ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਵਲੋਂ ਤਲਵੰਡੀ ਸਾਬੋ ਦੇ ਥਰਮਲ ਪਲਾਂਟ ਦੇ  ਚੱਲ ਰਹੇ ਕੰਮ ਦਾ ਨਿਰੀਖਣ, ਅਗਲੇ ਸਾਲ ਵਿਸਾਖੀ 'ਤੇ ਕਰਨਗੇ ਉਦਘਾਟਨ


  • ਅਗਲੇ ਸਾਲ ਚਾਲੂ ਹੋ ਜਾਣਗੇ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ
  • 3920 ਮੈਗਾਵਾਟ ਬਿਜਲੀ ਉਤਪਾਦਨ ਹੋਵੇਗਾ
  • ਕੁੱਲ 22,000 ਕਰੋੜ ਰੁਪਏ ਦਾ ਹੋ ਰਿਹਾ ਹੈ ਨਿਵੇਸ਼
ਮਾਨਸਾ, 19 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਨੂੰ ਬਿਜਲੀ ਸਰਪਲੱਸ ਵਾਲਾ ਸੂਬਾ ਬਣਾਉਣ ਦਾ ਵੇਖਿਆ ਸੁਪਨਾ ਪੂਰਾ ਹੋਣ ਨੇੜੇ ਹੈ। ਪੰਜਾਬ ਵਿਚ ਉਸਾਰੇ ਜਾ ਰਹੇ ਤਿੰਨ ਥਰਮਲ ਪਲਾਂਟਾਂ ਦੇ ਦੌਰੇ ਤਹਿਤ ਅੱਜ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸਭ ਤੋਂ ਪਹਿਲਾਂ ਤਲਵੰਡੀ ਸਾਬੋ ਵਿਖੇ ਬਣ ਰਹੇ ਥਰਮਲ ਪਲਾਂਟ ਦੇ ਕੰਮ ਕਾਜ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਬੇਹਦ ਖੁਸ਼ ਨਜ਼ਰ ਆ ਰਹੇ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਅਗਲੇ ਸਾਲ ਵਿਸਾਖੀ ਵਾਲੇ ਦਿਨ 13 ਅਪ੍ਰੈਲ, 2013 ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਸਭ ਤੋਂ ਪਹਿਲਾਂ ਵਿਉਂਤੇ ਗਏ ਇਸ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ 1980 ਮੈਗਾਵਾਟ ਦੀ ਸਮਰੱਥਾ ਵਾਲਾ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਉਦਘਾਟਨ ਕਰਕੇ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਗੋਇੰਦਵਾਲ ਅਤੇ ਰਾਜਪੁਰਾ ਥਰਮਲ ਪਲਾਂਟ ਵੀ ਸਾਲ 2013 ਵਿਚ ਸ਼ੁਰੂ ਹੋ ਜਾਣ ਨਾਲ ਸਾਲ 2013 ਪੰਜਾਬ ਦੇ ਇਤਿਹਾਸ ਵਿਚ ਬਿਜਲੀ ਦੇ ਸਾਲ ਵਜੋਂ ਯਾਦ ਰੱਖਿਆ ਜਾਵੇਗਾ।
ਇਥੇ ਇਹ ਜਿਕਰਯੋਗ ਹੈ ਕਿ ਇਸ ਤੋਂ ਇਲਾਵਾ 540 ਮੈਗਾਵਾਟ ਦੀ ਸਮਰੱਥਾ ਵਾਲਾ ਸ਼੍ਰੀ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਜੋ ਕਿ 3 ਹਜ਼ਾਰ ਕਰੋੜ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ,  ਮਈ 2013 ਤੱਕ ਅਤੇ 1400 ਮੈਗਾਵਾਟ ਦੀ ਸਮਰੱਥਾ ਵਾਲਾ ਰਾਜਪੁਰਾ ਥਰਮਲ ਪਲਾਂਟ ਜੋ ਕਿ ਐਲ.ਐਂਡ.ਟੀ. ਵਲੋਂ 8 ਹਜ਼ਾਰ ਕਰੋੜ ਦੀ ਲਾਗਤ ਨਾਲ 2013 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ।ਅੱਜ ਸਵੇਰੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਦੋਂ ਊਰਜਾ ਵਿਭਾਗ ਸਕੱਤਰ ਸ੍ਰੀ ਅਨਿਰੁਧ ਤਿਵਾੜੀ ਤੇ ਪਾਵਰਕਾਮ ਦੇ ਚੇਅਰਮੈਨ ਸ੍ਰੀ ਕੇ.ਡੀ.ਚੌਧਰੀ ਨਾਲ 1980 ਮੈਗਾਵਾਟ ਦੀ ਸਮਰੱਥਾ ਵਾਲੇ ਥਰਮਲ ਪਲਾਂਟ ਦੇ ਦੌਰੇ ਲਈ ਪਹੁੰਚੇ ਤਾਂ ਪਲਾਂਟ ਦੇ ਜਨਰਲ ਮੈਨੇਜ਼ਰ ਨੇ ਉਹਨਾਂ ਨੂੰ ਦੱਸਿਆ ਕਿ ਇਹ ਪ੍ਰਾਜੈਕਟ ਜੋ ਕਿ ਵੇਦਾਂਤਾ ਗਰੁੱਪ ਦੀ ਸਟਰਲਾਇਟ ਇੰਡਸਟਰੀਜ਼ ਨੂੰ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਪਲਾਂਟ ਦੀ ਉਸਾਰੀ ਸਬੰਧੀ ਕੰਮ ਐਮ.ਐਸ. ਸੈਪਕੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ, ਜਿਨਾਨ, ਸੈਨਡਨ ਚੀਨ ਨੂੰ ਦਿੱਤਾ ਗਿਆ ਸੀ।
  ਨਵੰਬਰ 2012 ਤੱਕ ਪਲਾਂਟ ਦੀ ਉਸਾਰੀ ਮੁਕੰਮਲ ਕਰਨ ਲਈ ਦਿਨ ਰਾਤ ਕੰਮ ਰਹੇ 7 ਹਜ਼ਾਰ ਇੰਜੀਨੀਅਰਾਂ ਨੂੰ ਵੇਖਕੇ ਉਤਸ਼ਾਹਿਤ ਹੋਏ ਉਪ ਮੁੱਖ ਮੰਤਰੀ ਨੂੰ ਪ੍ਰਬੰਧਕਾਂ ਨੇ ਦੱਸਿਆ ਕਿ ਪਲਾਂਟ ਦਾ 70 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਬਿਜਲੀ ਸਪਲਾਈ ਲਈ 400 ਕੇ.ਵੀ ਦੀ ਤਲਵੰਡੀ ਸਾਬੋ-ਨਕੋਦਰ, 400 ਕੇ.ਵੀ . ਤਲਵੰਡੀ ਸਾਬੋ-ਮੁਕਤਸਰ, 400 ਕੇ.ਵੀ. ਤਲਵੰਡੀ ਸਾਬੋ-ਮਸਤੇਵਾਲ ਅਤੇ 400 ਕੇ.ਵੀ. ਤਲਵੰਡੀ ਸਾਬੋ-ਬਾਲਾ ਤੱਕ ਬਿਜਲੀ ਲਾਇਨ ਖਿੱਚਣ ਲਈ ਕਿਹਾ ਗਿਆ ਹੈ। ਇਸ ਮੌਕੇ ਪਲਾਂਟ ਦੇ ਜਨਰਲ ਮੈਨੇਜ਼ਰ ਸ਼੍ਰੀ ਚੇਤਨ ਸ਼੍ਰੀਵਾਸਤਵ ਨੇ ਦੱਸਿਆ ਕਿ ਸੜਕਾਂ, ਸਟਰੀਟ ਲਾਇਟਾਂ, ਪਲਾਂਟ ਬਾਊਂਡਰੀ, ਜ਼ਮੀਨ ਜਾਂਚ, ਬੁਆਇਲਰਾਂ ਦੀ ਸਥਾਪਨਾ, ਮੇਨ ਪੰਪ, ਡੀ-ਮਿਨਰਲਾਇਜਡ ਪਲਾਂਟ, ਸਵਿੱਚ ਯਾਰਡ, ਚਿਮਨੀ, ਕੂਲਿੰਗ ਟਾਵਰ,  ਵਾਟਰ ਪੰਪ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੇ ਹਨ। ਇਸੇ ਤਰ੍ਹਾਂ ਚਿਮਨੀ ਸਲਿੱਪ ਫਾਰਮ, ਵਾਪਰ ਪਿਊਰੀਫਾਈ ਹਾਊਸ, ਸਰਵਿਸ ਵਾਟਰ ਬੇਸਿਨ, ਕੈਮੀਕਲ ਹਾਊਸ, ਪਲੇਟ ਫਿਲਟਰ, ਡੀ.ਐਮ. ਪਲਾਂਟ, ਕੋਲ ਹੈਂਡਲਿੰਗ ਪਲਾਂਟ, ਦੀ ਉਸਾਰੀ ਵੀ ਪੂਰੀ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਪਾਣੀ ਜਮ੍ਹਾਂ ਕਰਨ ਲਈ ਵਾਟਰ ਰਿਜ਼ਰਵਰ, ਪੀ.ਵੀ.ਸੀ. ਤੇ ਐਚ.ਡੀ.ਪੀ.ਈ. ਪਾਇਪ ਵਿਛਾਉਣ ਦਾ ਕੰਮ ਵੀ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ।
ਜਨਰਲ ਮੈਨੇਜ਼ਰ ਨੇ ਦੱਸਿਆ ਕਿ ਹੋਸਟਲ, ਕੂਲਿੰਗ ਟਾਵਰ ਸੈੱਲ, ਚਿਮਨੀ ਸ਼ੈਲ, ਵਾਟਰ ਪੰਪ, ਰਾਅ ਵਾਟਰ ਪੰਪ ਹਾਊਸ ਸਟਰਕਚਰ, ਰਾਅ ਵਾਟਰ ਰਿਜ਼ਰਵਰ ਤੇ ਰੇਲਵੇ ਸਾਇਡਿੰਗ ਪਾਇਪ ਰੈਕ ਇਰੈਕਸ਼ਨ, ਕੇਂਦਰੀ ਕੰਟਰੋਲ ਪੈਨਲ ਇਰੈਕਸ਼ਨ ਤੇ ਏਅਰ ਕੰਪਰੈਸ਼ਰ ਦਾ ਕੰਮ ਵੀ ਪੂਰਾ ਹੋਣ  ਦੇ ਕੰਢੇ ਤੇ ਹੈ ਤੇ ਇਸ ਥਰਮਲ ਪਲਾਂਟ ਦਾ ਪਹਿਲਾ ਯੂਨਿਟ ਨਵੰਬਰ  2012 ਤੱਕ ਮੁਕੰਮਲ ਹੋ ਜਾਵੇਗਾ। ਇਸਦੇ ਸਾਰੇ ਯੂਨਿਟ ਜੂਨ 2013 ਤੱਕ ਪੂਰੇ ਹੋ ਕੇ ਉਤਪਾਦਨ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ  ਥਰਮਲ ਨੂੰ ਸਾਲਾਨਾ 7.72 ਮਿਲੀਅਨ ਟਨ ਕੋਲੇ ਦੀ ਸਪਲਾਈ ਲਈ ਪਹਿਲਾਂ ਹੀ ਮਹਾਨਦੀ ਕੋਲ ਫੀਲਡ ਲਿਮਿਟਡ, ਸੰਭਲਪੁਰ ਨਾਲ ਸਮਝੌਤਾ ਸਹੀਬੰਦ ਕਰ ਲਿਆ ਗਿਆ ਹੈ।ਪ੍ਰਾਜੈਕਟ ਦੀ ਪ੍ਰਗਤੀ ਤੇ ਪੂਰੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ. ਬਾਦਲ ਨੇ ਊਰਜਾ ਵਿਭਾਗ ਦੇ ਸਕੱਤਰ ਤੇ ਪਾਵਰਕਾਮ ਦੇ ਚੇਅਰਮੈਨ  ਨੂੰ ਕਿਹਾ ਕਿ ਉਹ ਹਫਤਾਵਾਰੀ ਪ੍ਰਾਜੈਕਟ ਦੇ ਕੰਮਕਾਜ ਸਬੰਧੀ ਨਿਗਰਾਨੀ ਕਰਨ।ਉਨ੍ਹਾਂ ਕਿਹਾ ਕਿ ਪ੍ਰਾਜੈਕਟ ਉਸਾਰੀ ਦਾ ਕੰਮ ਕਰ ਰਹੀ ਕੰਪਨੀ ਨੂੰ ਇਹ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨਾ ਵੱਡੀ ਜਿੰਮੇਵਾਰੀ ਹੈ, ਕਿਉਂ ਜੋ ਉਹ ਕਿਸੇ ਵੀ ਕਿਸਮ ਦੀ ਦੇਰੀ ਲਈ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ।
ਪ੍ਰਾਜੈਕਟ ਨੂੰ ਹੋਰ ਅੱਗੇ ਵਧਾਉਣ ਬਾਰੇ ਦੱਸਦਿਆਂ ਜਨਰਲ ਮੈਨੇਜ਼ਰ ਨੇ ਦੱਸਿਆ ਕਿ ਕੰਪਨੀ ਵਲੋਂ ਸਰਕਾਰ ਨਾਲ ਵਾਧੂ 660 ਮੈਗਾਵਾਟ ਦੀ ਸਮਰੱਥਾ ਵਾਲਾ ਪਾਵਰ ਪਲਾਂਟ ਸਥਾਪਿਤ ਕਰਨ ਬਾਰੇ ਸਮਝੌਤਾ ਕਰ ਲਿਆ ਗਿਆ ਹੈ, ਜਿਸ ਤੇ 3600 ਕਰੋੜ ਰੁਪੈ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਥਰਮਲ ਪਲਾਂਟ ਬਣ ਜਾਵੇਗਾ, ਜੋ ਕਿ 2640 ਮੈਗਾਵਾਟ ਬਿਜਲੀ ਉਤਪਾਦਨ ਕਰੇਗਾ ਤੇ ਇਸ ਤੇ 14600 ਕਰੋੜ ਰੁਪੈ ਦੀ ਲਾਗਤ ਆਵੇਗੀ।ਇਸ ਮੌਕੇ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਐਮ.ਪੀ., ਸ਼੍ਰੀ ਚਤਿੰਨ ਸਿੰਘ ਸਮਾਉਂ, ਵਿਧਾਇਕ, ਸ਼੍ਰੀ ਐਸ.ਕੇ. ਰੂੰਗਟਾ, ਚੇਅਰਮੈਨ, ਟੀ.ਐਸ.ਪੀ.ਐਲ, ਸ਼੍ਰੀ ਫਿਲਿਪ ਚੈਕੋ, ਚੀਫ ਆਪਰੇਟਿੰਗ ਅਫਸਰ, ਟੀ.ਐਸ.ਪੀ.ਐਲ ਅਤੇ ਸ਼੍ਰੀ ਅਨੁਪ ਅਗਰਵਾਲ, ਸਹਾਇਕ ਵਾਇਸ ਪ੍ਰੈਜ਼ੀਡੈਂਟ ਫਾਇਨਾਂਸ, ਟੀ.ਐਸ.ਪੀ.ਐਲ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।