ਚੰਡੀਗੜ੍ਹ, 14 ਸਤਬੰਰ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ  ਸੁਬੇ ਵਿਚ ਧਰਨਿਆਂ ਦੇ ਨਾਂ 'ਤੇ 'ਤਮਾਸ਼ੇ' ਕਰਨੇ ਬੰਦ ਕਰ ਦੇਣ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵੱਲੋਂ ਡੀਜ਼ਲ ਦੀ ਕੀਮਤ ਵਿਚ 5 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਅਤੇ ਰਸੋਈ ਗੈਸ ਸਿਲੰਡਰ ਪ੍ਰਤੀ ਸਾਲ ਪ੍ਰਤੀ ਪਰਿਵਾਰ ਸਿਰਫ ਛੇ ਦਿੱਤੇ ਜਾਣ ਦੇ ਫੈਸਲੇ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਦਿੱਲੀ ਧਰਨੇ ਦੇਣੇ ਸ਼ੁਰੂ ਕਰ ਦੇਣ। 
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪ੍ਰਦੇਸ਼ ਕਾਂਗਰਸ ਮੁਖੀ ਗੈਰ ਮੁੱਦਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਖਿਲਾਫ ਧਰਨੇ ਦੇ ਕੇ ਰਾਜ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਅਸਫਲ ਯਤਨ ਕਰ ਰਹੇ ਹਨ।   
ਡਾ. ਚੀਮਾ ਨੇ ਹੋਰ ਕਿਹਾ ਕਿ ਡੀਜ਼ਲ ਦੀ ਕੀਮਤ ਵਧਾਉਣ ਨਾਲ ਪਹਿਲਾਂ ਹੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਤੇ ਬਹੁਤ ਮਾਰੂ ਅਸਰ ਪਵੇਗਾ। ਉਹਨਾ ਕਿਹਾ ਕਿ ਇਸ ਵਾਧੇ ਨਾਲ ਟਰਾਂਸਪੋਰਟ ਸੈਕਟਰ ਦੇ ਨਾਲ ਨਾਲ ਕਰਜ਼ੇ ਦੇ ਭਾਰ ਹੇਠ ਦਬੀ ਕਿਸਾਨੀ ਨੂੰ ਵੀ ਮਾਰ ਝਲਣੀ ਪਵੇਗੀ।     
ਵਾਰ ਵਾਰ ਤੇਲ ਕੀਮਤਾਂ ਵਧਾਉਣ 'ਤੇ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ 'ਤੇ ਵਰ੍ਹਦਿਆਂ ਡਾ. ਚੀਮਾ ਨੇ ਆਖਿਆ ਕਿ ਇਸਨੇ ਕਾਂਗਰਸ ਆਗੂਆਂ ਅਤੇ ਤੇਲ ਕੰਪਨੀਆਂ ਵਿਚਾਲੇ ਗੰਢਤੁਪ ਉਜਾਗਰ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਬੜੀ ਹੈਰਾਨੀ ਦੀ ਗੰਲ ਹੈ ਕਿ ਜਦੋਂ ਵੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਇਸਦਾ ਲਾਭ ਖਪਤਕਾਰਾਂ ਨੂੰ ਨਹੀਂ ਦਿੱਤਾ ਜਾਂਦਾ ਪਰ ਜਦੋਂ ਵੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਅੰਸ਼ਕ ਵਾਧਾ ਵੀ ਹੋਵੇ ਤਾਂ ਬਿਨਾਂ ਦੇਰੀ ਦੇ ਇਸਦਾ ਭਾਰ ਆਮ ਆਦਮੀ 'ਤੇ ਪਾ ਦਿੱਤਾ ਜਾਂਦਾ ਹੈ।     
ਅਕਾਲੀ ਦਲ ਨੇ ਕੀਮਤਾਂ ਵਿਚ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਵਾਧਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਫਿਰ ਪਾਰਟੀ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਇਸ ਬੇਹੱਦ ਅਨਿਆਂਪੂਰਨ ਫੈਸਲੇ ਖਿਲਾਫ ਮਜ਼ਬੂਤ ਲੋਕ ਲਹਿਰ ਖੜ੍ਹੀ ਕਰੇਗੀ।