www.sabblok.blogspot.com
ਚੰਡੀਗੜ੍ਹ 20 ਦਸੰਬਰ (ਅਜਾਇਬ ਸਿੰਘ ਔਜਲਾ)-ਅੱਜ ਇਥੇ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੇ ਰੈਲੀ ਗਰਾਊਂਡ ਚੰਡੀਗੜ੍ਹ ਵਿਖੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ 'ਚ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਮੌਕੇ ਅਧਿਆਪਕਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਸਿੱਖਿਆ ਮੰਤਰੀ ਨੇ ਡੀ. ਪੀ. ਆਈ. ਪੰਜਾਬ ਦਰਸ਼ਨ ਕੌਰ ਨੂੰ ਰੋਸ ਰੈਲੀ 'ਚ ਭੇਜ ਕੇ ਸੁਨੇਹਾ ਦਿੱਤਾ ਕਿ ਯੂਨੀਅਨ ਨੂੰ 8 ਜਨਵਰੀ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਦਾ ਸਮਾਂ ਦਿੱਤਾ ਗਿਆ ਹੈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸ: ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਏਡਿਡ ਸਕੂਲਾਂ ਦੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਸੂਬੇ ਦੇ ਕਰੀਬ ਚਾਰ ਹਜ਼ਾਰ ਏਡਿਡ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ 'ਚ ਮਰਜ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਪਰ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਮੰਗ ਪ੍ਰਤੀ ਪੂਰੀ ਤਰ੍ਹਾਂ ਅਵੇਸਲੀ ਹੈ। ਸ: ਚਾਹਲ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਨੇ ਏਡਿਡ ਸਕੂਲਾਂ ਦੇ ਸਟਾਫ਼ ਨੂੰ ਸਰਕਾਰੀ ਸਕੂਲਾਂ 'ਚ ਸ਼ਿਫ਼ਟ ਕਰ ਲਿਆ ਹੈ। ਸੂਬਾ ਸਕੱਤਰ ਸ੍ਰੀ ਐਨ. ਐਨ. ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ 'ਚ ਤਬਦੀਲ ਕਰਨ ਨਾਲ ਕੋਈ ਵਿੱਤੀ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਦੇ ਸਾਰੇ ਮਸਲਿਆਂ ਦਾ ਇਕੋ ਹੱਲ ਸਰਕਾਰੀ ਸਹਾਇਤਾ ਪ੍ਰਾਪਤ ਅਸਾਮੀਆਂ 'ਤੇ ਕੰਮ ਕਰਦੇ ਸਟਾਫ਼ ਨੂੰ ਸਰਕਾਰੀ ਸਕੂਲਾਂ 'ਚ ਖ਼ਾਲੀ ਅਸਾਮੀਆਂ 'ਤੇ ਸ਼ਿਫ਼ਟ ਕਰਨਾ ਹੈ। ਇਸ ਮੌਕੇ ਯੂਨੀਅਨ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਢੀਂਡਸਾ ਨੇ ਯੂਨੀਅਨ ਦੀਆਂ ਹੋਰ ਮੰਗਾਂ ਬਾਰੇ ਦੱਸਿਆ। ਇਸ ਮੌਕੇ ਹਜ਼ਾਰਾਂ ਅਧਿਆਪਕਾਂ ਨੇ ਸੈਕਟਰ-17 ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ, ਜਿਸ ਨੂੰ ਪੁਲਿਸ ਨੇ ਬੈਰੀਗੇਡ ਲਗਾ ਕੇ ਰਸਤੇ 'ਚ ਹੀ ਰੋਕ ਦਿੱਤਾ। ਸਰਕਾਰ ਵੱਲੋਂ ਗੱਲਬਾਤ ਦੇ ਭਰੋਸੇ ਤੋਂ ਬਾਅਦ ਯੂਨੀਅਨ ਨੇ 8 ਜਨਵਰੀ ਤੱਕ ਸੰਘਰਸ਼ ਮੁਲਤਵੀ ਕੀਤਾ ਹੈ।
ਦਫ਼ਾ 144 ਕਾਰਨ ਰੈਲੀ ਦਾ ਸਥਾਨ ਬਦਲਿਆ
ਯੂਨੀਅਨ ਵੱਲੋਂ ਪਹਿਲਾਂ ਸੈਕਟਰ-17 'ਚ ਇਹ ਰੈਲੀ ਰੱਖੀ ਗਈ ਸੀ ਪਰ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਸੈਕਟਰ-17 ਦੀ ਰੈਲੀ ਵਾਲੀ ਥਾਂ 'ਤੇ ਦਫ਼ਾ 144 ਲਗਾ ਦੇਣ ਕਾਰਨ ਯੂਨੀਅਨ ਨੇ ਇਹ ਰੈਲੀ ਸੈਕਟਰ-25 'ਚ ਰੈਲੀ ਗਰਾਊਂਡ ਵਿਖੇ ਤਬਦੀਲ ਕੀਤੀ।
ਦਫ਼ਾ 144 ਕਾਰਨ ਰੈਲੀ ਦਾ ਸਥਾਨ ਬਦਲਿਆ
ਯੂਨੀਅਨ ਵੱਲੋਂ ਪਹਿਲਾਂ ਸੈਕਟਰ-17 'ਚ ਇਹ ਰੈਲੀ ਰੱਖੀ ਗਈ ਸੀ ਪਰ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਸੈਕਟਰ-17 ਦੀ ਰੈਲੀ ਵਾਲੀ ਥਾਂ 'ਤੇ ਦਫ਼ਾ 144 ਲਗਾ ਦੇਣ ਕਾਰਨ ਯੂਨੀਅਨ ਨੇ ਇਹ ਰੈਲੀ ਸੈਕਟਰ-25 'ਚ ਰੈਲੀ ਗਰਾਊਂਡ ਵਿਖੇ ਤਬਦੀਲ ਕੀਤੀ।
No comments:
Post a Comment