ਨਵੀਂ ਦਿੱਲੀ-ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਦੇ 5ਵੇਂ ਮੁੱਖ ਮੰਤਰੀ ਦੇ ਰੂਪ 'ਚ 28 ਦਸੰਬਰ ਨੂੰ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਦੇ ਨਾਲ ਰਾਮਲੀਲਾ ਮੈਦਾਨ 'ਚ ਦੁਪਹਿਰ 12 ਵਜੇ ਸਹੁੰ ਚੁੱਕਣਗੇ। ਸੁਰੱਖਿਆ ਕਾਰਨਾਂ ਕਰਕੇ ਰਾਮਲੀਲਾ ਮੈਦਾਨ ਨੂੰ ਸੀਲ ਕਰ ਦਿੱਤਾ ਹੈ। ਦਿੱਲੀ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਬਣਨ ਜਾ ਰਹੇ ਕੇਜਰੀਵਾਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀ ਮਨੀਸ਼ ਸਿਸੌਦਿਆ, ਸੋਮਨਾਥ ਭਾਰਤ, ਰਾਖੀ ਬਿਡਲਾ, ਸਤਿਆਏਂਦਰ ਜੈਨ, ਸੌਰਭ ਭਾਰਦਵਾਜ ਅਤੇ ਗਿਰੀਸ਼ ਸੋਨੀ ਸਹੁੰ ਸਮਾਰੋਹ ਦੇ ਲਈ ਮੈਟਰੋ ਰੇਲ ਰਾਹੀਂ ਰਾਮਲੀਲਾ ਮੈਦਾਨ ਜਾਣਗੇ। ਸਾਲ 1993 'ਚ ਦਿੱਲੀ 'ਚ ਮੁੜ ਵਿਧਾਨ ਸਭਾ ਗਠਿਤ ਹੋਣ ਤੋਂ ਬਾਅਦ ਇਹ ਪਹਿਲਾਂ ਮੌਕਾ ਹੋਵੇਗਾ ਕਿ ਸਹੁੰ ਚੁੱਕ ਸਮਾਰੋਹ ਖੁੱਲ੍ਹੇ 'ਚ ਆਯੋਜਿਤ ਕੀਤਾ ਜਾ ਰਿਹਾ। ਉਨ੍ਹਾਂ ਨੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਦੇ ਲਈ ਦਿੱਲੀ ਦੀ ਜਨਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ, ਦਿੱਲੀ ਦੀ ਜਨਤਾ ਮੁੱਖ ਮੰਤਰੀ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਮੇਰੇ ਕੋਲੋਂ ਸਹੁੰ ਚੁੱਕ ਸਮਾਰੋਹ ਦੇ ਲਈ ਪਾਸ ਦੀ ਮੰਗ ਕਰ ਰਹੇ ਹਨ, ਕਿਸੇ ਨੂੰ ਪਾਸ ਦੀ ਲੋੜ ਨਹੀਂ ਹੈ, ਸਾਰਿਆਂ ਦਾ ਸੁਆਗਤ ਹੈ, ਇਹ ਤੁਹਾਡਾ ਪ੍ਰੋਗਰਾਮ ਹੈ। ਮੇਰਾ ਪਰਿਵਾਰ ਵੀ ਜਨਤਾ 'ਚ ਬੈਠੇਗਾ। ਉਨ੍ਹਾਂ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਨਾਲ ਵੀ ਗੱਲ ਕੀਤੀ ਅਤੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਪਰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ ਸਮਾਰੋਹ 'ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ। ਉਥੇ ਹੀ ਕੇਜਰੀਵਾਲ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਐਤਵਾਰ ਦੁਪਹਿਰ 2 ਵਜੇ ਹੋਵੇਗੀ।