ਜ਼ਿਕਰਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਸਨ। ਇਸ ਦੌਰਾਨ ਵੀਰਵਾਰ ਅਤੇ ਸ਼ੁੱਕਰਵਾਰ ਦੀ ਵਿਚਕਾਰਲੀ ਰਾਤ ਨੂੰ ਮੋਹਾਲੀ ਦੀ ਪੁਲਸ ਸਾਦਾ ਕੱਪੜਿਆਂ 'ਚ ਆ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਜ਼ਬਰੀ ਚੁੱਕ ਕੇ ਲੈ ਗਈ ਅਤੇ ਫੇਜ਼-6 ਦੇ ਇਕ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਸ. ਪੀਰ ਮੁਹੰਮਦ ਨੇ ਦੱਸਿਆ ਕਿ ਇਸ ਤੋਂ ਪਿੱਛੋਂ ਖਾਲਸਾ ਨੂੰ ਪਹਿਲਾਂ ਰੋਪੜ ਲਿਜਾਇਆ ਗਿਆ ਅਤੇ ਉੱਥੋਂ ਕਪੂਰਥਲਾ ਦੀ ਜੇਲ੍ਹ 'ਚ ਭਿਜਵਾ ਦਿੱਤਾ ਗਿਆ ਹੈ। ਫੈਡਰੇਸ਼ਨ ਆਗੂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਮੂਹ ਪੰਥਕ ਜੱਥੇਬੰਦੀਆਂ ਅਤੇ ਸੰਤ ਸਮਾਜ 'ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਸਾਰੇ ਮਾਹੌਲ 'ਤੇ ਵਿਚਾਰ ਕਰਨ ਲਈ ਪੰਥਕ ਜੱਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਸ਼ੁੱਕਰਵਾਰ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਹੋਵੇਗੀ, ਜਿਸ 'ਚ ਅਗਲੇ ਐਕਸ਼ਨ ਪਲਾਨ ਲਈ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ 'ਚ ਫੈਡਰੇਸ਼ਨ ਤੋਂ ਇਲਾਵਾ ਦਮਦਮੀ ਟਕਸਾਲ ਦੇ ਦੋਵੇਂ ਗਰੁੱਪ, ਅਖੰਡ ਕੀਰਤਨੀ ਜੱਥਾ, ਭਾਈ ਬਲਜੀਤ ਸਿੰਘ ਦਾਦੂਵਾਲ ਦੀ ਪੰਥਕ ਪ੍ਰਚਾਰ ਲਹਿਰ, ਭਾਈ ਮੋਹਕਮ ਸਿੰਘ ਦੀ ਯੂਨਾਈਟਿਡ ਸਿੱਖ ਮੂਵਮੈਂਟ, ਖਾਲਸਾ ਪੰਚਾਇਤ, ਅਕਾਲੀ ਦਲ ਪੰਚ ਪ੍ਰਧਾਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ ਗਰੁੱਪ) ਤੋਂ ਇਲਾਵਾ ਸੰਤ ਸਮਾਜ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਣਗੇ।
ਭਾਈ ਗੁਰਬਖਸ਼ ਸਿੰਘ ਮੰਗ ਕਰ ਰਹੇ ਹਨ ਕਿ ਪਿਛਲੇ ਸਾਲਾਂ ਦੌਰਾਨ ਜਿੰਨੇ ਵੀ ਨੌਜਵਾਨਾਂ ਅਤੇ ਹੋਰ ਸਿੱਖਾਂ ਨੂੰ ਫੜ੍ਹ ਕੇ ਜੇਲ੍ਹਾਂ 'ਚ ਰੱਖਿਆ ਗਿਆ ਹੈ, ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਹ ਮੰਗ ਵੀ ਉਠਾਈ ਜਾ ਰਹੀ ਹੈ ਕਿ ਜਿਹੜੇ ਸਿੱਖ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ 'ਚ ਡੱਕੇ ਹੋਏ ਹਨ, ਉਨ੍ਹਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਪਿਛਲੇ ਦਿਨੀਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਅੰਮਿਤਸਰ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਭਾਈ ਗੁਰਬਖਸ਼ ਸਿੰਘ ਦੀ ਹਮਾਇਤ 'ਚ ਰਵਾਨਾ ਕੀਤੇ ਗਏ ਮਾਰਚ ਨੂੰ ਅੰਮ੍ਰਿਤਸਰ ਦੀ ਪੁਲਸ ਨੇ ਰੋਕ ਲਿਆ ਸੀ ਤਾਂ ਉਸ ਵੇਲੇ ਵੀ ਟਕਰਾਅ ਵਰਗੀ ਸਥਿਤੀ ਪੈਦਾ ਹੋ ਗਈ ਸੀ, ਜਦੋਂ ਕਿ ਕੁਝ ਸਮੇਂ ਬਾਅਦ ਪ੍ਰਸ਼ਾਸਨ ਨੇ ਉਸ ਮਾਰਚ ਨੂੰ ਰਵਾਨਾ ਹੋਣ ਦੀ ਇਜਾਜ਼ਤ ਦੇ ਦਿੱਤੀ ਅਤੇ ਉਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਮਰਨ ਵਰਤ 'ਤੇ ਬੈਠੇ ਗੁਰਬਖਸ਼ ਸਿੰਘ ਖਾਲਸਾ ਤੱਕ ਪਹੁੰਚਣ 'ਚ ਕਾਮਯਾਬ ਹੋ ਗਿਆ। ਭਾਈ ਗੁਰਬਖਸ਼ ਸਿੰਘ ਨੂੰ ਜ਼ਬਰੀ ਹਸਪਤਾਲ ਦਾਖਲ ਕਰਵਾਏ ਜਾਣ ਦੀ ਵੀ ਵੱਖ-ਵੱਖ ਜੱਥੇਬੰਦੀਆਂ ਵਲੋਂ ਆਲੋਚਨਾ ਕੀਤੀ ਜਾ ਰਹੀ ਹੈ।