www.sabblok.blogspot.com
-ਕਿਹਾ “ਜਿਹਨਾਂ ਕੋਲ ਰਹਿਣ ਦਾ ਅਧਿਕਾਰ ਨਹੀਂ, ਓਹ ਵਾਪਸ ਜਾਣੇ ਚਾਹੀਦੇ ਹਨ।”
-ਚਿੜੀ ਚੂਕਦੀ ਨਾਲ 5 ਵਜੇ ਸਵੇਰੇ ਮਾਰਿਆ ਛਾਪਾ।
-3 ਬੈੱਡਰੂਮ ਘਰ ਵਿੱਚ ਰਹਿ ਰਹੇ ਸਨ 14 ਬੰਦੇ, ਸਾਰੇ ਹੀ ਜਾਅਲੀ ਪ੍ਰਵਾਸੀ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਕਸਬੇ ਸਾਊਥਾਲ ਦੀ ਬੀਤੇ ਸਮੇਂ ਵਿੱਚ ਵੀ ਘਰਾਂ ਦੇ ਪਿਛਵਾੜੇ ਕੀਤੀਆਂ ਨਾਜਾਇਜ ਉਸਾਰੀਆਂ ਦੀ ਕਾਫੀ ਚਰਚਾ ਹੋਈ ਸੀ। ਅੱਜ ਉਸ ਸਮੇਂ ਫਿਰ ਸਾਊਥਾਲ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ ਹਾਲਤ ਘਰ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ 10 ਇਮੀਗ੍ਰੇਸ਼ਨ ਅਧਿਕਾਰੀਆਂ ਦੀ ਟੀਮ ਨਾਲ ਸਵੇਰੇ 5 ਵਜੇ ਖੁਦ ਛਾਪਾ ਮਾਰਿਆ। ਇਸ ਬੇਹੱਦ ਘਟੀਆ ਹਾਲਤ ਵਾਲੇ ਘਰ ਵਿੱਚ 14 ਵਿਅਕਤੀ ਰਹਿ ਰਹੇ ਸਨ। ਜਿਹਨਾਂ ਨੇ ਆਪਣੇ ਬਿਸਤਰੇ ਫਰਸ਼, ਵਰਾਂਡੇ, ਰਸੋਈ ਅਤੇ ਬਗੀਚੀ ਵਿਚਲੇ ਵਾਧੂ ਸਮਾਨ ਰੱਖਣ ਵਾਲੇ ਸ਼ੈੱਡ ਵਿੱਚ ਲਗਾਏ ਹੋਏ ਸਨ। ਪ੍ਰਧਾਨ ਮੰਤਰੀ ਨੇ ਖੁਦ ਦੇਖਿਆ ਕਿ ਘਰ ਦੇ ਪਰਦੇ, ਫਰਸ਼ ਦਾ ਕਾਰਪੈਟ ਆਦਿ ਮਿੱਟੀ ਘੱਟੇ ਨਾਲ ਲਬਰੇਜ਼ ਸਨ ਅਤੇ ਘਰ ਮੁਕੰਮਲ ਤੌਰ Ḕਤੇ ਰਿਹਾਇਸ਼ ਯੋਗ ਨਹੀਂ ਸੀ। ਸਿਤਮ ਦੀ ਗੱਲ ਇਹ ਸੀ ਕਿ ਬਿਨਾਂ ਮਨਜੂਰੀ ਤੋਂ ਘਰ ਦੀਆਂ ਚਾਰ ਕੰਧਾਂ ‘ਚੋਂ ਇੱਕ ਕੰਧ ਢਾਹ ਕੇ ਕਮਰਾ ਖੁੱਲ੍ਹਾ ਕੀਤਾ ਹੋਇਆ ਸੀ ਅਤੇ ਨੀਲਾ ਪਰਦਾ ਤਾਣ ਕੇ ‘ਆਰਜੀ ਕੰਧ’ ਕੀਤੀ ਹੋਈ ਸੀ। ਇਸ ਘਰ ਦੀ ਹਾਲਤ ਨੂੰ ਦੇਖਦਿਆਂ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ “ਬਰਤਾਨੀਆ ਸਖਤ ਮਿਹਨਤੀ ਲੋਕਾਂ ਨੂੰ ਹਮੇਸ਼ਾ ਹੀ ਸਵਾਗਤ ਕਹਿੰਦਾ ਆਇਆ ਹੈ ਪਰ ਅਸੀਂ ਉਹਨਾਂ ਲੋਕਾਂ ਦੇ ਹਮੇਸ਼ਾ ਹੀ ਖਿਲਾਫ਼ ਹਾਂ ਜੋ ਕਾਨੂੰਨ ਨੂੰ ਤੋੜਦੇ ਹਨ।” ਇਸ ਛਾਪੇ ਦੌਰਾਨ 20 ਤੋਂ 60 ਸਾਲ ਦੀ ਉਮਰ ਦੇ 3 ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਬਾਰੇ ਕਾਰਵਾਈ ਚੱਲ ਰਹੀ ਹੈ। ਜਿਹਨਾਂ ਵਿੱਚੋਂ ਦੋ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਬਾਕੀ ਜਾਅਲੀ ਢੰਗ ਨਾਲ ਲਾਰੀਆਂ ਵਿੱਚ ਛੁਪ ਕੇ ਇੰਗਲੈਂਡ ਆਏ ਹੋਏ ਹਨ। ਬੁਲਾਰੇ ਨੇ ਦੱਸਿਆ ਕਿ ਹਜਾਰਾਂ ਹੀ Ḕਠੱਗ ਮਾਲਕḔ ਆਪਣੇ ਟੁੱਟੇ ਫੁੱਟੇ ਘਰਾਂ ਜਾਂ ਘਰਾਂ ਦੇ ਪਿਛਵਾੜੇ ਬਣੇ ਗੈਰੇਜ ਉਹਨਾਂ ਲੋਕਾਂ ਨੂੰ ਗੈਰਕਾਨੂੰਨੀ ਤੌਰ Ḕਤੇ ਕਿਰਾਏ Ḕਤੇ ਦੇ ਦਿੰਦੇ ਹਨ ਜਿਹਨਾਂ ਕੋਲ ਇੰਗਲੈਂਡ ਵਿੱਚ ਰਹਿਣ ਦੀ ਕਾਨੂੰਨੀ ਇਜ਼ਾਜ਼ਤ ਨਹੀਂ ਹੁੰਦੀ। ਇਸ ਕਾਰਵਾਈ ਤੋਂ ਬੇਹੱਦ ਨਿਰਾਸ਼ ਹੋ ਕੇ ਡੇਵਿਡ ਕੈਮਰਨ ਨੇ ਕਿਹਾ ਕਿ “ਹੁਣ ਇਹ ਜਰੂਰੀ ਹੋ ਗਿਆ ਹੈ ਕਿ ਜਆਲੀ ਪ੍ਰਵਾਸੀ ਵਾਪਸ ਭੇਜੇ ਜਾਣ ਜਿਹਨਾਂ ਨੂੰ ਇੱਥੇ ਰਹਿਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ।” ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਇਮੀਗ੍ਰੇਸ਼ਨ ਬਿਲ ਪਾਸ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਹਰ ਮਕਾਨ ਮਾਲਕ ਨੂੰ ਆਪਣੇ ਕਿਰਾਏਦਾਰਾਂ ਬਾਰੇ ਪੜਤਾਲ ਕਰਨੀ ਹੋਵੇਗੀ। ਨਹੀਂ ਤਾਂ ਇਸ ਬਿਲ ਦੀ ਅਣਦੇਖੀ ਕਰਨ ਵਾਲੇ ਮਕਾਨ ਮਾਲਕਾਂ ਨੂੰ ਭਾਰੀ ਜ਼ੁਰਮਾਨੇ ਕੀਤੇ ਜਾਣਗੇ। ਈਲਿੰਗ ਕੌਂਸਲ ਦਾ ਕਹਿਣਾ ਹੈ ਕਿ ‘ਸ਼ੈੱਡਾਂ ਵਿੱਚ ਬਿਸਤਰੇ ਲਗਾਉਣ ਦੀ ਇਸ ਖੇਡ’ ਕਾਰਨ ਇਸ ਏਰੀਏ ਦੀ ਵਸੋਂ ਵਿੱਚ ਇਸ ਸਾਲ 60 ਹਜਾਰ ਤੋਂ 4 ਲੱਖ ਲੋਕਾਂ ਦਾ ਇਜ਼ਾਫਾ ਹੋਇਆ ਹੈ।
ਜਿੱਥੇ ਪ੍ਰਧਾਂਨ ਮੰਤਰੀ ਦੀ ਇਸ ਅਚਨਚੇਤੀ ਫੇਰੀ ਦੀ ਸਾਰਾ ਦਿਨ ਚਰਚਾ ਬਣੀ ਰਹੀ ਉੱਥੇ ਜਾਅਲੀ ਪ੍ਰਵਾਸੀਆਂ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਇੱਕ ਪ੍ਰਧਾਨ ਮੰਤਰੀ ਦਾ ਖੁਦ ਛਾਪੇ ਦੌਰਾਨ ਹਾਜ਼ਰ ਹੋਣਾ ਨੇੜ ਭਵਿੱਖ ਵਿੱਚ ਜਾਅਲੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋਣ ਦੇ ਸੰਕੇਤ ਵਜੋਂ ਲਿਆ ਜਾ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਵੀ ਰਹੀ ਕਿ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਸਵੇਰੇ 5 ਵਜੇ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰਦਾ ਫਿਰ ਰਿਹਾ ਹੈ ਜਦੋਂਕਿ ਸਾਡੇ ਦੇਸ਼ ਦੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਨੂੰ ਆਪਣੇ ਫਰਜ਼ ਵਿਸਰੇ ਹੋਏ ਹਨ। ਜ਼ਿਕਰਯੋਗ ਹੈ ਕਿ ਛਾਪਾਮਾਰ ਟੀਮ ਨੇ ਇਸ ਛਾਪੇ ਦਾ ਨਾਂ “ਬੈੱਡਜ਼ ਇਨ ਸ਼ੈੱਡਜ਼” (ਸੈਂਡਾਂ ਵਿੱਚ ਬਿਸਤਰੇ) ਰੱਖਿਆ ਹੋਇਆ ਸੀ।
No comments:
Post a Comment