ਆਪਣੀ ਬੇਟੀਆਂ ਦੇ ਅਗਵਾ ਕਰਨ ਵਿਚ ਸਹਿਯੋਗ ਕਰਨ ਦਾ  ਲਗਾਇਆ ਦੋਸ਼
ਜਲੰਧਰ,---ਡੀ. ਸੀ. ਦਫਤਰ ਵਿਚ ਦੁਪਹਿਰ ਨੂੰ ਮਾਹੌਲ ਇਕਦਮ ਬਦਲ ਗਿਆ, ਜਦੋਂ ਇਕ ਔਰਤ ਨੇ ਐੱਸ. ਡੀ. ਐੱਮ. ਦਫਤਰ ਵਿਚ ਆਟਾ ਦਾਲ ਸਕੀਮ ਦੇ ਕਲੇਮ ਫਾਰਮਾਂ ਦੀ ਡਿਊਟੀ ਕਰਨ ਵਾਲੇ ਇਕ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਕਮਲ ਵਿਹਾਰ ਨਿਵਾਸੀ ਮਾਲਤੀ ਅਤੇ ਉਸਦੇ ਪਤੀ ਸ਼ਿਵਚਰਨ ਨੇ ਦੋਸ਼ ਲਗਾਇਆ ਕਿ ਉਸਦੀਆਂ ਦੋ ਬੇਟੀਆਂ ਦਾ 20 ਨਵੰਬਰ ਨੂੰ ਰੋਹਿਤ ਅਤੇ ਬਾਬਾ ਨਾਮਕ ਦੋ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ ਅਤੇ ਅੱਜ ਉਹ ਆਪਣੀਆਂ ਅਗਵਾ ਬੇਟੀਆਂ ਦੇ ਮਾਮਲੇ ਵਿਚ ਪੁਲਸ ਅਧਿਕਾਰੀਆਂ ਨੂੰ ਮਿਲਣ ਪਹੁੰਚੇ ਸਨ ਕਿ  ਉਨ੍ਹਾਂ ਦੀ ਨਜ਼ਰ ਮੋਹਿਤ ਨਾਮਕ ਨੌਜਵਾਨ 'ਤੇ ਪਈ ਜੋ ਕਿ ਰੋਹਿਤ ਅਤੇ ਬਾਬਾ ਦਾ ਦੋਸਤ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਕਤ ਨੌਜਵਾਨ ਨੂੰ ਆਪਣੀਆਂ ਬੇਟੀਆਂ ਬਾਰੇ ਪੁੱਛਿਆ ਤਾਂ ਉਹ ਦੱਸਣ ਦੀ ਬਜਾਇ ਡੀ. ਸੀ. ਦਫਤਰ ਵਲ ਭੱਜ ਗਿਆ, ਜਿਸ 'ਤੇ ਉਨ੍ਹਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।  ਉਧਰ ਮੋਹਿਤ ਨੇ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿਚ ਉਸਦਾ ਕੋਈ ਕਸੂਰ ਨਹੀਂ ਹੈ, ਉਹ ਤਾਂ ਮੁਹੱਲੇ ਦਾ ਹੋਣ ਕਰਕੇ ਉਨ੍ਹਾਂ ਦੀ ਜ਼ਮਾਨਤ ਦੇਣ ਗਿਆ ਸੀ। ਉਧਰ ਘਟਨਾ ਸੰਬੰਧੀ ਪਤਾ ਚਲਦਿਆਂ  ਹੀ ਥਾਣਾ ਬਾਰਾਂਦਰੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮੋਹਿਤ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣੇ ਚਲੇ ਗਏ। ਉਧਰ ਦੋਹਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਥਾਣਾ ਬਾਰਾਂਦਰੀ ਦੀ ਪੁਲਸ ਨੇ ਦੋਹਾਂ ਧਿਰਾਂ ਖਿਲਾਫ  ਕਰਾਸ ਮਾਮਲਾ ਦਰਜ ਕਰ ਲਿਆ।