jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਆਮ ਆਦਮੀ ਪਾਰਟੀ ਵਰਗੀ ਸਿੱਖਾਂ ਨੂੰ ਇਨਸਾਫ ਦੇਣ ਦਾ ਵਿਸ਼ਵਾਸ਼ ਦਿਵਾਉਣ ਵਾਲੀ ਪਾਰਟੀ ਦਾ ਸਮਰਥਨ ਕੀਤਾ ਜਾਵੇ: ਭਾਈ ਗੁਰਬਖ਼ਸ਼ ਸਿੰਘ, ਭਾਈ ਚੀਮਾ

www.sabblok.blogspot.com

ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ 20 ਦਿਨ ਲੰਘ ਜਾਣ ਬਾਅਦ ਵੀ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕੀ: ਭਾਈ ਚੈਨ ਸਿੰਘ ਧਾਲੀਵਾਲ
ਬਠਿੰਡਾ, 3 ਦਸੰਬਰ (ਕਿਰਪਾਲ ਸਿੰਘ): ਕਾਂਗਰਸ ਦੀ ਕੇਂਦਰ ਸਰਕਾਰ ਤਾਂ ਸਿੱਖਾਂ ਨਾਲ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਉ ਕਰਦੀ ਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਆਪਣੇ ਘਰ ਪੰਜਾਬ, ਜਿਸ ਵਿੱਚ ਇਸ ਵੇਲੇ ਸਿੱਖਾਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਸਿੱਖਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੀ ਭਾਜਪਾ ਦੀ ਸਾਂਝੀ ਸਰਕਾਰ ਹੈ; ਵੀ ਸਿੱਖ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਅਣਦੇਖਿਆਂ ਕਰਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ। ਇਹ ਸ਼ਬਦ, ਅਦਾਲਤ ਵੱਲੋਂ ਸੁਣਾਈ ਗਈ ਸਜਾ ਨਾਲੋਂ ਕਿਤੇ ਵੱਧ ਸਮਾਂ ਕੱਟਣ ਦੇ ਬਾਵਯੂਦ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਪਿਛਲੇ 20 ਦਿਨਾਂ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਅਤੇ ਉਨ੍ਹਾਂ ਕੋਲ ਬੈਠੇ ਭਾਈ ਹਰਪਾਲ ਸਿੰਘ ਚੀਮਾ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਸਮੁੱਚੇ ਦੇਸ਼ ਵਿੱਚ ਅਜਿਹਾ ਇੱਕ ਵੀ ਕੇਸ ਨਹੀਂ ਹੈ ਜਿੱਥੇ ਸਜਾ ਪੂਰੀ ਹੋਣ ਪਿੱਛੋਂ ਵੀ ਕਿਸੇ ਕੈਦੀ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਗਿਆ ਹੋਵੇ। ਉਨ੍ਹਾਂ ਕਿਹਾ ਮੁੱਖ ਤੌਰ ’ਤੇ ਜਿਨ੍ਹਾਂ ਪੰਜ ਅਜਿਹੇ ਕੈਦੀਆਂ ਨੂੰ ਰਿਹਾਅ ਕਰਵਾਉਣ ਦੀ ਭਾਈ ਗੁਰਬਖ਼ਸ਼ ਸਿੰਘ ਨੇ ਮੰਗ ਰੱਖੀ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜਾ ਜਾਫਤਾ ਹੈ ਉਨ੍ਹਾਂ ਵਿੱਚੋਂ ਚਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਚਾਰਾਂ ਵਿੱਚੋਂ ਤਿੰਨ; ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਹੇ ਭਾਈ ਲਖਵਿੰਦਰ ਸਿੰਘ, ਭਾਈ ਸਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਪਿਛਲੇ 18 ਸਾਲਾਂ ਤੋਂ ਬੂੜੈਲ ਜੇਲ੍ਹ ਵਿੱਚ ਬੰਦ ਹਨ ਅਤੇ ਟਾਡਾ ਅਧੀਨ ਉਮਰ ਕੈਦ ਦੀ ਸਜਾ ਜਾਫਤਾ ਭਾਈ ਲਾਲ ਸਿੰਘ ਪਿਛਲੇ 20 ਸਾਲਾਂ ਤੋਂ ਹਾਈ ਸਕਿਉਰਟੀ ਜੇਲ੍ਹ ਨਾਭਾ ਵਿੱਚ ਬੰਦ ਹਨ। ਪੰਜਵਾਂ ਭਾਈ ਗੁਰਦੀਪ ਸਿੰਘ ਟਾਡਾ ਅਧੀਨ ਪਿਛਲੇ 23 ਸਾਲਾਂ ਤੋਂ ਕਰਨਾਟਕਾ ਦੀ ਜੇਲ੍ਹ ਵਿੱਚ ਬੰਦ ਹੈ। ਦੇਸ਼ ਦੇ ਪ੍ਰਚਲਤ ਕਾਨੂੰਨਾਂ ਅਤੇ ਜੇਲ੍ਹ ਨਿਯਮਾਂ ਅਨੁਸਾਰ ਉਮਰ ਕੈਦ ਵਾਲਾ ਕੈਦੀ ਵੱਧ ਤੋਂ ਵੱਧ 14 ਸਾਲ ਦੀ ਸਜਾ ਕੱਟਣ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਕੇਸਾਂ ਵਿੱਚ ਨਿਯਮਤ ਸਮੇਂ ਤੋਂ 4 ਤੋਂ 9 ਸਾਲ ਵੱਧ ਸਜਾ ਕੱਟਣ ਉਪ੍ਰੰਤ ਵੀ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਦਾ ਨਾਮ ਨਹੀਂ ਲੈ ਰਹੀ। ਭਾਈ ਗੁਰਬਖ਼ਸ਼ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਡੀਜੀਪੀ ਜੇਲ੍ਹਾਂ, ਪੰਜਾਬ, ਸ਼੍ਰੀ ਸ਼ਸ਼ੀਕਾਂਤ ਜਿਨ੍ਹਾਂ ਨੂੰ ਜੇਲ੍ਹ ਕਾਨੂੰਨਾਂ ਦੀ ਸਾਰੀ ਜਾਣਕਾਰੀ ਹੈ; ਅਨੁਸਾਰ ਜੇ ਸੂਬੇ ਦਾ ਮੁੱਖ ਮੰਤਰੀ ਚਾਹੇ ਤਾਂ ਸਜਾ ਪੂਰੀ ਹੋਣ ਉਪ੍ਰੰਤ ਸਿਰਫ ਇੱਕ ਦਿਨ ਵਿੱਚ ਕਾਰਵਾਈ ਮੁਕੰਬਲ ਕਰਕੇ ਕੈਦੀਆਂ ਨੂੰ ਰਿਹਾ ਕਰ ਸਕਦਾ ਹੈ; ਅਤੇ ਪਿਛਲੇ ਸਮੇਂ ਵਿੱਚ ਅਜਿਹੇ ਕਈ ਕੈਦੀ ਰਿਹਾਅ ਕੀਤੇ ਵੀ ਸਨ। ਉਨ੍ਹਾਂ ਕਿਹਾ ਫਿਰ ਸਮਝ ਨਹੀਂ ਆਉਂਦੀ ਕਿ ਉਕਤ ਚਾਰ ਸਿੰਘ, ਜਿਹੜੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਪੀੜਤਾਂ ਦੇ ਪ੍ਰਵਾਰ ਵੱਲੋਂ ਹਰ ਚਾਰਾਜੋਰੀ ਕਰਨ ਉਪ੍ਰੰਤ ਵੀ ਸਿੱਖਾਂ ਦੀ ਹਿਤੈਸ਼ੀ ਕਹਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਰਿਹਾਅ ਕਿਉਂ ਨਹੀਂ ਕਰ ਰਹੀ? ਉਨ੍ਹਾਂ ਕਿਹਾ ਜਿਹੜਾ ਅਕਾਲੀ ਦਲ (ਬ), ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਫਰਾਂਸ ਵਿੱਚ ਏਅਰ ਪੋਰਟ ’ਤੇ ਸੁਰੱਖਿਆ ਕਾਰਣਾਂ ਕਰਕੇ ਦਸਤਾਰ ਲਾਹ ਕੇ ਤਲਾਸ਼ੀ ਦੇਣ ਲਈ ਕਹਿਣ ’ਤੇ ਤੁਰੰਤ ਦਿੱਲੀ ਵਿਖੇ ਅੰਬੈਂਸੀ ਅੱਗੇ ਧਰਨੇ ਮੁਜਾਹਰੇ ਅਤੇ ਵਿਖਾਵੇ ਕਰਨ ਲਈ ਪਹੁੰਚ ਜਾਂਦਾ ਹੈ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ 9-9 ਸਾਲਾਂ ਤੋਂ ਨਜਾਇਜ਼ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਧਰਨੇ ਮੁਜਾਹਰੇ ਅਤੇ ਵਿਖਾਵੇ ਤਾਂ ਕੀ ਕਰਨੇ ਸਨ; ਪਿਛਲੇ 20 ਦਿਨਾਂ ਤੋਂ ਭਾਈ ਗੁਰਬਖ਼ਸ਼ ਸਿੰਘ ਭੁੱਖ ਹੜਤਾਲ ’ਤੇ ਬੈਠੇ ਹੋਏ ਹੋਣ ਦੇ ਬਾਵਯੂਦ ਉਨ੍ਹਾਂ ਵੱਲੋਂ ਰੱਖੀ ਗਈ ਜਾਇਜ਼ ਮੰਗ ਦਾ ਸਮਰਥਨ ਕਰਨ ਲਈ ਇੱਕ ਬਿਆਨ ਤੱਕ ਨਹੀਂ ਦਿੱਤਾ। ਇਸ ਤੋਂ ਪਤਾ ਲਗਦਾ ਹੈ ਕਿ ਅਕਾਲੀ ਨੇਤਾਵਾਂ ਨੂੰ ਸਿਰਫ ਆਪਣੇ ਨਿਜੀ ਹਿੱਤ ਹੀ ਪਿਆਰੇ ਹਨ ਜਦੋਂ ਕਿ ਬਾਕੀ ਸਿੱਖਾਂ ਦੀ ਸਾਰ ਲੈਣ ਦੀ ਉਹ ਕੋਈ ਲੋੜ ਹੀ ਨਹੀਂ ਸਮਝਦੇ। ਉਨ੍ਹਾਂ ਕਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਨਾਲ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਹਾਰ ਕਰ ਰਿਹਾ ਹੈ ਤਾਂ ਇਸ ਦਲ ਵੱਲੋਂ ਦੂਸਰੀਆਂ ਪਾਰਟੀਆਂ ਨੂੰ ਦੋਸ਼ੀ ਠਹਿਰਾਉਣਾ ਸਿਰਫ ਮਗਰ ਮੱਛ ਦੇ ਹੰਝੂ ਵਹਾਉਣ ਦੇ ਬਰਾਬਰ ਹੈ। ਭਾਈ ਗੁਰਬਖ਼ਸ਼ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖਾਂ ਨੂੰ ਚਾਹੀਦਾ ਹੈ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ ਸਬਕ ਸਿਖਾਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਰਗੀ ਸਿੱਖਾਂ ਨੂੰ ਇਨਸਾਫ ਦੇਣ ਦਾ ਵਿਸ਼ਵਾਸ਼ ਦਿਵਾਉਣ ਵਾਲੀ ਪਾਰਟੀ ਦਾ ਸਮਰਥਨ ਕਰਨ ਤਾ ਕਿ ਸ਼ਾਇਦ ਇਨ੍ਹਾਂ ਦੇ ਬੋਲ਼ੇ ਕੰਨਾਂ ਤੱਕ ਸਿੱਖਾਂ ਦੇ ਦਰਦ ਦੀ ਅਵਾਜ਼ ਪਹੁੰਚ ਸਕੇ।
ਟਰਾਂਟੋ (ਕੈਨੇਡਾ) ਤੋਂ ਫੋਨ ’ਤੇ ਗੱਲ ਕਰਦਿਆਂ ਭਾਈ ਚੈਨ ਸਿੰਘ ਧਾਲੀਵਾਲ ਨੇ ਭਾਈ ਗੁਰਬਖ਼ਸ਼ ਸਿੰਘ ਅਤੇ ਹਰਪਾਲ ਸਿੰਘ ਚੀਮਾ ਦੇ ਸੁਝਾਉ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿੰਨੇ ਦੁੱਖ ਅਤੇ ਹੈਰਾਨਗੀ ਦੀ ਗੱਲ ਹੈ ਕਿ ਜਿਸ ਸਿੱਖ ਕੌਮ ਦੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਵੱਲੋਂ ਸੈਦਪੁਰ ’ਤੇ ਕੀਤੇ ਹਮਲੇ ਦੌਰਾਨ ਆਮ ਲੋਕਾਂ ਦਾ ਕਤਲੇਆਮ ਅਤੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ’ਤੇ ਪੀੜਤਾਂ ਲਈ ਹਾਅਦਾ ਨਾਹਰਾ ਮਾਰਦਿਆਂ ਬਾਬਰ ਨੂੰ ਜ਼ਾਬਰ ਕਹਿ ਕੇ ਲਲਕਾਰਿਆ; ਜਿਸ ਕਾਰਣ ਉਨ੍ਹਾਂ ਨੂੰ ਬਾਬਰ ਦੀ ਜੇਲ੍ਹ ਵਿੱਚ ਬੰਦ ਵੀ ਰਹਿਣਾ ਪਿਆ, ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਦੂਸਰੇ ਧਰਮ ਨੂੰ ਮੰਨਣ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਅਜਾਦੀ ਲਈ ਆਪਣੀ ਸ਼ਹੀਦੀ ਦਿੱਤੀ; ਉਨ੍ਹਾਂ ਸਿੱਖਾਂ ਦੇ ਆਗੂ ਆਪਣੇ ਹੀ ਕੌਮ ਦੇ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਅਜਾਦੀ ਲਈ ਆਪਣੇ ਨਿਜੀ ਹਿੱਤਾਂ ਕਾਰਣ ਆਵਾਜ਼ ਕੱਢਣ ਤੋਂ ਵੀ ਅਸਮਰਥ ਹੋਏ ਪਏ ਹਨ। ਭਾਈ ਚੈਨ ਸਿੰਘ ਨੇ ਕਿਹਾ ਚਾਹੀਦਾ ਤਾਂ ਇਹ ਸੀ ਕਿ ਜਿਸ ਤਰ੍ਹਾਂ ਜਹਾਂਗੀਰ ਵਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤੇ ਜਾਣ ’ਤੇ ਸਿੱਖਾਂ ਦੇ ਜਥੇ ਕੀਰਤਨ ਕਰਦੇ ਹੋਏ ਗਵਾਲੀਅਰ ਦੇ ਕਿਲੇ ਤੱਕ ਉਸ ਸਮੇਂ ਤੱਕ ਜਾਣੇ ਜਾਰੀ ਰਹੇ ਜਦ ਤੱਕ ਜਹਾਂਗੀਰ ਨੇ 52 ਪਹਾੜੀ ਰਾਜਿਆਂ ਸਮੇਤ ਗੁਰੂ ਸਾਹਿਬ ਜੀ ਨੂੰ ਰਿਹਾਅ ਨਹੀਂ ਕੀਤਾ; ਉਸੇ ਤਰ੍ਹਾਂ ਸਜਾ ਪੂਰੀ ਹੋਣ ਤੋਂ ਬਾਅਦ ਵੀ ਨਜਾਇਜ਼ ਤੌਰ ’ਤੇ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਿੱਖਾਂ ਦੇ ਜਥੇ ਜਾਣੇ ਜਾਰੀ ਰਹਿੰਦੇ। ਪਰ ਦੁੱਖ ਦੀ ਗੱਲ ਹੈ ਕਿ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ 20 ਦਿਨ ਲੰਘ ਜਾਣ ਬਾਅਦ ਵੀ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਕੇ ਸਿੱਖਾਂ ਦੀਆਂ ਅੱਖਾਂ ਵਿੱਚੋਂ ਹੰਝੂ ਕਢਾਉਣ ਵਾਲੇ ਪ੍ਰਚਾਰਕਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਸੀ ਕਿ ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਸਾਰੇ ਗੁਰਦੁਆਰਿਆਂ ਵਿੱਚੋਂ ਮਤੇ ਪਾਸ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜਦੇ ਕਿ ਉਹ ਆਪਣੇ ਰੁਤਬੇ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਦਬਾਉ ਬਣਾਉਣ ਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਜਾਇਜ਼ ਤੌਰ ’ਤੇ ਬੰਦੀ ਬਣਾ ਕੇ ਰੱਖੇ ਸਿੰਘਾਂ ਨੂੰ ਫੌਰਨ ਰਿਹਾਅ ਕੀਤਾ ਜਾਵੇ ਅਤੇ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਉਥੋਂ ਦੀਆਂ ਸੂਬਾ ਸਰਕਾਰਾਂ ’ਤੇ ਦਬਾਉ ਬਣਾੳਣ ਤਾ ਕਿ ਭਾਈ ਗੁਰਬਖ਼ਸ਼ ਸਿੰਘ ਦੀ ਕੀਮਤੀ ਜਾਨ ਬਚਾਈ ਜਾ ਸਕੇ। ਪਰ ਹੈਰਾਨੀ ਹੈ ਕਿ ਹੁਣ ਤੱਕ ਕਿਸੇ ਇੱਕ ਵੀ ਗੁਰਦੁਆਰਾ ਕਮੇਟੀ ਨੇ ਇਹ ਪਹਿਲ ਕਦਮੀ ਨਹੀਂ ਕੀਤੀ। ਭਾਈ ਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਔਨਟੋਰੀਓ ਖ਼ਾਲਸਾ ਦਰਬਾਰ ਗੁਰਦੁਆਰਾ ਸਾਹਿਬ ਡਿਕਸੀ ਰੋਡ, ਮਿਸੀਸਾਗਾ (ਟਰਾਂਟੋ) ਦੇ ਪ੍ਰਧਾਨ ਸ: ਅਵਤਾਰ ਸਿੰਘ ਪੂਨੀਆ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਬਰੈਂਪਟਨ ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਚੱਠਾ ਅਤੇ ਔਨਟੋਰੀਓ ਸਿੱਖਸ ਗੁਰਦੁਆਰਾ ਕੌਂਸਿਲ ਦੇ ਮੈਂਬਰ ਮਲਕੀਤ ਸਿੰਘ ਸੈਣੀ ਨੂੰ ਆਪਣੀਆਂ ਆਪਣੀਆਂ ਕਮੇਟੀਆਂ ਵੱਲੋਂ ਮਤੇ ਪਾਸ ਕਰਕੇ ਭੇਜਣ ਲਈ ਬੇਨਤੀ ਕੀਤੀ ਤਾਂ ਉਹ ਸਾਰੇ ਹੀ ਮੇਰੇ ਸੁਝਾਉ ਨਾਲ ਸਹਿਮਤ ਹੋਏ ਤੇ ਇਸ ਕੰਮ ਲਈ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ। ਭਾਈ ਚੈਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਬੰਧ ਵਿੱਚ ਮਤੇ ਪਾਸ ਕਰਨ ਤੋਂ ਕੋਈ ਵੀ ਨਾਂਹ ਨਹੀਂ ਕਰੇਗਾ ਪਰ ਸਾਡੀ ਕੌਮ ਇੰਨੀ ਗੂੜ੍ਹੀ ਨੀਂਦ ਵਿੱਚ ਸੁੱਤੀ ਪਈ ਹੈ ਕਿ ਹਰ ਕੰਮ ਲਈ ਉਨ੍ਹਾਂ ਨੂੰ ਹਲੂਣਾ ਦੇ ਕੇ ਜਗਾਉਣ ਦੀ ਲੋੜ ਹੈ। ਇਸ ਲਈ ਸਾਰੇ ਜਾਗਰੂਕ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਨੇੜੇ ਦੇ ਗੁਰਦੁਆਰਾ ਕਮੇਟੀਆਂ ਨੂੰ ਹਲੂਣਾ ਦੇ ਕੇ ਜਗਾਉਣ ਤੇ ਵੱਧ ਤੋਂ ਵੱਧ ਸਿੱਖਾਂ ਸਮੇਤ 4 ਦਸੰਬਰ ਨੂੰ ਕੱਢੇ ਜਾ ਰਹੇ ਮਾਰਚ ਵਿੱਚ ਸ਼ਮੂਲੀਅਤ ਕਰਨ ਤੇ ਭਾਈ ਗੁਰਬਖ਼ਸ਼ ਸਿੰਘ ਨੂੰ ਸਮੇਂ ਸਮੇਂ ’ਤੇ ਮਿਲਕੇ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਭਰੋਸਾ ਦਿਵਾਉਣ। ਇਸ ਮਨੁੱਖੀ ਅਧਿਕਾਰ ਦੇ ਕਾਰਜ਼ ਵਿੱਚ ਇੰਨੀ ਦੇਰੀ ਨਹੀਂ ਕਰਨੀ ਚਾਹੀਦੀ ਕਿ ‘ਈਦ ਲੰਘੀ ਪਿੱਛੋਂ ਕਿਸੇ ਨੇ ਤੰਬਾ ਫੂਕਣਾ ਹੈ?’ ਦੀ ਕਹਾਵਤ ਵਾਂਗ ਸਮਾਂ ਲੰਘ ਜਾਣ ’ਤੇ ਸਾਨੂੰ ਆਪਣੀ ਸੁਸਤੀ ਅਤੇ ਖ਼ੁਦਗਰਜੀ ’ਤੇ ਪਛੁਤਾਉਣਾ ਨਾ ਪਵੇ।

No comments: