www.sabblok.blogspot.com

24 ਦਸੰਬਰ ਇਕ ਲੜਕੀ ਨੂੰ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਤਹਿਤ ਅੱਜ ਦੇਰ ਸ਼ਾਮ ਪੁਲਿਸ ਨੇ ਪੰਜਾਬੀ ਲੋਕ ਗਾਇਕ ਨਛੱਤਰ ਗਿੱਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ਕਰੀਬ 6 ਮਹੀਨੇ ਪਹਿਲਾਂ ਪੁਲਿਸ ਨੇ ਹੈਬੋਵਾਲ ਦੀ ਰਹਿਣ ਵਾਲੀ ਲੜਕੀ ਦੀ ਸ਼ਿਕਾਇਤ 'ਤੇ ਨਛੱਤਰ ਗਿੱਲ ਅਤੇ ਉਸਦੇ ਤਿੰਨ ਹੋਰ ਸਾਥੀਆਂ ਖਿਲਾਫ਼ ਜਬਰ ਜਨਾਹ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਨਛੱਤਰ ਗਿੱਲ ਨਾਲ ਉਸ ਦੀ ਮੁਲਾਕਾਤ ਜਲੰਧਰ ਵਿਚ ਸਾਲ 2006 ਵਿਚ ਇਕ ਪ੍ਰੋਗਰਾਮ ਦੌਰਾਨ ਹੋਈ ਸੀ | ਉਥੇ ਦੋਵਾਂ ਨੇ ਇਕ ਦੂਜੇ ਦੇ ਫੋਨ ਨੰਬਰ ਲਏ ਅਤੇ ਬਾਅਦ ਵਿਚ ਲਗਾਤਾਰ ਇਕ ਦੂਜੇ ਦੇ ਸੰਪਰਕ ਵਿਚ ਰਹੇ | ਲੜਕੀ ਨੇ ਦੱਸਿਆ ਕਿ ਕਥਿਤ ਦੋਸ਼ੀ ਉਸਨੂੰ ਚੰਡੀਗੜ੍ਹ ਸਮੇਤ ਕਈ ਹੋਰ ਸ਼ਹਿਰਾਂ ਵਿਚ ਲਿਜਾ ਕੇ ਜਬਰ ਜਨਾਹ ਕਰਦਾ ਰਿਹਾ | ਨਛੱਤਰ ਗਿੱਲ ਦੇ ਸਾਥੀਆਂ ਉਤੇ ਲੜਕੀ ਨਾਲ ਵਿਦੇਸ਼ਾਂ ਦੇ ਹੋਟਲਾਂ ਵਿਚ ਲਿਜਾ ਕੇ ਜਬਰ ਜਨਾਹ ਕਰਨ ਦੇ ਦੋਸ਼ ਵੀ ਹਨ | ਪ੍ਰਭਾਵਿਤ ਲੜਕੀ ਨੇ ਪੁਲਿਸ ਸ਼ਿਕਾਇਤ ਵਿਚ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਵੀ ਲੈ ਲਏ ਸਨ | ਉਸ ਦੱਸਿਆ ਕਿ ਗਿੱਲ ਨੇ ਉਸਨੂੰ ਮਾਡਲ ਬਣਾਉਣ ਦਾ ਝਾਂਸਾ ਵੀ ਦਿੱਤਾ ਅਤੇ ਇਸ ਆੜ ਵਿਚ ਹੀ ਉਹ ਉਸ ਨਾਲ ਲੰਮਾ ਸਮਾਂ ਜਬਰ ਜਨਾਹ ਕਰਦਾ ਰਿਹਾ | ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ ਪਹਿਲਾਂ ਸਾਰੇ ਮਾਮਲੇ ਦੀ ਤਕਰੀਬਨ ਚਾਰ ਮਹੀਨੇ ਤੱਕ ਜਾਂਚ ਪੜਤਾਲ ਕੀਤੀ ਗਈ | ਪੁਲਿਸ ਨੇ ਨਛੱਤਰ ਗਿੱਲ ਨੂੰ ਪੁੱਛਗਿੱਛ ਲਈ ਬੁਲਾਇਆ ਸੀ | ਅੱਜ ਸ਼ਾਮ ਜਦੋਂ ਨਛੱਤਰ ਗਿੱਲ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਹੋਇਆ ਤਾਂ ਪੁਲਿਸ ਨੇ ਉਸਨੂੰ ਗਿ੍ਫ਼ਤਾਰ ਕਰ ਲਿਆ | ਦੇਰ ਰਾਤ ਪੁਲਿਸ ਕਮਿਸ਼ਨਰ ਸ: ਨਿਰਮਲ ਸਿੰਘ ਢਿੱਲੋਂ ਨੇ ਨਛੱਤਰ ਗਿੱਲ ਨੂੰ ਗਿ੍ਫ਼ਤਾਰ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗਿੱਲ ਨੂੰ ਗਿ੍ਫ਼ਤਾਰ ਕਰਨ ਉਪਰੰਤ ਉਸ ਪਾਸੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ |




No comments:
Post a Comment