jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 6 September 2012

ਪੰਜਾਬੀ ਫ਼ਿਲਮ "ਅੱਜ ਦੇ ਰਾਂਝੇ" ਮੇਰੀ ਨਜ਼ਰੇ; ਮਿੰਟੂ ਬਰਾੜ

www.sabblok.blogspot.com
ਦੋਸਤੋ! ਅੱਜ ਥੋੜ੍ਹੀ ਦੇਰ ਪਹਿਲਾਂ ਐਡੀਲੇਡ ਵਿਖੇ ਮਨਪ੍ਰੀਤ ਗਿੱਲ ਦੇ ਸੱਦੇ ਤੇ ਨਵੀਂ ਪੰਜਾਬੀ ਫ਼ਿਲਮ "ਅੱਜ ਦੇ ਰਾਂਝੇ" ਦਾ ਪ੍ਰੀਮੀਅਰ ਦੇਖਣ ਦਾ ਮੌਕਾ ਮਿਲਿਆ। ਕਈ ਦਿਨਾਂ ਤੋਂ ਫ਼ਿਲਮ ਦਾ ਪ੍ਰਚਾਰ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਫ਼ਿਲਮ ਨਾਲ ਜੁੜੇ ਬਹੁਤ ਸਾਰੇ ਲੋਕ ਮੂੰਹ ਮੱਥੇ ਲੱਗਦੇ ਸਨ, ਸੋ ਇਕ ਅਣਮਨੇ ਜਿਹੇ ਮਨ ਨਾਲ ਮੈਂ ਵੀ ਇਸ ਫ਼ਿਲਮ ਦਾ ਪ੍ਰਚਾਰ ਕਰ ਰਿਹਾ ਸੀ। ਪਰ ਦਿਲ ਦੇ ਕਿਸੇ ਕੋਨੇ 'ਚ ਇਕ ਧੜਕੂ ਜਿਹਾ ਸੀ ਕਿ ਕਿਤੇ ਕੱਲ੍ਹ ਨੂੰ ਕਿਸੇ ਗੱਲ ਤੇ ਨੀਵਾਂ ਨਾ ਝਾਕਣਾ ਪਵੇ। ਪਰ ਕਹਿੰਦੇ ਹੁੰਦੇ ਹਨ ਕਿ ਬਿਨਾਂ ਦੇਖੇ ਤੁਸੀ ਲਾਗਤਾ ਤਾਂ ਲਾ ਸਕਦੇ ਹੋ ਪਰ ਸੱਚ ਨਹੀਂ ਬਿਆਨ ਕਰ ਸਕਦੇ।

ਸੋ  ਦੋਸਤੋ! ਹੁਣ ਜਦੋਂ ਫ਼ਿਲਮ ਦੇਖ ਲਈ ਹੈ ਤਾਂ ਹੁਣ ਕੋਈ ਡਰ ਨਹੀਂ ਇਸ ਨੂੰ ਚੰਗਾ ਮਾੜਾ ਕਹਿਣ ਦਾ। ਸੋ ਜ਼ਿਆਦਾ ਗੱਲਾਂ ਕਰਨ ਨਾਲੋਂ ਇਕ ਗੱਲ 'ਚ ਹੀ ਮੁਕਾ ਦਿੰਦਾ ਹਾਂ ਕੇ ਮੈਂ ਇਸ ਫ਼ਿਲਮ ਨੂੰ ਦਸ ਵਿਚੋਂ ਨੌਂ ਨੰਬਰ ਦੇਵਾਂਗਾ। ਇਕ ਨੰਬਰ ਇਸ ਲਈ ਕੱਟ ਲਿਆ ਕਿਉਂਕਿ ਇਸ ਦੁਨੀਆਂ 'ਚ ਕੁਝ ਵੀ ਸੰਪੂਰਨ ਨਹੀਂ ਹੈ। ਸੋ ਲੋਕ ਲੱਜੋਂ ਇਕ ਪੁਆਇੰਟ ਕੱਟ ਲਿਆ ਜੀ ਨਹੀਂ ਤਾਂ ਕਮੀ ਕਿਸੇ ਪੱਖ ਤੋਂ ਦਿਖਾਈ ਨਹੀਂ ਦਿੱਤੀ। 

ਫ਼ਿਲਮ ਦੀ ਕਹਾਣੀ ਤੋਂ ਸ਼ੁਰੂ ਕਰਦੇ ਹਾਂ ਜੋ ਕਿ ਹਰ ਫ਼ਿਲਮ ਦਾ ਆਧਾਰ ਹੁੰਦੀ ਹੈ। ਇਹ ਫ਼ਿਲਮ ਪੁਲਿਸ, ਮੀਡੀਆ ਅਤੇ ਪਬਲਿਕ ਦੇ ਆਪਸ ਵਿਚਲੇ ਰਿਸ਼ਤੇ ਨੂੰ ਆਧਾਰ ਬਣਾ ਕੇ ਕਾਫ਼ੀ ਕੁਝ ਵੱਖਰਾ ਲੈ ਕੇ ਆਈ ਹੈ। ਬੜੀ ਚਲਾਕੀ ਨਾਲ ਫ਼ਿਲਮ ਨੂੰ ਸਿਆਸਤ ਤੋਂ ਦੂਰ ਰੱਖ ਕੇ ਸਮਾਜ ਦੇ ਕਈ ਪੱਖਾਂ ਨੂੰ ਦਿਖਾਇਆ ਗਿਆ ਹੈ। ਕਹਾਣੀ ਦਾ ਸ਼ਿੰਗਾਰ ਸੰਵਾਦ ਹੁੰਦੇ ਹਨ ਤੇ ਇਹਨਾਂ 'ਚ ਰਾਣਾ ਰਣਬੀਰ ਦੀ ਕਲਮ ਦੀ ਕਰਾਮਾਤ ਹਰ ਇਕ ਨੂੰ ਟੁੰਬਦੀ ਹੈ। ਰਾਣਾ ਦੇ ਲਿਖੇ ਸੰਵਾਦਾਂ 'ਚ ਜਿੱਥੇ ਕਾਮੇਡੀ ਹੋਣੀ ਲਾਜ਼ਮੀ ਸੀ ਉੱਥੇ ਕਈ ਸਮਾਜਕ ਬੁਰਾਈਆਂ ਤੇ ਉਹ ਗਹਿਰੀ ਚੋਟ ਕਰ ਗਿਆ। ਜਿਵੇਂ ਕਿ ਰਾਣਾ ਜੰਗ ਬਹਾਦਰ ਦੇ ਮੂੰਹੋਂ ਗਵਾਏ ਲੱਚਰ ਗੀਤਾਂ ਦੇ ਟੋਟਕੇ ਜਾਂ ਫੇਰ ਕਿਮੀ ਵਰਮਾ ਦੇ ਵਲੈਤੋਂ ਆਈ ਮੁਟਿਆਰ ਦੇ ਸੰਵਾਦ ਹੋਣ, ਜਾਂ ਫੇਰ ਦੀਪ ਢਿੱਲੋਂ ਦੇ ਇਕ ਵਿਲਨ ਦੇ ਰੂਪ 'ਚ ਬੋਲੇ ਸੰਵਾਦ ਹੋਣ। ਸਭ ਤੋਂ ਵੱਡੀ ਗਲ ਇਹ ਦੇਖਣ ਨੂੰ ਮਿਲੀ ਕਿ ਜੋ ਲੋਕ ਕਹਿੰਦੇ ਹਨ ਕਿ ਅੱਜ ਦੀ ਕਾਮੇਡੀ ਲੱਚਰਤਾ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਨੂੰ ਰਾਣਾ ਰਣਬੀਰ ਨੇ ਝੁਠਲਾ ਦਿਤਾ ਹੈ ਅਤੇ ਫ਼ਿਲਮ 'ਚ ਇਕ ਅੱਖਰ ਵੀ ਇਹੋ ਜਿਹਾ ਨਹੀਂ ਸੁਣਾਈ ਦਿੰਦਾ ਜਿਸ ਨੂੰ ਲੱਚਰ ਜਾਂ ਗ਼ੈਰ ਮਿਆਰੀ ਕਿਹਾ ਜਾ ਸਕੇ।

ਫ਼ਿਲਮ ਦੇ ਡਾਇਰੈਕਸ਼ਨ ਜਾਂ ਫ਼ੋਟੋਗਰਾਫੀ ਤੇ ਕੁਝ ਲਿਖ ਕੇ ਮੈਂ ਵਕਤ ਬਰਬਾਦ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿੱਥੇ ਮਨਮੋਹਨ ਸਿੰਘ ਦਾ ਨਾਂ ਆ ਜਾਏ ਉੱਥੇ ਮੇਰੇ ਜਿਹੇ ਨੂੰ ਆਲੋਚਨਾ ਕਰਨ ਨੂੰ ਕੁਝ ਲੱਭਣ ਵਾਸਤੇ ਕਈ ਜਨਮ ਲੈਣੇ ਪੈਣਗੇ। ਸੋ ਉਨ੍ਹਾਂ ਇਸ ਫ਼ਿਲਮ 'ਚ ਵੀ ਆਪਣੇ ਨਾਂ ਨੂੰ ਹੋਰ ਚਾਰ ਚੰਨ ਲਾਏ ਹਨ। ਗੱਲ ਕਰਦੇ ਹਾਂ ਕਲਾਕਾਰਾਂ ਦੀ ਤਾਂ ਸਭ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਜੋ ਕਿ ਹੁਣ ਬਹੁਤ ਹੀ ਪਰਪੱਕ ਕਲਾਕਾਰ ਬਣ ਚੁੱਕਿਆ ਤੇ ਜਿੱਥੇ ਮਰਜ਼ੀ ਉਸ ਨੂੰ ਫ਼ਿੱਟ ਕਰ ਲਵੋ। ਇਸ ਫ਼ਿਲਮ ਦੇ ਕਿਰਦਾਰ ਮਨਜੀਤ ਸਿੰਘ ਫਿਰਕੀ ਲਈ ਮੈਨੂੰ ਨਹੀਂ ਲਗਦਾ ਕਿ ਘੁੱਗੀ ਤੋਂ ਜ਼ਿਆਦਾ ਕੋਈ ਫ਼ਿੱਟ ਬੈਠਦਾ ਹੋਵੇਗਾ। ਉਸ ਦੇ ਨਾਲ ਕਿਮੀ ਨੇ ਵਿਦੇਸ਼ੋਂ ਆਈ ਪੰਜਾਬੀ ਮੁਟਿਆਰ 'ਚ ਜਾਣ ਪਾ ਦਿੱਤੀ ਖ਼ਾਸ ਕਰ ਉਨ੍ਹਾਂ ਦੇ ਬੋਲਣ ਦਾ ਲਿਹਾਜ਼ ਕਿਆ ਬਾਤ ਹੈ। ਅਮਨ ਧਾਲੀਵਾਲ ਭਾਵੇਂ ਇਸ ਤੋਂ ਪਹਿਲਾਂ ਬਾਲੀਵੁੱਡ 'ਚ ਕੰਮ ਕਰ ਚੁੱਕਿਆ ਪਰ ਮੇਰੀ ਗੱਲ ਯਾਦ ਰਖਿਓ ਕਿ ਇਹ ਫ਼ਿਲਮ ਉਸ ਦੇ ਆਉਣ ਵਾਲੇ ਲੰਮੇ ਫ਼ਿਲਮੀ ਜੀਵਨ ਦੀ ਜੜ੍ਹ ਸਾਬਤ ਹੋਵੇਗੀ। ਬਹੁਤ ਹੀ ਸੰਭਾਵਨਾ ਭਰਪੂਰ ਨੌਜਵਾਨ ਹੈ ਅਮਨ! ਛੇਤੀ ਹੀ ਰਾਜ ਕਰੇਗਾ। ਗੁਰਲੀਨ ਚੋਪੜਾ ਫ਼ਿਲਮ ਦੇ ਸ਼ੁਰੂ 'ਚ ਕੁਝ ਓਵਰ ਐਕਟ ਕਰਦੀ ਲੱਗੀ ਪਰ ਬਾਅਦ 'ਚ ਚੰਗੀ ਐਕਟਿੰਗ ਦੇ ਨਾਲ ਨਾਲ ਬਹੁਤ ਖ਼ੂਬਸੂਰਤ ਵੀ ਲੱਗੀ।

ਫ਼ਿਲਮ 'ਚ ਚਾਰ ਚੀਜ਼ਾਂ ਇਹੋ ਜਿਹੀਆਂ ਹਨ ਜੋ ਦਰਸ਼ਕਾਂ ਦੀ ਲੈ ਫ਼ਿਲਮ ਨਾਲੋਂ ਟੁੱਟਣ ਨਹੀਂ ਦਿੰਦੀਆਂ ਅਤੇ ਮਨੋਰੰਜਨ ਦੇ ਨਾਲ ਨਾਲ ਕਾਫ਼ੀ ਚੰਗੇ ਸੁਨੇਹੇ ਵੀ ਦਿੰਦੀਆਂ ਹਨ। ਜਿਵੇਂ ਰਾਣਾ ਜੰਗ ਬਹਾਦਰ ਦਾ ਲੱਚਰ ਗੀਤ ਗਾਉਣਾ, ਖ਼ਾਸ ਕਰ "ਜੇ ਕੋਈ ਬੰਦਾ-ਬੁੰਦਾ ਮਾਰਨਾ ਤਾਂ ਦੱਸ" ਅਤੇ ਮੇਰੇ ਜ਼ਿਲ੍ਹੇ ਸਿਰਸਾ ਦੇ ਨੌਜਵਾਨ ਕਲਾਕਾਰ ਕਰਮਜੀਤ ਬਰਾੜ ਦੀ ਆਪਣੀ ਘਰ ਵਾਲੀ ਨਾਲ ਮੋਬਾਈਲ ਤੇ ਚਲਦੀ ਤੂੰ ਤੜਾਕ, ਬਠਿੰਡੇ ਦੀ ਕੁੜੀ ਕੁੱਲ ਸਿੱਧੂ ਦਾ ਦਿਲਜਾਨ ਦੇ ਰੂਪ 'ਚ ਕਿਰਦਾਰ ਅਤੇ ਦੀਪ ਢਿੱਲੋਂ ਦਾ ਪਹਿਰਾਵਾ ਤੇ ਉਸ ਦੇ ਆਪਣੇ ਮੁੰਡੇ ਪਰਮਵੀਰ ਨਾਲ ਸੰਵਾਦ। ਹੁਣ ਰਹਿ ਗਿਆ ਰਾਣਾ ਰਣਬੀਰ ਜੋ ਕਿ ਇਸ ਫ਼ਿਲਮ 'ਚ ਥਾਣੇ ਦੇ ਮੁਨਸ਼ੀ ਦੀ ਭੂਮਿਕਾ 'ਚ ਨਜ਼ਰ ਆਉਂਦਾ। ਜਿਵੇਂ ਕਿ ਥਾਣੇ 'ਚ ਮੁਨਸ਼ੀ ਨੂੰ ਥਾਣੇ ਦੀ ਮਾਂ ਕਿਹਾ ਜਾਂਦਾ ਓਵੇਂ ਹੀ ਜੇ ਇਸ ਫ਼ਿਲਮ ਦੀ ਮਾਂ ਦਾ ਦਰਜਾ ਰਾਣਾ ਰਣਬੀਰ ਨੂੰ ਦੇ ਦਿੱਤਾ ਜਾਵੇ ਤਾਂ ਅੱਤਕਥਨੀ ਨਹੀਂ ਹੋਵੇਗੀ।

ਫ਼ਿਲਮ ਦੇ ਸੰਗੀਤ ਦੀ ਜੇ ਗੱਲ ਕਰੀਏ ਤਾਂ ਬਹੁਤਾ ਬੁਰਾ ਨਹੀਂ ਕਿਹਾ ਜਾ ਸਕਦਾ ਪਰ ਹਾਲੇ ਹੋਰ ਚੰਗਾ ਹੋ ਸਕਦਾ ਸੀ। ਪਰ ਫ਼ਿਲਮ ਦੇ ਸਬਜੈੱਕਟ 'ਚ ਇਸ ਦੀ ਕੋਈ ਕਮੀ ਵੀ ਮਹਿਸੂਸ ਨਹੀਂ ਹੁੰਦੀ। ਕੁੱਲ ਮਿਲਾ ਕੇ "ਸੌਂ ਹੱਥ ਰੱਸਾ ਤੇ ਸਿਰੇ ਤੇ ਗੰਢ" ਮੈਂ ਤਾਂ ਇਹ ਫ਼ਿਲਮ ਆਪਣੀ ਭੈਣ ਅਤੇ ਮਾਂ ਨਾਲ ਬੈਠ ਕੇ ਦੇਖ ਸਕਦਾ ਹਾਂ ਜੀ ਇਸ ਤੋਂ ਵੱਡਾ ਪ੍ਰਮਾਣ ਪੱਤਰ ਮੇਰੇ ਕੋਲ ਹੈ ਨਹੀਂ ਜੀ।    

ਐਡੀਲੇਡ
ਸਾਊਥ ਆਸਟ੍ਰੇਲੀਆ

No comments: