www.sabblok.blogspot.com
ਨਵੀਂ ਦਿੱਲੀ, 19 ਦਸੰਬਰ (ਜਗਤਾਰ ਸਿੰਘ)- ਦਿੱਲੀ ਵਿਚ ਸਰਕਾਰ ਦੇ ਗਠਨ ਦਾ ਭੰਬਲ-ਭੂਸਾ ਬਰਕਰਾਰ ਰਹਿਣ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਮੁੜ ਤੋਂ ਹੋਣ ਦੀਆਂ ਵੱਧ ਰਹੀਆਂ ਸੰਭਾਵਨਾ ਕਾਰਨ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੇ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਜ਼ਿਆਦਾਤਰ ਆਗੂਆਂ ਨੇ ਆਪਣੇ-ਆਪਣੇ ਹਲਕਿਆਂ 'ਚ ਸਰਗਮੀਆਂ ਤੇਜ਼ ਕਰ ਦਿੱਤੀਆਂ ਹਨ | ਅਜਿਹੇ ਆਗੂਆਂ ਨੂੰ ਹੁਣ ਸੋਮਵਾਰ ਦੀ ਉਡੀਕ ਹੈ, ਜਿਸ ਦਿਨ ਦਿੱਲੀ ਦੀ 25 ਲੱਖ ਜਨਤਾ ਦੀ ਰਾਏ ਦੇ ਆਧਾਰ 'ਤੇ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਦਾ ਫੈਸਲਾ ਸੁਣਾਉਣਗੇ | ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਆਗੂ ਦਿੱਲੀ ਵਿਚ ਮੁੜ ਤੋਂ ਚੋਣਾਂ ਹੋਣ ਦੀ ਸਥਿਤੀ ਨਾਲ ਬੇਹੱਦ ਖੁਸ਼ ਦਿਖ ਰਹੇ ਹਨ | ਆਪਣੇ ਲਈ ਇਕ ਸੁਨਹਿਰਾ ਮੌਕਾ ਮੰਨਦੇ ਹੋਏ ਜਨਤਾ ਦੇ ਵਿਚਕਾਰ ਰਾਤ ਦਿਨ ਇਕ ਕਰ ਰਹੇ ਹਨ | ਸੂਤਰਾਂ ਮੁਤਾਬਿਕ ਹਾਰੇ ਹੋਏ ਉਮੀਦਵਾਰ ਫੇਸਬੁਕ ਅਤੇ ਹੋਰਨਾਂ ਵਸੀਲਿਆਂ ਰਾਹੀਂ ਖਾਸ ਯੋਜਨਾ ਤਹਿਤ ਕੇਜਰੀਵਾਲ ਨੂੰ ਸਰਕਾਰ ਨਹੀਂ ਬਣਾਉਣ ਦੇ ਪੱਖ ਵਿਚ ਆਪਣੀ ਰਾਏ ਦੇ ਰਹੇ ਹਨ,ਤਾਂਕਿ ਫੇਰ ਤੋਂ ਚੋਣਾਂ ਹੋ ਸਕਣ | ਇਹੀ ਕਾਰਨ ਹੈ ਕਿ ਉਹ ਹਰ ਛੋਟੀ ਮੋਟੀ ਸੰਭਾਵਨਾ ਨੂੰ ਆਪਣੇ ਲਈ ਇਕ ਵੱਡਾ ਮੌਕਾ ਮੰਨ ਰਹੇ ਹਨ | ਜਿਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ਕਾਂਗਰਸੀ ਅਤੇ ਭਾਜਪਾ ਦੇ ਉਮੀਦਵਾਰ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਾਰੇ ਹਨ,ਉਸ ਹਲਕੇ ਵਿਚ ਉਨ੍ਹਾਂ ਪਾਰਟੀਆਂ ਦੇ ਕੁੱਝ ਅਜਿਹੇ ਆਗੂਆਂ ਦੇ ਧੰਨਵਾਦ ਵਾਲੇ ਪੋਸਟਰ ਵੀ ਵੇਖੇ ਜਾ ਸਕਦੇ ਹਨ ,ਜਿਹੜੇ ਕਈ ਕਾਰਨਾਂ ਕਰਕੇ ਟਿਕਟ ਦੀ ਦੌੜ ਵਿਚ ਪਿੱਛੇ ਰਹਿ ਗਏ ਸਨ | ਅਜਿਹੇ ਆਗੂਆਂ ਵਿਚ ਊਰਜਾ ਦਾ ਸੰਚਾਰ ਸਾਫ ਤੌਰ 'ਤੇ ਦਿਖ ਰਿਹਾ ਹੈ | ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਮੁੜ ਚੋਣਾਂ ਹੋਈਆਂ ਤਾਂ ਪਾਰਟੀ ਉਨ੍ਹਾਂ ਨੂੰ ਮੈਦਾਨ'ਚ ਉਤਾਰੇਗੀ ਅਤੇ ਉਨ੍ਹਾਂ ਦਾ ਵਿਧਾਨ ਸਭਾ ਪੁੱਜਣ ਦਾ ਸਪਨਾ ਸਾਕਾਰ ਹੋ ਜਾਵੇਗਾ | ਇਸ ਲਈ ਉਹ ਬੇਹੱਦ ਗੰਭੀਰ ਹਨ ਅਤੇ ਆਪਣੇ ਵੱਲੋਂ ਕਿਸੀ ਵੀ ਕਿਸਮ ਦੀ ਤਿਆਰੀ 'ਚ ਕੋਈ ਕਮੀ ਨਹੀਂ ਛੱਡ ਰਹੇ ਹਨ | ਸਰਕਾਰ ਬਣੇ ਜਾਂ ਨਾ ਬਣੇ ਪਰੰਤੂ ਦੇਰ ਸਵੇਰ ਮੁੜ ਚੋਣਾਂ ਦੀ ਸਥਿਤੀ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ, ਇਸੀ ਸੋਚ ਦੇ ਤਹਿਤ ਹੀ ਜਨਤਾ ਵਿਚ ਜਾਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ |
No comments:
Post a Comment