www.sabblok.blogspot.com
ਜਲੰਧਰ.09 ਦਸੰਬਰ.– (ਰਮਨਦੀਪ ) ਐਤਵਾਰ ਨੂੰ ਦੇਸ਼ ‘ਚ ਆਇਆ ਨਰਿੰਦਰ ਮੋਦੀ ਦਾ ਸਿਆਸੀ ਤੂਫਾਨ ਕਾਂਗਰਸ ਲਈ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿਚ ਆਏ ‘ਫੈਲਿਨ’ ਤੂਫਾਨ ਨਾਲੋਂ ਵੀ ਖਤਰਨਾਕ ਸਾਬਿਤ ਹੋਇਆ। ਗਾਂਧੀਨਗਰ ਤੋਂ ਉਠੇ ਇਸ ਤੂਫਾਨ ਨੇ ਗੁਆਂਢੀ ਸੂਬੇ ਰਾਜਸਥਾਨ, ਮੱਧ ਪ੍ਰਦੇਸ਼ ਦੇ ਨਾਲ-ਨਾਲ ਛੱਤੀਸਗੜ੍ਹ ਵਿਚ ਵੀ ਕਾਂਗਰਸ ਨੂੰ ਤਗੜਾ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਦਿੱਲੀ ਪਹੁੰਚਦੇ-ਪਹੁੰਚਦੇ ਇਸ ਤੂਫਾਨ ਦਾ ਅਸਰ ਥੋੜ੍ਹਾ ਘੱਟ ਗਿਆ ਸੀ ਪਰ ਇਸ ਦੇ ਬਾਵਜੂਦ ਇਹ ਕਾਂਗਰਸ ਦੀਆਂ ਸਿਆਸੀ ਚੂਲਾਂ ਹਿਲਾ ਗਿਆ। ਹਾਲਾਂਕਿ ਦਿੱਲੀ ਵਿਚ ਇਸ ਤੂਫਾਨ ਦਾ ਅਸਰ ਥੋੜ੍ਹਾ ਘੱਟ ਗਿਆ ਸੀ ਪਰ ਤੂਫਾਨ ਵਲੋਂ ਰੋੜ੍ਹੀ ਗਈ ਕਾਂਗਰਸ ‘ਤੇ ਰਾਜਧਾਨੀ ਵਿਚ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਦਿੱਤਾ। ਤੂਫਾਨ ਅਤੇ ਝਾੜੂ ਦੇ ਅਸਰ ਨਾਲ ਦਿੱਲੀ ਵਿਚ ਕਾਂਗਰਸ ਦੀ ਹਾਲਤ ਵੈਂਟੀਲੇਟਰ ‘ਤੇ ਪਏ ਮਰੀਜ਼ ਵਰਗੀ ਹੋ ਗਈ। ਦੇਸ਼ ਦੇ ਸਿਆਸੀ ਇਤਿਹਾਸ ਵਿਚ ਦਿੱਲੀ ‘ਚ ਕਾਂਗਰਸ ਦੀ ਇੰਨੀ ਬੁਰੀ ਹਾਰ ਕਦੇ ਨਹੀਂ ਹੋਈ। ਹਾਲਾਂਕਿ ਪਹਿਲਾਂ ਕਾਂਗਰਸ ਨੇ ਮੋਦੀ ਨਾਮ ਦੇ ਇਸ ਤੂਫਾਨ ਨੂੰ ਕਮਜ਼ੋਰ ਸਮਝਦੇ ਹੋਏ ਗੁਜਰਾਤ ਦੇ ਕਾਂਗਰਸੀ ਆਗੂ ਹੀ ਮੋਦੀ ਦੇ ਜਵਾਬ ਵਿਚ ਮੈਦਾਨ ਵਿਚ ਉਤਾਰੇ ਪਰ ਕਾਂਗਰਸ ਦੇ ਇਹ ਆਗੂ ਮੋਦੀ ਦਾ ਮੁਕਾਬਲਾ ਨਹੀਂ ਕਰ ਸਕੇ। ਆਂਧਰਾ ਪ੍ਰਦੇਸ਼ ‘ਚ ਆਏ ਮੌਸਮੀ ਤੂਫਾਨ ਤੋਂ ਤਾਂ ਬਚਣ ਦੀ ਤਿਆਰੀ ਕਾਂਗਰਸ ਦੀ ਅਗਵਾਈ ਵਾਲੀ ਆਂਧਰ ਪ੍ਰਦੇਸ਼ ਸਰਕਾਰ ਨੇ ਕਰ ਲਈ ਸੀ ਪਰ ਮੋਦੀ ਨਾਂ ਦੇ ਇਸ ਤੂਫਾਨ ਤੋਂ ਕਾਂਗਰਸ ਤਿਆਰੀ ਕਰਨ ਦੇ ਬਾਵਜੂਦ ਵੀ ਬਚ ਨਹੀਂ ਸਕੀ। ਕਾਂਗਰਸ ਨੇ ਇਸ ਤੂਫਾਨ ਦਾ ਮੁਕਾਬਲਾ ਕਰਨ ਲਈ ਬਚਾਅ ਦੇ ਤੌਰ ‘ਤੇ ਖੁਰਾਕ ਸੁਰੱਖਿਆ ਬਿੱਲ ਅਤੇ ਭੂਮੀ ਅਕਵਾਇਰਮੈਂਟ ਕਾਨੂੰਨ ਸੰਸਦ ਵਿਚੋਂ ਪਾਸ ਕਰਵਾਇਆ ਪਰ ਆਮ ਆਦਮੀ ਨੂੰ ਦਿੱਤੇ ਗਏ ਇਸ ਲਾਲਚ ਦਾ ਕੋਈ ਅਸਰ ਨਹੀਂ ਹੋਇਆ ਅਤੇ ਕਾਂਗਰਸ ਮੋਦੀ ਦੀ ਹਵਾ ਵਿਚ ਉਡ ਗਈ। ਸਿਆਸੀ ਮੌਸਮ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਮੋਦੀ ਨਾਮ ਦੇ ਇਸ ਤੂਫਾਨ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ ਅਤੇ ਇਹ ਤੂਫਾਨ ਆਉਣ ਵਾਲੇ ਦਿਨਾਂ ਵਿਚ ਹੋਰ ਜ਼ੋਰ ਫੜ ਸਕਦਾ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਭਾਰੀ ਤਬਾਹੀ ਕਰਨ ਤੋਂ ਬਾਅਦ ਇਹ ਤੂਫਾਨ ਹੁਣ ਸਿੱਧਾ 10 ਜਨਪਥ ਵੱਲ ਨੂੰ ਵੱਧ ਰਿਹਾ ਹੈ ਅਤੇ ਇਸ ਤੂਫਾਨ ਦੇ ਮਈ ਤੱਕ 10 ਜਨਪਥ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਤੂਫਾਨ ਆਉਣ ਦੇ ਖਦਸ਼ੇ ਤੋਂ ਹੀ 10 ਜਨਪਥ ‘ਤੇ ਅਫਰਾ ਤਫਰੀ ਮਚੀ ਹੋਈ ਹੈ ਅਤੇ ਇਸ ਤੂਫਾਨ ਤੋਂ ਬਚਾਅ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਫਿਲਹਾਲ ਕਾਂਗਰਸ ਐਤਵਾਰ ਨੂੰ ਮੋਦੀ ਵਲੋਂ ਉਜਾੜੇ ਗਏ ਆਪਣੇ ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ ਅਤੇ ਛੱਤੀਸਗੜ੍ਹ ਵਰਗੇ ਸਿਆਸੀ ਘਰਾਂ ਹੋਏ ਨੁਕਸਾਨ ਦਾ ਜਾਇਜ਼ਾ ਲਗਾਉਣ ਵਿਚ ਜੁਟੀ ਹੈ। ਇਸ ਨੁਕਸਾਨ ਤੋਂ ਘਬਰਾਈ ਕਾਂਗਰਸ ਆਉਣ ਵਾਲੇ ਦਿਨਾਂ ਵਿਚ ਕੁਝ ਵੱਡੇ ਐਲਾਨ ਕਰਕੇ ਮੋਦੀ ਨਾਂ ਦੇ ਇਸ ਤੂਫਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਕਾਂਗਰਸ ਆਪਣੀ ਕੋਸ਼ਿਸ਼ ਵਿਚ ਕਿੰਨੀ ਸਫਲ ਹੋਵੇਗੀ ਇਹ ਤਾਂ ਮਈ ਵਿਚ ਹੀ ਪਤਾ ਲੱਗੇਗਾ।
No comments:
Post a Comment