ਅੰਮ੍ਰਿਤਸਰ- ਪੰਜਾਬ ਪੁਲਸ ਦੇ ਨਵੇਂ-ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ, ਜਿਸ 'ਚ ਕਦੇ ਨਿਹੱਥੀ ਲੜਕੀ ਨਾਲ ਕੁੱਟਮਾਰ ਕਰਨ, ਕਦੇ ਆਪਣੀਆਂ ਹੱਕੀ ਮੰਗਾਂ ਨੂੰ  ਉਠਾਉਂਦੇ ਮੁਲਾਜ਼ਮਾਂ ਨੂੰ ਕੁੱਟਣਾ, ਕਦੇ ਰਾਹ ਜਾਂਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨਾ ਤੇ ਹੁਣ ਪੁਲਸ ਇਸ ਤੋਂ ਅੱਗੇ ਵੱਧ ਕੇ ਜ਼ੁਲਮ ਦੀਆਂ ਸਭ ਹੱਦਾਂ-ਬੰਨੇ ਪਾਰ ਕਰਦੀ ਨਜ਼ਰ ਆ ਰਹੀ ਹੈ। ਪੁਲਸ ਦੀ ਇਸ ਜ਼ੁਲਮ ਦੀ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਅੰਮ੍ਰਿਤਸਰ 'ਚ ਪੁਲਸ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ। ਪੁਲਸ ਵਲੋਂ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦੇ ਗੁਪਤ ਅੰਗ 'ਚ ਡੰਡਾ ਤੱਕ ਘੁਸੇੜ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਵਿਅਕਤੀ ਨੇ ਸਥਾਨਕ ਸਰਕਟ ਹਾਊਸ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਦੁੱਖਦਾਈ ਘਟਨਾ ਸੁਣਾਈ। ਇਸ ਵਿਅਕਤੀ ਨੂੰ ਚੋਰੀ ਦੇ ਸ਼ੱਕ ਦੇ ਆਧਾਰ 'ਤੇ ਪੁਲਸ ਥਾਣੇ ਲੈ ਗਈ ਸੀ। ਕਮਿਸ਼ਨ ਦੇ ਉਪ-ਪ੍ਰਧਾਨ ਡਾ.  ਰਾਜ ਕੁਮਾਰ ਵੇਰਕਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਪੀੜਿਤ ਨੂੰ ਸਰਕਾਰੀ ਮੈਡੀਕਲ ਇਲਾਜ ਕਰਵਾਉਣ ਅਤੇ ਇਸ ਦੀ ਜਾਂਚ ਅੰਮ੍ਰਿਤਸਰ ਦੇ ਡੀ. ਸੀ. ਪੀ ਬਿਕਰਮਪਾਲ ਸਿੰਘ ਭੱਟੀ ਨੂੰ ਸੌਂਪੀ ਹੈ ਅਤੇ ਇਸ ਦੀ ਰਿਪੋਰਟ 5 ਦਿਨ ਦੇ ਅੰਦਰ-ਅੰਦਰ ਕਮਿਸ਼ਨ ਨੂੰ ਸੌਂਪਣ ਨੂੰ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਅਜਿਹਾ ਜ਼ੁਲਮ ਕਰਨ ਵਾਲੇ ਪੁਲਸ ਮੁਲਾਜ਼ਮਾਂ  ਖਿਲਾਫ ਐਫ. ਆਈ. ਆਰ. ਦਰਜ ਕੀਤੀ ਜਾਵੇ। ਆਲ ਸੁਲਤਾਨਵਿੰਡ ਸਥਿਤ ਰਹਿਣ ਵਾਲੇ ਬਰਹਮਜੀਤ ਸਿੰਘ ਨੇ ਇਨਸਾਫ ਦੀ ਗੁਹਾਰ ਕਮਿਸ਼ਨ ਦੇ ਸਾਹਮਣੇ ਲਗਾਈ। 25 ਸਾਲ ਦੇ ਬਰਹਮਜੀਤ ਜੋ ਪੇਸ਼ੇ ਤੋਂ ਆਟੋ ਡਰਾਈਵਰ ਹੈ, ਨੇ ਦੱਸਿਆ ਕਿ 12 ਦਸੰਬਰ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੇ ਘਰ 'ਚ ਚੋਰੀ ਹੋਈ ਸੀ, ਇਸ ਮਾਮਲੇ 'ਚ 25 ਦਸੰਬਰ ਨੂੰ ਪੁਲਸ ਉਨ੍ਹਾਂ ਦੇ ਘਰ ਆਈ ਅਤੇ ਕਿਹਾ ਕਿ ਥਾਣਾ ਇੰਚਾਰਜ ਮੇਜਰ ਸਿੰਘ ਨੇ ਪੁੱਛਗਿਛ ਲਈ ਉਸ ਨੂੰ ਬੁਲਾਇਆ ਹੈ। ਉਸ ਨੇ ਆਪਣੇ ਨਾਲ ਆਪਣੇ ਜੀਜਾ ਅਤੇ ਚਾਰ-ਪੰਜ ਮੋਹਤਬਰ ਲੋਕਾਂ ਨੂੰ ਨਾਲ ਲਿਆ ਅਤੇ ਥਾਣੇ ਪਹੁੰਚ ਗਿਆ। ਜਦੋਂ ਉਹ ਥਾਣੇ ਪੁੱਜੇ ਤਾਂ ਉੱਥੇ ਏ. ਐਸ. ਆਈ. ਮੇਜਰ ਸਿੰਘ,  ਹਵਲਦਾਰ ਗੁਰਮੇਜ ਸਿੰਘ ਅਤੇ ਹਵਲਦਾਰ ਮੇਜਰ ਸਿੰਘ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੂੰ ਕਿਹਾ ਕਿ ਉਹ ਬਰਹਮਜੀਤ ਨਾਲ ਗੱਲ ਕਰਕੇ ਉਸ ਨੂੰ ਛੱਡ ਦੇਣਗੇ ਤੁਸੀਂ ਆਪਣੇ ਘਰ ਚਲੇ ਜਾਓ। ਉਸਦੇ ਨਾਲ ਆਏ ਸਾਰੇ ਲੋਕ ਘਰ ਚਲੇ ਗਏ, ਉਨ੍ਹਾਂ ਦੇ ਜਾਣ ਦੇ 10 ਮਿੰਟ ਤੋਂ ਬਾਅਦ ਹੀ ਥਾਣਾ ਇੰਚਾਰਜ ਅਤੇ ਦੂਜੇ ਪੁਲਸ ਮੁਲਾਜ਼ਮਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਰੌਂਦਾ ਰਿਹਾ ਤੜਪਦਾ ਰਿਹਾ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ, ਉਸ ਨੂੰ ਇਹ ਹੀ ਕਹਿੰਦੇ ਰਹੇ ਕਿ ਮੰਨ ਲੈ ਕੇ ਚੋਰੀ ਤੂੰ ਹੀ ਕੀਤੀ ਹੈ। ਉਸ ਦੇ ਸਾਰੇ ਕੱਪੜੇ ਉਤਾਰਕੇ ਥਾਣਾ ਇੰਚਾਰਜ ਉਸ ਦੇ ਸਰੀਰ 'ਤੇ ਚੜ੍ਹ ਗਿਆ ਅਤੇ ਉਸ ਦੇ ਸਾਰੇ ਸਰੀਰ ਵਿੱਚ ਡੰਡਿਆਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਰੀਰ 'ਤੇ ਠੰਡਾ ਪਾਣੀ ਪਾਉਂਦੇ ਰਹੇ ।
ਥੋੜ੍ਹੀ ਦੇਰ ਬਾਅਦ ਸੁਲਤਾਨਵਿੰਡ ਥਾਣੇ ਦੇ ਇੰਚਾਰਜ ਅਰੁਣ ਸ਼ਰਮਾ ਉੱਥੇ ਆ ਗਿਆ ਅਤੇ ਉਸ ਨੇ ਵੀ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਅਤੇ ਉਸ ਨੇ ਥਾਣਾ ਇੰਚਾਰਜ ਮੇਜਰ ਸਿੰਘ ਨੂੰ ਕਿਹਾ ਕਿ ਇਸ ਦੇ ਗੁਪਤ ਅੰਗ ਵਿੱਚ ਡੰਡਾ ਘੁਸੇੜਿਆ, ਫਿਰ ਇਸ ਨੂੰ ਪਤਾ ਚੱਲੇਗਾ। ਅਰੁਣ ਸ਼ਰਮਾ ਦੇ ਕਹਿੰਦੇ ਹੀ ਮੇਜਰ ਸਿੰਘ ਸਮੇਤ ਦੂਜੇ ਪੁਲਸ ਮੁਲਾਜ਼ਮਾਂ ਨੇ ਉਸ ਦੇ ਗੁਪਤ ਅੰਗ ਵਿੱਚ ਡੰਡਾ ਘੁਸੇੜ ਦਿੱਤਾ ਅਤੇ ਜ਼ੋਰ-ਜ਼ੋਰ ਨਾਲ ਹੱਸਦੇ ਰਹੇ। ਉਸ ਨੂੰ ਬਾਅਦ 'ਚ ਅੱਧਮਰੀ ਹਾਲਤ ਵਿੱਚ ਕੈਂਟਰ ਵਿੱਚ ਸੁੱਟ ਦਿੱਤਾ ਅਤੇ ਬਾਅਦ ਵਿੱਚ ਉਸ ਨੂੰ ਥਾਣਾ ਸੁਲਤਾਨਵਿੰਡ 'ਚ ਲੈ ਆਏ ਜਿੱਥੇ ਉਸ ਨੂੰ ਸਾਰੀ ਰਾਤ ਰੱਖਿਆ ਗਿਆ। ਅਗਲੇ ਦਿਨ 26 ਦਸੰਬਰ ਨੂੰ ਉਸ ਦੇ ਘਰੋਂ ਸਾਰੇ ਲੋਕ ਥਾਣੇ 'ਚ ਪੁੱਜੇ ਅਤੇ ਪੁਲਸ ਦੇ ਜ਼ੁਲਮ ਖਿਲਾਫ ਬੋਲਣ ਲੱਗੇ, ਇਸ 'ਤੇ ਪੁਲਸ ਨੇ ਉਸ ਨੂੰ ਛੱਡ ਦਿੱਤਾ ।
ਡਾ. ਵੇਰਕਾ ਨੇ ਕਿਹਾ ਕਿ ਪੁਲਿਸ ਦਾ ਦਲਿਤਾਂ ਦੇ ਪ੍ਰਤੀ ਜ਼ੁਲਮ ਰੁਕਦਾ ਨਹੀ ਹੈ। ਇਹ ਬਹੁਤ ਹੀ ਦਰਦਨਾਕ ਘਟਨਾ ਹੈ, ਅਜਿਹਾ ਕੇਸ ਪਹਿਲਾਂ ਵੀ ਮਲੋਟ 'ਚ ਹੋਇਆ ਸੀ, ਜਿਸ ਵਿੱਚ ਪੁਲਸ ਵਾਲੇ ਹੀ ਦੋਸ਼ੀ ਸਾਬਤ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਪੀੜਤ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਦੇ ਲਈ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੀੜਤ ਦਾ ਮੈਡੀਕਲ ਕਰਕੇ, ਦੋਸ਼ੀਆਂ ਖਿਲਾਫ ਐਫ. ਆਈ. ਆਰ. ਦਰਜ ਕਰਨ ਅਤੇ ਇਸ ਮਾਮਲੇ ਦੀ ਜਾਂਚ ਡੀ. ਸੀ. ਪੀ. ਬਿਕਰਮਪਾਲ ਸਿੰਘ ਭੱਟੀ ਨੂੰ ਕਰਨ ਦੇ ਹੁਕਮ ਦਿੱਤੇ ਹਨ ਅਤੇ ਪੰਜ ਦਿਨਾਂ ਅੰਦਰ-ਅੰਦਰ ਐਕਸ਼ਨ ਟੇਕਨ ਰਿਪੋਰਟ ਕਮਿਸ਼ਨ ਨੂੰ ਸੌਂਪਣ ਨੂੰ ਕਿਹਾ ਹੈ।