾਰਮ' ਦੀਆਂ ਹੱਦਾਂ ਤੋਂ ਪਾਰ ਦਾ ਪ੍ਰਵਚਨ ਹੈ। ਇਹਦੀਆਂ ਪ੍ਰਤਿਧੁਨੀਆਂ
'ਫਾਰਮ' ਦੇ ਆਰਪਾਰ ਫੈਲਦੀਆਂ ਹਨ, ਯਾਨੀਕਿ ਇਨ੍ਹਾਂ 'ਚ ਅਜਿਹਾ ਮੈਸੇਜ ਹੁੰਦਾ ਹੈ ਜੋ
ਪਾਠਕ ਦੇ ਮਾਈਂਡ-ਸੈੱਟ ਨੂੰ ਤੋੜਦਾ ਹੈ। ਕਿਸਮ ਦੇ ਸੋਚਵਾਨ, ਜਿਨ੍ਹਾਂ 'ਤੇ ਕੋਈ ਵੱਖਰੀ
ਚੀਜ਼ ਅਸਰ ਨਹੀਂ ਕਰਦੀ, ਇਹਦੇ ਖਿਲਾਫ ਹੋ ਜਾਂਦੇ ਹਨ। ਰਚਨਾਕਾਰ ਨੂੰ ਇਹਦੀ ਪ੍ਰਵਾਹ ਨਹੀਂ
ਹੁੰਦੀ। ਉਹ ਆਪਣੇ ਯੁੱਗ ਦਾ ਦਾਸ ਨਹੀਂ ਹੁੰਦਾ, ਨਾ ਚਿੰਤਨ ਦੀ ਉਸ ਹੁਕਮਦਾਰੀ ਦਾ ਦਾਸ
ਹੁੰਦਾ ਹੈ ਜੋ ਸਮੇਂ ਨੂੰ ਕਾਬੂ ਕਰਨ 'ਚ ਲੱਗੀ ਹੰਦੀ ਹੈ। ਸਾਡੇ ਪ੍ਰਗਤੀਏ ਆਪਣੇ ਆਪ ਨੂੰ
ਯੁੱਗ-ਚਿੰਤਨ ਦੇ ਹੁਕਮਦਾਰ ਸਮਝਦੇ ਹਨ। ਵੱਖਰੀ ਸੋਚ, ਵੱਖਰੀ ਸ਼ੈਲੀ, ਵੱਖਰੀ ਚਿੰਤਨ,
ਵੱਖਰਾ ਸੁਨੇਹਾ, ਵੱਖਰਾ ਪ੍ਰਤੱਖਣ ਇਨ੍ਹਾਂ ਨੂੰ ਅਵਾਜ਼ਾਰ ਕਰਦਾ ਹੈ ਤਾਂ ਤੁਅੱਸਬੀ ਹੋ
ਜਾਂਦੇ ਹਨ।
ਸਾਡੇ ਪ੍ਰਗਤੀਆਂ ਕੋਲ ਅਜਿਹੀ ਭਾਸ਼ਾ ਨਹੀਂ ਜੋ ਥਿਰਤਾ ਦੀ ਤੋੜਕ ਬਣ ਸਕੇ।
ਇਹ ਮਲੀਨ ਭਾਸ਼ਾ 'ਚ ਭਾਰੇ ਭਰਕਮ ਸੁਨੇਹੇ ਲੱਦਦੇ ਹਨ ਤੇ ਇਹਨੂੰ ਸਮਾਜਵਾਦੀ ਯਥਾਰਥਵਾਦ
ਕਹਿੰਦੇ ਹਨ। ਗੱਲ ਪਾਬਲੋ ਨੇਰੂਦਾ, ਬ੍ਰੈਸ਼ਟ, ਲੋਰਕਾ, ਨਾਜਮ ਹਿਕਮਤ ਦੀ ਕਰਦੇ ਹਨ, ਬਿਨਾਂ
ਇਹ ਜਾਣਿਆਂ ਕਿ ਇਨ੍ਹਾਂ ਸਭਨਾਂ ਦੀ ਬੁਲੰਦੀ ਦਾ ਰਾਜ਼ ਇਨ੍ਹਾ ਦੀ ਭਾਸ਼ਾਕਾਰੀ ਦੀ ਨਵੇਕਲੀ
ਅੱਖ ਸੀ।
ਸੰਕਟ ਦੀ ਤੈਹ ਤੱਕ ਜਾਣ ਦੀ ਲੋੜ ਹੈ। ਪੰਜਾਬੀ ਭੋਇੰ ਨਾਲ ਭਾਸ਼ਾ/ਸਭਿਆਚਾਰ
ਦੇ ਹਵਾਲੇ ਨਾਲ ਵਾਪਰੀ ਇਤਿਹਾਸਕ ਟ੍ਰੈਜਡੀ ਨੇ ਪੰਜਾਬੀ ਭਾਸ਼ਾ ਨੂੰ ਸੀਮਤ ਲੋਕਾਈ ਦੀ ਭਾਸ਼ਾ
ਬਣਾ ਦਿੱਤਾ ਹੈ। ਹਿੰਦੂ ਮੁਸਲਮਾਨ ਲੇਖਕ ਕਿਨਾਰਾਕਸ਼ੀ ਕਰ ਗਏ। ਵੀਹਵੀਂ ਸਦੀ ਦੇ ਸ਼ੁਰੂ
ਵਿਚ ਸ਼ਹਿਰੀ ਪਿਛੋਕੜ ਵਾਲੀ ਪੜ੍ਹੀ ਲਿਖੀ ਜਮਾਤ ਪੰਜਾਬੀ 'ਚ ਲਿਖਣ ਵਲ ਵਧੀ ਸੀ, ਹੁਣ ਉਹ
ਵੀ ਬੇਦਾਵਾ ਲਿਖ ਕੇ ਦੇ ਗਈ ਹੈ। ਮੈਦਾਨ ਅਲਪ ਬੁੱਧ ਲਿਖਣਕਾਰਾਂ ਦੀਆਂ ਪਾਲਾਂ ਲਈ ਖਾਲ੍ਹੀ
ਹੋ ਗਿਆ। ਉਹੀ ਹੁਣ ਸਾਡੀ ਸਾਹਿਤ ਭੂਮੀ ਦੇ ਦੁਲਾਰੇ ਹਨ। ਅਕਾਦਮਿਕਤਾ ਨੇ ਵੀ ਇਨ੍ਹਾਂ
ਦੁਆਲੇ ਕਾਇਮ ਰਹਿਣਾ ਹੈ। ਪ੍ਰਗਤੀ ਦੀ ਡਫ਼ਲੀ ਵਜਾਣ ਵਾਲੇ ਇਨ੍ਹਾਂ ਬਗ਼ੈਰ ਵਿਹਲੇ ਹੋ
ਜਾਣਗੇ, ਕਿੱਥੇ ਜਾਣਗੇ? ਪੰਜਾਬੀ ਸਾਹਿਤਕਾਰੀ ਦੇ ਸੰਕਟ ਨੂੰ ਇਸ ਨਜ਼ਰੀਏ ਤੋਂ ਦੇਖਣ ਦੀ
ਲੋੜ ਹੈ।
ਮਾਰਕਸ ਨੇ ਬਰਲਿਨ ਯੂਨੀਵਰਸਟੀ ਤੋਂ ਪੀਐਚ. ਡੀ. ਕੀਤੀ ਤਾਂ ਉਹਨੇ ਅਕਾਦਮਿਕ
ਪਥ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਜਿਹੜੀਆਂ ਧਿਰਾਂ ਹੱਥ ਸੱਤਾ ਸੀ ਉਨ੍ਹਾਂ ਦਾ ਸੁੱਕਾ
ਵਿਰੋਧ ਉਹਨੂੰ ਰਾਸ ਨਹੀਂ ਸੀ ਆ ਰਿਹਾ। ਉਹਨੇ 'ਜੋ ਹੈ' ਦੀ ਥਾਹ ਪਾਉਣ ਲਈ 'ਅਜਿਹਾ ਕਿਉਂ
ਹੈ' ਵਲ ਮੁਹਾਣ ਕੀਤੀ। ਅਜਿਹਾ ਕਰਦਿਆਂ ਉਹ ਬੌਧਿਕ ਸੀਮਾ ਦੀਆਂ ਕੁੱਲ ਹੱਦਾਂ ਪਾਰ ਕਰ
ਗਿਆ। ਉਹਦਾ ਉਦੇਸ਼ ਰੂਹਾਨੀ ਪੱਧਰ ਦਾ ਸੀ। ਤਦ ਹੀ ਸਹੰਸਰ ਰੁਕਾਵਟਾਂ ਦੇ ਬਾਵਜੂਦ ਉਹ ਆਪਣੇ
ਇਰਾਦੇ 'ਚ ਅਟੁੱਟ ਰਿਹਾ। ਦਹਾਕਿਆਂ ਤੱਕ ਮਿਹਨਤ ਕੀਤੀ। ਭੁੱਖਾਂ ਸਹੀਆਂ। ਵੀਹ ਸਾਲ
ਬ੍ਰਿਟਿਸ਼ ਮਿਊਜ਼ਿਅਮ ਲਾਇਬਰੇਰੀ 'ਚ ਬੈਠ ਮੁਤਾਲਿਆ ਕੀਤਾ। ਇੱਕੋ ਕੋਟ ਸੀ, ਜਿਸ 'ਤੇ ਸਿਗਾਰ
ਦੀ ਰਾਖ਼ ਡਿੱਗੀ ਹੁੰਦੀ। ਕੁਰਸੀ 'ਤੇ ਬੈਠਾ ਪੜ੍ਹਦਾ ਲਿਖਦਾ ਲੰਡਨ ਦੀਆਂ ਸਰਦ ਰਾਤਾਂ 'ਚ
ਸੌਂ ਜਾਂਦਾ। ਇਕ ਧੁੰਨ ਸੀ ਉਹਦੇ 'ਤ ਸਵਾਰ ਕਿ ਗੱਲ ਦੀ ਤੈਹ ਤੱਕ ਜਾਣਾ ਹੈ। ਏਸ ਤਰ੍ਹਾਂ
ਦੇ ਬੌਧਿਕ ਮਿਹਨਤਕਸ਼ ਦੇ ਨਾਂ ਦੀ ਦੁਰਵਰਤੋਂ ਠੱਗ-ਬਿਰਤੀ ਵਾਲੇ ਜਦ ਕਰਦੇ ਹਨ ਤਾਂ ਪਤਾ
ਚਲਦਾ ਸੋਵੀਅਤ ਯੂਨੀਅਨ ਦੀਆਂ ਬੇੜੀਆਂ 'ਚ ਵੱਟੇ ਪਾਉਣ ਵਾਲਿਆਂ ਦੇ ਚਿਹਰੇ ਕਿਹੋ ਜਿਹੇ
ਸਨ।
No comments:
Post a Comment