www.sabblok.blogspot.com
ਅਨੰਤਪੁਰ-ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ 'ਚ ਨਾਂਦੇੜ-ਬੰਗਲੌਰ ਐਕਸਪ੍ਰੈੱਸ ਦੇ ਏ. ਸੀ. ਡੱਬੇ 'ਚ ਸ਼ਨੀਵਾਰ ਦੀ ਸਵੇਰ ਨੂੰ ਅੱਗ ਲੱਗ ਜਾਣ ਨਾਲ 2 ਬੱਚਿਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ। ਪੇਨੁਕੋਂਡਾ ਅਤੇ ਧਰਮਾਵਰਮ ਸਟੇਸ਼ਨਾਂ ਦਰਮਿਆਨ ਕੋਠਾਚੇਰਾਵੁ ਰੇਲਵੇ ਸਟੇਸ਼ਨ 'ਤੇ ਰੇਲਗੱਡੀ 'ਚ ਤੜਕੇ ਸਾਢੇ ਤਿੰਨ ਵਜੇ ਅੱਗ ਲੱਗ ਗਈ। ਅਨੰਤਪੁਰ ਦੇ ਜ਼ਿਲਾ ਕਲੈਕਟਰ ਲੋਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ। ਦੋ ਬੱਚਿਆਂ ਸਮੇਤ 23 ਲੋਕਾਂ ਦੀ ਇਸ ਹਾਦਸੇ 'ਚ ਸੜਨ ਕਾਰਨ ਮੌਤ ਹੋ ਗਈ। ਕਲੈਕਟਰ ਨੇ ਦੱਸਿਆ ਕਿ ਰੇਲ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ ਅਤੇ ਰਾਹਤ, ਡਾਕਟਰੀ ਦਲ ਬਚਾਅ ਕੰਮਾਂ 'ਚ ਲੱਗਿਆ ਹੋਇਆ ਹੈ। ਰੇਲ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਹਾਦਸਾ ਸ਼ਾਰਟ ਸਰਕਿਟ ਕਾਰਨ ਹੋਇਆ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਹਾਦਸੇ 'ਚ ਲੋਕਾਂ ਦੇ ਮਾਰੇ ਜਾਣ 'ਤੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਰੇਲ ਮੰਤਰੀ ਮਲਿਕਾਅਰਜੁਨ ਖੜਗੇ ਨਾਲ ਗੱਲ ਕੀਤੀ ਅਤੇ ਹਾਦਸੇ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਲਈ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਿਆ। ਖੜਗੇ ਨੇ ਇਸ ਹਾਦਸੇ ਨੂੰ ਦੁਖਮਈ ਅਤੇ ਮਾੜੀ ਕਿਸਮਤ ਕਰਾਰ ਦਿੰਦੇ ਹੋਏ ਮਾਮਲਿਆਂ ਦੀ ਰੇਲ ਸੁਰੱਖਿਆ ਕਮਿਸ਼ਨ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ। ਰੇਲ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਦੇ ਲਈ ਇਕ-ਇਕ ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਲੈਕਟ੍ਰੀਕਲ ਅਤੇ ਡਾਇਰੈਕਟਰ ਜਨਰਲ (ਸਿਹਤ) ਨੂੰ ਹਾਦਸੇ ਵਾਲੀ ਥਾਂ 'ਤੇ ਜਾਣ ਲਈ ਕਿਹਾ ਹੈ। ਰੇਲ ਬੋਰਡ ਦੇ ਪ੍ਰਧਾਨ ਅਰਣੇਂਦ ਕੁਮਾਰ ਨੇ ਕਿਹਾ ਕਿ ਹਾਦਸੇ ਦੇ ਪਿਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਹਾਦਸੇ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾਂ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ ਅਤੇ ਦੂਜਾ ਕਾਰਨ ਜਲਣਸ਼ੀਲ ਪਦਾਰਥ ਦੀ ਮੌਜੂਦਗੀ ਹੋ ਸਕਦੀ ਹੈ। ਕੁਮਾਰ ਨੇ ਕਿਹਾ ਕਿ ਹਾਦਸੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਹਾਦਸੇ ਦਾ ਕਾਰਨ ਸ਼ਾਰਟ ਸਰਕਿਟ ਨਹੀਂ ਹੈ, ਰੇਲਗੱਡੀ 'ਚ ਜਲਣਸ਼ੀਲ ਪਦਾਰਥ ਦੀ ਮੌਜੂਦਗੀ ਹੋ ਸਕਦਾ ਹੈ। ਇਸਦੀ ਜਾਂਚ ਕੀਤੀ ਜਾਵੇਗੀ। ਕੁਮਾਰ ਨੇ ਕਿਹਾ ਕਿ ਅਸੀਂ ਹਾਦਸੇ ਵਾਲੀ ਥਾਂ ਦੀ ਜਾਂਚ ਲਈ ਬੰਗਲੌਰ ਅਤੇ ਹੈਦਰਾਬਾਦ ਤੋਂ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਹੈ। ਰੇਲ ਮੰਤਰੀ ਅਤੇ ਰੇਲ ਬੋਰਡ ਦੇ ਪ੍ਰਧਾਨ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਰਹੇ ਹਨ। ਹਾਦਸਾਗ੍ਰਸਤ ਡੱਬੇ ਨੂੰ ਰੇਲਗੱਡੀ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਰੇਲਗੱਡੀ ਨੇ ਅੱਗੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ।
No comments:
Post a Comment