www.sabblok.blogspot.com
ਮੁੱਲਾਂਪੁਰ ਗਰੀਬਦਾਸ, 9 ਦਸੰਬਰ (ਦਿਲਬਰ ਸਿੰਘ ਖੈਰਪੁਰ)-ਸੀਸਵਾਂ-ਬੱਦੀ ਰੋਡ 'ਤੇ ਪੰਜਾਬ ਦੀ ਹੱਦ ਨੇੜੇ ਹਰਿਆਣਾ ਦੇ ਪਿੰਡ ਟੱਪਰਿਆਂ ਵਿਖੇ ਅੱਜ ਸਵੇਰੇ 11 ਵਜੇ ਦੇ ਕਰੀਬ ਵਾਪਰੀ ਲੁੱਟ-ਖੋਹ ਦੀ ਵੱਡੀ ਘਟਨਾ 'ਚ ਪੁਲਿਸ ਦੀ ਵਰਦੀ 'ਚ 4 ਲੁਟੇਰਿਆਂ ਨੇ ਏ. ਟੀ. ਐਮਜ਼ 'ਚ ਪੈਸੇ ਪਾਉਣ ਲਈ ਚੰਡੀਗੜ੍ਹ ਤੋਂ ਬੱਦੀ (ਹਿਮਾਚਲ ਪ੍ਰਦੇਸ਼) ਜਾ ਰਹੀ ਗੱਡੀ 'ਚੋਂ 1 ਕਰੋੜ 68 ਲੱਖ ਰੁਪਏ ਦਿਨ ਦਿਹਾੜੇ ਲੁੱਟ ਲਏ। ਜਾਣਕਾਰੀ ਅਨੁਸਾਰ ਸੈਕਟਰ-47-ਬੀ ਸਥਿਤ ਸੀ. ਐਮ. ਐਸ. ਨਾਂਅ ਦੀ ਕੰਪਨੀ ਜੋ ਵੱਖ-ਵੱਖ ਬੈਂਕਾਂ ਦੇ ਏ. ਟੀ. ਐਮਜ਼ 'ਚ ਪੈਸੇ ਪਾਉਣ ਦਾ ਕਾਰੋਬਾਰ ਕਰਦੀ ਹੈ, ਅੱਜ ਹਰ ਰੋਜ਼ ਦੀ ਤਰ੍ਹਾਂ ਕੰਪਨੀ ਦੇ ਕਰਮਚਾਰੀ ਐਕਸਿਸ ਬੈਂਕ ਦੇ ਏ. ਟੀ. ਐਮਜ਼ ਲਈ 1 ਕਰੋੜ 68 ਲੱਖ ਦੀ ਨਕਦੀ ਲੈ ਕੇ ਸਪੈਸ਼ਲ ਗੱਡੀ 'ਤੇ ਸੁਰੱਖਿਆ ਗਾਰਡਾਂ ਨਾਲ ਸੀਸਵਾਂ ਮਾਰਗ ਰਾਹੀਂ ਬੱਦੀ ਜਾ ਰਹੇ ਸਨ ਤੇ ਇਸੇ ਦੌਰਾਨ ਜਦੋਂ ਪੰਜਾਬ ਦੀ ਹੱਦ ਪਾਰ ਕਰਦਿਆਂ ਇਹ ਗੱਡੀ ਹਰਿਆਣਾ ਦੇ ਪਿੰਡ ਟੱਪਰਿਆਂ ਸਾਹਮਣੇ ਮੁੱਖ ਮਾਰਗ 'ਤੇ ਜਾ ਰਹੀ ਸੀ ਤਾਂ ਪੁਲਿਸ ਵਰਦੀ 'ਚ ਨਾਕਾ ਲਾਈ ਖੜ੍ਹੇ ਚਾਰ ਲੁਟੇਰਿਆਂ ਨੇ ਗੱਡੀ ਨੂੰ ਰੋਕ ਲਿਆ। ਤਲਾਸ਼ੀ ਦੇ ਬਹਾਨੇ ਇਨ੍ਹਾਂ ਲੁਟੇਰਿਆਂ ਨੇ ਗੱਡੀ ਦੇ ਕਾਗਜ਼ਾਤ ਮੰਗੇ ਤੇ ਵੇਖਦਿਆਂ ਹੀ ਵੇਖਦਿਆਂ ਗੱਡੀ ਦੇ ਡਰਾਈਵਰ, ਕੰਪਨੀ ਕਰਮਚਾਰੀ ਤੇ ਦੋ ਸੁਰੱਖਿਆ ਗਾਰਡਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ। ਸਾਰੀ ਨਕਦੀ ਤੇ ਸੁਰੱਖਿਆ ਗਾਰਡਾਂ ਦੇ ਹਥਿਆਰ ਲੈ ਕੇ ਮੌਕੇ ਤੋਂ ਇਹ ਚਾਰੇ ਲੁਟੇਰੇ ਭੱਜ ਗਏ। ਰਾਹਗੀਰਾਂ ਨੇ ਇਸ ਘਟਨਾ ਦੀ ਸੂਚਨਾ ਮੁੱਲਾਂਪੁਰ ਪੁਲਿਸ ਨੂੰ ਦਿੱਤੀ ਪਰ ਇਹ ਘਟਨਾ ਹਰਿਆਣਾ ਦੇ ਇਲਾਕੇ 'ਚ ਹੋਣ ਦੀ ਪੁਸ਼ਟੀ ਹੋਣ 'ਤੇ ਐਸ. ਐਚ. ਓ. ਲਖਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਤੁਰੰਤ ਹਰਿਆਣਾ ਦੇ ਸਬੰਧਿਤ ਪੁਲਿਸ ਥਾਣੇ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਇਹ ਲੁਟੇਰੇ ਟਵੇਰਾ ਗੱਡੀ 'ਤੇ ਸਵਾਰ ਸਨ। ਲੁੱਟ-ਖੋਹ ਦਾ ਸ਼ਿਕਾਰ ਹੋਏ ਕੰਪਨੀ ਮੁਲਾਜ਼ਮ ਤੇ ਸੁਰੱਖਿਆ ਗਾਰਡਾਂ ਨੂੰ ਹਰਿਆਣਾ ਪੁਲਿਸ ਪੁੱਛਗਿੱਛ ਲਈ ਆਪਣੇ ਨਾਲ ਲੈ ਕੇ ਗਈ। ਪੁਲਿਸ ਅਨੁਸਾਰ ਜਲਦੀ ਹੀ ਦੋਸ਼ੀਆਂ ਦਾ ਖੁਰਾ-ਖੋਜ ਲੱਭ ਲਿਆ ਜਾਵੇਗਾ।
No comments:
Post a Comment