www.sabblok.blogspot.com
ਟੈਂਕੀ 'ਤੇ ਚੜੀਆਂ ਅਧਿਆਪਕਾਵਾਂ ।
ਸਮੇਂ ਦੇ ਰੰਗ, ਕਹਿਰ ਦੀ ਠੰਡ, ਸੰਘਰਸ਼ ਪ੍ਰਚੰਡ, ਪਰ ਸਰਕਾਰੀ ਨੇਤਰ ਬੰਦ!
ਛੇ ਦਿਨਾਂ ਤੋਂ ਟੈਂਕੀ 'ਤੇ ਚੜੀਆਂ ਨੰਨੀਆਂ ਛਾਵਾਂ ਸਿਆਸੀ ਅੱਖਾਂ ਨੂੰ ਕਿਉਂ ਨਹੀਂ ਦਿਖਦੀਆਂ?
ਮਲੋਟ (ਮਿੰਟੂ ਗੁਰੂਸਰੀਆ): ਜੇਬ 'ਚ ਕਾਗਜ਼ੀ ਡਿਗਰੀਆਂ, ਝੋਲੀ 'ਚ ਸਰਕਾਰੀ ਲਾਰਿਆਂ ਦੀ ਪੰਡ, ਹੱਥਾਂ 'ਚ ਸਲਫਾਸ ਦੀਆਂ ਗੋਲੀਆਂ, ਜ਼ਹਿਨ 'ਚ ਤੰਤਰ ਖਿਲਾਫ਼ ਆਕ੍ਰੋਸ਼। ਇਹ ਕਹਾਣੀ ਹੈ, ਆਪਣੇ ਹੱਕਾਂ ਲਈ ਛੇ ਦਿਨ ਤੋਂ ਬਰਨਾਲਾ ਦੇ ਨੇੜਲੇ ਪਿੰਡ ਚੀਮਾਂ ਵਿਖੇ ਟੈਂਕੀ 'ਤੇ ਚੜੀਆਂ ਈ ਜੀ ਐੱਸ (ਈ ਟੀ ਟੀ) ਅਧਿਆਪਕਾਵਾਂ ਦੀ, ਜੋ ਹੱਡ-ਕੰਬਾਊ ਸਰਦੀ ਅਤੇ ਸਰਕਾਰੀ ਬੇਰੁਖੀ ਨੂੰ ਆਪਣੇ ਪਿੰਂਡੇ 'ਤੇ ਹੰਢਾਂ ਰਹੀਆਂ ਹਨ। ਨੌਂਕਰੀ ਬਦਲੇ ਲਾਰੇ ਤੇ ਖੁਆਰੀਆਂ ਮਿਲਣ ਤੋਂ ਦੁਖੀ ਈ ਜੀ ਐੱਸ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਆਰ-ਪਾਰ ਦੀ ਸਥਿਤੀ 'ਚ ਲਿਜਾਂਦਿਆਂ ਵਾਟਰ ਵਰਕਸ ਦੀ ਟੈਂਕੀ ਨੂੰ ਰਣਭੂਮੀ ਬਣਾ ਲਿਆ। ਹੈਰਾਨੀ ਦੀ ਗੱਲ ਹੈ ਕਿ ਹਾਲੇ ਤੱਕ ਸਰਕਾਰ ਨੇ ਇਨਾਂ ਅਧਿਆਪਕਾਂ ਨੂੰ ਮਨਾਉਂਣ ਦੇ ਯਤਨ ਵੀ ਸ਼ੁਰੂ ਨਹੀਂ ਕੀਤੇ। 16 ਦਿਸੰਬਰ ਤੋਂ ਇਹ ਅਧਿਆਪਕ ਟੈਂਕੀ 'ਤੇ ਚੜੇ ਹੋਏ ਹਨ। ਜਿੰਨਾਂ ਵਿਚ ਬਹੁਤਾਤ ਮਹਿਲਾਵਾਂ ਦੀ ਹੈ। ਭਿਅੰਕਰ ਸਰਦੀ ਦੀਆਂ ਰਾਤਾਂ ਇਹ ਸੰਘਰਸ਼ਸ਼ੀਲ ਅਧਿਆਪਕਾਵਾਂ ਆਪਣੇ ਤਨ 'ਤੇ ਗੁਜ਼ਾਰ ਰਹੀਆਂ ਹਨ। ਸ਼ਨੀਵਾਰ ਨੂੰ ਜਦੋਂ ਅਸਮਾਨ 'ਚੋਂ ਮੋਟੀ ਕਣੀ ਦਾ ਮੀਂਹ ਵਰਿਆ ਤਾਂ ਤਕਲੀਫ਼ਾਂ ਦੀ ਇੰਤਹਾਂ ਹੋ ਗਈ। ਕਹਿਰ ਦੀ ਸਰਦੀ 'ਚ ਬੇਕਿਰਕ ਮੀਂਹ ਨੇ ਸ਼ਰੀਰਾਂ ਦੇ ਨਾਲ ਰੂਹਾਂ ਨੂੰ ਵੀ ਵਿੰਨ ਘੱਤਿਆ, ਪਰ ਸਰਕਾਰੀ ਤੰਤਰ ਸੁੰਨ ਹੀ ਰਿਹਾ। ਕੱਲ ਇੱਕ ਅਧਿਆਪਕਾ ਰਾਜਵਿੰਦਰ ਕੌਰ ਟੱਲੇਵਾਲ ਜੋ ਕਿ ਹਾਰਟ ਦੀ ਮਰੀਜ ਹੈ, ਪਾਣੀ ਵਾਲੀ ਟੈਕੀ 'ਤੇ ਚੜ ਕੇ ਨਾਅਰੇਬਾਜ਼ੀ ਕਰਦਿਆਂ ਟੈਕੀ ਤੋਂ ਹੇਠਾਂ ਡਿੱਗ ਪਈ ਸੀ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਰਨਾਲਾ 'ਚ ਦਾਖਿਲ ਕਰਵਾਇਆ ਗਿਆ।
ਕਈ ਜਿਲਿਆਂ 'ਚੋਂ ਆਏ ਇਹ ਅਧਿਆਪਕ ਆਪਣੇ ਹੱਕਾਂ ਲਈ ਡਟੇ ਹੋਏ ਹਨ। ਬੇਗਾਨਗੀ ਤੇ ਬੇਰੁਖੀ ਦੇ ਆਲਮ 'ਚ ਅਧਿਆਪਕਾਂ ਨੂੰ ਸੰਘਰਸ਼ ਕਰਦਿਆਂ ਦੇਖ ਲੱਗਦੈ, ਜਿਵੇਂ ਉਹ ਕਿਸੇ ਦੂਜੇ ਦੇਸ਼ ਦੀਆਂ ਫੌਜਾਂ ਨਾਲ ਲੋਹਾ ਲੈ ਰਹੇ ਹੋਂਣ, ਕਿਉਂਕਿ ਇਨਾਂ ਦੇ ਪੱਖ 'ਚ ਬੋਲਣ ਵਾਲੇ ਮੁੱਠੀ ਭਰ ਪੇਂਡੂ ਲੋਕ ਹੀ ਹਨ, ਜਦਕਿ ਇਨਾਂ ਦੇ ਆਲੇ-ਦੁਆਲੇ ਖਾਕੀਧਾਰਕ ਘਾਤ ਲਾਈ ਖੜੇ ਹਨ ਕਿ ਕਦ ਮੌਕਾ ਮਿਲੇ ਤੇ ਕਦ ਇਨਾਂ ਨੂੰ ਸੰਘਰਸ਼ ਦਾ 'ਫਲ' ਦਿੱਤਾ ਜਾਵੇ। ਪਿੰਡ ਜੋਧਪੁਰ ਅਤੇ ਚੀਮਾਂ ਦੇ ਲੋਕਾਂ ਨੇ ਪਹਿਲੇ ਦਿਨ ਤੋਂ ਇਨਾਂ ਅਧਿਆਪਕਾਂ ਲਈ ਰਸਦ-ਪਾਣੀ ਭੇਜਣੀ ਸ਼ੁਰੂ ਕਰ ਦਿੱਤੀ ਸੀ। ਲੰਗਰ ਪਕਾ ਕੇ ਆਪਣੇ ਸਾਥੀਆਂ ਦੀ ਮੱਦਦ ਕਰ ਰਹੇ ਅਧਿਆਪਕਾਂ ਨੇ ਸ਼ਾਇਦ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਸਰਕਾਰ ਤੋਂ ਹੱਕ ਲੈਂਣ ਲਈ ਉਨਾਂ ਨੂੰ ਮੁਸੀਬਤਾਂ ਦਾ ਦਰਿਆ ਤੈਰਨਾਂ ਪਵੇਗਾ।
ਦਰਅਸਲ, 2003 ਵਿਚ ਸਰਕਾਰ ਨੇ 700 ਈ ਜੀ ਐੱਸ ਅਧਿਆਪਕਾਂ ਨੂੰ 1000 ਰੁਪੈ ਪ੍ਰਤੀ ਮਹੀਨਾ ਵੇਤਨ 'ਤੇ ਠੇਕੇ 'ਤੇ ਰੱਖਿਆ ਸੀ। ਜੋ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਦੇ ਸਨ। ਕੁਝ ਸਮੇਂ ਬਾਅਦ ਇਹ ਯੋਜਨਾਂ ਬੰਦ ਹੋ ਗਈ ਤੇ ਸਰਕਾਰ ਨੇ ਇਨਾਂ ਅਧਿਆਪਕਾਂ ਨੂੰ ਫਾਰਗ ਕਰ ਦਿੱਤਾ। ਬੇਰੁਜ਼ਗਾਰੀ ਹੱਥੋਂ ਸਤਾਏ ਇਨਾਂ ਅਧਿਆਪਕਾਂ ਸੰਘਰਸ਼ ਦਾ ਰਾਹ ਚੁਣ ਲਿਆ। ਇਸ ਸੰਘਰਸ਼ ਦੌਰਾਨ ਜਲਾਲਾਬਾਦ ਦੀ ਰਹਿਣ ਵਾਲੀ ਕਿਰਨਜੀਤ ਕੌਰ ਨੇ ਟੈਂਕੀ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਉਸ ਸਮੇਂ ਸਰਕਾਰ ਨੇ ਅਧਿਆਪਕਾਂ ਨੂੰ ਵਾਇਦਾ ਦਿੱਤਾ ਸੀ ਕਿ ਉਹ ਈ ਟੀ ਟੀ ਕੋਰਸ ਕਰ ਲੈਂਣ ਤਾਂ ਸਰਕਾਰ ਉਨਾਂ ਨੂੰ ਨੌਂਕਰੀਆਂ ਦੇ ਦੇਵੇਗੀ। ਇਨਾਂ ਅਧਿਆਪਕਾਂ ਨੇ ਸਰਕਾਰੀ ਡਾਈਟਾਂ ਵਿਚ ਈ ਟੀ ਟੀ ਦਾ ਕੋਰਸ ਕਰ ਲਿਆ। ਕੋਰਸ ਪੂਰਾ ਹੋਂਣ 'ਤੇ ਜਦੋਂ ਇਹ ਅਧਿਆਪਕ ਸਰਕਾਰ ਦੇ ਦਰਬਾਰ ਨੌਂਕਰੀ ਲੈਂਣ ਪੁੱਜੇ ਤਾਂ ਸਰਕਾਰ ਨੇ ਆਪਣੇ ਵਾਅਦੇ ਤੋਂ ਪਲਟਦਿਆਂ 'ਟੈਟ' ਪਾਸ ਕਰਨ ਦੀ ਸ਼ਰਤ ਰੱਖ ਦਿੱਤੀ। ਅਧਿਆਪਕਾਂ ਨੇ ਰੋਣਾਂ ਰੋਇਆ ਕਿ ਉਨਾਂ ਦਾ ਕੀਮਤੀ ਸਮਾਂ ਤਾਂ ਪਹਿਲਾਂ ਹੀ ਪੜਾਈ, ਧਰਨਿਆਂ ਤੇ ਈ ਟੀ ਟੀ ਦੀ ਭੇਂਟ ਚੜ ਚੁੱਕਾ ਹੈ ਤੇ ਨਾਲੇ ਟੈਟ ਦੀ ਸ਼ਰਤ ਸਰਕਾਰ ਅਤੇ ਅਧਿਆਪਕਾਂ ਦੇ ਸਮਝੌਤੇ 'ਚ ਸ਼ਾਮਲ ਹੀ ਨਹੀਂ ਸੀ।
ਪਰ ਇਨਾਂ ਦਲੀਲਾਂ ਦਾ ਸਰਕਾਰ 'ਤੇ ਕੋਈ ਅਸਰ ਨਾ ਹੋਇਆ। ਫਾਕੇ ਕੱਟਦੇ ਅਧਿਆਪਕ ਮੁੱਖ ਮੰਤਰੀ ਦੇ ਮਗਰ-ਮਗਰ ਫਿਰਦੇ ਰਹੇ ਪਰ ਕਿਸੇ ਨੇ ਉਨਾਂ ਦੀ ਗੱਲ ਨਾ ਸੁਣੀ ਤੇ ਅੰਤ 'ਚ ਟੈਂਕੀ 'ਤੇ ਚੜ ਕੇ ਹੀ ਹੱਕ ਲੈਂਣਾ ਇਨਾਂ ਨੂੰ ਆਖਰੀ ਰਸਤਾ ਸੁੱਝਿਆ। ਛੇ ਦਿਨ ਤੋਂ ਅਧਿਆਪਕ–ਅਧਿਆਪਕਾਵਾਂ ਵਰਦੇ ਕੋਹਰੇ 'ਚ ਹੱਕ ਮੰਗ ਰਹੇ ਹਨ। ਧੁੰਦੂਕਾਰੇ ਵਿਚ ਆਸਮਾਨ 'ਚੋ ਟਪਕਦੀਆਂ ਤ੍ਰੇਲ ਦੀਆਂ ਸ਼ੀਤ ਬੂੰਦਾਂ ਅਧਿਆਪਕਾਂ ਦੇ ਮਨਾਂ 'ਚ ਬਲ ਰਹੀ ਜਵਾਲਾ ਨੂੰ ਠੰਢਾ ਨਹੀਂ ਕਰ ਪਾ ਰਹੀਆਂ। ਅਧਿਆਪਕ ਵਰਗ ਮੌਤ ਦੇ ਝੂਲੇ 'ਤੇ ਝੂਲ ਕੇ ਹੱਕ ਮੰਗ ਰਿਹੈ ਤੇ ਸਰਕਾਰ ਲੰਮੀਆਂ ਤਾਣ ਕੇ ਸੁੱਤੀ ਹੋਈ ਹੈ। ਸ਼ਾਇਦ, ਸਰਕਾਰੀ ਤੰਤਰ ਕਿਸੇ ਹੋਣੀ ਦੀ ਉਡੀਕ ਵਿਚ ਹੈ, ਕਿਉਂਕਿ ਅਧਿਆਪਕ ਐਲਾਨ ਕਰ ਚੁੱਕੇ ਹਨ ਕਿ ਜਦ ਤੱਕ ਨੋਟੀਫਿਕੇਸ਼ਨ ਜ਼ਾਰੀ ਨਹੀਂ ਹੁੰਦਾ ਉਹ ਟੈਂਕੀ ਤੋਂ ਨਹੀਂ ਉਤਰਣਗੇ, ਜੇ ਇੰਝ ਨਾ ਹੋਇਆ ਜਾਂ ਸਰਕਾਰ ਨੇ ਕੋਈ ਧੱਕੇਸ਼ਾਹੀ ਕੀਤੀ ਤਾਂ ਉਹ ਆਤਮਦਾਹ ਤੋਂ ਵੀ ਨਹੀਂ ਝਿਜਕਣਗੇ। ਇਨਾਂ ਛੇ ਦਿਨਾਂ 'ਚ ਕੋਈ ਵੀ ਵੱਡਾ ਰਾਜਸੀ ਨੇਤਾ ਉੱਥੇ ਨਹੀਂ ਅੱਪੜਿਆ (ਇੱਕਾ-ਦੁੱਕਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਛੱਡ ਕੇ)।
ਹੋਰ ਤਾਂ ਹੋਰ ਕਿਸੇ ਕਾਂਗਰਸੀ ਨੇ ਵੀ ਇਹ ਮੁੱਦਾ ਨਹੀਂ ਉਠਾਇਆ। ਹੋਣਾ ਇਹ ਚਾਹੀਦਾ ਸੀ ਕਿ ਫੌਰੀ ਉਨਾਂ ਅਧਿਆਪਕਾਂ ਨੂੰ ਮਨਾਇਆ ਜਾਂਦਾ। ਕੋਈ ਕਮੇਟੀ ਬਣਾ ਕੇ ਅਧਿਆਪਕਾਂ ਦੀ ਮੰਗ ਦੀ ਨਜ਼ਰਸਾਨੀ ਕੀਤੀ ਜਾਂਦੀ। ਜੇ ਸਰਕਾਰ ਨੇ ਵਾਅਦਾ-ਖਿਲਾਫ਼ੀ ਕੀਤੀ ਹੈ ਤਾਂ ਫਿਰ ਬਿਨਾ ਦੇਰੀ ਇਨਾਂ ਨੂੰ ਨੌਂਕਰੀ ਦਿੱਤੀ ਜਾਂਦੀ। ਪਰ ਅਫਸੋਸ ਅਜਿਹਾ ਨਹੀਂ ਹੋਇਆ, ਸ਼ਇਦ ਇਹ ਸਿਆਸੀ ਨਜ਼ਰਾਂ 'ਚ ਆਮ ਗੱਲ ਹੈ। ਸਮਾਜ ਸੇਵੀ ਜੱਥੇਬੰਦੀਆਂ ਵੀ ਹਾਲੇ ਤੱਕ ਇਸ ਮਾਮਲੇ 'ਤੇ ਸਮਾਜ ਸੇਵੀ ਜੱਥੇਬੰਦੀਆਂ ਵੀ ਹਾਲੇ ਤੱਕ ਇਸ ਮਾਮਲੇ 'ਤੇ ਖਾਮੋਸ਼ ਹਨ। ਇਹ ਹੱਕਾਂ ਦੀ ਹੀ ਨਹੀਂ ਮਾਨਵੀ ਜਿੰਦਾਂ ਦੀ ਵੀ ਨਜ਼ਰਅੰਦਾਜ਼ੀ ਹੈ।
ਕੁਝ ਦਿਨ ਪਹਿਲਾਂ ਸਰਕਾਰ ਨੇ ਕਰੋੜਾਂ ਰੁਪਏ ਫੂਕ ਕੇ ਉਦਯੋਗਪਤੀਆਂ ਦਾ ਸੰਮੇਲਨ ਕਰਵਾ ਕੇ ਹੁੰਕਾਰ ਭਰੀ ਸੀ ਕਿ 65 ਹਜ਼ਾਰ ਕਰੋੜ ਦਾ ਨਿਵੇਸ਼ ਸੂਬੇ ਦੇ ਵਾਰੇ-ਨਿਆਰੇ ਕਰ ਦੇਵੇਗਾ। ਇਨਾਂ ਅਧਿਆਪਕਾਂ ਦੀ ਦਰਦੁਸ਼ਾ ਦੇਖ ਤਾਂ ਲੱਗਦਾ ਹੈ ਕਿ ਉਦਯੋਗਾਂ ਦੇ ਨਾਅਰੇ 'ਉੱਚੀ ਦੁਕਾਨ ਫਿੱਕੇ ਪਕਵਾਨ' ਹੀ ਲੱਗਦੇ ਹਨ। ਇਸ ਨੂੰ ਸਮੇਂ ਦੀ ਸਿਤਮ ਜ਼ਰੀਫੀ ਆਖੀਏ ਜਾਂ ਸਿਆਸਤ ਦਾ ਸੱਚ ਕਿ ਉਸ ਸਰਕਾਰ ਦੇ ਰਾਜ ਵਿਚ ਪੰਜਾਬ ਦੀਆਂ ਧੀਆਂ ਹੱਥਾਂ 'ਚ ਸਲਫਾਸ ਫੜ, ਟੈਂਕੀਆਂ 'ਤੇ ਚੜ ਕੇ ਬੈਠੀਆਂ ਹਨ, ਜਿਸ ਸਰਕਾਰ ਨੇ ਨੰਨੀ ਛਾਂ ਦਾ ਨਾਅਰਾ ਦਿੱਤਾ ਸੀ।
No comments:
Post a Comment