ਭੂੰਗਾ/ਹਰਿਆਣਾ/ਟਾਂਡਾ, (ਭਟੋਆ, ਰੱਤੀ, ਜੌੜਾ, ਮੋਮੀ, ਸ਼ਰਮਾ, ਕੁਲਦੀਸ਼, ਸਮੀਰ, ਪੱਪੂ, ਗੁਪਤਾ)-ਬੀਤੀ ਰਾਤ ਜ਼ਿਲਾ ਹੁਸ਼ਿਆਰਪੁਰ ਦੇ ਭੂੰਗਾ ਅਤੇ ਟਾਂਡਾ ਨੇੜੇ ਅੱਡਾ ਸਰਾਂ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਵਿਚੋਂ ਚੋਰ ਲੱਗਭਗ 23.7 ਲੱਖ ਰੁਪਏ ਚੋਰੀ ਕਰਕੇ ਕੇ ਲੈ ਗਏ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਥਾਣਾ ਹਰਿਆਣਾ ਦੇ ਅਧੀਨ ਪਿੰਡ ਭੂੰਗਾ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ 2 ਚੋਰ ਲੱਗਭਗ 14.95 ਲੱਖ ਰੁਪਏ ਚੋਰੀ ਕਰਕੇ ਲੈ ਗਏ। ਇਸ ਸਬੰਧ ਵਿਚ ਪੁਲਸ ਚੌਕੀ ਭੂੰਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਏ. ਟੀ. ਐੱਮ. ਦੇ ਸ਼ਟਰ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਜਦੋਂ ਸਵੇਰੇ ਮੁਲਾਜ਼ਮ ਤਾਲਾ ਖੋਲ੍ਹਣ ਗਿਆ ਤਾਂ ਉਸ ਨੇ ਚੋਰੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਜਗਮੋਹਨ ਸਿੰਘ ਐੱਸ. ਪੀ. ਡੀ., ਹਰਵਿੰਦਰ ਸਿੰਘ ਡੀ. ਐੱਸ. ਪੀ., ਬਿਕਰਮਜੀਤ ਸਿੰਘ ਐੱਸ. ਐੱਚ. ਓ. ਹਰਿਆਣਾ, ਹਰਲੀਨ ਸਿੰਘ ਐੱਸ. ਐੱਚ. ਓ. ਬੁਲ੍ਹੋਵਾਲ, ਸੁਲੱਖਣ ਸਿੰਘ ਇੰਸਪੈਕਟਰ ਸੀ. ਆਈ. ਏ. ਸਟਾਫ਼, ਮਲਕੀਤ ਸਿੰਘ ਪੁਲਸ ਚੌਕੀ ਇੰਚਾਰਜ ਭੂੰਗਾ, ਫਿੰਗਰ ਪ੍ਰਿੰਟ ਮਾਹਿਰ ਟੀਮ ਅਤੇ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮ ਮੌਜੂਦ ਸਨ। ਇਸ ਸਬੰਧ ਵਿਚ ਪੁਲਸ ਨੇ ਧਾਰਾ 457,380 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਟਾਂਡਾ-ਹੁਸ਼ਿਆਰਪੁਰ ਸੜਕ 'ਤੇ ਸਥਿਤ ਅੱਡਾ ਸਰਾਂ ਵਿਖੇ ਬੀਤੀ ਅੱਧੀ ਰਾਤ ਤੋਂ ਬਾਅਦ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਕਰੀਬ 8.12 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।