ਮੋਹਾਲੀ, (ਨਿਆਮੀਆਂ)-ਜੇ. ਸੀ. ਬੀ. ਮਸ਼ੀਨ ਘੋਟਾਲੇ ਵਿਚ ਭ੍ਰਿਸ਼ਟਾਚਾਰ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਸਮੇਤ ਸਾਰੇ ਪੰਜਾਂ ਦੋਸ਼ੀਆਂ ਨੂੰ ਵੀਰਵਾਰ ਨੂੰ ਮੋਹਾਲੀ ਦੀ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ। ਮਈ 2002 ਵਿਚ ਨਿਰਮਲ ਸਿੰਘ ਕਾਹਲੋਂ, ਆਈ. ਏ. ਐੱਸ. ਅਧਿਕਾਰੀ ਜੇ. ਐੱਸ. ਕੇਸਰ, ਇੰਜੀਨੀਅਰ ਬਲਦੇਵ ਸਿੰਘ, ਅਮਿਤ ਸੂਦ ਅਤੇ ਅਮਿਤ ਭਾਟੀਆ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਵਿਜੀਲੈਂਸ ਵਿਭਾਗ ਨੇ ਜੇ. ਸੀ. ਬੀ. ਮਸ਼ੀਨਾਂ ਦੀ ਖਰੀਦ ਵਿਚ ਹੋਏ ਘੋਟਾਲੇ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਮੋਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਮਾਣਯੋਗ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਵਿਚ ਚੱਲ ਰਿਹਾ ਸੀ।
ਕਾਹਲੋਂ ਅਤੇ ਹੋਰ ਵਲੋਂ ਉਨ੍ਹਾਂ ਦੇ ਵਕੀਲ ਸਤਨਾਮ ਸਿੰਘ ਕਲੇਰ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਵੀਰਵਾਰ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਸਾਰੇ ਪੰਜ ਦੋਸ਼ੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਵੱਖ-ਵੱਖ ਗਵਾਹ ਆਪਣੇ ਬਿਆਨਾਂ ਤੋਂ ਮੁਕਰਦੇ ਰਹੇ, ਜਿਸ ਕਾਰਨ ਕੇਸ ਕਮਜ਼ੋਰ ਪੈਂਦਾ ਗਿਆ। ਬਰੀ ਹੋਣ ਤੋਂ ਬਾਅਦ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਵਿਸ਼ਵਾਸ਼ ਸੀ। ਇਸ ਲਈ ਇਸ ਮਾਮਲੇ ਦੀ ਜਾਂਚ ਦੌਰਾਨ ਪੂਰਨ ਸਹਿਯੋਗ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਬਦਲੇ ਦੀ ਭਾਵਨਾ ਨਾਲ ਅਕਾਲੀਆਂ ਦੇ ਵਿਰੁੱਧ ਕਈ ਮਾਮਲੇ ਦਰਜ ਕੀਤੇ ਸਨ, ਜੋ ਕਿ ਇਕ-ਇਕ ਕਰਕੇ ਅਦਾਲਤਾਂ ਵਿਚ ਆਉਂਦੇ ਗਏ ਅਤੇ ਸਾਰੇ ਦੋਸ਼ੀ ਬਰੀ ਹੁੰਦੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਉਨ੍ਹਾਂ ਦੇ ਪਰਿਵਾਰ ਵਿਰੁੱਧ ਵੀ ਅਜਿਹੇ ਹੀ ਝੂਠੇ ਮਾਮਲੇ ਦਰਜ ਹੋਏ ਸਨ। ਬਾਅਦ ਵਿਚ ਸਾਰੇ ਮਾਮਲੇ ਝੂਠੇ ਸਿੱਧ ਹੋਏ ਅਤੇ ਸਾਰਿਆਂ ਨੂੰ ਇਨਸਾਫ਼ ਮਿਲਿਆ।
ਇਹ ਸੀ ਮਾਮਲਾ
ਸਾਲ 2002 ਵਿਚ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 103 ਜੇ. ਸੀ. ਬੀ. ਮਸ਼ੀਨਾਂ ਦੀ ਖਰੀਦ ਵਿਚ ਕਥਿਤ ਘੋਟਾਲੇ ਦੇ ਦੋਸ਼ ਵਿਚ ਸਾਬਕਾ ਕੈਬਨਿਟ ਮੰਤਰੀ ਨਿਰਮਲ ਸਿੰਘ ਕਾਹਲੋਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 420, 467, 120ਬੀ ਅਤੇ ਭ੍ਰਿਸ਼ਟਾਚਾਰ ਐਕਟ ਦੀ ਧਾਰਾ-13 (1) ਅਤੇ (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਸ਼ੀਨਾਂ 13 ਕਰੋੜ 75 ਲੱਖ ਵਿਚ ਫੀਸਦੀ ਖਰੀਦੀ ਗਈ ਸੀ। ਪਹਿਲਾਂ ਦੌਰ ਵਿਚ 18, ਦੂਜੇ ਦੌਰ ਵਿਚ 35 ਅਤੇ ਆਖਰੀ ਦੌਰ ਵਿਚ 50 ਮਸ਼ੀਨਾਂ ਖਰੀਦੀਆਂ ਗਈਆਂ ਸਨ। 17 ਮਾਰਚ 2009 ਨੂੰ ਇਸ ਮਾਮਲੇ ਵਿਚ ਦੋਸ਼ ਤੈਅ ਹੋਏ।