ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ 'ਤੇ ਬਿਰਾਜਮਾਨ ਹੋ ਜਾਣਗੇ। ਇਸ ਦੌਰਾਨ ਕੇਜਰੀਵਾਲ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਦਿੱਲੀ ਸਰਕਾਰ ਦੇ ਅਫਸਰਾਂ ਦੇ ਚਿਹਰੇ 'ਤੇ ਡਰ ਦੇਖਿਆ ਜਾ ਰਿਹਾ ਹੈ, ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੇਜਰੀਵਾਲ ਉੁਨ੍ਹਾਂ ਦੇ ਕੰਮਾਂ ਦੀ ਬਰੀਕੀ ਨਾਲ ਜਾਂਚ-ਪੜਤਾਲ ਕਰਨਗੇ ਅਤੇ ਕਸੂਰਵਾਰ ਲੋਕਾਂ ਨੂੰ ਸਖਤ ਸਜ਼ਾ ਭੁਗਤਣੀ ਪੈ ਸਕਦੀ ਹੈ। ਨਤੀਜੇ ਵਜੋਂ ਉਨ੍ਹਾਂ ਨੇ ਆਪਣੇ ਕੰਮਾਂ ਦੇ ਘਾਲੇ-ਮਾਲੇ ਨਾਲ ਸੰਬੰਧਤ ਦਸਤਾਵੇਜ਼ ਗਾਇਬ ਕਰਨੇ ਸ਼ੁਰੂ ਕਰ ਦਿੱਤੇ ਹਨ। ਇਕ ਨਿੱਜੀ  ਚੈੱਨਲ ਨੇ ਆਪਣੇ ਸਟਿੰਗ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕੇਜਰੀਵਾਲ ਦੇ ਸੀ. ਐੱਮ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਫਸਰ ਕਿਸ ਤਰ੍ਹਾਂ ਬਦਲੀਆਂ ਕਰਵਾ ਰਹੇ ਹਨ। ਸਟਿੰਗ 'ਚ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਦੇ ਓ. ਐੱਸ. ਡੀ. ਸਾਹਮਣੇ ਹੀ ਉਨ੍ਹਾਂ ਦੇ ਕਰਮਚਾਰੀਆਂ ਨੂੰ ਫਾਈਲਾਂ 'ਚੋਂ ਕਾਗਜ਼ ਕੱਢ ਕੇ ਪਾੜਦੇ ਦਿਖਾਇਆ ਗਿਆ ਹੈ।
ਦੂਜੇ ਪਾਸੇ ਸਟਿੰਗ 'ਚ ਦਿੱਲੀ ਜਲ ਬੋਰਡ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ ਗਏ ਹਨ। ਇਸ ਸਟਿੰਗ 'ਚ ਦਿੱਲੀ ਜਲ ਬੋਰਡ ਦੇ ਮੁੱਖ ਅਧਿਕਾਰੀ ਸੀ. ਬੀ. ਓ. ਨੇ ਮੰਨਿਆ ਹੈ ਕਿ ਜਲ ਬੋਰਡ 'ਚ ਕਈ ਅਧਿਕਾਰੀ ਤੇ ਕਰਮਚਾਰੀ ਭ੍ਰਿਸ਼ਟਾਚਾਰ ਦੀ ਗ੍ਰਿਫਤ 'ਚ ਹਨ। ਸੀ. ਬੀ. ਓ. ਦੇ ਪੀ. ਏ. ਮੁਤਾਬਕ ਦਿੱਲੀ ਜਲ ਬੋਰਡ ਨੇ ਸਿਰਫ ਮੀਟਿੰਗ ਦੌਰਾਨ ਹੋਏ ਲੰਚ 'ਤੇ ਹੀ ਕਰੋੜਾਂ ਰੁਪਏ ਖਰਚ ਕਰ ਦਿੱਤੇ ਹਨ। ਪੀ. ਏ. ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਜਲ ਬੋਰਡ ਦੇ ਹੇਠਲੇ ਪੱਧਰ ਦੇ ਕਰਮਚਾਰੀਆਂ ਕੋਲ ਮਹਿੰਗੀਆਂ ਕਾਰਾਂ ਹਨ, ਜੋ ਭ੍ਰਿਸ਼ਟਾਚਾਰ ਦਾ ਨਤੀਜਾ ਹਨ। ਇਸ ਸਟਿੰਗ 'ਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਅਧਿਕਾਰੀ ਕੇਜਰੀਵਾਲ ਤੋਂ ਖੌਫ ਖਾ ਕੇ ਆਪਣੀ ਬਦਲੀ ਕਰਵਾਉਣ ਵਿਚ ਲੱਗੇ ਹਨ। ਕੁਝ ਦੀ ਤਾਂ ਬਦਲੀ ਵੀ ਹੋ ਗਈ ਹੈ।