ਨਸ਼ਿਆਂ ਵਿਰੋਧੀ ਜਾਗਰੂਕ ਕਰਨ ਲਈ ਆਸਟ੍ਰੇਲੀਆ 'ਚ 'ਕਿੱਕ ਡਰੱਗਜ਼' ਵੱਲੋਂ ਸੀ.ਡੀ. ਲੋਕ ਅਰਪਣ
ਨਸ਼ਿਆਂ ਵਿਰੋਧੀ ਜਾਗਰੂਕ ਕਰਨ ਲਈ ਆਸਟ੍ਰੇਲੀਆ 'ਚ 'ਕਿੱਕ ਡਰੱਗਜ਼' ਵੱਲੋਂ ਸੀ.ਡੀ. ਲੋਕ ਅਰਪਣ
ਪੰਜਾਬ ਵਿਚ ਨਸ਼ਿਆਂ ਦੇ ਵਗਦੇ ਹੜ੍ਹ ਨੂੰ ਰੋਕਣ ਲਈ ਕੁਝ ਇਕ ਨੌਜਵਾਨਾਂ ਵੱਲੋਂ ੬ ਜੂਨ ੨੦੧੨ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਢੱਡਾ ਵਿਖੇ ਨਸ਼ੇ ਵਿਰੋਧੀ ਬੈਨਰ ਲਾ ਕੇ "ਕਿੱਕ ਡਰੱਗਜ਼" ਦੇ ਨਾਂ ਹੇਠ ਛੇੜੀ ਇਕ ਮੁਹਿੰਮ ਹੋਲੀ ਹੋਲੀ ਇਕ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਲਹਿਰ ਦੇ ਤਹਿਤ ਪਿੰਡ ਪਿੰਡ ਵਿਚ ਨਸ਼ਿਆਂ ਵਿਰੋਧੀ ਜਾਗ੍ਰਿਤੀ ਲਿਆਉਣ ਲਈ ਅਣਗਿਣਤ ਉਪਰਾਲੇ ਕੀਤੇ ਜਾ ਰਹੇ ਹਨ। ਜਿੰਨਾ ਵਿੱਚ ਸਕੂਲਾਂ ਕਾਲਜਾਂ ਵਿਚ ਬੈਨਰ ਲਗਵਾਉਣੇ ਨੁੱਕੜ ਨਾਟਕ, ਮਾਹਿਰਾਂ ਦੇ ਭਾਸ਼ਣ ਆਦਿ ਕਰਵਾਏ ਜਾ ਰਹੇ ਹਨ। ਹੁਣ ਤੱਕ ਇਹ ਲਹਿਰ ੧੨੫ ਦੇ ਕਰੀਬ ਪਿੰਡਾਂ ਵਿਚ ਫੈਲ ਚੁੱਕੀ ਹੈ। ਇਸ ਲਹਿਰ ਨੂੰ ਸ਼ੁਰੂ ਕਰਨ ਵਾਲਿਆਂ 'ਚ ਮੈਲਬਰਨ ਤੋਂ ਭਜਿੰਦਰ ਮਾਨ, ਨਵਜਿੰਦਰ ਸਿੰਘ, ਪਰਵਿੰਦਰ ਸਿੰਘ, ਬੌਬੀ ਜੌਹਲ, ਵੀਰ ਭੰਗੂ (ਪੰਜਾਬੀ ਗਾਇਕ), ਮਨਜਿੰਦਰ ਮਾਨ ਅਤੇ ਇੰਡੀਆ ਤੋਂ ਜਸਪਾਲ ਤੇਜਾ ਅਤੇ ਰਵੀ ਢੱਡਾ ਆਦਿ ਸ਼ਾਮਿਲ ਹਨ। ।
ਇਸ ਤੋਂ ਬਿਨਾਂ ਆਧੁਨਿਕਤਾ ਦਾ ਸਹਾਰਾ ਲੈ ਕੇ ਸੋਸ਼ਲ ਮੀਡੀਆ ਰਾਹੀਂ ਵੀ ਇਕ ਲਹਿਰ ਚਲਾਈ ਜਾ ਰਹੀ ਹੈ। ਇਸੇ ਕੜੀ 'ਚ ਇਕ ਹੋਰ ਕਦਮ ਪੁੱਟਦੇ ਹੋਏ। ਇਹਨਾਂ ਨੌਜਵਾਨਾਂ ਨੇ ਇਕ ਸੀ.ਡੀ. "ਨਸ਼ੇ ਦੀ ਹਨੇਰੀ" ਬਣਾਈ ਹੈ ਜਿਸ ਦੀ ਆਸਟ੍ਰੇਲੀਆ ਵਿਚ ਘੁੰਡ ਚੁਕਾਈ ਮੈਲਬਰਨ ਦੇ ਗੁਰਦੁਆਰਾ ਕੀਸਬਰੋ ਸਾਹਿਬ ਵਿਖੇ ਇਕ ਭਰਵੇਂ ਸਮਾਗਮ 'ਚ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪਰਧਾਨ ਤੇ ਉੱਘੇ ਸਾਹਿੱਤਕਾਰ ਮਿੰਟੂ ਬਰਾੜ ਅਤੇ ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਹੋਰਾਂ ਨੇ ਕੀਤੀ। ਇਸ ਮੌਕੇ ਤੇ ਬੋਲਦਿਆਂ ਮਿੰਟੂ ਬਰਾੜ ਨੇ ਨੌਜਵਾਨਾਂ ਦੇ ਇਸ ਸ਼ਲਾਘਾ ਯੋਗ ਕਦਮ ਦੀ ਭਰਪੂਰ ਸਲਾਹਣਾ ਕੀਤੀ ਅਤੇ ਨਾਲ ਹੀ ਦੇਸ਼ ਵਿਦੇਸ਼ 'ਚ ਵੱਸਦੇ ਪੰਜਾਬੀ ਗੱਭਰੂਆਂ ਨੂੰ ਅਪੀਲ ਕੀਤੀ ਕਿ ਇਕ ਪਿੰਡ ਵਿਚ ਜੇ ਚਾਰ ਨੌਜਵਾਨ ਵੀ ਨਸ਼ੇ ਵਿਰੋਧੀ ਝੰਡਾ ਚੁੱਕ ਲੈਣ ਤਾਂ ਦੇਖਦੇ ਦੇਖਦੇ ਉਸ ਦੇ ਸਮਰਥਨ 'ਚ ਸਾਰਾ ਪਿੰਡ ਖੜਾ ਹੋ ਜਾਵੇਗਾ।ਉਨ੍ਹਾਂ ਉਧਾਰਨ ਦਿੰਦੇ ਹੋਏ ਦੱਸਿਆ ਕਿ ਇਕ ਚਾਰ ਹਜ਼ਾਰ ਦੀ ਆਬਾਦੀ ਵਾਲੇ ਪਿੰਡ 'ਚ ਮੱਸਾ ਚਾਰ ਕੁ ਨਸ਼ਿਆਂ ਦੇ ਵਪਾਰੀ ਹੁੰਦੇ ਹਨ ਤੇ ਉਹ ਸਾਰੇ ਪਿੰਡ ਨੂੰ ਇਸ ਅੱਗ 'ਚ ਸੁੱਟ ਦਿੰਦੇ ਹਨ। ਜਦੋਂ ਚਾਰ ਮਾੜੀ ਸੋਚ ਵਾਲੇ ਪਿੰਡ ਨੂੰ ਬਦਲ ਸਕਦੇ ਹਨ ਤਾਂ ਚਾਰ ਚੰਗੀ ਸੋਚ ਵਾਲੇ ਸੁਧਾਰ ਕਿਉਂ ਨਹੀਂ ਕਰ ਸਕਦੇ? ਸੋ ਚੰਗੇ ਕੰਮ 'ਚ ਦੇਰੀ ਨਾ ਕਰੋ ਤੇ ਚੁੱਕ ਲਵੋ ਝੰਡਾ ਜੇ ਤੁਸੀਂ ਇਕ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋ। ਇਸ ਮੌਕੇ ਤੇ ਬੋਲਦਿਆਂ ਅਮਨਦੀਪ ਸਿੱਧੂ ਹੋਰਾਂ ਸਾਰੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਹਰਮਨ ਰੇਡੀਓ ਇਸ ਸ਼ੁੱਭ ਕਾਰਜ ਲਈ ਦਿਨ ਰਾਤ ਤੁਹਾਡੇ ਨਾਲ ਹੈ।
ਇਸ ਮੌਕੇ ਭਜਿੰਦਰ ਮਾਨ ਹੋਰਾਂ ਨੇ ਦੱਸਿਆ ਕਿ ਇਹ ਸੀ.ਡੀ. ਮੁਫ਼ਤ ਵਿਚ ਵੰਡੀ ਜਾਵੇਗੀ ਅਤੇ ਇਹ ਲਹਿਰ ਕਿਸੇ ਇਕ ਦੀ ਨਹੀਂ ਹੈ, ਇਸ ਵਿਚ ਜੋ ਵੀ ਚਾਹੇ ਉਹ ਜੁੜ ਸਕਦਾ ਹੈ। ਇਸ ਲਈ ਤੁਸੀਂ ਫੇਸਬੁੱਕ ਤੇ ਜਾ ਕੇ ਸਾਨੂੰ ਜੁਆਇਨ ਕਰ ਸਕਦੇ ਹੋ। ਜੋ ਵੀ ਨੌਜਵਾਨ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਹੋਵੇ ਅਸੀਂ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ। ਇਸ ਮੌਕੇ ਤੇ ਭਜਿੰਦਰ ਸਿੰਘ, ਨਵਜਿੰਦਰ ਸਿੰਘ, ਪਰਵਿੰਦਰ ਸਿੰਘ, ਬੌਬੀ ਜੌਹਲ ਤਕਦੀਰ ਸਿੰਘ, ਗਗਨ ਹੰਸ ਆਦਿ ਸ਼ਾਮਿਲ ਸਨ।
No comments:
Post a Comment