www.sabblok.blogspot.com
ਚੰਡੀਗੜ੍ਹ. 24 ਦਸੰਬਰ.ਗਗਨਦੀਪ ਸੋਹਲ.- 41 ਦਿਨ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਾਮਲ ਅੱਜ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਦੀ ਹੰਗਾਮੀ ਮੀਟਿੰਗ ਹੋਈ ਜਿਸ ਚ ਸਿੰਘ ਸਾਹਿਬਾਨ ਵਲੋਂ ਭਾਈ ਖਾਲਸਾ ਨੂੰ ਭੁੱਖ ਹੜਤਾਲ ਖਤਮ ਕਰਨ ਦਾ ਆਦੇਸ਼ ਦਿਤਾ ਗਿਆ। ਇਸ ਆਦੇਸ਼ ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦਿਆਂ ਭਾਈ ਖਾਲਸਾ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸਿਰ ਮੱਥੇ ਤੇ ਹੈ ਪਰ ਪਹਿਲਾਂ ਮੋਹਾਲੀ ਆ ਕੇ ਉਨ੍ਹਾਂ ਦੀ ਗੱਲ ਸੁਣੀ ਜਾਵੇ। ਦੂਜੇ ਪਾਸੇ ਅੱਜ ਵੀ ਕਾਨੂੰਨੀ ਅੜਚਨਾਂ ਕਾਰਨ ਬੁੜੈਲ ਜੇਲ੍ਹ ਚੋਂ 3 ਸਿੱਖ ਨਜ਼ਰਬੰਦਾਂ ਦੀ ਰਿਹਾਈ ਨਹੀਂ ਹੋ ਸਕੀ। ਅੱਜ ਦੁਪਹਿਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੰਗਾਮੀ ਮੀਟਿੰਗ ਉਪਰੰਤ ਸਿੰਘ ਸਾਹਿਬਾਨ ਵਲੋਂ ਭਾਈ ਖਾਲਸਾ ਨੂੰ ਆਦੇਸ਼ ਜਾਰੀ ਕੀਤਾ ਗਿਆ ਕਿ ਉਹ ਤੁਰੰਤ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ। ਇਸ ਬਾਬਤ ਜਦੋਂ ਭਾਈ ਖਾਲਸਾ ਤੋਂ ਉਨ੍ਹਾਂ ਦੀ ਰਾਏ ਜਾਣਨ ਲਈ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦਾ ਹੁਕਮਨਾਮਾ ਸਿਰ ਮੱਥੇ ਪਰ ਪਹਿਲਾਂ ਸਿੰਘ ਸਾਹਿਬਾਨ ਉਨ੍ਹਾਂ ਦੀ ਗੱਲ ਸੁਣਨ। ਭਾਈ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੇ ਅਰਦਾਸ ਕਰਕੇ ਸਹੁੰ ਚੁੱਕੀ ਹੋਈ ਹੈ ਤੇ ਜੇਕਰ ਉਹ ਹੁਕਮਨਾਮਾ ਮੰਨਕੇ ਆਪਣਾ ਮਰਨ ਵਰਤ ਤੋੜਦੇ ਹਨ ਤਾਂ ਵਾਹਿਗੁਰੂ ਪਾਸ ਕੀਤੀ ਅਰਦਾਸ ਦਾ ਕੀ ਹੋਵੇਗਾ। ਇਸ ਲਈ ਸਿੰਘ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਭੁੱਖ ਹੜਤਾਲ ਸਥਾਨ ਤੇ ਆਉਣ ਤੇ ਫਿਰ ਕੋਈ ਰਾਹ ਸੁਝਾਉਣ।
ਦੂਜੇ ਪਾਸੇ ਕਾਨੂੰਨੀ ਅੜਚਨਾਂ ਕਾਰਨ ਅੱਜ ਵੀ ਬੁੜੈਲ ਜੇਲ੍ਹ ਚੋਂ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਨਾ ਹੋ ਸਕੀ। ਅੱਜ ਵੱਡੀ ਗਿਣਤੀ ਚ ਸਿੱਖ ਸੰਗਤਾਂ ਦਾ ਮਾਰਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਗਵਾਈ ਹੇਠ ਬੁੜੈਲ ਜੇਲ੍ਹ ਇਨ੍ਹਾਂ ਦੀ ਰਿਹਾਈ ਲਈ ਬਾਣੀ ਦਾ ਜਾਪ ਕਰਦਿਆਂ ਰਵਾਨਾ ਹੋਇਆ। ਪਰ ਬੁੜੈਲ ਜੇਲ੍ਹ ਪਹੁੰਚਣ ਤੇ ਜੇਲ੍ਹ ਦੇ ਡੀ. ਆਈ. ਜੀ. ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਅਜੇ ਰਿਹਾਈ ਚ ਕੁਝ ਕਾਨੂੰਨੀ ਅੜਚਨਾਂ ਬਾਕੀ ਹਨ, ਸੋ ਅੱਜ ਰਿਹਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਕਾਨੁੰਨੀ ਕਾਰਵਾਈਆਂ ਪੂਰੀਆਂ ਕਰਕੇ ਕੱਲ (ਬੁੱਧਵਾਰ ਨੂੰ) ਤਿਨਾਂ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕਰ ਦਿਤਾ ਜਾਵੇਗਾ। ਇਸ ਤੇ ਭਾਈ ਖਾਲਸਾ ਤੇ ਸਿੱਖ ਸੰਗਤਾਂ ਸਹਿਮਤ ਹੋ ਗਈਆਂ ਤੇ ਵਾਪਸ ਗੁਰਦੁਆਰਾ ਅੰਬ ਸਾਹਿਬ ਪਰਤ ਆਈਆਂ।
ਅੱਜ ਦੇ ਪੂਰੇ ਘਟਨਾਕ੍ਰਮ ਤੋਂ ਜਾਪਦਾ ਹੈ ਕਿ ਬੁੱਧਵਾਰ ਨੂੰ ਇਨ੍ਹਾਂ ਤਿੰਨਾਂ ਸਿੱਖ ਬੰਦੀਆਂ ਦੀ ਰਿਹਾਈ ਉਪਰੰਤ ਭਾਈ ਖਾਲਸਾ ਦੀ ਭੁੱਖ ਹੜਤਾਲ ਖਤਮ ਹੋ ਸਕਦੀ ਹੈ। ਬੁੱਧਵਾਰ ਨੂੰ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਉਨ੍ਹਾਂ ਵਲੋਂ ਨਿਯੁਕਤ ਨੁਮਾਇੰਦੇ ਅੰਬ ਸਾਹਿਬ ਆ ਜਾਂਦੇ ਹਨ ਤਾਂ ਉਹ ਭਾਈ ਖਾਲਸਾ ਦੀ ਭੁੱਖ ਹੜਤਾਲ ਖੁਲਵਾ ਸਕਦੇ ਹਨ। ਦੂਜਾ ਰਾਹ ਇਹ ਵੀ ਹੈ ਕਿ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਵਾਲੇ ਤਿਨ ਸਿੱਖ ਤੇ ਭਾਈ ਲਾਲ ਸਿੰਘ ਭਾਈ ਖਾਲਸਾ ਨੂੰ ਅਪੀਲ ਕਰਕੇ ਵੀ ਭੁੱਖ ਹੜਤਾਲ ਖਤਮ ਕਰਨ ਲਈ ਕਹਿ ਸਕਦੇ ਹਨ। ਕੁੱਲ ਮਿਲਾਕੇ ਦੇਖਿਆ ਜਾਵੇ ਤਾਂ ਭਾਈ ਖਾਲਸਾ ਦਾ ਸੰਘਰਸ਼ ਹੁਣ ਆਪਣੇ ਅੰਤਮ ਤੇ ਜਿੱਤ ਦੇ ਮੁਕਾਮ ਵੱਲ ਵਧਦਾ ਜਾ ਰਿਹਾ ਹੈ।
No comments:
Post a Comment